ਪੰਜਾਬ ਭਾਈ ਲਾਲੋਆਂ ਦੀ ਧਰਤੀ ਹੈ ਤੇ ਰਹੇਗੀ...!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅਸੀ ਲੋਕਾਂ ਲਈ ਅਪਣਾ ਸੀਸ ਵੀ ਭੇਂਟ ਕਰ ਸਕਦੇ ਹਾਂ।

Punjab

ਮੁਹਾਲੀ: ਅੱਜ ਦੇਸ਼ ਦਾ ਅੰਨਦਾਤਾ ਭਖਦੇ ਅੰਗਿਆਰਿਆਂ ਤੇ ਪੈਰ ਧਰ ਕੇ ਜੰਗ-ਏ-ਮੈਦਾਨ ਵਿਚ ਕੁੱਦ ਪਿਆ ਹੈ ਤੇ ਦੇਸ਼ ਦੇ 90 ਫ਼ੀ ਸਦੀ ਲੋਕ ਅੰਨਦਾਤੇ ਦੀ ਬਾਂਹ ਫੜ ਰਹੇ ਹਨ ਕਿਉਂਕਿ ਅੱਜ ਫਿਰ ਸਾਡੀ ਗ਼ੈਰਤ ਨੂੰ ਕਿਸੇ ਨੇ ਵੰਗਾਰਿਆ ਹੈ। ਸਾਡੇ ਪੰਜਾਬ ਨੂੰ ਤਾਂ ਵਾਹਿਗੁਰੂ ਨੇ ਅਜਿਹੀ ਦਾਤ ਬਖ਼ਸ਼ੀ ਹੋਈ ਹੈ ਕਿ ਜਦੋਂ ਵੀ ਕੋਈ ਸਾਡੀ ਗ਼ੈਰਤ ਨੂੰ ਵੰਗਾਰਦਾ ਹੈ ਤਾਂ ਅਸੀ ਚਰਖੜੀ ਤੇ ਵੀ ਚੜ੍ਹ ਜਾਦੇ ਹਾਂ, ਅਸੀ ਅਪਣੇ ਲੋਕਾਂ ਲਈ ਤੇ ਭਾਈ ਲਾਲੋਆਂ ਦੀ ਧਰਤੀ ਲਈ ਅਪਣਾ ਸਰਬੰਸ ਤਕ ਵਾਰ ਸਕਦੇ ਹਾਂ। ਅਸੀ ਲੋਕਾਂ ਲਈ ਅਪਣਾ ਸੀਸ ਵੀ ਭੇਂਟ ਕਰ ਸਕਦੇ ਹਾਂ।

ਸਾਡੀ ਗ਼ੈਰਤ ਨੂੰ ਵੰਗਾਰਨ ਵਾਲਿਉ ਇਹ ਧਰਤੀ ਭਾਈ ਲਾਲੋਆਂ ਦੀ ਸੀ ਤੇ ਭਾਈ ਲਾਲੋ ਦੀ ਹੀ ਰਹੇਗੀ। ਇਸ ਧਰਤੀ ਤੇ ਮਲਕ ਭਾਗੋਆਂ ਦਾ ਕਬਜ਼ਾ ਨਹੀਂ ਹੋਣ ਦਿਤਾ ਜਾਵੇਗਾ। ਸਾਡੀਆਂ ਜ਼ਮੀਨਾਂ ਤੇ ਕੋਈ ਅੱਜ ਇਨ੍ਹਾਂ ਦੀ ਬਾਜ ਅੱਖ ਨਹੀਂ ਪਈ, ਬਾਬੇ ਨਾਨਕ ਦੇ ਸਮੇਂ ਵੀ ਇਨ੍ਹਾਂ ਮਲਕ ਭਾਗੋਆਂ ਨੇ ਸਾਡੀ ਧਰਤੀ ਉਤੇ ਕਬਜ਼ਾ ਕਰਨ ਦੀ ਹਿੰਮਤ ਕੀਤੀ ਸੀ ਪਰ ਬਾਬਾ ਨਾਨਕ ਜੀ ਦੇ ਕ੍ਰਾਂਤੀਕਾਰੀ ਉਦਮ ਸਦਕਾ ਭਾਈ ਲਾਲੋਆਂ ਉਤੇ ਆਂਚ ਨਹੀਂ ਆਈ ਸੀ। 1967 ਵਿਚ ਦਿੱਲੀ ਨੇ ਹਰੇ ਇਨਕਲਾਬ ਰਾਹੀਂ ਪੰਜਾਬ ਦੀ ਕਿਸਾਨੀ ਦਾ ਬੇੜਾ ਗ਼ਰਕ ਕਰ ਦਿਤਾ ਗਿਆ। ਕੀ ਕੁੱਝ ਖੋਹ ਕੇ ਲੈ ਗਿਆ ਜ਼ਾਲਮੋ ਤੁਹਾਡਾ ਹਰਾ ਇਨਕਲਾਬ? ਜ਼ਰਾ ਵੇਖੋ, ਜੱਟ ਤੇ ਸੀਰੀ ਦੀ ਸਾਂਝ ਖੋਹ ਕੇ ਲੈ ਗਿਆ ਤੁਹਾਡਾ ਹਰਾ ਇਨਕਲਾਬ।

ਸਾਡੇ ਬਾਪੂਆਂ ਦੀਆਂ ਹੀਰ ਰਾਂਝੇ ਦੀਆਂ ਕਲੀਆਂ ਖੋਹ ਕੇ ਲੈ ਗਿਆ। ਭਰਾਵੋ ਜੱਟ ਤੇ ਸੀਰੀ ਵਿਚ ਸਾਂਝ ਏਨੀ ਗੁੜ੍ਹੀ ਸੀ ਕਿ ਹਰ ਔਖਾ ਕੰਮ ਸੀਰੀ ਖ਼ੁਦ ਹੀ ਕਰ ਦਿੰਦਾ ਸੀ। ਜਦੋਂ ਮੋਟਰ ਵਾਲੀ ਖੂਹੀ ਵਿਚ ਵੜਨਾ ਹੁੰਦਾ ਸੀ ਤਾਂ ਸੀਰੀ ਸੱਭ ਤੋਂ ਪਹਿਲਾਂ ਖੂਹੀ ਵਿਚ ਛਾਲ ਮਾਰ ਦਿੰਦਾ ਸੀ। ਇਸੇ ਤਰ੍ਹਾਂ ਜੱਟ ਅਪਣਾ ਸਾਰਾ ਦੁੱਖ ਸੁੱਖ ਅਪਣੇ ਘਰਵਾਲੀ ਜਾਂ ਪ੍ਰਵਾਰ ਨੂੰ ਨਹੀਂ ਸੀ ਦਸਦਾ। ਉਹ ਅਪਣਾ ਸਾਰਾ ਦੁੱਖ ਸੀਰੀ ਨੂੰ ਜ਼ਰੂਰ ਦਸਦਾ ਹੁੰਦਾ ਸੀ। ਕਿਥੇ ਗਏ ਸਾਡੇ ਬਲਦਾਂ ਦੇ ਘੁੰਗਰੂ ਜਿਹੜੇ ਤੜਕੇ ਚਾਰ ਵਜੇ ਖੜਕਦੇ ਸਨ? ਕਿਥੇ ਗਏ ਸਾਡੀਆਂ ਬਜ਼ੁਰਗ ਮਾਵਾਂ ਦੇ ਵਿਆਹ ਵਿਚ ਗਾਏ ਜਾਂਦੇ ਲੋਕ ਗੀਤ ਜੋ ਇਕ-ਦੋ ਮਹੀਨਾ ਪਹਿਲਾਂ ਹੀ ਵਿਆਹ ਵਾਲੇ ਘਰ ਸਾਡੀਆਂ ਬਜ਼ੁਰਗ ਮਾਵਾਂ ਹੋਕਾ ਲਗਾ ਕੇ ਗੀਤ ਗਾਉਂਦੀਆਂ ਸਨ?

ਕਿਥੇ ਖੋਹ ਕੇ ਲੈ ਗਿਆ ਇਹ ਸਾਰਾ ਕੁੱਝ? ਜ਼ਾਲਮੋ ਇਹ ਸੱਭ ਕੁੱਝ ਤੁਹਾਡੇ ਹਰੇ ਇਨਕਲਾਬ ਦਾ ਹੀ ਕਾਰਾ ਹੈ। ਪਹਿਲਾਂ ਜਦੋਂ ਜੱਟ ਫ਼ਸਲ ਬੀਜਦਾ ਸੀ, ਮੈਂ ਤਾਂ ਅੱਖੀਂ ਵੇਖਿਆ ਹੈ ਕਿ ਦੋ ਤਿੰਨ ਗੇੜੇ ਜੱਟ ਰੱਬ ਦੇ ਨਾਮ ਦੇ ਹੀ ਲਗਾਈ ਜਾਂਦਾ ਤੇ ਸਾਰਿਆਂ ਲਈ ਅੰਨ ਦੀ ਦੁਆ ਕਰਦਾ ਸੀ। ਉਸ ਸਮੇਂ ਬੋਲ ਸਨ, ਪਹਿਲਾ ਪ੍ਰਮਾਤਮਾ ਨੂੰ ਯਾਦ ਕਰੋ ਫਿਰ ਜੱਟ ਬੋਲਦਾ, 'ਹਾਲੀ ਦੀ ਪਾਲੀ ਦੀ, ਚਿੜੀ ਦੀ, ਸੱਭ ਜੀਵ ਜੰਤੂਆਂ ਦੀ,' ਇਥੇ ਹੀ ਬਸ ਨਹੀਂ ਜ਼ਾਲਮੋ ਤੁਹਾਡਾ ਹਰਾ ਇਨਕਲਾਬ ਸਾਡੀ ਦੁਧ ਵਾਲੀ ਤੌੜੀ ਵੀ ਖਾ ਗਿਆ। ਜਦੋਂ ਹਾਲੀ ਜਾਂ ਪਾਲੀ ਸ਼ਾਮ ਨੂੰ ਖੇਤੋਂ ਆਉਂਦੇ ਤਾਂ ਸਾਡੀਆਂ ਮਾਵਾਂ ਸੱਭ ਨੂੰ ਕੌਲੇ ਵਿਚ ਪਾ ਕੇ ਲਾਲ ਦੁਧ ਪਿਆਉਂਦੀਆਂ ਸਨ।

ਕਿਥੇ ਗਏ ਤੌੜੀ ਵਾਲੇ ਲਾਲ ਦੁਧ ਤੇ ਉਸ ਉਤੇ ਆਏ ਮੋਟੇ ਮਲਾਈ ਦੇ ਖਰੇਪੜ? ਉਹ ਖਰੇਪੜ ਜਿਹੜੇ ਜਦੋਂ ਮਾਂ ਗੁਹਾਰਿਆਂ ਵਲ ਨੂੰ ਚਲੀ ਜਾਂਦੀ ਤਾਂ ਅਸੀ ਮਾਂ ਦੀ ਗ਼ੈਰ ਹਾਜ਼ਰੀ ਵਿਚ ਚੋਰੀ ਚੋਰੀ ਮਲਾਈ ਦੇ ਖਰੇਪੜ ਛੱਕ ਜਾਂਦੇ। ਪਰ ਮਲਾਈ ਦੀ ਤਹਿ ਪਲਟਣ ਕਾਰਨ ਸਾਡੀ ਚੋਰੀ ਫੜੀ ਜਾਂਦੀ ਸੀ। ਕੌਣ ਖੋਹ ਕੇ ਲੈ ਗਿਆ ਜਿਹੜੀ ਚਾਰ ਵਜੇ ਲੁਹਾਰ, ਤਰਖ਼ਾਣ ਦੇ ਬਾਰ ਵਿਚ ਦਾਤੀਆਂ ਤੇ ਫਾਲ੍ਹੇ ਡੰਗਣ ਵਾਲਿਆਂ ਦੀ ਲਾਈਨ ਲਗਦੀ ਸੀ? ਜਦੋਂ ਚੌੜੀਆਂ ਛਾਤੀਆਂ ਵਾਲੇ ਜਵਾਨ ਘਣ ਨਾਲ ਫਾਲ੍ਹੇ ਡੰਗਦੇ ਤਾਂ ਇਸ ਦੀ ਗੂੰਜ ਅੰਬਰਾਂ ਵਲ ਨੂੰ ਜਾਂਦੀ ਸੀ।

ਕੌਣ ਖੋਹ ਕੇ ਲੈ ਗਿਆ ਉਹ ਵੇਲੇ ਜਦੋਂ ਸਿਆਲ ਦੇ ਮਹੀਨੇ ਗੱਡੀਆਂ ਵਾਲੇ ਲੁਹਾਰਾਂ ਕੋਲੋਂ ਬਲਦ ਖ਼ਰੀਦਣ ਵਾਲਿਆਂ ਦੀ ਭੀੜ ਲੱਗੀ ਹੁੰਦੀ ਸੀ? ਪਹਿਲਾਂ ਬਲਦ ਨੂੰ ਗੱਡੇ ਜਾਂ ਹਲ ਵਾਹ ਕੇ ਪਰਖਿਆ ਜਾਂਦਾ ਸੀ। ਉਸ ਸਮੇਂ ਗੱਡੀਆਂ ਵਾਲੇ ਲੁਹਾਰ ਹੱਕ ਹਲਾਲ ਦੀ ਕਮਾਈ ਖਾਂਦੇ ਸਨ। ਗੱਡੀਆਂ ਵਾਲੇ ਲੁਹਾਰ ਅਪਣੇ ਬਲਦ ਜੱਟ ਦੇ ਗੱਡੇ ਅੱਗੇ ਜੋੜਦਾ ਤੇ ਜੱਟ ਨਾਲ ਖੇਤ ਚਲਾ ਜਾਂਦਾ। ਆਮ ਮੁੰਡੀਰ ਵੀ ਨਾਲ ਹੀ ਵੇਖਣ ਦੀ ਮਾਰੀ ਖੇਤ ਜਾਂਦੀ। ਖੇਤ ਜਾ ਕੇ 10-20 ਗੇੜੇ ਹਲ ਦੇ ਦਿਤੇ ਜਾਂਦੇ ਤੇ ਮੁੜਨ ਵੇਲੇ ਗੱਡਾ ਰੇਤੇ ਦਾ ਭਰ ਕੇ ਉਪਰ 5-7 ਭਰੀਆਂ ਹਰੇ ਚਾਰੇ ਦੀਆਂ ਲੱਦੀਆਂ ਜਾਂਦੀਆਂ।

ਇਨ੍ਹਾਂ ਭਰੀਆਂ ਵਿਚ ਇਕ ਭਰੀ, ਗੱਡੀਆਂ ਵਾਲੇ ਲੁਹਾਰ ਦੀ ਹੁੰਦੀ ਸੀ। ਗੱਡੀਆਂ ਵਾਲੇ ਲੁਹਾਰ ਸਿਆਲ ਦੇ ਮਹੀਨੇ ਸਾਡੇ ਕਿਸਾਨਾਂ ਦੇ ਘਰ ਵਿਚ ਅਪਣੇ ਬਲਦ ਰਾਤ ਨੂੰ ਬੰਨ੍ਹਦੇ ਸਨ। ਰਾਤ ਦਾ ਚਾਰਾ ਕਿਸਾਨ ਖ਼ੁਦ ਬਲਦ ਨੂੰ ਪਾਉਂਦਾ। ਬਸ ਕਰੋ ਜ਼ਾਲਮੋ ਬਹੁਤ ਹੋ ਗਿਐ। ਕਿਸੇ ਨੇ ਕਿਹਾ ਹੈ ਕਿ 'ਸੱਪ, ਸ਼ੇਰ ਤੇ ਜੱਟ ਕਦੇ ਵੀ ਸੁੱਤਾ ਉਠਾਈਏ ਨਾ'। ਕੇਂਦਰ ਸਰਕਾਰ ਨੇ ਸੁੱਤਾ ਸ਼ੇਰ ਅਪਣੇ ਆਪ ਜਗਾ ਲਿਆ ਹੈ। ਸਾਡਾ ਪੰਜਾਬੀਆਂ ਦਾ ਇਕ ਵਖਰਾ ਇਤਿਹਾਸ ਹੈ। ਅਸੀ ਅਬਦਾਲੀ, ਗ਼ਜ਼ਨਵੀਆਂ ਦੇ ਨੱਕ ਭੰਨੇ ਹਨ। ਸਾਡੀ ਧਰਤੀ ਤੇ ਜੇਕਰ ਕਿਸੇ ਦੀ ਉਂਗਲ ਟਿਕਦੀ ਹੈ ਤਾਂ ਅਸੀ ਉਹ ਉਂਗਲ ਹੀ ਉਖਾੜ ਦਿੰਦੇ ਹਾਂ, ਜੇਕਰ ਕੋਈ ਪੈਰ ਟਿਕੇ ਤਾਂ ਪੈਰ ਵੱਢ ਸੁਟਦੇ ਹਾਂ।

ਅਸੀ ਇਸ ਧਰਤੀ ਉਤੇ ਕਾਰਪੋਰੇਟ ਘਰਾਣਿਆਂ ਦੀਆਂ ਗਿਰਝਾਂ ਦੇ ਪੈਰ ਨਹੀਂ ਪੈਣ ਦਿਆਂਗੇ। ਭਰਾਵੋ, ਸਾਥੋਂ ਪਹਿਲਾਂ ਹੀ ਬਹੁਤ ਕੁੱਝ ਹਰਾ ਇਨਕਲਾਬ ਖੋਹ ਕੇ ਲੈ ਗਿਆ ਹੈ, ਹੁਣ ਜੋ ਕੁੱਝ ਬਚਦਾ ਹੈ, ਉਹ ਇਹ ਮਾਰੂ ਬਿਲ ਤਬਾਹ ਕਰ ਦੇਣਗੇ। ਇਹ ਬਿਲ ਮਿਠੇ ਗੁੜ ਵਿਚ ਜ਼ਹਿਰ ਲਪੇਟਣ ਵਰਗੇ ਹਨ। ਇਨ੍ਹਾਂ ਬਿਲਾਂ ਰਾਹੀਂ ਸਾਡੀਆਂ ਜ਼ਮੀਨਾਂ ਉਤੇ ਕਬਜ਼ੇ ਦੀ ਤਿਆਰੀ ਹੋ ਰਹੀ ਹੈ। ਕਾਰਪੋਰੇਟ ਗਿਰਝਾਂ ਨੇ ਸਾਡੀਆਂ ਜ਼ਮੀਨਾਂ ਉਤੇ ਬਾਜ ਅੱਖ ਰੱਖੀ ਹੋਈ ਹੈ। ਪਰ ਅਸੀ ਇਨ੍ਹਾਂ ਗਿਰਝਾਂ ਦੀਆਂ ਅੱਖਾਂ ਭੰਨ ਦਿਆਂਗੇ।

ਸਾਡੀਆਂ ਖ਼ੁਦਕੁਸ਼ੀਆਂ ਦੇ ਪਰਮਿਟ ਕੱਟਣ ਵਾਲਿਉ, ਸਾਡਾ ਇਤਿਹਾਸ ਪੜ੍ਹ ਕੇ ਵੇਖਿਉ। ਅੱਜ ਪੰਜਾਬ ਦਾ ਨੌਜੁਆਨ ਜਾਗ ਉਠਿਆ ਹੈ। ਇਹ ਨੌਜੁਆਨ ਵੋਟਾਂ ਵੇਲੇ ਤੁਹਾਨੂੰ ਪਿੰਡਾਂ ਵਿਚ ਨਹੀਂ ਵੜਨ ਦੇਵੇਗਾ। ਇਸ ਦਾ ਐਲਾਨ ਨੌਜੁਆਨ ਵਰਗ ਪਹਿਲਾਂ ਹੀ ਕਰ ਚੁਕਾ ਹੈ। ਸਾਨੂੰ ਛਾਤੀਆਂ ਵਿਚ ਗੋਲੀਆਂ ਖਾਣੀਆਂ ਮੰਨਜ਼ੂਰ ਹਨ ਪਰ ਅਸੀ ਇਸ ਧਰਤੀ ਤੇ ਮਾਲ ਖ਼ਜ਼ਾਨਿਆਂ ਦੇ ਅੱਜ ਦੇ ਮਲਕ ਭਾਗੋਆਂ ਦਾ ਕਬਜ਼ਾ ਨਹੀਂ ਹੋਣ ਦੇਵਾਂਗੇ। ਅਖ਼ੀਰ ਵਿਚ ਮੈਂ ਕਿਸਾਨ ਭਰਾਵਾਂ ਉਤੇ ਕੁੱਝ ਲਾਈਨਾਂ ਗੀਤ ਦੀਆਂ ਲਿਖੀਆਂ ਹਨ, ਜੋ ਇਸ ਤਰ੍ਹਾਂ ਹਨ :

ਸਾਡੇ ਸੁਪਨਿਆਂ ਦੀ ਪੀਂਘ ਉਤੇ ਬਾਪੂ ਨੇ ਖ਼ੁਦਕੁਸ਼ੀ ਕਿਉਂ ਕਰ ਲਈ,
ਸਾਡੇ ਹੌਕੇ ਤੇ ਅੱਥਰੂ ਲੁੱਟ ਕੇ ਹਾਕਮਾਂ ਤਜੌਰੀ ਭਰ ਲਈ,
ਬੀਜ ਖੋਹ ਲਏ ਜੱਟਾਂ ਤੋਂ ਤੇ ਪੁਤਰਾਂ ਕੋਲੋਂ ਤਿਆਰੀ ਹੈ ਜ਼ਮੀਨਾਂ ਖੋਹਣ ਦੀ।
ਕਿਸਾਨੀ ਘੋਲਾਂ ਨੂੰ ਮੇਰਾ ਸਲਾਮ।
                                                                                                                                     ਸੁਖਪਾਲ ਸਿੰਘ ਮਾਣਕ,ਸੰਪਰਕ : 98722-31523