ਵਿਦੇਸ਼ਾਂ ’ਚ ਗਏ ਪੰਜਾਬੀ ਨੌਜਵਾਨਾਂ ਤੇ ਮੁਟਿਆਰਾਂ ਦੀ ਦਾਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

 ਪੰਜਾਬ ਦੇ ਨੌਜਵਾਨਾਂ ਅੰਦਰ ਵਿਦੇਸ਼ ਦੀ ਧਰਤੀ ’ਤੇ ਜਾ ਕੇ ਵਸਣ ਦੀ ਲਾਲਸਾ ਘਟਣ ਦੀ ਬਜਾਏ ਦਿਨੋ-ਦਿਨ ਵਧਦੀ ਹੀ ਜਾ ਰਹੀ ਹੈ।

Representational Image

 ਪੰਜਾਬ ਦੇ ਨੌਜਵਾਨਾਂ ਅੰਦਰ ਵਿਦੇਸ਼ ਦੀ ਧਰਤੀ ’ਤੇ ਜਾ ਕੇ ਵਸਣ ਦੀ ਲਾਲਸਾ ਘਟਣ ਦੀ ਬਜਾਏ ਦਿਨੋ-ਦਿਨ ਵਧਦੀ ਹੀ ਜਾ ਰਹੀ ਹੈ। ਭਾਵੇਂ ਸਮੇਂ ਸਮੇਂ ਕਈ ਦੁਖਦਾਈ ਹਾਦਸੇ ਵੀ ਵਾਪਰੇ ਜਿਵੇਂ ਕਿ 25 ਦਸੰਬਰ 1996 ਦਾ ਮਾਲਟਾ ਕਾਂਡ। (ਮਾਲਟਾ ਕਾਂਡ ’ਚ 300 ਗਭਰੂ ਸਮੁੰਦਰ ਦੀ ਭੇਟ ਚੜ੍ਹ ਗਏ ਸਨ। ਇਨ੍ਹਾਂ ’ਚੋਂ 170 ਭਾਰਤੀ ਪੰਜਾਬ ਦੇ ਤੇ 40 ਪਾਕਿਸਤਾਨੀ ਪੰਜਾਬ ਦੇ ਸਨ ਤੇ 90 ਸ੍ਰੀਲੰਕਾ ਵਾਸੀ ਸਨ) 21 ਅਪ੍ਰੈਲ 2002 ਦੇ ਤੁਰਕੀ ਦੁਖਾਂਤ ’ਚ 30 ਪੰਜਾਬੀ ਨੌਜਵਾਨਾਂ ਨੂੰ ਕਿਸ਼ਤੀ ਲੈ ਡੁੱਬੀ ਸੀ।

ਫਿਰ ਵੀ ਗ਼ੈਰ-ਕਾਨੂੰਨੀ ਏਜੰਟਾਂ ਦਾ ਇਹ ਗੋਰਖਧੰਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਿੰਨੇ ਹੀ ਅਜਿਹੇ ਹਾਦਸੇ ਹਰ ਰੋਜ਼ ਵਾਪਰ ਰਹੇ ਹਨ ਜੋ ਸਾਡੇ ਸਾਹਮਣੇ ਨਹੀਂ ਆਉਂਦੇ। ਇਸ ’ਚ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਵੀ ਦੋਸ਼ੀ ਹਨ। ਪੰਜਾਬ ਹੁਣ ਇਸ ਕੰਮ ਦਾ ਹੱਬ ਬਣ ਚੁਕਿਆ ਹੈ। ਵਿਦੇਸ਼ ਜਾ ਕੇ ਉੱਥੋਂ ਡਾਲਰਾਂ-ਪੌਂਡਾਂ ਦੇ ਝੋਲੇ ਭਰਨ ਦਾ ਫੋਕਾ ਸੁਪਨਾ ਸਾਡੇ ਨੌਜਵਾਨ ਅਪਣੇ ਦਿਲਾਂ ’ਚ ਸਮੋਈ ਬੈਠੇ ਹਨ। ਉਹ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਦੀ ਧਰਤੀ ’ਤੇ ਪਹੁੰਚਣ ਦੀਆਂ ਤਰਕੀਬਾਂ ਹਰ ਵਕਤ ਘੜਦੇ ਰਹਿੰਦੇ ਹਨ। ਨਿਤ ਦਿਨ ਖੁੰਬਾਂ ਵਾਂਗ ਉੱਗ ਰਹੇ ਕੱਚ-ਘਰੜ ਖ਼ੁਦਗਰਜ਼ ਟ੍ਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਇਹ ਨੌਜਵਾਨ ਲੱਖਾਂ ਰੁਪਏ ਏਜੰਟਾਂ ਨੂੰ ਦੇ ਕੇ ਕਿਸੇ ਵੀ ਜਾਇਜ਼-ਨਜਾਇਜ਼ ਤਰੀਕੇ ਨੂੰ ਅਪਣਾਉਂਦੇ ਹੋਏ ਵਿਦੇਸ਼ ਜਾਣ ਲਈ ਅਪਣੀ ਜਾਨ ਜੋਖਮ ’ਚ ਪਾਉਣ ਤੋਂ ਨਹੀਂ ਡਰਦੇ।

ਹੁਣ ਤਾਂ ਇਨ੍ਹਾਂ ਨੌਜਵਾਨਾਂ ਵਾਂਗ ਸਾਡੀਆਂ ਪੰਜਾਬੀ ਕੁੜੀਆਂ ਵੀ ਇਹੀ ਰਸਤਾ ਅਪਣਾਉਣ ਤੋਂ ਗੁਰੇਜ਼ ਨਹੀਂ ਕਰਦੀਆਂ। ਹਜ਼ਾਰਾਂ ਗ਼ੈਰ-ਕਾਨੂੰਨੀ ਪ੍ਰਵਾਸੀ ਭਾਰਤੀ ਜਿਨ੍ਹਾਂ ’ਚ ਵੱਡੀ ਗਿਣਤੀ ਪੰਜਾਬੀ ਨੌਜਵਾਨਾਂ ਦੀ ਹੀ ਹੁੰਦੀ ਹੈ, ਯੂਰਪੀਅਨ ਯੂਨੀਅਨ ਦੇ ਦੇਸ਼ਾਂ ਤੋਂ ਗ਼ੈਰ-ਕਾਨੂੰਨੀ ਤਰੀਕੇ ਰਾਹੀਂ ਯੂ.ਕੇ. ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ। ਇੰਗਲੈਡ ਵਲੋਂ ਵੀਜ਼ਾ ਨਿਯਮਾਂ ’ਚ ਸਖ਼ਤੀ ਕੀਤੇ ਜਾਣ ਮਗਰੋਂ ਹੁਣ ਚੋਰ ਮੋਰੀਆਂ ਰਾਹੀਂ ਪਿਛਲੇ ਦਰਵਾਜ਼ਿਉਂ ਯੂ.ਕੇ. ਵਾੜਨ ਦਾ ਰੁਝਾਨ ਬਹੁਤ ਹੀ ਜ਼ੋਰ ਫੜ ਗਿਆ ਹੈ। ਇਸ ਗ਼ੈਰ-ਕਾਨੂੰਨੀ ਤਰੀਕੇ ਨੂੰ ਇਹ ਲੋਕ “ਡੌਂਕੀ” ਕਹਿੰਦੇ ਹਨ।

ਪੰਜਾਬ ਨੂੰ ਛੱਡ ਕੇ ਬੇਗਾਨੇ ਮੁਲਕਾਂ ਵਲ ਜਾਣ ਦਾ ਰੁਝਾਨ ਪੰਜਾਬੀਆਂ ਵਿਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਗਿਆ ਹੈ ਤੇ ਹਰ ਕੋਈ ਜਹਾਜ਼ ’ਤੇ ਚੜ੍ਹ ਕੇ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਿਹਾ ਹੈ ਪਰ ਬੇਗਾਨੇ ਮੁਲਕਾਂ ’ਚ ਪੰਜਾਬੀ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਇਸ ਵੇਲੇ ਗੰਭੀਰ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਹਰ ਰੋਜ਼ ਹੀ ਪੰਜਾਬੀ ਨੌਜਵਾਨਾਂ ਦੇ ਮਰਨ ਦੀਆਂ ਖ਼ਬਰਾਂ ਵਿਦੇਸ਼ਾਂ ’ਚੋਂ ਆ ਰਹੀਆਂ ਹਨ। ਹੋਰ ਵੀ ਤ੍ਰਾਸਦੀ ਹੈ ਕਿ ਇਨ੍ਹਾਂ ’ਚੋਂ ਜ਼ਿਆਦਾ ਮੌਤਾਂ ਦਿਲ ਦਾ ਦੌਰਾ ਪੈਣ ਨਾਲ ਹੋ ਰਹੀਆਂ ਹਨ। ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਤੇ ਪੰਜਾਬੀ ਮੁਟਿਆਰਾਂ ਦੇ ਕਤਲ ਹੋ ਰਹੇ ਹਨ।

ਉਕਤ ਘਟਨਾਵਾਂ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਹੁਣ ਬਾਹਰਲੇ ਦੇਸ਼ਾਂ ’ਚ ਵੀ ਪੰਜਾਬੀ ਸੁਰੱਖਿਅਤ ਨਹੀਂ ਹਨ। ਵੱਧ ਰਹੀਆਂ ਮੌਤਾਂ ਕਰ ਕੇ ਮਾਪੇ ਪ੍ਰੇਸ਼ਾਨੀ ਦੇ ਆਲਮ ਵਿਚ ਹਨ ਤੇ ਦੁਖੀ ਹਨ ਕਿਉਂਕਿ ਬਹੁਤਿਆਂ ਨੇ ਇਕੱਲੇ-ਇਕੱਲੇ ਪੁੱਤ ਬੇਗ਼ਾਨੇ ਦੇਸ਼ਾਂ ਨੂੰ ਤੋਰੇ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਕਈ ਮਾਪਿਆਂ ਨੂੰ ਅਪਣੇ ਪੁੱਤਾਂ ਦੀਆਂ ਲਾਸ਼ਾਂ ਬੇਗਾਨੇ ਮੁਲਕਾਂ ਵਿਚੋਂ ਲਿਆਉਣੀਆਂ ਔਖੀਆਂ ਹੋ ਰਹੀਆਂ ਹਨ। ਸਮਾਜ ਦੇ ਸਾਰੇ ਵਰਗਾਂ ਦੇ ਜ਼ਿੰਮੇਵਾਰ ਲੋਕਾਂ ਨੂੰ ਇਸ ਪਾਸੇ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ।

ਨੌਜਵਾਨ ਵਰਗ ਦੇਸ਼ ਦੀ ਰੀੜ੍ਹ ਦੀ ਹੱਡੀ : ਕਿਸੇ ਵੀ ਦੇਸ਼ ਜਾਂ ਸਮਾਜ ਦਾ ਨੌਜਵਾਨ ਵਰਗ, ਉਸ ਦੇਸ਼-ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਸਾਡਾ ਆਉਣ ਵਾਲਾ ਭਵਿੱਖ ਨੌਜਵਾਨਾਂ ਦੀ ਸੋਚ ਅਤੇ ਉਨ੍ਹਾਂ ਦੇ ਪ੍ਰਦਰਸ਼ਨ ’ਤੇ ਹੀ ਨਿਰਭਰ ਕਰਦਾ ਹੈ। ਨੌਜਵਾਨਾਂ ’ਚ ਜੋਸ਼ ਤੇ ਉਤਸ਼ਾਹ ਦੀ ਕੋਈ ਘਾਟ ਨਹੀਂ ਹੁੰਦੀ। ਉਹ ਅਸਮਾਨ ਵਿਚ ਉਡਾਰੀਆਂ ਭਰਨ ਦੀ ਸਮਰੱਥਾ ਰਖਦੇ ਹਨ। ਅਪਣੀ ਸਮਰੱਥਾ ਨਾਲ ਉਹ ਦੁਨੀਆਂ ਦੀ ਨੁਹਾਰ ਬਦਲ ਸਕਦੇ ਹਨ। ਨੌਜਵਾਨ ਦੇਸ਼ ਦੇ ਹਰ ਖੇਤਰ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਦੇਸ਼ ਦਾ ਨੌਜਵਾਨ ਦੇਸ਼ ਦੀ ਸਰਹੱਦ ’ਤੇ ਖਲੋ ਕੇ ਦੇਸ਼ ਦੀ ਪਹਿਰੇਦਾਰੀ ਕਰ ਰਿਹਾ ਹੈ। ਹਰ ਸਮੇਂ ਕੁਰਬਾਨੀ ਤੇ ਦੇਸ਼ ਲਈ ਮਰ-ਮਿਟਣ ਦਾ ਜਜ਼ਬਾ ਉਸ ਦੇ ਮਨ ’ਚ ਸਮੋਇਆ ਹੋਇਆ ਹੈ।

ਹਰ ਥਾਂ ਨੌਜਵਾਨ ਪੀੜ੍ਹੀ ਨੇ ਵੱਧ ਚੜ੍ਹ ਕੇ ਅਪਣਾ ਯੋਗਦਾਨ ਪਾਇਆ ਹੈ। ਭਾਵੇਂ ਕਿਸਾਨੀ ਅੰਦੋਲਨ ਹੋਵੇ ਤੇ ਭਾਵੇਂ ਕਰੋਨਾ ਕਾਲ ਪਰ ਅੱਜ ਦਾ ਨੌਜਵਾਨ ਮਹਿੰਗੀਆਂ-ਮਹਿੰਗੀਆਂ ਪੜ੍ਹਾਈਆਂ ਪੜ੍ਹ ਕੇ ਵੀ ਨੌਕਰੀਆਂ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਨੌਕਰੀਆਂ ਦੀ ਭਾਲ ਲਈ ਅਪਣਾ ਮੁਲਕ ਛੱਡ ਕੇ ਬਾਹਰਲੇ ਮੁਲਕਾਂ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਯੂ.ਕੇ., ਨਿਊਜ਼ੀਲੈਂਡ ਆਦਿ ਦੇਸ਼ਾਂ ’ਚ ਜਾਣ ਲਈ ਮਜਬੂਰ ਹਨ। ਸਾਡੇ ਦੇਸ਼ ਦੇ ਇੰਜਨੀਅਰ, ਵਿਗਿਆਨੀ ਤਕ ਇਥੋਂ ਜਾ ਰਹੇ ਹਨ ਕਿਉਂਕਿ ਅਪਣੇ ਮੁਲਕ ’ਚ ਉਨ੍ਹਾਂ ਨੂੰ ਉਹ ਮੌਕੇ ਹਾਸਲ ਨਹੀਂ ਹੁੰਦੇ ਜੋ ਬੇਗਾਨੇ ਮੁਲਕ ਉਨ੍ਹਾਂ ਨੂੰ ਦੇ ਰਹੇ ਹਨ।

 ਮਿਹਨਤ ਦਾ ਪੂਰਾ ਮੁੱਲ ਉਨ੍ਹਾਂ ਦੀ ਝੋਲੀ ਨਹੀਂ ਪੈ ਰਿਹਾ। ਸਾਡੇ ਦੇਸ਼ ਦਾ ਸਰਮਾਇਆ ਸਾਡੇ ਨੌਜਵਾਨ ਤਾਂ ਬਾਹਰ ਜਾ ਹੀ ਰਹੇ ਹਨ, ਉਨ੍ਹਾਂ ਦੇ ਨਾਲ-ਨਾਲ ਸਾਡੀ ਕਮਾਈ ਹੋਈ ਪੂੰਜੀ ਵੀ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੀ ਹੈ। ਕਈ ਪ੍ਰਵਾਰ ਅਜਿਹੇ ਹਨ ਜੋ ਜ਼ਮੀਨਾਂ ਦੇ ਸੌਦੇ ਕਰ ਕੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ। ਇਹ ਫ਼ੈਸਲਾ ਮਾਂ-ਬਾਪ ਇਸ ਕਰ ਕੇ ਲੈ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਲਗਦਾ ਹੈ ਕਿ ਬਾਹਰਲੇ ਮੁਲਕਾਂ ’ਚ ਹੀ ਸਾਡੇ ਬੱਚੇ ਦਾ ਭਵਿੱਖ ਸੁਰੱਖਿਅਤ ਹੋਵੇਗਾ। ਭਿ੍ਰਸ਼ਟਾਚਾਰ, ਨਸ਼ੇ, ਕਿਸਾਨਾਂ ਅਤੇ ਮਜਦੂਰਾਂ ਵਲੋਂ ਕੀਤੀਆਂ ਜਾਂਦੀਆਂ ਖ਼ੁਦਕੁਸ਼ੀਆਂ, ਦਿਨ ਦਿਹਾੜੇ ਹੋ ਰਹੀਆਂ ਲੁੱਟਾਂ-ਖੋਹਾਂ, ਸ਼ਰੇਆਮ ਕੀਤੇ ਜਾ ਰਹੇ ਕਤਲਾਂ ਤੇ ਭਿਆਨਕ ਆਰਥਕ ਸੰਕਟ ਨੇ ਪੰਜਾਬ ਦੀ ਹਾਲਤ ਬਦ ਤੋਂ ਬਦਤਰ ਕਰ ਦਿਤੀ ਹੈ।

ਮਾਪਿਆਂ ਦੇ ਮਨ ’ਚ ਹਰ ਸਮੇਂ ਡਰ ਬਣਿਆ ਰਹਿੰਦਾ ਹੈ ਕਿ ਕਿਧਰੇ ਜੇਕਰ ਸਾਡਾ ਬੱਚਾ ਅਪਣੇ ਮੁਲਕ ’ਚ ਰਹਿ ਗਿਆ ਤਾਂ ਨੌਕਰੀ ਨਾ ਮਿਲਣ ਕਰ ਕੇ ਉਹ ਕੁਰਾਹੇ ਹੀ ਨਾ ਪੈ ਜਾਵੇ। ਨੌਕਰੀਆਂ ਨਾ ਮਿਲਣ ਕਰ ਕੇ ਕਈ ਵਾਰ ਨੌਜਵਾਨ ਪੈਸੇ ਕਮਾਉਣ ਲਈ ਗ਼ਲਤ ਰਸਤੇ ’ਤੇ ਵੀ ਚੱਲ ਪੈਂਦੇ ਹਨ। ਉਹ ਅਪਣੀ ਪੂਰੀ ਜਵਾਨੀ ਗ਼ਲਤ ਕੰਮਾਂ ਦੇ ਲੇਖੇ ਲਾ ਦਿੰਦੇ ਹਨ। ਅਜਿਹੇ ਬਦਕਿਸਮਤੀ ਵਾਲੇ ਹਾਲਾਤ ’ਚ ਉਨ੍ਹਾਂ ਦੀ ਮੌਤ ਵੀ ਭਿਆਨਕ ਤੇ ਦਰਦਨਾਕ ਹੀ ਹੁੰਦੀ ਹੈ ਜਿਵੇਂ ਗੈਂਗਸਟਰਵਾਦ ’ਚ ਆਉਣ ਤੋਂ ਬਾਅਦ ਹੁਣ ਨੌਜਵਾਨਾਂ ਦੀ ਹੋ ਰਹੀ ਹੈ। ਇਸ ਦੇ ਨਤੀਜੇ ਬਹੁਤ ਹੀ ਭਿਆਨਕ ਨਿਕਲਦੇ ਹਨ।

ਇਕ ਨੌਜਵਾਨ ਅਪਣੇ ਨਿਡਰ ਵਿਚਾਰਾਂ ਨਾਲ ਕੱੁਝ ਵੀ ਕਰ ਗੁਜ਼ਰਨ ਦੇ ਕਾਬਲ ਹੁੰਦਾ ਹੈ। ਜਿਸ ਸਮੇਂ ਉਸ ਨੂੰ ਕੋਈ ਰਸਤਾ ਨਹੀਂ ਮਿਲਦਾ ਤਾਂ ਉਹ ਜੋਸ਼ ’ਚ ਅਪਣਾ ਹੋਸ਼ ਗੁਆ ਬੈਠਦਾ ਹੈ ਤੇ ਇਸ ਦਾ ਖ਼ਮਿਆਜ਼ਾ ਮਾਪਿਆਂ ਸਣੇ ਸਾਰੇ ਸਮਾਜ ਨੂੰ ਭੁਗਤਣਾ ਪੈਂਦਾ ਹੈ। ਅੱਜ ਇਹ ਜ਼ਿੰਮੇਵਾਰੀ ਸਾਡੇ ਸਮਾਜ ’ਚ ਇਕੱਲੇ ਮਾਪਿਆਂ ਸਿਰ ਹੀ ਆਣ ਪਈ ਹੈ। ਮਾਪੇ ਹੀ ਬੱਚੇ ਨੂੰ ਸਹੀ ਸਮਾਂ ਦੇਖ ਕੇ ਠੀਕ ਤੇ ਗ਼ਲਤ ਵਿਚਲੀ ਰੇਖਾ ਤੋਂ ਜਾਣੂ ਕਰਵਾ ਦੇਣ, ਬੱਚੇ ਦੀ ਯੋਗਤਾ ਦੀ ਸਹੀ ਪਛਾਣ ਕਰ ਕੇ ਉਸ ਨੂੰ ਉਸੇ ਰਸਤੇ ’ਤੇ ਹੀ ਚੱਲਣ ਦੇ ਮੌਕੇ ਦੇਣ ਕਿਉਂਕਿ ਨੌਜਵਾਨ ਹੀ ਦੇਸ਼ ਦਾ ਸੁਨਹਿਰੀ ਭਵਿੱਖ ਹਨ ਤੇ ਉਨ੍ਹਾਂ ਨੇ ਹੀ ਦੇਸ਼ ਨੂੰ ਉਚਾਈਆਂ ’ਤੇ ਲੈ ਕੇ ਜਾਣਾ ਹੁੰਦਾ ਹੈ।

ਅਜੋਕੇ ਹਾਲਾਤ ਇਹ ਹਨ ਕਿ ਬੱਚਿਆਂ ਨੂੰ ਪੜ੍ਹਾਈ-ਲਿਖਾਈ ਵੀ ਮਾਂ-ਬਾਪ ਅਪਣੇ ਬਲਬੂਤੇ ’ਤੇ ਹੀ ਕਰਵਾਉਂਦੇ ਹਨ। ਇਨ੍ਹਾਂ ’ਚ ਸਰਕਾਰਾਂ ਦਾ ਕੋਈ ਖ਼ਾਸ ਯੋਗਦਾਨ ਨਹੀਂ ਰਹਿ ਗਿਆ। ਸਰਕਾਰਾਂ ਬਦਲ ਜਾਂਦੀਆਂ ਹਨ, ਸਮਾਂ ਬਦਲ ਜਾਂਦਾ ਹੈ ਪਰ ਸਾਡੇ ਮਸਲੇ ਅੱਜ ਵੀ ਉੱਥੇ ਹੀ ਖੜੇ ਹਨ। ਜੇ ਰੇਤ ਵਾਂਗ ਵਕਤ ਦੇ ਹੱਥਾਂ ’ਚੋਂ ਫਿਸਲਣ ਤੋਂ ਬਾਅਦ ਸਾਡੇ ਮਸਲੇ ਹੱਲ ਨਾ ਹੋਏ ਤਾਂ ਅਸੀਂ ਖ਼ਾਲੀ ਹੱਥ ਲਟਕਾਉਂਦੇ ਹੀ ਰਹਿ ਜਾਵਾਂਗੇ। ਫਿਰ ਸਾਡੀ ਉਹ ਹਾਲਤ ਹੋਵੇਗੀ ਕਿ ‘ਮਿੱਟੀ ਨਾ ਫਰੋਲ ਜੋਗੀਆ, ਨਹੀਉਂ ਲਭਣੇ ਲਾਲ ਗੁਆਚੇ।’

ਦੁਨੀਆਂ ’ਚ ਸਭ ਤੋਂ ਵੱਧ ਗ਼ੈਰ-ਕਾਨੂੰਨੀ ਔਖੇ ਰਸਤੇ ਅਪਣਾ ਕੇ ਬੇਗਾਨੇ ਮੁਲਕਾਂ ’ਚ ਦਾਖ਼ਲ ਹੁੰਦੇ ਹਨ ਪੰਜਾਬੀ: ਪੰਜਾਬ ਦੇ ਨੌਜਵਾਨਾਂ ਅੰਦਰ ਵਿਦੇਸ਼ ਦੀ ਧਰਤੀ ’ਤੇ ਜਾ ਕੇ ਵਸਣ ਦੀ ਲਾਲਸਾ ਘਟਣ ਦੀ ਬਜਾਏ ਦਿਨੋ-ਦਿਨ ਵਧਦੀ ਹੀ ਜਾ ਰਹੀ ਹੈ। ਭਾਵੇਂ ਸਮੇਂ ਸਮੇਂ ਕਈ ਦੁਖਦਾਈ ਹਾਦਸੇ ਵੀ ਵਾਪਰੇ ਜਿਵੇਂ ਕਿ 25 ਦਸੰਬਰ 1996 ਦਾ ਮਾਲਟਾ ਕਾਂਡ। (ਮਾਲਟਾ ਕਾਂਡ ’ਚ 300 ਗਭਰੂ ਸਮੁੰਦਰ ਦੀ ਭੇਟ ਚੜ੍ਹ ਗਏ ਸਨ। ਇਨ੍ਹਾਂ ’ਚੋਂ 170 ਭਾਰਤੀ ਪੰਜਾਬ ਦੇ ਤੇ 40 ਪਾਕਿਸਤਾਨੀ ਪੰਜਾਬ ਦੇ ਸਨ ਤੇ 90 ਸ੍ਰੀਲੰਕਾ ਵਾਸੀ ਸਨ) 21 ਅਪ੍ਰੈਲ 2002 ਦੇ ਤੁਰਕੀ ਦੁਖਾਂਤ ’ਚ 30 ਪੰਜਾਬੀ ਨੌਜਵਾਨਾਂ ਨੂੰ ਕਿਸ਼ਤੀ ਲੈ ਡੁੱਬੀ ਸੀ।

ਫਿਰ ਵੀ ਗ਼ੈਰ-ਕਾਨੂੰਨੀ ਏਜੰਟਾਂ ਦਾ ਇਹ ਗੋਰਖਧੰਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਿੰਨੇ ਹੀ ਅਜਿਹੇ ਹਾਦਸੇ ਹਰ ਰੋਜ਼ ਵਾਪਰ ਰਹੇ ਹਨ ਜੋ ਸਾਡੇ ਸਾਹਮਣੇ ਨਹੀਂ ਆਉਂਦੇ। ਇਸ ’ਚ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਵੀ ਦੋਸ਼ੀ ਹਨ। ਪੰਜਾਬ ਹੁਣ ਇਸ ਕੰਮ ਦਾ ਹੱਬ ਬਣ ਚੁਕਿਆ ਹੈ। ਵਿਦੇਸ਼ ਜਾ ਕੇ ਉੱਥੋਂ ਡਾਲਰਾਂ-ਪੌਂਡਾਂ ਦੇ ਝੋਲੇ ਭਰਨ ਦਾ ਫੋਕਾ ਸੁਪਨਾ ਸਾਡੇ ਨੌਜਵਾਨ ਅਪਣੇ ਦਿਲਾਂ ’ਚ ਸਮੋਈ ਬੈਠੇ ਹਨ। ਉਹ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਦੀ ਧਰਤੀ ’ਤੇ ਪਹੁੰਚਣ ਦੀਆਂ ਤਰਕੀਬਾਂ ਹਰ ਵਕਤ ਘੜਦੇ ਰਹਿੰਦੇ ਹਨ। ਨਿਤ ਦਿਨ ਖੁੰਬਾਂ ਵਾਂਗ ਉੱਗ ਰਹੇ ਕੱਚ-ਘਰੜ ਖ਼ੁਦਗਰਜ਼ ਟ੍ਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਇਹ ਨੌਜਵਾਨ ਲੱਖਾਂ ਰੁਪਏ ਏਜੰਟਾਂ ਨੂੰ ਦੇ ਕੇ ਕਿਸੇ ਵੀ ਜਾਇਜ਼-ਨਜਾਇਜ਼ ਤਰੀਕੇ ਨੂੰ ਅਪਣਾਉਂਦੇ ਹੋਏ ਵਿਦੇਸ਼ ਜਾਣ ਲਈ ਅਪਣੀ ਜਾਨ ਜੋਖਮ ’ਚ ਪਾਉਣ ਤੋਂ ਨਹੀਂ ਡਰਦੇ।

ਹੁਣ ਤਾਂ ਇਨ੍ਹਾਂ ਨੌਜਵਾਨਾਂ ਵਾਂਗ ਸਾਡੀਆਂ ਪੰਜਾਬੀ ਕੁੜੀਆਂ ਵੀ ਇਹੀ ਰਸਤਾ ਅਪਣਾਉਣ ਤੋਂ ਗੁਰੇਜ਼ ਨਹੀਂ ਕਰਦੀਆਂ। ਹਜ਼ਾਰਾਂ ਗ਼ੈਰ-ਕਾਨੂੰਨੀ ਪ੍ਰਵਾਸੀ ਭਾਰਤੀ ਜਿਨ੍ਹਾਂ ’ਚ ਵੱਡੀ ਗਿਣਤੀ ਪੰਜਾਬੀ ਨੌਜਵਾਨਾਂ ਦੀ ਹੀ ਹੁੰਦੀ ਹੈ, ਯੂਰਪੀਅਨ ਯੂਨੀਅਨ ਦੇ ਦੇਸ਼ਾਂ ਤੋਂ ਗ਼ੈਰ-ਕਾਨੂੰਨੀ ਤਰੀਕੇ ਰਾਹੀਂ ਯੂ.ਕੇ. ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ। ਇੰਗਲੈਡ ਵਲੋਂ ਵੀਜ਼ਾ ਨਿਯਮਾਂ ’ਚ ਸਖ਼ਤੀ ਕੀਤੇ ਜਾਣ ਮਗਰੋਂ ਹੁਣ ਚੋਰ ਮੋਰੀਆਂ ਰਾਹੀਂ ਪਿਛਲੇ ਦਰਵਾਜ਼ਿਉਂ ਯੂ.ਕੇ. ਵਾੜਨ ਦਾ ਰੁਝਾਨ ਬਹੁਤ ਹੀ ਜ਼ੋਰ ਫੜ ਗਿਆ ਹੈ। ਇਸ ਗ਼ੈਰ-ਕਾਨੂੰਨੀ ਤਰੀਕੇ ਨੂੰ ਇਹ ਲੋਕ “ਡੌਂਕੀ” ਕਹਿੰਦੇ ਹਨ।

ਬਾਹਰਲੇ ਦੇਸ਼ਾਂ ’ਚ ਜਾਣ ਦਾ ਕਾਰਨ ਮਾੜੀ ਆਰਥਕ ਹਾਲਤ ਹੈ:
ਪੰਜਾਬ ਦੀ ਮਸ਼ਹੂਰ ਬੋਲੀ, ‘ਭੱਤਾ ਲੈ ਕੇ ਖੇਤ ਨੂੰ ਚੱਲੀ, ਜੱਟੀ ਪੰਦਰਾਂ ਮੁਰੱਬਿਆਂ ਵਾਲੀ’ ਇਸ ਵੇਲੇ ਹਕੀਕਤ ’ਚੋਂ ਅਲੋਪ ਹੋ ਚੁੱਕੀ ਹੈ। ਜੱਟ ਕਿਸਾਨੀ ਦੇ ਅੱਧਪੜ੍ਹੇ ਮੁੰਡੇ ਵੀ ਪੜ੍ਹਾਈ ਦੀ ਆੜ ਹੇਠਾਂ ਵਾਹੋਦਾਹੀ ਆਸਟ੍ਰੇਲੀਆ ਵਲ ਨੂੰ ਭੱਜੇ ਜਾ ਰਹੇ ਹਨ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੀਆਂ ਅਖੌਤੀ ਵਿਦਿਅਕ ਸੰਸਥਾਵਾਂ ਮਣਾਂ-ਮੂੰਹੀਂ ਧਨ ਬਟੋਰ ਰਹੀਆਂ ਹਨ। ਕਥਿਤ ਉਚੇਰੀ ਵਿਦਿਆ ਗ੍ਰਹਿਣ ਕਰਨ ਤੋਂ ਬਾਅਦ ਇਨ੍ਹਾਂ ਪੰਜਾਬੀ ਗਭਰੂਆਂ ਦੇ ਹਸ਼ਰ ਬਾਰੇ ਕਿਸੇ ਨੂੰ ਭੁਲੇਖੇ ਦੀ ਲੋੜ ਨਹੀਂ ਹੋਣੀ ਚਾਹੀਦੀ। ਉਹ ਬੇਗਾਨੀ ਜ਼ਮੀਨ ’ਤੇ ਖੇਤ ਮਜ਼ਦੂਰ ਬਣਨ ਲਈ ਸਰਾਪੇ ਜਾਣਗੇ। ਮਸਲਾ ਬੇਗਾਨੇ ਖੇਤਾਂ ’ਚ ਕੰਮ ਕਰਨ ਦਾ ਨਹੀਂ ਸਗੋਂ ਅਪਣੇ ਹੀ ਖੇਤਾਂ ’ਚ ਕੰਮ ਨਾ ਕਰਨ ਦਾ ਹੈ।

ਪੰਜਾਬੀਆਂ ਵਲੋਂ ਬਾਹਰਲੇ ਮੁਲਕਾਂ ’ਚ ਜਾਣ ਦੇ ਵੱਖ-ਵੱਖ ਸਮੇਂ ’ਤੇ ਵੱਖੋ-ਵਖਰੇ ਕਾਰਨ ਹੋ ਸਕਦੇ ਹਨ ਪਰ 20ਵੀਂ ਸਦੀ ਦੇ ਮੁੱਢ ਤੋਂ ਲੈ ਕੇ ਹੁਣ ਤਕ ਦਾ ਵੱਡਾ ਕਾਰਨ ਮਾੜੀ ਆਰਥਕ ਹਾਲਤ ਰਹੀ ਹੈ। ਹਰੇ ਇਨਕਲਾਬ ਤੋਂ ਬਾਅਦ ਇਕ ਕਾਰਨ ਹੋਰ ਜੁੜ ਗਿਆ ਹੈ ਕਿ ਪੰਜਾਬ ਦੇ ਲੋਕ ਅਪਣਾ ਉਪਰ ਉਠ ਚੁਕਿਆ ਜੀਵਨ ਪਧਰ ਬਰਕਰਾਰ ਨਹੀਂ ਰੱਖ ਪਾ ਰਹੇ। ਖੇਤੀ ਦੇ ਮਸ਼ੀਨੀਕਰਨ ਨੇ ਸਿਰਫ਼ ਕਿਸਾਨਾਂ ਨੂੰ ਹੀ ਨਹੀਂ ਸਗੋਂ ਰਵਾਇਤੀ ਖੇਤ ਮਜ਼ਦੂਰਾਂ ਨੂੰ ਵੀ ਵਿਹਲੇ ਕਰ ਕੇ ਰੱਖ ਦਿਤਾ ਹੈ। ਕੰਮ ਦੀ ਘਾਟ ਨੇ ਖੇਤ ਮਜ਼ਦੂਰਾਂ ਦੀਆਂ ਉਜਰਤਾਂ ਜਾਮ ਕਰ ਦਿਤੀਆਂ ਹਨ।

ਪੁਰਾਣੀਆਂ ਉਜਰਤਾਂ ਉਨ੍ਹਾਂ ਨੂੰ ਵਾਰਾ ਨਹੀਂ ਖਾਂਦੀਆਂ। ਇਸ ਲਈ ਉਨ੍ਹਾਂ ਦੀ ਥਾਂ ਬਿਹਾਰ ਤੋਂ ਆਈ ਸਸਤੀ ਤੇ ਮੁਕਾਬਲਤਨ ਦੱਬੂ ਕਿਰਤ ਸ਼ਕਤੀ ਨੇ ਲੈ ਲਈ ਹੈ। ਇਸ ਸਸਤੀ ਕਿਰਤ ਸ਼ਕਤੀ ਨੇ ਜੱਟ ਕਿਸਾਨੀ ਨੂੰ ਵਿਹਲੇ ਰਹਿਣ ਦੀ ਚਾਟ ਹੀ ਨਹੀਂ ਲਾਈ ਸਗੋਂ ਉਹ ਕਿਰਤ ਨੂੰ ਵੀ ਨਫ਼ਰਤਯੋਗ ਸੰਕਲਪ ਵਜੋਂ ਲੈਣ ਲੱਗੇ ਹਨ। ਪੰਜਾਬ ਦੀ ਕਿਸਾਨੀ ਦੇ ਅਜੋਕੇ ਆਰਥਕ ਨਿਘਾਰ ਲਈ, ਅਨੇਕਾਂ ਹੋਰ ਕਾਰਨਾਂ ਤੋਂ ਬਿਨਾਂ ਕਿਰਤ ਨਾਲੋਂ ਮੋਹ-ਭੰਗ ਹੋ ਜਾਣ ਦੀ ਮਾੜੀ ਬਿਰਤੀ ਵਜੋਂ ਵੀ ਦੇਖਿਆ ਜਾਣਾ ਚਾਹੀਦਾ ਹੈ।

ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ : ਸਮਾਜ ਸੇਵਕ ਡਾ. ਮਨਜੀਤ ਸਿੰਘ ਢਿੱਲੋਂ, ਡਾ. ਪ੍ਰੀਤਮ ਸਿੰਘ ਛੌਕਰ, ਪੱਪੂ ਲਹੌਰੀਆ, ਰਜਿੰਦਰ ਸਿੰਘ ਸਰਾਂ, ਗੁਰਦੀਪ ਸਿੰਘ ਮੈਨੇਜਰ, ਸੁਰਿੰਦਰ ਸਿੰਘ ਸਦਿਉੜਾ, ਡਾ. ਰਵਿੰਦਰਪਾਲ ਕੌਛੜ, ਅਸ਼ੋਕ ਸੇਠੀ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਤੇ ਸੁਰਜੀਤ ਸਿੰਘ ਘੁਲਿਆਣੀ ਆਦਿ ਨੇ ਕਿਹਾ ਹੈ ਕਿ ਵਿਦੇਸ਼ੀ ਧਰਤੀ ’ਤੇ ਮਰ ਰਹੇ ਜਾਂ ਮਾਰੇ ਜਾ ਰਹੇ ਪੰਜਾਬੀ ਮਰਦਾਂ ਤੇ ਔਰਤਾਂ ਦੇ ਬੇਵਕਤ ਵਿਛੋੜੇ ਦਾ ਹਰ ਪੰਜਾਬੀ ਨੂੰ ਮਾਤਮ ਮਨਾਉਣਾ ਚਾਹੀਦਾ ਹੈ। ਕਿਸੇ ਵੀ ਮਨੁੱਖ, ਵਿਸ਼ੇਸ਼ ਕਰ ਕੇ ਕਿਰਤੀ ਮਨੁੱਖ ਦੀ ਅਣਿਆਈ ਮੌਤ, ਸ਼ੋਸ਼ਣ ’ਤੇ ਉਸਰੇ ਪ੍ਰਬੰਧ ਅੱਗੇ ਸਵਾਲੀਆ ਨਿਸ਼ਾਨ ਲਾਉਂਦੀ ਰਹੇਗੀ।

ਵਿਦੇਸ਼ੀ ਸਰਕਾਰਾਂ ਉਪਰ ਦਬਾਅ ਪਾਉਣਾ ਚਾਹੀਦਾ ਹੈ ਕਿ ਮੁਨਾਫ਼ੇ ਦੀ ਹਿਰਸ ’ਚ ਅਪਣੇ ਹੀ ਵਤਨ ਵਾਸੀਆਂ ਦਾ ਸ਼ੋਸ਼ਣ ਕਰਨ ਵਾਲੇ ਠੇਕੇਦਾਰ ਕਿਸਮ ਦੇ ਠੱਗ ਲੋਕਾਂ ਤੇ ਨਸਲੀ ਜਨੂੰਨੀਆਂ ਨੂੰ ਸਜ਼ਾਵਾਂ ਮਿਲਣ। ਇਹ ਵਕਤੀ ਹੱਲ ਹੀ ਹੋਵੇਗਾ, ਦੁਖਾਂਤ ਇਸ ਤੋਂ ਕਿਤੇ ਵੱਡਾ ਹੈ। ਉਹ ਹੈ ਪੰਜਾਬੀਆਂ ਵਲੋਂ ਅਪਣੇ ਹੀ ਦੇਸ਼ ’ਚ ਕਿਰਤ ਤੋਂ ਨਿਰਮੋਹੇ ਹੋਣ ਦਾ ਤੇ ਜਾਤ-ਪਾਤੀ ਦੰਭ ਅਧੀਨ ਕੁੱਝ ਕਿੱਤਿਆਂ ਨੂੰ ਨਫ਼ਰਤ ਕਰਨ ਦਾ। ਇਸ ਲਈ ਜੇਕਰ ਪੰਜਾਬੀਆਂ ਨੂੰ ਬੇਗ਼ਾਨੇ ਖੇਤਾਂ ਜਾਂ ਸੜਕਾਂ-ਟਾਪੂਆਂ ’ਚ ਮਰਨ ਤੋਂ ਬਚਾਉਣਾ ਹੈ ਤਾਂ ਇੱਥੇ ਹੀ ਬਾਇੱਜ਼ਤ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਹੋਣਗੇ। ਸਰੀਰਕ ਅਤੇ ਮਾਨਸਕ ਕਿਰਤ ਅੰਦਰਲੇ ਪਾੜੇ ਨੂੰ ਮੇਟਣ ਦੇ ਯਤਨ ਕਰਨੇ ਪੈਣਗੇ। ਪੰਜਾਬ ਅਤੇ ਬਾਹਰ ਵਸਦੇ ਪੰਜਾਬੀਆਂ ਨੂੰ ਇਕ ਨਵੀਂ ਸਭਿਆਚਾਰਕ ਕ੍ਰਾਂਤੀ ਦੀ ਲੋੜ ਹੈ, ਤਦ ਹੀ ਵਿਦੇਸ਼ਾਂ ਨੂੰ ਭੱਜਣ ਦੀ ਰੁਚੀ ਨੂੰ ਠਲ੍ਹਿਆ ਜਾ ਸਕਦਾ ਹੈ ਅਤੇ ਇੱਥੇ ਹੀ ਕਿਰਤ ਪ੍ਰਤੀ ਸਨੇਹ ਪੈਦਾ ਕੀਤਾ ਜਾ ਸਕਦਾ ਹੈ।

ਮੋਬਾਈਲ : 098728-10153
ਗੁਰਿੰਦਰ ਸਿੰਘ ਕੋਟਕਪੂਰਾ