ਰਾਗਮਾਲਾ 2 ਦੀ ਪੜਚੋਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਵਿਦਵਾਨਾਂ ਅਨੁਸਾਰ ਜਦੋਂ ਬੀੜਾਂ ਦੇ ਉਤਾਰੇ ਹੁੰਦੇ ਸਨ ਤਾਂ ਕਈ ਲਿਖਾਰੀਆਂ ਨੇ ਅਪਣੇ ਵਲੋਂ ਵਾਧੂ ਰਚਨਾਵਾਂ ਵੀ ਦਰਜ ਕਰ ਦਿਤੀਆਂ

Ragmala

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਜਦੋਂ ਬੀੜਾਂ ਦੇ ਉਤਾਰੇ ਹੁੰਦੇ ਸਨ ਤਾਂ ਕਈ ਲੇਖਕ ਤੇ ਪ੍ਰੇਮੀ ਜਨ ਬਾਣੀ ਦੀ ਸ਼ੁੱਧਤਾ ਵਲ ਘੱਟ ਪਰ ਸੁੰਦਰ ਲਿਖਾਈ ਤੇ ਵੇਲ ਬੂਟਿਆਂ ਵਲ ਵੱਧ ਧਿਆਨ ਦੇਂਦੇ ਸਨ। ਕੁੱਝ ਹੋਰ ਬੀੜਾਂ ਜਿਨ੍ਹਾਂ ਦੀ ਸਮਾਪਤੀ ਮੁੰਦਾਵਣੀ ਉਤੇ ਹੁੰਦੀ ਹੈ, ਉਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ :- 
1. ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਵਾਲੀ ਬੀੜ ਭੋਗ ਮੁੰਦਾਵਣੀ ਉਤੇ ਹੈ। (ਪੁਸਤਕ ਮੁੰਦਾਵਣੀ) ਪੰਨਾ 17
2. ਆਦਿ ਬੀੜ ਨਾਲ ਅੱਖਰ-ਅੱਖਰ ਤੇ ਲਗ, ਮਾਤ੍ਰ ਕੰਨਾ ਮਿਲਾ ਕੇ ਸੋਧੀ ਹੋਈ ਬੀੜ ਦਾ ਤਤਕਰਾ ਜਿਸ ਦਾ ਭੋਗ ਮੁੰਦਾਵਣੀ ’ਤੇ ਹੈ।
3. ਬਾਬਾ ਆਲਾ ਸਿੰਘ ਜੀ ਦੇ ਬੁਰਜ ਵਾਲੀ ਬੀੜ ਜਿਸ ਦਾ ਭੋਗ ਮੁੰਦਾਵਣੀ ’ਤੇ ਹੈ। ਇਸ ਬੀੜ ਵਿੱਚ ਅੱਠਵੇਂ ਪਾਤਸ਼ਾਹ ਤਕ ਜੋਤੀ ਜੋਤ ਸਮਾਉਣ ਦੀਆਂ ਸੂਚਨਾਵਾਂ ਲਿਖੀਆਂ ਹੋਈਆਂ ਹਨ।

4. ਸੰਨ 1799 ਵਿਚ ਕਰਤਾਰਪੁਰ ਲਿਖੀ ਬੀੜ ਦਾ ਤਤਕਰਾ ਮੁੰਦਾਵਣੀ ਤੇ ਸਮਾਪਤ ਹੁੰਦਾ ਹੈ। (ਪੁਸਤਕ ਮੁੰਦਾਵਣੀ) ਪੰਨਾ 20
5. ਪਟਿਆਲੇ ਵਾਲੀ ਬੀੜ ਜੋ ਭਾਈ ਦੁਰਗਾ ਸਿੰਘ ਦੇ ਘਰ ਮੌਜੂਦ ਹੈ, ਜਿਸ ਦੇ ਤਤਕਰੇ ਵਿਚ ਮੁੰਦਾਵਣੀ ਤੇ ਸਮਾਪਤੀ ਹੈ।
6. ਪਟਨਾ ਸਾਹਿਬ ਵਾਲੀ ਬੀੜ ਦੀ ਸਮਾਪਤੀ ਮੁੰਦਾਵਣੀ ’ਤੇ ਹੋਈ ਹੈ। 7. ਦਮਦਮਾ ਸਾਹਿਬ ਵਾਲੀ ਬੀੜ ਦਾ ਤਤਕਰਾ ਵੀ ਮੁੰਦਾਵਣੀ ’ਤੇ ਸਮਾਪਤ ਹੁੰਦਾ ਹੈ। ਇਸ ਤਰ੍ਹਾਂ ਉਨ੍ਹਾਂ ਨੇ ਹੋਰ ਵੀ ਬਹੁਤ ਸਾਰੀਆਂ ਬੀੜਾਂ ਦੇ ਚਿਤ੍ਰ ਦਿਤੇ ਹੋਏ ਹਨ ਜਿਨ੍ਹਾਂ ਦੀ ਸਮਾਪਤੀ ਮੁੰਦਾਵਣੀ ’ਤੇ ਹੁੰਦੀ ਹੈ। ਗਿਆਨੀ ਗੁਰਦਿੱਤ ਸਿੰਘ ਨੇ ਬੜੇ ਸਿਰੜ ਨਾਲ ਮਿਹਨਤ ਕਰ ਕੇ ਉਨ੍ਹਾਂ ਬੀੜਾਂ ਦੀ ਖੋਜ ਕੀਤੀ ਹੈ ਜਿਨ੍ਹਾਂ ਦੀ ਸਮਾਪਤੀ ਮੁੰਦਾਵਣੀ ’ਤੇ ਹੁੰਦੀ ਹੈ।

ਇਸੇ ਤਰ੍ਹਾਂ ਭਾਈ ਤਾਰਾ ਸਿੰਘ ਨਰੋਤਮ, ਭਾਈ ਸੰਤੋਖ ਸਿੰਘ, ਪੰਡਤ ਕਰਤਾਰ ਸਿੰਘ ਦਾਖਾ, ਗਿਆਨੀ ਗਿਆਨ ਸਿੰਘ, ਪ੍ਰੋ. ਗੁਰਮੁਖ ਸਿੰਘ, ਸਾਧੂ ਗੋਬਿੰਦ ਸਿੰਘ ਨਿਰਮਲਾ, ਕਨਿੰਘਮ, ਮੈਕਾਲਫ਼, ਭਾਈ ਕਾਨ੍ਹ ਸਿੰਘ ਨਾਭਾ, ਭਾਈ ਰਣਧੀਰ ਸਿੰਘ, ਮਾ. ਮੋਤਾ ਸਿੰਘ, ਮਾ. ਤਾਰਾ ਸਿੰਘ, ਗਿਆਨੀ ਨਾਹਰ ਸਿੰਘ, ਪ੍ਰਿੰਸੀਪਲ ਧਰਮਅੰਨਤ ਸਿੰਘ, ਜੇ ਬੀ ਸਿੰਘ, ਡਾ. ਗੰਡਾ ਸਿੰਘ, ਪ੍ਰੋ. ਸਾਹਿਬ ਸਿੰਘ, ਪ੍ਰਿੰ. ਤੇਜਾ ਸਿੰਘ, ਗਿਆਨੀ ਸ਼ੇਰ ਸਿੰਘ, ਬਾਬੂ ਤੇਜਾ ਸਿੰਘ, ਬਾਵਾ ਹਰਕ੍ਰਿਸ਼ਨ ਸਿੰਘ, ਗਿ. ਬਾਦਲ ਸਿੰਘ, ਸ੍ਰ. ਸ਼ਮਸ਼ੇਰ ਸਿੰਘ ਅਸ਼ੋਕ,  ਸ੍ਰ. ਰਣਧੀਰ ਸਿੰਘ ਰੀਸਰਚ ਸਕਾਲਰ, ਪ੍ਰੋ. ਗੁਰਬਚਨ ਸਿੰਘ ਤਾਲਬ, ਪ੍ਰਿੰ. ਗੁਰਮੁਖ ਸਿੰਘ ਨਿਹਾਲ, ਗਿ. ਹੀਰਾ ਸਿੰਘ ਦਰਦ, ਪ੍ਰਿ. ਨਿਰੰਜਣ ਸਿੰਘ, ਗਿਆਨੀ ਬਖ਼ਸ਼ੀਸ਼ ਸਿੰਘ ਚੰਡੀਗੜ੍ਹ ਵਾਲੇ, ਗਿਆਨੀ ਲਾਲ ਸਿੰਘ ਸੰਗਰੂਰ, ਸ੍ਰ. ਅਰਦੁਮਣ ਸਿੰਘ ਬਾਗੜੀਆਂ, ਪ੍ਰਿੰ. ਹਰਭਜਨ ਸਿੰਘ ਚੰਡੀਗੜ੍ਹ, ਮਹਿੰਦਰ ਸਿੰਘ ਜੋਸ਼, ਪ੍ਰਿੰ. ਕੰਵਰ ਮਹਿੰਦਰ ਪ੍ਰਤਾਪ ਸਿੰਘ, ਪ੍ਰਿੰ. ਸੁਰਜੀਤ ਸਿੰਘ ਦਿੱਲੀ ਆਦਿ ਵਿਦਵਾਨਾਂ ਨੇ ਡੂੰਘੀ ਖੋਜ ਨਾਲ ਸਿੱਧ ਕੀਤਾ ਹੈ ਕਿ ਰਾਗ ਮਾਲਾ ਰੰਚਕ ਮਾਤਰ ਵੀ ਗੁਰਬਾਣੀ ਦਾ ਹਿੱਸਾ ਨਹੀਂ ਹੈ। 

ਵਿਦਵਾਨਾਂ ਅਨੁਸਾਰ ਜਦੋਂ ਬੀੜਾਂ ਦੇ ਉਤਾਰੇ ਹੁੰਦੇ ਸਨ ਤਾਂ ਕਈ ਲਿਖਾਰੀਆਂ ਨੇ ਅਪਣੇ ਵਲੋਂ ਵਾਧੂ ਰਚਨਾਵਾਂ ਵੀ ਦਰਜ ਕਰ ਦਿਤੀਆਂ। ਵਰਤਮਾਨ ਸਮੇਂ ਵਿਚ ਵੀ ਕਈ ਡੇਰੇਦਾਰ ਅਪਣੇ ਵਲੋਂ ਛਪਾਏ ਗੁਟਕਿਆਂ ਵਿਚ ਵਾਧਾ ਘਾਟਾ ਜਾਂ ਅਪਣੀ ਮਰਿਯਾਦਾ ਵਾਲੇ ਗੁਟਕੇ ਤਿਆਰ ਕਰੀ ਜਾ ਰਹੇ ਹਨ। ਪ੍ਰੋਫ਼ੈਸਰ ਪਿਆਰਾ ਸਿੰਘ ‘ਪਦਮ’ ਲਿਖਦੇ ਹਨ ਕਿ ਹੋ ਸਕਦਾ ਹੈ ਕਿਸੇ ਰਾਗ ਦੇ ਸ਼ੌਕੀਨ ਨੇ ਇਸ ਨੂੰ ‘ਰਾਗਮਾਲਾ’ ਦਾ ਸਿਰਲੇਖ ਦੇ ਕੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਦਿਤਾ ਹੋਵੇ। ਅੱਗੇ ਲਿਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੰਮਤ 1661 ਵਿਚ ਤਿਆਰ ਹੋਈ ਹੈ ਜਦ ਕਿ ਆਲਮ ਕਵੀ ਦੀ ਰਚਨਾ 1640 ਸੰਮਤ ਦੀ ਹੈ ਜਦ ਕਿ ਹਿਜਰੀ ਸੰਮਤ 991 ਬਣਦਾ ਹੈ।

ਸੰਨ ਨਉ ਸੈ ਇਕਾਨਵਾ ਆਹੀ। ਕਰਹੁ ਕਥਾ ਅਬ ਬਲਹੁ ਆਹੀ।
ਰਾਗਮਾਲਾ ਮੰਨਣ ਵਾਲਿਆਂ ਦਾ ਕਹਿਣਾ ਹੈ ਕਿ ਰਾਗਮਾਲਾ ਆਲਮ ਕਵੀ ਚੁਰਾ ਕੇ ਲੈ ਕੇ ਗਿਆ, ਇਹ ਬਿਲਕੁਲ ਅਨਿਆਂ ਹੈ। ਪ੍ਰੋ. ਪਿਆਰਾ ਸਿੰਘ ‘ਪਦਮ’ ਸਾਹਿਤਕ ਨੁਕਤਾ ਨਿਗਾਹ ਨਾਲ ਲਿਖਦਿਆਂ ਇਕ ਗੱਲ ਸਪੱਸ਼ਟ ਕਰਦੇ ਹਨ ਕਿ ਦੁਨਿਆਵੀਂ ਆਸ਼ਕਾਂ ਜਿਵੇਂ ਸੋਹਣੀ ਮਹੀਵਾਲ, ਸੱਸੀ ਪੰਨੂ, ਹੀਰ ਰਾਂਝਾ ਆਦਿ ਕਿੱਸੇ ਲਿਖਣੇ ਕਵੀਆਂ ਦਾ ਮਨ ਭਾਉਂਦਾ ਵਿਸ਼ਾ ਰਿਹਾ ਹੈ ਜਿਸ ਤਰ੍ਹਾਂ ਦਮੋਦਰ ਨੇ ਹੀਰ ਰਾਂਝੇ ਦਾ ਕਿੱਸਾ ਲਿਖਿਆ ਹੈ ਤੇ ਕਾਮਕੰਦਲਾ ’ਤੇ ਵੀ ਅਪਣੀ ਕਲਮ ਘਸਾਈ ਹੈ। ਪ੍ਰੋ. ਪਿਆਰਾ ਸਿੰਘ ‘ਪਦਮ’ ਇਕ ਬੜਾ ਪਿਆਰਾ ਤਰਕ ਦਿੰਦੇ ਹਨ ਕਿ ਭਾਈ ਬੰਨੋ ਵਾਲੀ ਬੀੜ ਵਿਚ ਵਾਧੂ ਰਚਨਾਵਾਂ ਚੜ੍ਹੀਆਂ ਹਨ ਪਰ ਰਾਗ ਮਾਲਾ ਸੱਭ ਤੋਂ ਮਗਰੋਂ ਚੜ੍ਹੀ ਹੋਈ ਹੈ। ਇਸ ਲਈ ਜੇ ਰਾਗ ਮਾਲਾ ਗੁਰੂ ਅਰਜਨ ਪਾਤਸ਼ਾਹ ਨੇ ਆਦਿ ਬੀੜ ਵਿਚ ਚੜ੍ਹਾਈ ਹੁੰਦੀ ਤਾਂ ਇਹ ਪਹਿਲਾਂ ਚੜ੍ਹੀ ਹੋਣੀ ਚਾਹੀਦੀ ਸੀ।

ਹੋ ਸਕਦਾ ਹੈ ਭਾਈ ਬੰਨੋ ਨੇ ਹੀ ਕਿਸੇ ਕੋਲੋਂ ਸੁਣ ਕੇ ਰਾਗ ਮਾਲਾ ਅੰਕਤ ਕਰ ਦਿਤੀ ਹੋਵੇ। ਕਈ ਬੀੜਾਂ ਵਿਚ ਸਿਆਹੀ ਦੀ ਵਿਧੀ ਲਿਖਣ ਉਪਰੰਤ ਰਾਗ ਮਾਲਾ ਘਸੋੜੀ ਹੋਈ ਮਿਲਦੀ ਹੈ-- ਇਹ ਪ੍ਰੋਫ਼ੈਸਰ ਸਾਹਿਬ ਸਿੰਘ ਦਾ ਮੰਨਣਾ ਹੈ। ‘ਰਾਗ ਮਾਲਾ ਨਿਰਣਯ’ ਲੇਖ ਵਿਚ ਅੱਗੇ ਲਿਖਦੇ ਹਨ ਕਿ ਭਾਈ ਵੀਰ ਸਿੰਘ ਅਪਣੇ ਦਿਵਯ ਗਿਆਨ ਦੁਆਰਾ ਤਰਕ ਦਿੰਦੇ ਹਨ ਕਿ ਗੁਰੂ ਅਮਰਦਾਸ ਜੀ ਨੇ ‘ਅਨੰਦ’ ਬਾਣੀ ਵਿਚ ਰਾਗਾਂ ਸਬੰਧੀ ਇਸ਼ਾਰਾ ਕੀਤਾ ਹੈ-“ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ” ਪ੍ਰੋ. ‘ਪਦਮ’ ਅੱਗੇ ਲਿਖਦੇ ਹਨ ਅਗਰ ਭਾਈ ਵੀਰ ਸਿੰਘ ਦੀ ਬਜ਼ੁਰਗੀ ਕਰ ਕੇ ਗੱਲ ਮੰਨ ਵੀ ਲਈ ਜਾਵੇ ਤਾਂ ਵੈ, ਉਨ, ਆਦਿਕ ਪੜ੍ਹਨਾਂਵ ‘ਰਾਗ ਰਤਨ ਪਰੀਆਂ ਦੀ ਥਾਂ ਆਏ ਹਨ। ਫਿਰ ਸਵਾਲ ਉੱਠਦਾ ਹੈ ਪ੍ਰਥਮ ਰਾਗ ਭੈਰਉ ਵੈ ਕਰਹੀ’ ਦਾ ਅਰਥ ਕੀ ਬਣੇਗਾ? ਵੈ ਉਨ ਰਾਗਾਂ ਨੂੰ ਪਹਿਲੋਂ ਭੈਰਉ ਨੂੰ ਗਾਇਆ? ਇਸ ਗੁੰਝਲ ਦਾ ਹੱਲ ਭਾਈ ਵੀਰ ਸਿੰਘ ਜੀ ਹੀ ਜਾਣ ਸਕਦੇ ਹਨ।                   
(ਬਾਕੀ ਅਗਲੇ ਹਫ਼ਤੇ)
                                    ਪ੍ਰਿੰ. ਗੁਰਬਚਨ ਸਿੰਘ ਪੰਨਵਾ,ਸੰਪਰਕ : 99155-29725