ਐਸੇ ਲੋਗਨ ਸਿਉ ਕਿਆ ਕਹੀਐ
ਮਹਾਰਾਜਾ ਰਣਜੀਤ ਸਿੰਘ ਦੀ ਸਿਆਣਪ ਤੇ ਫ਼ੌਜੀ ਤਾਕਤ ਕਾਰਨ ਸਿੱਖ ਦੁਨੀਆਂ ਵਿਚ ਸਤਿਕਾਰੇ ਜਾਣ ਲੱਗੇ।
ਮਨੁੱਖ ਜਦੋਂ ਕੋਈ ਕਾਰਜ ਅਰੰਭ ਕਰਦਾ ਹੈ ਤਾਂ ਮੁਸ਼ਕਲਾਂ ਆਉਣੀਆਂ ਤੇ ਕੰਮ ਵਿਚ ਵਿਘਨ ਪੈਣਾ ਸੁਭਾਵਕ ਹੀ ਹੈ। ਜਿਸ ਨੂੰ ਰੁਕਾਵਟ ਮੰਨਿਆ ਜਾਂਦਾ ਹੈ, ਅਸਲ ਵਿਚ ਉਹ ਕਾਰਜ ਵਿਧੀ ਦੀ ਅਣਜਾਣਤਾ ਕਾਰਨ ਹੁੰਦਾ ਹੈ। ਉਸੇ ਤਰ੍ਹਾਂ ਦੇ ਕੰਮ ਬਹੁਤ ਵਾਰੀ ਬਿਨਾਂ ਕਿਸੇ ਰੁਕਾਵਟ ਤੋਂ ਨੇਪਰੇ ਚੜ੍ਹ ਜਾਂਦੇ ਹਨ। ਕੰਮ ਵਿਚ ਰੁਕਾਵਟ ਪੈਣ ਤੇ ਆਮ ਆਦਮੀ ਇਸ ਨੂੰ ਕਿਸਮਤ ਦੀ ਖੇਡ ਮੰਨ ਲੈਂਦੇ ਹਨ। ਬਹੁਤੇ ਲੋਕ ‘ਰੱਬ ਨੂੰ ਇਸੇ ਤਰ੍ਹਾਂ ਮਨਜ਼ੂਰ ਸੀ’ ਕਹਿ ਕੇ ਸੁਰਖਰੂ ਹੋ ਜਾਂਦੇ ਹਨ। ਕੰਮ ਵਿਚ ਵਿਗਾੜ ਪੈਣ ਦੀ ਜਿੰਮੇਵਾਰੀ ਅਪਣੇ ਸਿਰ ਲੈਣ ਨੂੰ ਤਿਆਰ ਨਹੀਂ ਹੁੰਦੇ। ਭਾਵੇਂ ਕਿੰਨਾਂ ਵੱਡਾ ਨੁਕਸਾਨ ਹੋ ਜਾਵੇ, ਭਾਵੇਂ ਕਾਰੋਬਾਰ ਵਿਚ ਘਾਟਾ ਪੈ ਜਾਵੇ, ਐਕਸੀਡੈਂਟ ਹੋ ਜਾਵੇ, ਨੌਕਰੀ ਨਾ ਮਿਲੇ, ਪੜ੍ਹਾਈ ਵਿਚ ਨੰਬਰ ਘੱਟ ਮਿਲਣ, ਇਨ੍ਹਾਂ ਕਮਜੋਰੀਆਂ ਨੂੰ ਮਨੁੱਖ ਅਪਣੇ ਸਿਰ ਨਾਂ ਲੈ ਕੇ ਰੱਬ ਦੇ ਮੱਥੇ ਮੜ੍ਹ ਦਿੰਦਾ ਹੈ। ਜੇ ਕਿਤੇ ਵਿਗਾੜ ਪਿਆ ਹੈ ਤਾਂ ਰੱਬ ਨੇ ਪਾਇਆ ਹੈ, ਮੇਰੀ ਕੋਈ ਗਲਤੀ ਨਹੀਂ। ਅਗਰ ਮਨੁੱਖ ਅਪਣੀ ਗਲਤੀ ਨੂੰ ਖੁੱਲ੍ਹੇ ਮਨ ਨਾਲ ਸਵੀਕਾਰ ਕਰ ਲਵੇ, ਤਾਂ ਅੱਗੋਂ ਲਈ ਸਾਵਧਾਨ ਹੋ ਜਾਵੇਗਾ। ਨੁਕਸਾਨ ਹੋਣ ਦੇ ਕਾਰਨ ਲੱਭੇਗਾ। ਚੇਤੰਨਤਾ ਨਾਲ ਕੰਮ ਕਰਦਿਆਂ ਕੰਮ ਵਿਚ ਰੁਕਾਵਟ ਨਹੀਂ ਪਵੇਗੀ। ਤਜਰਬੇ ਵਿਚ ਹੋਰ ਵਾਧਾ ਹੋਵੇਗਾ ਤੇ ਹਰ ਕੰਮ ਵਿਚ ਸਫਲਤਾ ਮਿਲਦੀ ਜਾਵੇਗੀ।
ਕਦੇ ਦੂਜਾ ਪੱਖ ਅਪਣੀਆਂ ਅੱਖਾਂ ਅੱਗੇ ਲਿਆਉ। ਬਾਬਾ ਨਾਨਕ ਸਾਹਿਬ ਨੇ ਕਿੰਨੀਆਂ ਮੁਸ਼ਕਲਾਂ ਹੇਠ ਕੰਮ ਕੀਤਾ। ਮੁਸਲਮਾਨ ਹਾਕਮ ਧਿਰ, ਜਦੋਂ ਦਿਲ ਚਾਹੇ ਵਿਰੋਧੀ ਨੂੰ ਕਤਲ ਕਰ ਦੇਵੇ, ਕੋਈ ਸੁਣਵਾਈ ਨਹੀਂ। ਬ੍ਰਾਹਮਣ ਦੀ ਪੂਰੀ ਅਜਾਰੇਦਾਰੀ ਹੈ। ਆਮ ਲੋਕੀਂ ਅਨਪੜ੍ਹ, ਬੇਅਕਲ, ਪ੍ਰੰਪਰਾਵਾਂ ਵਿਚ ਜਕੜੇ ਹੋਏ, ਧਾਰਮਕ ਕਰਮਕਾਂਡ ਦੇ ਗ਼ੁਲਾਮ ਤੇ ਰਾਜਨੀਤੀ ਵਿਚ ਗ਼ੁਲਾਮ। ਕਿਸੇ ਹੋਰ ਤਰ੍ਹਾਂ ਦੀ ਜ਼ਿੰਦਗੀ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ ਸੀ। ਮਾਨਸਕ ਵਿਕਾਸ ਦੇ ਸਾਰੇ ਰਾਹ ਬੰਦ ਸਨ। ਫਿਰ ਵੀ ਗੁਰੂ ਸਾਹਿਬ ਨੇ ਕਿਸੇ ਸ਼ੁੱਭ ਮਹੂਰਤ ਦੀ ਉਡੀਕ ਨਾ ਕੀਤੀ। ਹਕੂਮਤ ਤੋਂ ਭੈ-ਭੀਤ ਨਹੀਂ ਹੋਏ। ਪੁਜਾਰੀ ਦੇ ਜਕੜਬੰਦ ਵਿਚ ਨਹੀਂ ਫਸੇ। ਪਸ਼ੂਆਂ ਵਰਗੇ ਲੋਕਾਂ ਨੂੰ ਬੰਦੇ ਬਣਾਉਣ ਦਾ ਟੀਚਾ ਮਿੱਥ ਲਿਆ। ਨਾ ਰੱਬ ਨੂੰ ਦੋਸ਼ ਦਿਤਾ, ਨਾ ਕਿਸਮਤ ਦੇ ਸਿਰ ਭਾਂਡਾ ਭੰਨਿਆ। ਦ੍ਰਿੜ ਵਿਸ਼ਵਾਸ ਨਾਲ ਸਮਾਜ ਕਲਿਆਣ ਦਾ ਕਾਰਜ ਅਰੰਭ ਕਰ ਦਿਤਾ। ਜਿਸ ਢੰਗ ਨਾਲ ਲੋਕਾਂ ਨੂੰ ਕੁੱਝ ਸਮਝ ਆ ਸਕਦੀ ਸੀ, ਉਹ ਸੌਖਾ ਢੰਗ ਵਰਤਿਆ, ਜਿਸ ਸੂਝ ਸਮਝ ਨਾਲ ਧਾਰਮਕ ਪੁਜਾਰੀਆਂ ਨੂੰ ਰਾਹ ਸਿਰ ਲਿਆਂਦਾ ਜਾ ਸਕਦਾ ਸੀ, ਉਹ ਤਰੀਕਾ ਅਪਣਾਇਆ। ਹਕੂਮਤ ਕਰ ਰਹੇ ਰਾਜਿਆਂ ਨਵਾਬਾਂ ਚੌਧਰੀਆਂ ਨੂੰ ਜਿੰਨਾ ਕੁ ਇਨਸਾਫ਼ ਕਰਨ ਲਈ ਮੋੜਿਆ ਜਾ ਸਕਦਾ ਸੀ, ਮੋੜਿਆ। ਭਾਵੇਂ ਮੁਸੀਬਤਾਂ ਆਈਆਂ ਭਾਵੇਂ ਜੰਗ ਲੜਨ ਪਏ, ਭਾਵੇਂ ਸ੍ਰੀਰ ਲੇਖੇ ਲਗਾਉਣੇ ਪਏ। ਅਸੂਲਾਂ ਤੇ ਅਡੋਲ ਰਹਿ ਕੇ ਪਹਿਰਾ ਦਿਤਾ।
ਜਿੰਨੀ ਦੇਰ ਤਕ ਸਿੱਖ ਸਮਾਜ ਸਿਆਣਪ ਨਾਲ ਗੁਰੂ ਦਰਸਾਏ ਮਾਰਗ ਤੇ ਚਲਦਾ ਰਿਹਾ, ਲਗਾਤਾਰ ਅੱਗੇ ਵਧਦਾ ਰਿਹਾ। ਜਦੋਂ ਸਿਆਣਪ ਘਟੀ, ਨਿਵਾਣ ਵਲ ਰਿੜ੍ਹਨਾ ਸ਼ੁਰੂ ਹੋ ਗਿਆ। ਬਾਬਾ ਨਾਨਕ ਸਾਹਿਬ ਨੇ ਕਬੀਰ ਜੁਲਾਹਾ, ਨਾਮਦੇਵ ਛੀਂਬਾ, ਭਗਤ ਰਵਿਦਾਸ ਦਲਿਤ, ਸਧਨਾ ਕਸਾਈ, ਰਾਮਾ ਨੰਦ ਬ੍ਰਾਹਮਣ, ਸੈਣ ਨਾਈ, ਧੰਨਾ ਜੱਟ, ਬਾਬਾ ਜੀ ਖ਼ੁਦ ਖਤਰੀ। ਸਾਰੇ ਪ੍ਰਉਪਕਾਰੀ ਮਹਾਂਪੁੁਰਖਾਂ ਦੀ ਸੰਗਤ ਬਣਾ ਦਿਤੀ। ਗ਼ੁਲਾਮੀ ਦੀਆਂ ਜੰਜੀਰਾਂ ਤੋੜਨ ਵਾਸਤੇ ਆਪਸੀ ਭਾਈਚਾਰਾ, ਇਕ ਤਾਕਤਵਰ ਜਥੇਬੰਦੀ ਜ਼ਰੂਰੀ ਸੀ। ਜਿਨ੍ਹਾਂ ਲੋਕਾਂ ਨੂੰ ਇਹ ਵਿਚਾਰਧਾਰਾ ਸਮਝ ਆਉਂਦੀ ਗਈ, ਉਹ ਇਸ ਦੇ ਸੰਗੀ ਸਾਥੀ ਬਣਦੇ ਗਏ। ਕਾਫ਼ਲਾ ਵੱਡਾ ਹੁੰਦਾ ਗਿਆ। ਛੋਟੇ ਵੱਡੇ ਯੁੱਧ ਵੀ ਲੜੇ, ਮੁਸੀਬਤਾਂ ਝੱਲੀਆਂ ਪਰ ਸਿੱਖਾਂ ਦੀ ਗਿਣਤੀ ਲਗਾਤਾਰ ਵਧਦੀ ਗਈ। ਇਕ ਸਮਾਂ (1799) ਅਜਿਹਾ ਵੀ ਆ ਗਿਆ ਜਦ ਸਿੱਖ ਬਹੁਤ ਵੱਡੇ ਖ਼ਿੱਤੇ ਦੇ ਮਾਲਕ, ਰਾਜੇ ਬਣ ਗਏ। ਮਹਾਰਾਜਾ ਰਣਜੀਤ ਸਿੰਘ ਦੀ ਸਿਆਣਪ ਤੇ ਫ਼ੌਜੀ ਤਾਕਤ ਕਾਰਨ ਸਿੱਖ ਦੁਨੀਆਂ ਵਿਚ ਸਤਿਕਾਰੇ ਜਾਣ ਲੱਗੇ। ਹਿੰਦੂ ਮੁਸਲਮਾਨ ਤੇ ਗੋਰੇ, ਸਿੱਖਾਂ ਦੇ ਵਫ਼ਾਦਾਰ ਨੌਕਰ ਬਣ ਕੇ ਸੇਵਾ ਵਿਚ ਹਾਜ਼ਰ ਹੋ ਗਏ।
ਸੰਨ 1849 ਵਿਚ ਸਿੱਖ ਰਾਜ ਦਾ ਖ਼ਾਤਮਾ ਹੋ ਗਿਆ। ਗੋਰਿਆਂ ਹੱਥੋਂ ਸਿੱਖ ਹਾਰ ਗਏ। ਸਮੇਂ ਦੇ ਬਦਲਣ ਨਾਲ ਸਿੱਖ ਅਪਣੇ ਆਪ ਨੂੰ ਤਿਆਰ ਨਾ ਕਰ ਸਕੇ। ਜੇ ਸਿੱਖਾਂ ਦੇ ਮੁਖੀ ਸਿਆਣੇ ਹੁੰਦੇ ਤਾਂ ਸਿੱਖਾਂ ਲਈ ਵਿਦਿਆ ਦੇ ਅਦਾਰੇ ਸਥਾਪਤ ਕਰਦੇ। ਸਕੂਲ-ਕਾਲਜ ਖੋਲ੍ਹਦੇ। ਜੇ ਸਿੱਖ ਮੁਖੀ ਅਕਲਮੰਦ ਹੁੰਦੇ ਤਾਂ ਸਿੱਖਾਂ ਲਈ ਅਖ਼ਬਾਰ ਚਾਲੂ ਕਰਦੇ। ਜੇ ਸਿੱਖ ਮੁਖੀਆਂ ਨੂੰ ਅਕਲ ਹੁੰਦੀ ਤਾਂ ਉੱਚ ਵਿਦਿਆ ਦੇ ਕੇ ਧਰਮ ਪ੍ਰਚਾਰਕ ਤਿਆਰ ਕਰਦੇ। ਜੇਕਰ ਸਿੱਖ ਲੀਡਰਾਂ ਨੂੰ ਸਮਝ ਹੁੰਦੀ ਤਾਂ ਵਿਦਵਾਨ ਸਿੱਖਾਂ ਦੀ ਕਮੇਟੀ ਤੋਂ ਗੁਰਬਾਣੀ ਦੇ ਮਿਆਰੀ ਅਰਥ ਕਰਵਾਉਂਦੇ। ਜੇਕਰ ਸਿੱਖਾਂ ਦਾ ਦਿਮਾਗ਼ ਕੰਮ ਕਰਦਾ ਹੁੰਦਾ ਤਾਂ ਇਤਿਹਾਸ ਨੂੰ ਸੋਧ ਕੇ ਦੁਬਾਰਾ ਲਿਖਦੇ। ਜੇ ਸਿੱਖ ਆਗੂਆਂ ਨੂੰ ਅਕਲ ਹੁੰਦੀ ਤਾਂ ਦੇਸ਼ ਭਰ ਵਿਚ ਬਿਖਰੇ ਸਹਿਜਧਾਰੀ, ਨਾਨਕ ਪੰਥੀ, ਸਿਕਲੀਗਰ ਤੇ ਵਣਜਾਰੇ ਸਿੱਖਾਂ ਦੀ ਸਾਰ ਲੈਂਦੇ। ਉਨ੍ਹਾਂ ਨੂੰ ਵਿਦਿਆ ਦਿੰਦੇ, ਗੁਰਮਤ ਪੜ੍ਹਾਉਂਦੇ। ਜੇਕਰ ਸਿੱਖ ਲੀਡਰਾਂ ਨੂੰ ਅਕਲ ਹੁੰਦੀ ਤਾਂ ਨੌਜੁਆਨਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਂਦੇ। ਜੇਕਰ ਸਿੱਖਾਂ ਨੂੰ ਸਮਝ ਹੁੰਦੀ ਤਾਂ ਗੁਰਦਵਾਰਿਆਂ ਦੇ ਚੜ੍ਹਾਵੇ ਦਾ ਅਰਬਾਂ ਰੁਪਿਆ ਬੇਸ਼ਰਮੀ ਨਾਲ ਹੜਪ ਨਾ ਕਰਦੇ, ਪਰਉਪਕਾਰ ਦੇ ਕਾਰਜਾਂ ਤੇ ਲਗਾਉਂਦੇ। ਇਸ ਵਿਚ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਸਿੱਖਾਂ ਦੇ ਮੁਖੀ ਖ਼ੁਦਗਰਜ਼ ਹਨ, ਮੂਰਖ ਹਨ।
ਸਿੱਖਾਂ ਦੇ ਲੀਡਰਾਂ ਵਲੋਂ ਤੇ ਪ੍ਰਚਾਰਕਾਂ ਵਲੋਂ ਬਹੁਤ ਸ਼ੋਰ ਪਾਇਆ ਜਾਂਦਾ ਹੈ ਕਿ ਆਰ.ਐਸ.ਐਸ. ਵਾਲੇ ਸਿੱਖੀ ਵਿਚ ਘੁਸਪੈਠ ਕਰ ਰਹੇ ਹਨ। ਸਿੱਖਾਂ ਵਿਚ ਸਾਧਵਾਦ ਤੇ ਬ੍ਰਾਹਮਣੀ ਕਰਮਕਾਂਡ ਦਾਖ਼ਲ ਕਰ ਰਹੇ ਹਨ। ਪਰ ਕਦੇ ਅਕਲ ਦੀ ਵਰਤੋਂ ਕਰ ਕੇ ਸੋਚੋ, ਕੀ ਸਿੱਖ ਏਨੇ ਮੂਰਖ ਬਣ ਗਏ ਹਨ ਕਿ ਜਿਵੇਂ ਕੋਈ ਬੇਗਾਨਾ ਆਖ ਦੇਵੇ ਉਸੇ ਦੇ ਪਿਛਲੱਗ ਬਣ ਜਾਂਦੇ ਹਨ? ਸਿੱਖਾਂ ਦੀ ਅਕਲ ਏਨੀ ਨਿੱਘਰ ਗਈ ਹੈ ਕਿ ਉਨ੍ਹਾਂ ਨੂੰ ਗੁਰਬਾਣੀ ਉਪਦੇਸ਼ਾਂ ਦਾ ਪਤਾ ਹੀ ਨਹੀਂ ਰਿਹਾ? ਉਹ ਗੁਰਬਾਣੀ ਨੂੰ ਛੱਡ ਕੇ ਬ੍ਰਾਹਮਣੀ ਕਰਮਕਾਂਡ ਕਰ ਰਹੇ ਹਨ? ਭਾਜਪਾ ਵਾਲੇ ਸਿੱਖਾਂ ਤੋਂ ਕਰਮਕਾਂਡ ਡੰਡੇ ਦੇ ਜ਼ੋਰ ਨਹੀਂ ਕਰਵਾਉਂਦੇ। ਸਿੱਖ ਅਪਣੀ ਮੂਰਖਤਾ ਕਾਰਨ ਮਰਦੇ ਹਨ।
1. ਮਸਲਾ ਚਲਿਆ ਸੀ ਸਹਿਜਧਾਰੀ ਸਿੱਖਾਂ ਦਾ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਸਹਿਜਧਾਰੀ ਵੋਟ ਦਾ ਹੱਕਦਾਰ ਹੈ ਕਿ ਨਹੀਂ? ਮੇਰੀ ਸੋਚ ਮੁਤਾਬਕ ਜੋ ਇਨਸਾਨ ਗੁਰੂ ਗ੍ਰੰਥ ਸਾਹਿਬ ਨੂੰ ਅਪਣਾ ਧਰਮ ਗੁਰੂ ਮੰਨਦਾ ਹੈ ਉਹ ਸਿੱਖ ਹੈ। ਉਸ ਨੂੰ ਵੋਟ ਪਾਉਣ ਦਾ ਪੂਰਾ ਹੱਕ ਮਿਲਣਾ ਚਾਹੀਦਾ ਹੈ। ਦੂਜਾ ਪੱਖ ਸੋਚੋ! ਕੀ ਅੰਮ੍ਰਿਤਧਾਰੀ ਸਿੱਖ ਸਾਰੇ ਦੁਧ ਧੋਤੇ ਹਨ? ਮੌਜੂਦਾ ਸਮੇਂ ਵਿਚ ਅਕਾਲ ਤਖ਼ਤ ਤੇ ਬਣਿਆ ਅਕਾਲੀ ਦਲ ਖ਼ਤਮ ਹੋ ਚੁਕਿਆ ਹੈ? ਇਸ ਦਾ ਨਾਮ ਪੰਜਾਬੀ ਪਾਰਟੀ ਰੱਖ ਲਿਆ ਹੈ। ਬਹੁਤੇ ਮੈਂਬਰ ਕੇਸਾਂ ਤੋਂ ਸਖਣੇ ਹਨ। ਜਿਨ੍ਹਾਂ ਨੇ ਦਾੜ੍ਹੀ ਕੇਸ ਰੱਖੇ ਹੋਏ ਹਨ, ਉਹ ਵੀ ਅਸੂਲਾਂ ਤੋਂ ਬਹੁਤ ਦੂਰ ਹਨ।
2. ਸਿੱਖ ਰਹਿਤ ਮਰਿਆਦਾ ਵਿਚ ਚਾਰ ਬਜਰ ਕੁਰਹਿਤਾਂ ਲਿਖੀਆਂ ਹਨ- ਕੇਸਾਂ ਦੀ ਬੇਅਦਬੀ, ਤਮਾਕੂ ਦੀ ਵਰਤੋਂ, ਪਰ-ਤਨ-ਗਾਮੀ ਤੇ ਕੁਠਾ ਮਾਸ। 70-80 ਫ਼ੀ ਸਦੀ ਸਿੱਖ ਕੇਸ ਕਟਵਾ ਚੁੱਕੇ ਹਨ। ਤਮਾਕੂ ਭਾਵੇਂ ਸਰਕਾਰ ਵਲੋਂ ਬੰਦ ਹੈ। ਪਰ ਆਮ ਹੀ ਇਸ ਦੀ ਵਰਤੋਂ ਹੋ ਰਹੀ ਹੈ। ਪਰ-ਤਨ-ਗਾਮੀ (ਪਰਾਈ ਔਰਤ ਨਾਲ ਸਬੰਧ) ਨੂੰ ਜੱਗ ਜ਼ਾਹਰ ਕਰਨ ਬਾਰੇ ਕੋਈ ਪੈਮਾਨਾ ਜਾਂ ਯੰਤਰ ਨਹੀਂ ਹੈ। ਹਲਾਲ ਕੀਤਾ ਮਾਸ ਪੰਜਾਬ ਵਿਚ ਅਜਕਲ ਕਿਧਰੇ ਨਹੀਂ ਮਿਲਦਾ। ਫਿਰ ਇਨ੍ਹਾਂ ਕੁਰਹਿਤਾਂ ਦੀ ਕੀ ਵੁੱਕਤ ਰਹਿ ਗਈ? ਬਾਕੀ ਹੋਰ ਬਹੁਤ ਸਾਰੇ ਨਸ਼ੇ ਹਨ, ਰਿਸ਼ਵਤ ਖੋਰੀ ਹੈ। ਦਾਜ ਦੀ ਲਾਹਨਤ ਹੈ, ਜਾਤ ਪਾਤ ਭਾਰੂ ਹੈ। ਭਾਈ ਭਤੀਜਾਵਾਦ ਹੈ। ਗੁਰੂ ਕੀ ਗੋਲਕ ਨੂੰ ਬੇਰਹਿਮੀ ਨਾਲ ਲੁੱਟਿਆ ਜਾ ਰਿਹਾ ਹੈ। ਗੁਰੂ ਦੀ ਬ੍ਰਾਬਰੀ ਕਰਨ ਵਾਲੇ ਸਾਧ ਹਨ। ਤਖ਼ਤਾਂ ਦੇ ਜਥੇਦਾਰ ਭ੍ਰਿਸ਼ਟ ਹੋ ਚੁੱਕੇ ਹਨ। ਇਨ੍ਹਾਂ ਹੱਦ ਦਰਜੇ ਦੇ ਨਿੱਘਰੇ ਹੋਏ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਪਰ ਸਹਿਜਧਾਰੀ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੈ। ਅਜਿਹਾ ਕਿਉਂ ਹੈ?
3. ਸਿੱਖ ਮੁਖੀਆਂ ਦੀਆਂ ਮੂਰਖਤਾਵਾਂ ਕਾਰਨ ਨਿਰੰਕਾਰੀਆਂ ਨੂੰ ਸਿੱਖਾਂ ਨਾਲੋਂ ਤੋੜ ਦਿਤਾ ਗਿਆ ਹੈ। ਜੇ ਸਹੀ ਤਰੀਕੇ ਨਾਲ ਗੁਰਮਤ ਦਾ ਪ੍ਰਚਾਰ ਕੀਤਾ ਹੁੰਦਾ ਤਾਂ ਨਿਰੰਕਾਰੀਆਂ ਵਲ ਲੋਕ ਜਾਂਦੇ ਹੀ ਕਿਉਂ? ਇਸ ਖ਼ੂਨੀ ਟਕਰਾਉ ਵਿਚ ਕਈ ਮਨੁੱਖੀ ਜਾਨਾਂ ਗਈਆਂ। ਬਹੁਤ ਸਾਰੇ ਇਨਸਾਨ ਜ਼ਖ਼ਮੀ ਹੋਏ ਪਰ ਕਿਉਂ?
4. ਸਿਰਸੇ ਵਾਲਾ ਡੇਰਾ (ਸੱਚਾ ਸੌਦਾ) ਹਰਿਆਣੇ ਨੂੰ ਅਪਣੀ ਜਕੜ ਵਿਚ ਲੈ ਗਿਆ। ਅੱਧਾ ਪੰਜਾਬ ਉਸ ਦਾ ਸੇਵਕ ਬਣ ਗਿਆ। ਸਿੱਖਾਂ ਦੇ ਮੁਖੀ, ਅਕਾਲੀ ਦਲ ਵਾਲੇ ਉਸ ਦੇ ਡੇਰੇ ਵਿਚ ਮੱਥੇ ਟੇਕਦੇ ਰਹੇ। ਸੋਹਣੀ ਦਸਤਾਰ, ਗਾਤਰੇ ਕ੍ਰਿਪਾਨ, ਬੀਬੀ, ਦਾੜ੍ਹੀ ਸਾਧ ਦੇ ਪੈਰਾਂ ਵਿਚ ਰੁਲਦੀ ਰਹੀ। ਸਾਧ ਵਿਰੁਧ ਜੋ ਕੇਸ ਦਰਜ ਹੋਏ ਸਨ, ਬਠਿੰਡੇ ਦੀ ਅਦਾਲਤ ਵਿਚੋਂ ਉਹ ਬਾਦਲ ਸਰਕਰ ਨੇ ਵਾਪਸ ਲੈ ਲਏ। ਜੋ ਬਾਈਕਾਟ ਦੇ ਹੁਕਮਨਾਮੇ (ਸਿੱਖਾਂ ਦੇ ਰੋਹ ਕਾਰਨ) ਜਥੇਦਾਰਾਂ ਨੇ ਜਾਰੀ ਕੀਤੇ ਸਨ, ਉਨ੍ਹਾਂ ਨੂੰ ਸਹੀ ਸਿੱਧ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਨੇ ਚੜ੍ਹਾਵੇ ਦਾ 92 ਲੱਖ ਰੁਪਿਆ ਇਸ਼ਤਿਹਾਰਾਂ ਤੇ ਉਡਾ ਦਿਤਾ। ਫਿਰ ਜਥੇਦਾਰਾਂ ਨੂੰ ਥੁੱਕ ਕੇ ਚੱਟਣਾ ਪਿਆ। ਗੁਰਬਚਨ ਸਿੰਘ ਤੇ ਗੁਰਮੁਖ ਸਿੰਘ ਜਥੇਦਾਰਾਂ ਨੂੰ ਗੱਦੀ ਗਵਾਉਣੀ ਪਈ। ਸਿੱਖ ਮੁਖੀਆਂ ਨੂੰ ਫਿਰ ਵੀ ਕੋਈ ਸ਼ਰਮ ਨਾ ਆਈ। ਇਹ ਡੇਰਾ ਏਨਾ ਫੈਲਿਆ ਕਿਵੇਂ ਹੈ?
5. ਅਸੂਤੋਸ਼ ਨਾਮ ਦੇ ਸਾਧ ਨੇ ਨਕੋਦਰ ਵਿਚ ਅਲੀਸ਼ਾਨ ਡੇਰਾ ਬਣਾ ਲਿਆ। ਪੰਜਾਬ ਵਿਚ ਉਸ ਦੇ ਚੇਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ। ਪ੍ਰਕਾਸ਼ ਸਿੰਘ ਬਾਦਲ ਤੇ ਉਸ ਦੀ ਪਤਨੀ ਸੁਰਿੰਦਰ ਕੌਰ ਅਸੂਤੋਸ਼ ਸਾਧ ਦੇ ਡੇਰੇ ਤੇ ਜਾ ਕੇ ਨਮਸਕਾਰਾਂ ਕਰਦੇ ਰਹੇ ਵੋਟਾਂ ਬਟੋਰਦੇ ਰਹੇ। ਅਰਬਾਂ-ਖਰਬਾਂ ਦੀ ਜਾਇਦਾਦ ਵਾਲਾ ਇਹ ਡੇਰਾ ਕਿਵੇਂ ਬਣ ਗਿਆ? ਸਿੱਖਾਂ ਦਾ ਕੋਈ ਲੀਡਰ ਕਦੇ ਅਪਣੇ ਸਿਰ (ਸਮਝ) ਤੋਂ ਕੰਮ ਲਵੇਗਾ?
(ਪ੍ਰੋ. ਇੰਦਰ ਸਿੰਘ ਘੱਗਾ)
ਸੰਪਰਕ : 98551-51699