ਇਕੋ ਪੰਥ ਇਕ ਗ੍ਰੰਥ ਭਾਗ-2

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਿੱਖ ਅਪਣੀਆਂ ਚੰਗੀਆਂ ਸੰਸਥਾਵਾਂ ਨੂੰ ਪੈਸੇ ਦੀ ਕਮੀ ਖ਼ਾਤਰ ਤੜਪਦਿਆਂ ਵੇਖ ਕੇ ਹਰਕਤ ਵਿਚ ਨਹੀਂ ਆਉਂਦੇ

Guru Granth Sahib

ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਮੁਹਾਲੀ: ਇਹ ਇਕ ਮੰਨੀ ਪ੍ਰਮੰਨੀ ਸੱਚਾਈ ਹੈ ਕਿ ਕੌਮ ਦਾ ਸਹੀ ਵਿਗਿਆਨਕ ਇਤਿਹਾਸ ਉਨ੍ਹਾਂ ਲਈ ਚਾਨਣ ਮੁਨਾਰਾ ਹੁੰਦਾ ਹੈ ਜਿਸ ਦੀ ਰੌਸ਼ਨੀ ਵਿਚ ਉਹ ਮੁਸੀਬਤਾਂ ਤੇ ਖ਼ਤਰਿਆਂ ਦਾ ਟਾਕਰਾ ਕਰ ਕੇ ਜਾਂ ਉਨ੍ਹਾਂ ਤੋਂ ਬੱਚ ਕੇ ਅੱਗੇ ਵਧਦੀਆਂ ਤੇ ਉਨਤੀ ਕਰਦੀਆਂ ਹਨ ਪਰ ਜਿਨ੍ਹਾਂ ਕੌਮਾਂ ਦੇ ਇਤਿਹਾਸ ਅਲੋਪ ਹੋ ਜਾਂਦੇ ਹਨ ਜਾਂ ਉਨ੍ਹਾਂ ਵਿਚ ਮਿਲਾਵਟ ਕਰ ਕੇ ਵਿਗਾੜ ਦਿਤੇ ਜਾਂਦੇ ਜਾਂ ਨਿਰੀ ਸ਼ਰਧਾ ਭਗਤੀ ਨਾਲ ਲਿਖੇ ਜਾਂਦੇ ਹਨ, ਉਹ ਕੌਮਾਂ ਦੁਬਿਧਾ ਦੇ ਡੂੰਘੇ ਸਾਗਰ ਵਿਚ ਹੀ ਗੋਤੇ ਖਾਂਦੀਆਂ ਰਹਿੰਦੀਆਂ ਹਨ। ਸਹੀ ਵਿਗਿਅਤਨਕ ਇਤਿਹਾਸ  ਦੋ ਗੱਲਾਂ ਬਿਲਕੁਲ ਸਪੱਸ਼ਟ ਕਰ ਕੇ ਸਾਹਮਣੇ ਰੱਖ ਦਿੰਦਾ ਹੈ, ਪਹਿਲੀ ਇਹ ਕਿ ਕਿਸੇ ਕੌਮ ਨੇ ਜਿਨ੍ਹਾਂ ਗੁਣਾਂ ਕਰ ਕੇ ਵਿਰੋਧੀ ਸ਼ਕਤੀਆਂ ਦਾ ਟਾਕਰਾ ਕਰ ਕੇ ਜਿੱਤਾਂ ਪ੍ਰਾਪਤ ਕੀਤੀਆਂ ਹੋਣ ਉਹ ਗੁਣ ਸਹੀ ਇਤਿਹਾਸ ਅੱਖਾਂ ਮੂਹਰੇ ਲਿਆ ਕੇ ਖੜੇ ਕਰ ਦਿੰਦਾ ਹੈ। ਦੂਜੇ ਜਿਨ੍ਹਾਂ ਗ਼ਲਤੀਆਂ ਜਾਂ ਕਮਜ਼ੋਰੀਆਂ ਕਰ ਕੇ ਹਾਰਾਂ ਹੋਈਆਂ ਹੋਣ, ਉਹ ਵੀ ਸਾਹਮਣੇ ਰਹਿੰਦੀਆਂ ਹਨ ਤੇ ਇਨ੍ਹਾਂ ਕਮਜ਼ੋਰੀਆਂ ਤੇ ਘਾਟਿਆਂ ਨੂੰ ਦੂਰ ਕਰ ਕੇ ਅੱਗੇ ਵਧਣ ਦੀ ਸਿਖਿਆ ਮਿਲਦੀ ਰਹਿੰਦੀ ਹੈ।

ਜਦੋਂ ਕੋਈ ਵੀ ਕੌਮ ਕਿਸੇ ਬਲਵਾਨ ਕੌਮ ਦੀ ਗ਼ੁਲਾਮ ਬਣ ਜਾਂਦੀ ਹੈ ਤਾਂ ਹਾਕਮ ਕੌਮ ਗ਼ੁਲਾਮ ਕੌਮ ਦੇ ਇਤਿਹਾਸ ਵਿਚ ਜਾਣ ਬੁੱਝ ਕੇ ਮਿਲਾਵਟ ਕਰਦੀ ਹੈ। ਗ਼ੁਲਾਮ ਕੌਮ ਨੂੰ ਬਦਨਾਮ ਕਰਨ ਲਈ ਉਸ ਦੀਆਂ ਕਮਜ਼ੋਰੀਆਂ ਤੇ ਔਗੁਣਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦੀ ਹੈ ਤੇ ਉਸ ਦੇ ਗੁਣਾਂ ਤੇ ਜਿੱਤਾਂ ਤੇ ਪਰਦੇ ਪਾ ਦਿਤੇ ਜਾਂਦੇ ਹਨ ਤਾਕਿ ਗ਼ੁਲਾਮ ਕੌਮ ਢਹਿੰਦੀ ਕਲਾ ਵਿਚ ਰਹਿ ਕੇ ਸਦਾ ਲਈ ਗ਼ੁਲਾਮ ਬਣੀ ਰਹੇ। ਸਰਦਾਰ ਕਰਮ ਸਿੰਘ ਜੀ ਨੇ ਅਪਣੇ ਲੇਖਾਂ ਵਿਚ ਇਸ ਗੱਲ ਨੂੰ ਚੰਗੀ ਤਰ੍ਹਾਂ ਉਜਾਗਰ ਕਰ ਕੇ ਦਸਿਆ ਹੈ ਕਿ ਸਿੱਖ ਪੰਥ ਨੇ ਬੇਸ਼ਕ ਅਦੁਤੀ ਇਤਿਹਾਸਕ ਕਾਰਨਾਮੇ ਕੀਤੇ ਤੇ ਹੈਰਾਨ ਕਰਨ ਵਾਲੀਆਂ ਜਿੱਤਾਂ ਪ੍ਰਾਪਤ ਕੀਤੀਆਂ ਪਰ ਅਪਣੇ ਇਤਿਹਾਸ ਵਲੋਂ ਜਿੰਨੀ ਖ਼ੌਫ਼ਨਾਕ ਬੇਪ੍ਰਵਾਹੀ ਕੀਤੀ ਏਨੀ ਸ਼ਾਇਦ ਕਿਸੇ ਹੋਰ ਕੌਮ ਨੇ ਨਹੀਂ ਕੀਤੀ। ਇਸੇ ਕਾਰਨ ਹੀ ਜਿੰਨਾ ਅਣਗਿਣਤ ਤੇ ਅਮਿਣਤ ਨੁਕਸਾਨ ਉਠਾਇਆ, ਸ਼ਾਇਦ ਹੀ ਕਿਸੇ ਹੋਰ ਕੌਮ ਨੇ ਉਠਾਇਆ ਹੋਵੇ। ਸਿੱਖਾਂ ਦੀਆਂ ਕਈ ਜਿੱਤਾਂ ਹਾਰਾਂ ਵਿਚ ਬਦਲ ਗਈਆਂ। ਇਸ ਦਾ ਇਕ ਕਾਰਨ ਮੇਰੇ ਖਿਆਲ ਵਿਚ ਅਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਨਾ ਸੰਭਾਲਣਾ ਤੇ ਉਸ ਤੋਂ ਸਿਖਿਆ ਨਾ ਲੈਣਾ ਹੈ।

ਗੁਰੂ ਗੋਬਿੰਦ ਸਿੰਘ ਜੀ ਦਾ ਇਨਕਲਾਬੀ ਜੀਵਨ ਤੇ ਉਨ੍ਹਾਂ ਤੋਂ ਮਗਰੋਂ ਬੰਦਾ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਉਤੇ ਕਬਜ਼ਾ ਕਰਨ ਤਕ ਸਿੱਖਾਂ ਦੀਆਂ ਸ਼ਹੀਦੀਆਂ, ਅਦੁਤੀ ਬਹਾਦਰੀਆਂ, ਉੱਚੇ ਤੇ ਸੁੱਚੇ ਆਚਰਨ ਤੇ ਮੁਗ਼ਲਾਂ ਤੇ ਦੁਰਾਨੀਆਂ ਨੂੰ ਜੰਗਾਂ ਵਿਚ ਹਾਰਾਂ ਦੇ ਕੇ ਜਿੱਤਾਂ ਪ੍ਰਾਪਤ ਕਰਨ ਦਾ ਇਤਿਹਾਸ ਉਹ ਅਦੁਤੀ ਤੇ ਸੁਨਿਹਰੀ ਇਤਿਹਾਸ ਹੈ ਜਿਸ ਤੇ ਜਿੰਨਾ ਵੀ ਮਾਣ ਕੀਤਾ ਜਾਵੇ ਥੋੜਾ ਹੈ। ਇਸ ਇਤਿਹਾਸਕ ਕਾਲ ਨੂੰ ਪੜ੍ਹ ਕੇ ਗ਼ੈਰ ਸਿੱਖ ਕੌਮਾਂ ਵੀ ਅਸ਼-ਅਸ਼ ਕਰ ਉਠਦੀਆਂ ਹਨ। ਪਰ ਅਜੋਕੇ ਸਿੱਖਾਂ (ਸਾਰੇ ਨਹੀਂ) ਨੂੰ ਅਪਣੇ ਇਤਿਹਾਸ ਜਾਂ ਇਤਿਹਾਸਕ ਗ੍ਰੰਥਾਂ ਵਿਚ ਕੀਤੀ ਗਈ ਰਲਾਵਟ ਨਾਲ ਕੁੱਝ ਵੀ ਲੈਣਾ ਦੇਣਾ ਨਹੀਂ। ਉਨ੍ਹਾਂ ਲਈ ਗੁਰਦਵਾਰੇ ਦੀ ਗੋਲਕ ਵਿਚ ਪੈਸੇ ਪਾ ਦੇਣਾ ਹੀ ਸਿੱਖੀ ਹੈ। ਇਥੇ ਮੈਂ ਰੋਜ਼ਾਨਾ ਸਪੋਕਸਮੈਨ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਜੀ ਦੀ 20/09/2020 ਦੀ ਸੰਪਾਦਕੀ ਦਾ ਵੀ ਜ਼ਿਕਰ ਜ਼ਰੂਰ ਕਰਾਂਗਾ ਜੋ ਕਿ ਬਹੁਤ ਹੀ ਸੇਧ ਦੇਣ ਵਾਲੀ ਹੈ। ਸਰਦਾਰ ਜੋਗਿੰਦਰ ਸਿੰਘ ਜੀ ਲਿਖਦੇ ਹਨ ਕਿ ‘‘ਬਾਬੇ ਨਾਨਕ ਦੀ ਪੰਜਵੀਂ ਜਨਮ ਸ਼ਤਾਬਦੀ ਵੀ ਵੇਖੀ ਤੇ 550ਵਾਂ ਜਨਮਪੁਰਬ ਵੀ ਵੇਖਿਆ। ਪੈਸਾ ਪਾਣੀ ਵਾਂਗ ਵਹਾਇਆ ਗਿਆ ਜਾਂ ਵਹਾਇਆ ਜਾਂਦਾ ਵਿਖਾਇਆ ਗਿਆ। ਜਦ ਸੰਗਤ ਦੇ ਬੈਠਣ ਲਈ ਹੀ 12 -12 ਕਰੋੜ ਕੇਵਲ ਪੰਡਾਲਾਂ ਉਤੇ ਹੀ ਖ਼ਰਚਿਆ ਵਿਖਾ ਦਿਤਾ ਗਿਆ ਤਾਂ ਬਾਕੀ ਦੇ ਖ਼ਰਚਿਆਂ ਦਾ ਕੀ ਹਿਸਾਬ ਲਗਾਇਆ ਜਾ ਸਕਦਾ ਹੈ।

ਵਿਦੇਸ਼ਾਂ ਤੋਂ ਫੁੱਲ ਮੰਗਵਾ ਕੇ ਵੀ ਕਰੋੜਾਂ ਰੁਪਏ ਖ਼ਰਚਣ ਦੇ ਐਲਾਨ ਕੀਤੇ ਗਏ ਪਰ ਬਾਬੇ ਨਾਨਕ ਦੀ ਬਾਣੀ ਲੋਕਾਂ ਦੇ ਘਰ-ਘਰ ਪਹੁੰਚਾਉਣ ਦਾ ਕੋਈ ਉਪਰਾਲਾ ਨਾ ਕੀਤਾ ਗਿਆ, ਨਾ ਹੀ ਦੁਨੀਆਂ ਜਾਂ ਭਾਰਤ ਦੇ ਵੱਡੇ ਵਿਦਵਾਨਾਂ ਜਾਂ ਲੇਖਕਾਂ ਦੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਕੋਈ ਕਿਤਾਬਾਂ ਜ਼ਹੂਰ ਵਿਚ ਆ ਸਕੀਆਂ। ਨੌਜੁਆਨਾਂ ਨੂੰ ਪਤਿਤਪੁਣੇ ਤੋਂ ਹਟਾ ਕੇ ਬਾਬੇ ਨਾਨਕ ਦੇ ਸੰਦੇਸ਼ ਨਾਲ ਜੋੜਿਆ ਜਾ ਸਕਿਆ? ਗ਼ਰੀਬ ਖ਼ੁਦਕੁਸ਼ੀਆਂ ਕਰਨ ਵਾਲਿਆਂ ਤੇ ਵਿਦਵਾਨਾਂ ਦੀ ਕੀ ਤੇ ਕਿੰਨੀ ਮਦਦ ਕੀਤੀ ਗਈ? ਸਿੱਖੀ ਢਹਿੰਦੀ ਕਲਾ ਵਲੋਂ ਹੱਟ ਕੇ ਚੜ੍ਹਦੀ ਕਲਾ ਵਲ ਵਿਖਾਈ ਦਿਤੀ। ਕੀ ਏਨੇ ਵੱਡੇ ਸਮਾਗਮ ਨੇ ਕੋਈ ਸਿੱਖ ਲੇਖਕ, ਇਤਿਹਾਸਕਾਰ, ਬਾਣੀ ਦੇ ਨਵੇਂ ਵਿਦਵਾਨ ਪੈਦਾ ਕੀਤੇ ਜਿਨ੍ਹਾਂ ਦੀਆਂ ਲਿਖਤਾਂ ਵਲ ਸਿੱਖ ਹੀ ਨਹੀਂ ਦੁਨੀਆਂ ਦੇ ਲੋਕ  ਸਤਿਕਾਰ ਭਰੀਆਂ ਨਜ਼ਰਾਂ ਨਾਲ ਵੇਖਣ ਲੱਗ ਜਾਣ?

ਇਹ ਸੱਚ ਹੈ ਕਿ ਸਿੱਖ ਅਪਣੀਆਂ ਚੰਗੀਆਂ ਸੰਸਥਾਵਾਂ ਨੂੰ ਪੈਸੇ ਦੀ ਕਮੀ ਖ਼ਾਤਰ ਤੜਪਦਿਆਂ ਵੇਖ ਕੇ ਹਰਕਤ ਵਿਚ ਨਹੀਂ ਆਉਂਦੇ। ਉਹ ਸਿਰਫ਼ ਗੁਰਦਵਾਰਿਆ ਤੇ ਡੇਰਿਆਂ ਨੂੰ ਹੀ ਪੈਸੇ ਦਿੰਦੇ ਹਨ ਪਰ ਚੰਗੀ ਜਗ੍ਹਾ ਪੈਸੇ ਦੇਣ ਤੋਂ ਕੰਨੀ ਕਤਰਾ ਜਾਂਦੇ ਹਨ। ਸਾਡੇ ਖ਼ਾਲਸਾ ਸਕੂਲ ਤੇ ਕਾਲਜ ਇਸੇ ਕਰ ਕੇ ਡੀ.ਏ ਵੀ ਸਕੂਲ/ਕਾਲਜਾਂ ਦੇ ਸਾਹਮਣੇ ਦਮ ਤੋੜ ਗਏ। ਸਿੱਖਾਂ ਨੇ ਕਦੇ ਮਿਲ ਬੈਠ ਕੇ ਉਨ੍ਹਾਂ ਨੂੰ ਬਚਾਅ ਲੈਣ ਦੀ ਗੱਲ ਨਹੀਂ ਕੀਤੀ। ਸੋ ਕਹਿਣ ਤੋਂ ਭਾਵ ਅਸੀ ਅਪਣੀ ਚੰਗੀ ਅਕਲ, ਉੱਚੀ ਮਤ, ਬੁਧੀ ਦੀ ਕਦੇ ਵੀ ਵਰਤੋਂ ਨਹੀਂ ਕੀਤੀ। ਚੰਗੇ ਜਾਂ ਮਾੜੇ ਦਾ ਅਸੀ ਫ਼ਰਕ ਹੀ  ਨਹੀਂ ਸਮਝ ਰਹੇ। ਸਾਨੂੰ ਸ਼ਰੇਆਮ ਮੂਰਖ ਬਣਾਇਆ ਜਾ ਰਿਹਾ ਹੈ। ਮੈਂ ਧਨਾਢ ਤੇ ਅਮੀਰ ਸਿੱਖਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਗਾਂ ਕਿ ਉਹ ਪੈਸਾ ਖ਼ਰਚਣ ਲੱਗੇ ਅਕਲ ਦਾ ਇਸਤੇਮਾਲ ਜ਼ਰੂਰ ਕਰ ਲਿਆ ਕਰਨ, ਕਿਸੇ ਵਿਦਵਾਨ ਬੁਧੀਜੀਵੀ ਦੀ ਸਲਾਹ ਜ਼ਰੂਰ ਲੈ ਲਿਆ ਕਰਨ। ਚੰਗੇ ਲਿਖਾਰੀਆਂ ਜਾਂ ਵਿਦਵਾਨਾਂ ਪਾਸੋਂ ਇਤਿਹਾਸ ਦੀ ਸੁਧਾਈ ਕਰਵਾਈ ਜਾਵੇ ਤਾਕਿ ਸਹੀ ਸਿੱਖ ਇਤਿਹਾਸ ਸੰਗਤਾਂ ਦੇ ਸਾਹਮਣੇ ਆ ਜਾਵੇ। ਮੈ ਬਸ ਇਹੀ ਆਖਣਾ ਚਾਹਗਾਂ। 
                                                                                      ਹਰਪ੍ਰੀਤ ਸਿੰਘ,ਸੰਪਰਕ : 98147-02271