ਨਿਤਨੇਮ ਕਿਵੇਂ ਕਰੀਏ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਿੱਖ ਸਮਾਜ ਵਿਚ ਬਹੁਤ ਲੰਮੇ ਸਮੇਂ ਤੋਂ ‘ਨਿਤਨੇਮ’ ਕਰਨ ਦੀ ਪ੍ਰੰਪਰਾ ਚਲਦੀ ਆ ਰਹੀ ਹੈ।

Gurbani

ਮੁਹਾਲੀ: ਸਿੱਖ ਸਮਾਜ ਵਿਚ ਬਹੁਤ ਲੰਮੇ ਸਮੇਂ ਤੋਂ ‘ਨਿਤਨੇਮ’ ਕਰਨ ਦੀ ਪ੍ਰੰਪਰਾ ਚਲਦੀ ਆ ਰਹੀ ਹੈ। ਜਦੋਂ ਖੰਡੇ ਕੀ ਪਹੁਲ ਛਕਾਈ ਜਾਂਦੀ ਹੈ, ਉਸ ਸਮੇਂ ਪੰਜ ਪਿਆਰਿਆਂ ਵਲੋਂ ‘ਹੁਕਮ’ ਦਿਤਾ ਜਾਂਦਾ ਹੈ ਕਿ ਅੱਜ ਤੋਂ ਬਾਦ ਤੁਸੀ ਸਾਰਿਆਂ ਨੇ ਜਪੁ, ਜਾਪ ਤੇ ਸਵਈਏ ਸਵੇਰੇ ਇਸ਼ਨਾਨ ਕਰ ਕੇ ਪੜ੍ਹਨੇ ਹਨ। ਸ਼ਾਮ ਨੂੰ ਸੂਰਜ ਡੁੱਬੇ ਸੋਦਰੁ (ਰਹਿਰਾਸ) ਪੜ੍ਹਨਾ। ਸੌਣ ਲਗਿਆਂ ਸੋਹਿਲੇ ਦਾ ਪਾਠ ਕਰਨਾ। ਸਵੇਰੇ ਤੇ ਜਪੁਜੀ ਸਾਹਿਬ ਦੇ ਪਾਠ ਮਗਰੋਂ ਅਰਦਾਸ ਵੀ ਜ਼ਰੂਰ ਕਰਨੀ। ਉਂਜ ਡੇਰੇਦਾਰਾਂ ਨੇ ਸਵੇਰ ਵੇਲੇ ਪੰਜ ਬਾਣੀਆਂ ਤੇ ਸ਼ਾਮ ਨੂੰ ਦੋ ਬਾਣੀਆਂ ਪੜ੍ਹਨ ਦੀ ਪ੍ਰੰਪਰਾ ਚਾਲੂ ਕੀਤੀ ਹੋਈ ਹੈ। ਕਈਆਂ ਨੇ ਸਿਮਰਨ ਵੀ ਨਾਲ ਨੱਥੀ ਕੀਤਾ ਹੋਇਆ ਹੈ। ਇਹ ਵੀ ਉਪਦੇਸ਼ ਕੀਤਾ ਜਾਂਦਾ ਹੈ ਕਿ ਇਕ ਵਾਰੀ ਦਿਨ ਵਿਚ ਗੁਰਦਵਾਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਜ਼ਰੂਰ ਕਰਨੇ। ਪੰਜ ਕਕਾਰਾਂ ਦੀ ਸੰਭਾਲ ਕਰਨੀ, ਬੇ-ਅੰਮ੍ਰਿਤੀਏ ਦਾ ਜੂਠਾ ਨਹੀਂ ਖਾਣਾ। ਨੜੀ (ਹੁੱਕਾ+ਤੰਬਾਕੂ) ਮਾਰ ਤੇ ਕੁੜੀ ਮਾਰਨ ਵਾਲੇੇ ਨਾਲ ਨਹੀਂ ਵਰਤਣਾ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਛਪੀ ਹੋਈ ਰਹਿਤ ਮਰਿਆਦਾ ਵਿੱਚ ਸੰਖੇਪ ਜਹੇ ਹੋਰ ਉਪਦੇਸ਼ ਕੀਤੇ ਗਏ ਹਨ। ਉਂਜ ਰਹਿਤ ਮਰਿਆਦਾਵਾਂ ਵੀ ਸਾਰੇ ਡੇਰੇਦਾਰਾਂ ਦੀਆਂ, ਟਕਸਾਲਾਂ ਦੀਆਂ, ਆਪੋ ਅਪਣੀ ਮਰਜ਼ੀ ਦੀਆਂ ਬਣਾਈਆਂ ਹੋਈਆਂ ਹਨ।

ਅੱਗੇ ਧਿਆਨ ਦਿਉ। ਗੁਰਬਾਣੀ ਦੀ ਪ੍ਰਸ਼ੰਸਾ ਵਿਚ ਬੇਅੰਤ ਸੋਭਾ ਵਾਲੇ ਸ਼ਬਦ ਬੋਲੇ ਜਾਂਦੇ ਹਨ। ‘ਇਹ ਰੱਬੀ ਬਾਣੀ ਹੈ, ਧੁਰ ਕੀ ਬਾਣੀ ਹੈ, ਜਨਮਾਂ-ਜਨਮਾਂ ਦੇ ਵਿਕਾਰ ਕੱਟ ਦਿੰਦੀ ਹੈ, ਪ੍ਰੇਤਾਂ ਤੋਂ ਦੇਵਤੇ ਬਣਾ ਦਿੰਦੀ ਹੈ।’ ਪਰ ਦੂਜਾ ਪੱਖ ਵੇਖੋ! ਇਸ ਰੱਬੀ ਬਾਣੀ ਦੇ ਬਰਾਬਰ ਜਾਪ, ਸਵਈਏ ਤੇ ਚੌਪਈ ਬਿਰਾਜਮਾਨ ਕੀਤੀ ਹੋਈ ਹੈ। ਜਦੋਂ ਕਿ ਇਹ ਤਿੰਨੇ ਰਚਨਾਵਾਂ ਦਸਵੇਂ ਪਾਤਿਸ਼ਾਹ ਦੀ ਲਿਖਤ ਨਹੀਂ ਹਨ ਕਿਉਂਕਿ ਇਹ ਬਚਿੱਤਰ ਨਾਟਕ ਵਿਚੋਂ ਲੈ ਕੇ ਨਿਤਨੇਮ ਵਿਚ ਸ਼ਾਮਲ ਕਰ ਦਿਤੀਆਂ ਹਨ। ਬਚਿੱਤਰ ਨਾਟਕ ਬ੍ਰਾਹਮਣੀ ਪੁਰਾਣਕ ਪੁਸਤਕਾਂ ਦਾ ਅਨੁਵਾਦ ਮਾਤਰ ਹੀ ਹੈ। ਸਾਰੇ ਬਚਿੱਤਰ ਨਾਟਕ ਵਿਚ ‘ਨਾਨਕ’ ਕਵੀ ਛਾਪ ਕਿਤੇ ਵੀ ਨਹੀਂ। ਅਗਰ ਦਸਵੇਂ ਗੁਰਾਂ ਨੇ ਕੋਈ ਬਾਣੀ ਲਿਖੀ ਹੁੰਦੀ ਤਾਂ ਦਸਵੇਂ ਨਾਨਕ ਜੀ ਨੇ, ‘ਕਵੀ ਛਾਪ ਨਾਨਕ’ ਜ਼ਰੂਰ ਵਰਤਣਾ ਸੀ। ਚੰਡੀ ਜਾਂ ਚੰਡਕਾ ਦੇਵੀ ਅੱਗੇ ਸਿੱਖ ਤਾਂ ਅਰਦਾਸ ਕਰਨ ਦੇ ਆਦੀ ਹੋਏ ਹੀ ਹਨ, ਸਗੋਂ ਅਪਣੀ ਬੇਅਕਲੀ ਕਾਰਨ ਦਸ ਗੁਰੂਆਂ ਨੂੰ ਵੀ ਦੇਵੀ ਭਗਵਤੀ (ਭਗੌਤੀ+ਦੇਵੀ ਭਗਵਤੀ) ਅੱਗੇ ਹੱਥ ਜੋੜ ਕੇ ਖਲ੍ਹਾਰ ਦਿਤਾ ਹੈ। ਆਦਿ ਤੋਂ ਅੰਤ ਤਕ ਗੁਰਬਾਣੀ ਇਕ ਨਿਰੰਕਾਰ ਨੂੰ ਮੰਨਣ ਲਈ ਹੁਕਮ ਦੇ ਰਹੀ ਹੈ। ਜਦੋਂ ਇਕ ਅਕਾਲ ਪੁਰਖ ਵਾਲਾ ਅਸੂਲ ਵਿਸਰ ਗਿਆ, ਫਿਰ ਅਣਗਿਣਤ ਥਾਵਾਂ ਤੇ ਸਿੱਖ ਮੱਥੇ ਟੇਕਣ ਚੱਲ ਪਿਆ।

ਹੁਣ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਨਿਤਨੇਮ ਦੇ ਅਰਥ ਕੀ ਹਨ? ਇਹ ਜਾਣਨ ਦਾ ਯਤਨ ਕਰੀਏ ਕਿ ਫਿਰ ਸਿੱਖ ਲਈ ਨਿਤਨੇਮ ਕੀ ਹੈ? ‘ਨਿੱਤ’ ਦਾ ਅਰਥ ਹੈ ਹਰ ਰੋਜ਼, ਲਗਾਤਾਰ ਕਾਰਜ ਕਰਨਾ। ਬਿਨਾ ਨਾਗਾ ਪਾਏ ਬਿਨਾਂ ਰੁਕਾਵਟ ਤੋਂ ਅਪਣੇ ਜ਼ਰੂਰੀ ਕਾਰਜ ਕਰਦੇ ਜਾਣਾ। ‘ਨਿੱਤ’ ਸ਼ਬਦ ਗੁਰਬਾਣੀ ਵਿਚ ਬਹੁਤ ਵਾਰ ਵਰਤਿਆ ਮਿਲ ਜਾਂਦਾ ਹੈ। ਮਿਸਾਲ ਲਈ ਵੇਖੋ:
‘ਨਿੱਤ’ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ॥(518) ‘ਨਿੱਤ’ ਦਿਨ ਦਿਨਸੁ ਰਾਤਿ, ਲਾਲਚੁ ਕਰੇ ਭਰਮੈ ਭਰਮਾਇਆ॥ ਵੇਗਾਰਿ ਫਿਰੈ ਵੇਗਾਰੀਆ, ਸਿਰਿ ਪਾਰੁ ਉਠਾਇਆ॥......  ‘ਨਿੱਤ’ ਹਰਿ ਗੁਣ ਗਾਵਹ ਹਰਿ ਨਾਮਿ ਸਮਾਇ॥ਰਹਾਉ॥ (166) ਹਰਿ ਗੁਨ ਗਾਵਤ ਪਰ ਉਪਕਾਰ ‘ਨਿਤ’, ਤਿਸੁ ਰਸਨਾ ਕਾ ਮੋਲੁ ਕਿਛੁ ਨਾਹੀ॥ (824)
ਗੁਰਬਾਣੀ ਵਿਚ ਹਰ ਰੋਜ਼ ਇਕ ਕੰਮ ਕਰਨ ਦਾ ਹੁਕਮ ਨਹੀਂ, ਸਗੋਂ ਜੀਵਨ ਦੇ ਹਰ ਪਹਿਲੂ ਤੇ ਭਰਪੂਰ ਅਗਵਾਈ ਬਖ਼ਸ਼ੀ ਗਈ ਹੈ। ਜੇਕਰ ਇਕੋ ਕੰਮ ਵਾਰ-ਵਾਰ ਕਰਦੇ ਰਹਾਂਗੇ ਤਾਂ ਜ਼ਿੰਦਗੀ ਦੇ ਕਈ ਮੁਹਾਜ਼ਾਂ ਤੇ ਹਾਰ ਜਾਵਾਂਗੇ। ਸਫ਼ਲਤਾ ਹਾਸਲ ਕਰਨ ਲਈ ਨਿੱਤ ਦਿਨ ਨਵੇਂ ਕੰਮ ਸਿਖਣੇ ਪੈਣਗੇ, ਕਰਨੇ ਪੈਣਗੇ। ਸਿੱਖ ਸੇਵਕ ‘ਨਿਤਨੇਮ’ ਤੇ ਖਲੋ ਗਏ, ਅਟਕ ਗਏ। 

ਅੱਗੇ ਲਉ ‘ਨੇਮ’ ਸ਼ਬਦ ਨੂੰ। ਇਸ ਦਾ ਅਰਥ ਹੈ ਕਸਮ ਚੁਕਣੀ, ਸਹੁੰ ਖਾ ਕੇ ਯਕੀਨ ਦੁਆਉਣਾ ਕਿ ਮੈਂ ਵਚਨ ਨਹੀਂ ਤੋੜਾਂਗਾ। ਗੁਰਦਵਾਰੇ ਜਾ ਕੇ ਬੁਰਾਈ ਤਿਆਗਣ ਦਾ ਨੇਮ ਚੁਕਣਾ। ਪੰਚਾਇਤ ਵਿਚ ਇਲਜ਼ਾਮ ਮੁਕਤ ਹੋਣ ਲਈ ਨੇਮ ਚੁੱਕਣਾ। ਧੀ-ਪੁੱਤਰ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾਣੀ, ਨੇਮ ਕਰਨਾ। ਨੇਮ ਦਾ ਅਰਥ ਹੋਇਆ ਪੂਰਨ ਵਾਅਦਾ, ਵਿਸ਼ਵਾਸ ਦੁਆਉਣਾ। ਨੇਮ ਲਈ ਗੁਰਬਾਣੀ ਵਿਚ ਇਹੀ ਅਰਥ ਆਏ ਹਨ:
ਨਉਮੀ ‘ਨੇਮ’ ਸਚੁ ਜੇ ਕਰੈ॥ ਕਾਮੁ ਕ੍ਰੋਧੁ ਤ੍ਰਿਸ਼ਨਾ ਉਚਰੈ॥ (1245)
ਨਿੱਤ+ਨੇਮ ਦਾ ਅਰਥ ਹੈ ਕਿ ਸਿੱਖ ਸੇਵਕ ਨੇ ਅਪਣੇ ਗੁਰੂ ਅੱਗੇ ਹਰ ਰੋਜ਼ ਕਸਮ ਖਾ ਕੇ ਯਕੀਨ ਦੁਆਉਣਾ ਹੈ ਕਿ ਮੈਂ ਵਿਕਾਰ ਰਹਿਤ ਜੀਵਨ ਬਤੀਤ ਕਰਾਂਗਾ। ਜਿਨ੍ਹਾਂ ਬੁਰਾਈਆਂ ਵਲੋਂ ਗੁਰੂ ਜੀ ਨੇ ਰੋਕਿਆ ਹੈ, ਉਨ੍ਹਾਂ ਤੋਂ ਸਦਾ ਬੱਚ ਕੇ ਰਹਾਂਗਾ। ਜੋ ਚੰਗੇ ਕਾਰਜ ਕਰਨ ਲਈ ਗੁਰਬਾਣੀ ਹੁਕਮ ਦੇਵੇ, ਉਹ ਜ਼ਰੂਰ ਕਰਾਂਗਾ। ਜ਼ਿੰਦਗੀ ਨੂੰ ਸੁਧਾਰਨ ਵਾਸਤੇ ਹਰ ਰੋਜ਼ ਖ਼ੁਦ ਦੀ ਪਰਖ ਪੜਚੋਲ ਕਰਦੇ ਰਹਿਣਾ ਜ਼ਰੂਰੀ ਹੈ। ਹੁਣ ਇਕ-ਇਕ ਕਰ ਕੇ ਉਨ੍ਹਾਂ ਗੁਰੂ ਹੁਕਮਾਂ ਨੂੰ ਅੱਖਾਂ ਅੱਗੇ ਰੱਖੀਏ ਜਿਨ੍ਹਾਂ, ਬਾਰੇ ਗੁਰਬਾਣੀ ਸਪੱਸ਼ਟ ਹੁਕਮ ਦੇ ਰਹੀ ਹੈ:-

ਗਿਆਨੁ ਧਿਆਨੁ ਸਭੁ ਗੁਰ ਤੇ ਹੋਈ॥ ‘ਸਾਚੀ ਰਹਤ’ ਸਾਚਾ ਮਨਿ ਸੋਈ॥  ਮਨਮੁਖ ਕਥਨੀ ਹੈ, ਪਰੁੁ ‘ਰਹਤ’ ਨ ਹੋਈ॥ ਨਾਵਹੁ ਭੂਲੇ ਥਾਉ ਨ ਕੋਈ॥ (831)
ਹੇ ਭਾਈ! ਜੀਵਨ ਸਫ਼ਰ ਵਿਚ ਕਾਮਯਾਬ ਹੋਣ ਲਈ ਗੁਰੂ ਦੇ ਗਿਆਨ (ਗੁਰਬਾਣੀ) ਨੂੰ ਹਿਰਦੇ ਵਿਚ ਧਾਰਨ ਕਰੀਏ। ਅਸਲੀ ਰਹਿਤ ਹੈ ਗੁਰੂ ਦੇ ਹੁਕਮ ਅਨੁਸਾਰ ਸਾਰੇ ਕਾਰਜ ਕਰਨੇ। ਅਪਣੀ ਘਟੀਆ ਅਕਲ ਮੁਤਾਬਕ ਚੱਲਣ ਵਾਲੇ ਗੱਲਾਂ ਬਹੁਤ ਕਰਦੇ ਹਨ ਪਰ ਚੰਗੇ ਕੰਮ ਨਹੀਂ ਕਰਦੇ। ਉਹ ਲੋਕ ਗਰੂ ਦੀ ਬਾਣੀ (ਨਾਮ) ਨੂੰ ਅਪਣੇ ਜੀਵਨ ਵਿਚ ਲਾਗੂ ਨਹੀਂ ਕਰਦੇ। 
ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆਂ ਸੁਖ ਭੁੰਚੁ॥ ਧਿਆਦਿਆ ਤੂੰ ਪ੍ਰਭੂ ਮਿਲੁ, ਨਾਨਕ ਉਤਰੀ ਚਿੰਤ॥ (522)
ਹੇ ਭਾਈ! ਜੀਵਨ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਮਿਹਨਤੀ ਬਣ ਜਾਵੀਂ। ਆਲਸ ਨੂੰ ਨੇੜੇ ਨਾ ਆਉਣ ਦੇਵੀਂ। ਇਉਂ ਵੱਧ ਕਮਾਈ ਕਰ ਲਵੇਂਗਾ ਤਾਂ ਪ੍ਰਵਾਰ ਦੀਆਂ ਸੱਭ ਲੋੜਾਂ ਪੂਰੀਆਂ ਹੋਣਗੀਆਂ। ਸਾਰੇ ਜੀਅ ਸੁੱਖ ਮਾਣਨਗੇ। ਨਿਰੰਕਾਰ ਨੂੰ ਸਦਾ ਯਾਦ ਰੱਖੀਂ। ਇਉਂ ਸਾਰੀਆਂ ਚਿੰਤਾਵਾਂ ਤੋਂ ਮੁਕਤ ਹੋ ਜਾਵੇਂਗਾ।
ਜਾਤੀ ਦੈ ਕਿਆ ਹਥਿ ਸਚੁ ਪਰਖੀਐ॥ ਮਹੁਰਾ ਹੋਵੈ ਹਥਿ ਮਰੀਐ ਚਖੀਐ॥ ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ॥ ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ॥ (142)

ਹੇ ਭਾਈ! ਕਿਸੇ ਮਨੁੱਖ ਦੀ ਜਾਤ ਛੋਟੀ ਵੱਡੀ ਨਾ ਵੇਖੋ। ਇਹ ਵੇਖੋ ਕਿ ਬੰਦਾ ਕੰਮ ਕਿਹੋ ਜਹੇ ਕਰਦਾ ਹੈ, ਚੰਗੇ ਜਾਂ ਮਾੜੇ? ਜਾਤ ਵਾਲਾ ਹੰਕਾਰ ਤਾਂ ਜ਼ਹਿਰ ਵਾਂਗ ਹੈ। ਇਸ ਜਾਤੀਵਾਦ ਨੇ ਸਮਾਜ ਨੂੰ ਬਰਬਾਦ ਕਰ ਦਿਤਾ ਹੈ। ਸਦਾ ਤੋਂ ਹੀ ਸੱਚੇ ਰੱਬ ਦੇ ਹੁਕਮ ਵਿਚ ਜੀਵ ਜਨਮ ਲੈ ਰਹੇ ਹਨ। ਸਾਰਿਆਂ ਨੂੰ ਪੈਦਾ ਕਰਨ ਵਾਲਾ ਕਰਤਾਰ ਹੈ। ਜੋ ਇਨਸਾਨ ਕਰਤਾ ਪੁਰਖ ਦੇ ਸੱਚੇ ਨਿਯਮ ਨੂੰ ਮੰਨ ਲੈਣਗੇ, ਅਸਲੀ ਸਰਦਾਰ ਉਹੀ ਬਣਨਗੇ। ਰੱਬ ਦੀਆਂ ਨਜ਼ਰਾਂ ਵਿਚ ਪ੍ਰਵਾਨ ਮੰਨੇ ਜਾਣਗੇ।
ਭੰਡੁ ਮੁਆ ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਨ॥ (473)
ਹੇ ਭਾਈ! ਔਰਤ ਤੋਂ ਬਿਨਾਂ ਜੀਵਨ ਅਧੂਰਾ ਹੈ। ਜੇ ਪਤਨੀ ਮਰ ਜਾਵੇ ਤਾਂ ਦੂਜੀ ਵਾਰੀ ਵਿਆਹ ਕਰਵਾ ਲੈਂਦੇ ਹਨ। ਮਨੁੱਖੀ ਜੀਵਨ ਨੂੰ ਬੱਝਵੇਂ ਨਿਯਮ ਵਿਚ ਚਲਾਉਣ ਵਾਸਤੇ ਔਰਤ ਦਾ ਵੱਡਾ ਯੋਗਦਾਨ ਹੈ। ਇਸ ਲਈ ਔਰਤ ਨੂੰ ਘਟੀਆ ਨਹੀਂ ਆਖਣਾ ਚਾਹੀਦਾ। ਹਰ ਮਨੁੱਖ ਨੇ ਔਰਤ ਦੇ ਗਰਭ ਤੋਂ ਹੀ ਜਨਮ ਲਿਆ ਹੈ। ਪੀਰ ਫ਼ਕੀਰ ਤੇ ਰਾਜੇ, ਸੱਭ ਮਾਂ ਦੇ ਪੇਟ ਤੋਂ ਹੀ ਜਨਮਦੇ ਹਨ। ਮਰਦ ਵਾਂਗ ਔਰਤ ਵੀ ਬਰਾਬਰ ਦੀ ਇਨਸਾਨ ਹੈ। ਉਹ ਮਨੁੱਖ ਮੂਰਖ ਹਨ, ਜੋ ਔਰਤ ਨੂੰ ਘਟੀਆ ਕਹਿੰਦੇ ਹਨ।

ਕਰਮ ਧਰਮ ਪਾਖੰਡ ਜੋ ਦੀਸਹਿ, ਤਿਨ ਜਮੁ ਜਾਗਾਤੀ ਲੂਟੈ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ, ਨਿਮਖ ਸਿਮਰਤ ਜਿਤੁ ਛੂਟੈ॥ ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ, ਇਨ ਪੜਿਆ ਮੁਕਤਿ ਨ ਹੋਈ॥ ਏਕੁ ਅਖਰੁ ਜੋ ਗੁਰਮੁਖਿ ਜਾਪੈ, ਤਿਸ ਕੀ ਨਿਰਮਲ ਸੋਈ॥ (747)
ਹੇ ਭਾਈ! ਅਗਿਆਨਤਾ ਵਸ ਜੋ ਕੰਮ ਤੁਸੀ ਧਰਮ ਸਮਝ ਕੇ ਕਰ ਰਹੇ ਹੋ ਇਹ ਧਰਮ ਨਹੀਂ ਹਨ। ਇਹ ਸੱਭ ਪਾਖੰਡ ਹੈ, ਨਾਮਸਝੀ ਹੈ। ਇਹ ਪੁਜਾਰੀ ਲੋਕ ਤੁਹਾਨੂੰ ਜਮਦੂਤ ਬਣ ਕੇ ਲੁੱਟ ਰਹੇ ਹਨ। ਬੰਧਨਾਂ ਤੋਂ ਮੁਕਤ ਕਰਨ ਵਾਲਾ ਅਕਾਲ ਪੁਰਖ ਦਾ ਨਾਮ ਹੈ। ਗੁਰਬਾਣੀ ਰਾਹੀਂ ਰੱਬ ਦੇ ਗੁਣਾਂ ਨੂੰ ਹਿਰਦੇ ਵਿਚ ਵਸਾਉਂਗੇ ਤਾਂ ਬੰਧਨਾਂ ਤੋਂ ਮੁਕਤ ਹੋ ਜਾਉਗੇ। ਦੁਨੀਆਂ ਦੇ ਧਾਰਮਕ ਗ੍ਰੰਥਾਂ ਵਿਚ ਬੜੇ ਪਾਖੰਡ ਲਿਖੇ ਮਿਲਦੇ ਹਨ, ਉਨ੍ਹਾਂ ਤੋਂ ਬਚ ਜਾਉ। ਬੇਦ, ਕੁਰਾਨ ਤੌਰ ਤੇ ਜਬੂਰ ਅੰਜੀਲ, ਸਿਮ੍ਰਿਤੀਆਂ ਤੇ ਸ਼ਾਸਤਰ ਇਹ ਸੱਭ ਤਿਆਗਣ ਜੋਗ ਹਨ। ਇਕ ਨਿਰੰਕਾਰ ਨੂੰ ਯਾਦ ਰਖਣਾ। ਜੀਵਨ ਨੂੰ ਵਿਕਾਰਾਂ ਤੋਂ ਮੁਕਤ ਕਰ ਲੈਣਾ।
ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ॥ ਹੋਨਾ ਹੈ ਸੋ ਹੋਈ ਹੈ, ਮਨਹਿ ਨ ਕੀਜੈ ਆਸ॥ (337)

ਹੇ ਭਾਈ! ਸੁਰਗ ਪ੍ਰਾਪਤ ਕਰਨ ਦੀ ਲਾਲਸਾ ਮਨ ਵਿਚੋਂ ਤਿਆਗ ਦਿਉ। ਨਰਕਾਂ ਦੇ ਤਸੀਹਿਆਂ ਦਾ ਡਰ ਦਿਮਾਗ਼ ਵਿਚੋਂ ਕੱਢ ਦਿਉ। ਪ੍ਰਮਾਤਮਾ ਦੀ ਰਜ਼ਾ ਵਿਚ ਜੋ ਹੋ ਰਿਹਾ ਹੈ, ਸੋ ਪ੍ਰਵਾਨ ਕਰੋ। ਨਿਰੰਕਾਰ ਜੋ ਕਰੇਗਾ ਚੰਗਾ ਹੀ ਕਰੇਗਾ। ਡਰ ਤੇ ਲਾਲਸਾ ਤਿਆਗ ਦਿਉ।                  
ਮਾਣਸੁ ਭਰਿਆ ਆਣਿਆ, ਮਾਣਸੁ ਭਰਿਆ ਆਇ॥ ਜਿਤੁ ਪੀਤੈ ਮਤਿ ਦੂਰਿ ਹੋਇ, ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ, ਖਸਮਹੁ ਧਕੇ ਖਾਇ॥ ਜਿਤੁ ਪੀਤੈ ਖਸਮੁ ਵਿਸਰੈ, ਦਰਗਹ ਮਿਲੈ ਸਜਾਇ॥ ਝੂਠਾ ਮਦੁ ਮੂਲਿ ਨ ਪੀਚਈ, ਜੇ ਕਾ ਪਾਰਿ ਵਸਾਇ॥ (554)
ਹੇ ਭਾਈ! ਮਨੁੱਖ ਦੇ ਅੰਦਰ ਅਣਗਿਣਤ ਵਿਕਾਰ ਹਨ। ਉਨ੍ਹਾਂ ਵਿਕਾਰਾਂ ਨੂੰ ਖ਼ਤਮ ਕਰਨ ਦੀ ਥਾਂ ਸ਼ਰਾਬ ਦੇ ਨਸ਼ੇ ਨਾਲ ਹੋਰ ਬੁਰਾਈਆਂ ਸਹੇੜ ਲੈਂਦਾ ਹੈ। ਇਸ ਸ਼ਰਾਬ ਨਾਲ ਮਨੁੱਖ ਦੀ ਮੱਤ ਮਾਰੀ ਜਾਂਦੀ ਹੈ। ਦਿਮਾਗ਼ ਵਿਚ ਪਾਗਲਪਨ ਭਾਰੂ ਹੋ ਜਾਂਦਾ ਹੈ। ਨਸ਼ੇ ਵਿਚ ਗ਼ਰਕ ਹੋਏ ਮਨੁੱਖ ਨੂੰ ਅਪਣੇ ਪਰਾਏ ਦੀ ਪਛਾਣ ਵੀ ਨਹੀਂ ਰਹਿੰਦੀ। ਅਜਿਹੇ ਨਸ਼ੇੜੀ ਬੰਦੇ ਨੂੰ ਰੱਬ ਪਸੰਦ ਨਹੀਂ ਕਰਦਾ। ਉਸ ਨੂੰ ਹਰ ਥਾਂ ਬੇਇਜ਼ਤੀ ਮਿਲਦੀ ਹੈ। ਇਸ ਭੈੜੀ ਸ਼ਰਾਬ ਪੀਣ ਨਾਲ ਪ੍ਰਮੇਸ਼ਰ ਭੁੱਲ ਜਾਂਦਾ ਹੈ। ਭਲੇ ਪੁਰਖਾਂ ਦੀ ਸੰਗਤ ਵਿਚ ਨਸੇੜੀ ਬੰਦੇ ਨੂੰ ਲਾਹਣਤਾਂ ਪੈਦੀਆਂ ਹਨ। ਇਸ ਲਈ ਮਨੁੱਖ ਨੂੰ ਕਦੀ ਭੀ ਸ਼ਰਾਬ ਆਦਿ ਨਸ਼ੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਭਾਵੇਂ ਕਿੰਨੀ ਵੀ ਮਜਬੂਰੀ ਹੋਵੇ ਨਸ਼ੇ ਦੀ ਵਰਤੋਂ ਨਹੀਂ ਕਰਨੀ।     (ਬਾਕੀ ਅਗਲੇ ਹਫ਼ਤੇ) 
                                                                                                    ਪ੍ਰੋ. ਇੰਦਰ ਸਿੰਘ ਘੱਗਾ,ਸੰਪਰਕ : 98551-51699