ਕਿਸਾਨੀ ਦੇ ਮੁੱਦੇ ਉਤੇ ਰੋਟੀਆਂ ਸੇਕਣ ਵਾਲਿਉ ਗ਼ਰੀਬ ਕਿਸਾਨ ਦੀ ਬਾਂਹ ਫੜੋ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਿਸਾਨ ਦਾ ਕਰਜ਼ਾ ਘੋੜੇ ਦੀ ਚਾਲ ਚਲਦਾ ਹੈ ਅਤੇ ਜਿਨਸਾਂ ਦੇ ਭਾਅ ਕੀੜੀ ਦੀ ਚਾਲ ਚਲਦੇ ਹਨ

Farmers

ਉਂਜ ਤਾਂ ਚੋਣਾਂ ਵੇਲੇ ਵੱਖ ਵੱਖ ਪਾਰਟੀਆਂ ਕਿਸਾਨੀ ਦਾ ਮੁੱਦਾ ਲੈ ਕੇ ਬੈਠ ਜਾਂਦੀਆਂ ਹਨ, ਪਰ ਚੋਣਾਂ ਜਿੱਤਣ ਤੋਂ ਬਾਅਦ ਪਰਨਾਲਾ ਉਥੇ ਦਾ ਉਥੇ ਹੀ ਰਹਿ ਜਾਂਦਾ ਹੈ। ਕਿਸਾਨ ਦਾ ਕਰਜ਼ਾ ਘੋੜੇ ਦੀ ਚਾਲ ਚਲਦਾ ਹੈ ਅਤੇ ਜਿਨਸਾਂ ਦੇ ਭਾਅ ਕੀੜੀ ਦੀ ਚਾਲ ਚਲਦੇ ਹਨ। ਦੱਸੋ ਕਿਸਾਨਾਂ ਵਿਚ ਖ਼ੁਸ਼ਹਾਲੀ ਕਿਵੇਂ ਆਵੇਗੀ? ਕਿਸਾਨਾਂ ਦੀ ਆਰਥਕ ਹਾਲਤ ਸੁਧਾਰਨ ਦੇ ਦੋ ਹੀ ਤਰੀਕੇ ਹਨ। ਪਹਿਲਾ ਇਹ ਹੈ ਕਿ ਉਸ ਦੇ ਸਾਰੇ ਕਰਜ਼ੇ ਉਤੇ ਲੀਕ ਮਾਰੀ ਜਾਵੇ, ਦੂਜਾ ਇਹ ਹੈ ਕਿ ਉਸ ਦੀਆਂ ਫ਼ਸਲਾਂ ਦੇ ਭਾਅ ਨੂੰ ਸਵਾਮੀਨਾਥਨ ਕਮਿਸ਼ਨ ਦੀਆਂ ਰੀਪੋਰਟਾਂ ਨਾਲ ਜੋੜਿਆ ਜਾਵੇ। ਖੇਤੀ ਮਾਹਰਾਂ ਅਤੇ ਸਰਕਾਰਾਂ ਨੇ ਕਿਸਾਨ ਨੂੰ ਖ਼ੁਸ਼ਹਾਲੀ ਵਲ ਲਿਆਉਣ ਲਈ ਕੋਈ ਬਦਲਵਾਂ ਰੂਪ ਵੀ ਨਹੀਂ ਦਿਤਾ ਜਿਸ ਨਾਲ ਕਿ ਕਿਸਾਨਾਂ ਦੀ ਹਾਲਤ ਸੁਧਰ ਜਾਂਦੀ।ਸਰਕਾਰ ਨੂੰ ਕਿਸਾਨ ਸਹਿਕਾਰੀ ਸਭਾਵਾਂ ਨਾਲ ਜੋੜਨੇ ਚਾਹੀਦੇ ਹਨ। ਇਹ ਤਾਂ ਹੀ ਜੁੜਨਗੇ ਜੇ ਉਥੇ ਟਰੈਕਟਰ ਅਤੇ ਹੋਰ ਖੇਤੀਬਾੜੀ ਵਾਲੇ ਸੰਦ ਆਮ ਹੋਣਗੇ। ਸਹਿਕਾਰੀ ਸਭਾਵਾਂ ਵਿਚ ਮਹਿੰਗੀਆਂ ਮਸ਼ੀਨਾਂ ਅਤੇ ਰੋਟਾਵੇਟਰ ਥੋੜ੍ਹੇ ਹਨ, ਜੋ ਸਾਰੇ ਪਿੰਡ ਦੀ ਮੰਗ ਪੂਰੀ ਨਹੀਂ ਕਰ ਸਕਦੇ। ਕੁੱਝ ਰੋਟਾਵੇਟਰ ਤਾਂ ਉਨ੍ਹਾਂ ਨੇ ਅਪਣੇ ਟਰੈਕਟਰਾਂ ਮਗਰ ਵੀ ਪਾਏ ਹੋਏ ਹਨ। ਬਾਕੀ ਹੋਰ ਨਵੇਂ ਸੰਦਾਂ ਦੀ ਸਹਿਕਾਰੀ ਸਭਾਵਾਂ ਨੂੰ ਲੋੜ ਹੈ, ਉਹ ਸਰਕਾਰ ਨੇ ਉਨ੍ਹਾਂ ਨੂੰ ਦਿਤੇ ਨਹੀਂ। ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਉਹ ਛੋਟੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਲਈ ਯਤਨਸ਼ੀਲ ਹੈ, ਉਸ ਤਰ੍ਹਾਂ ਹੀ ਸਹਿਕਾਰੀ ਸਭਾ ਦੇ ਸੰਦ ਵੀ ਦੋ ਤਿੰਨ ਏਕੜ ਵਾਲੇ ਕਿਸਾਨਾਂ ਨੂੰ ਮੁਫ਼ਤ ਦੇਣੇ ਚਾਹੀਦੇ ਹਨ। ਜੇਕਰ ਮੁਫ਼ਤ ਵੀ ਨਹੀਂ ਤਾਂ ਘੱਟੋ-ਘੱਟ ਲਿਮਟ ਦੇ ਪੈਸਿਆਂ ਜਾਂ ਖਾਦ ਦੇ ਪੈਸਿਆਂ ਨਾਲ ਆਈ ਫ਼ਸਲ ਤੋਂ ਲੈਣੇ ਚਾਹੀਦੇ ਹਨ। ਇਸ ਨਾਲ ਕਿਸਾਨ ਕਾਮਯਾਬ ਹੋਣਗੇ ਕਿਉਂਕਿ ਹੁਣ ਕਿਸਾਨ ਵਹਾਈ ਬਿਜਾਈ ਪਿੰਡ ਦੇ ਧਨਾਢ ਕਿਸਾਨ ਤੋਂ ਮਹਿੰਗੇ ਮੁੱਲ ਤੇ ਕਰਾਉਂਦਾ ਹੈ ਅਤੇ ਉਸ ਨੂੰ ਪੈਸੇ ਵੀ ਫ਼ਸਲ ਆਈ ਤੋਂ ਹੀ ਦਿੰਦਾ ਹੈ।

ਕਿਸਾਨਾਂ ਦੀ ਹਾਲਤ ਤਾਂ ਸੱਪ ਦੇ ਮੂੰਹ ਕੋਹੜਕਿਰਲੀ ਵਰਗੀ ਹੈ ਜਿਸ ਨੂੰ ਨਾ ਖਾ ਸਕਦਾ ਹੈ ਨਾ ਛੱਡ ਸਕਦਾ ਹੈ। ਇਨ੍ਹਾਂ ਲੀਡਰਾਂ ਨੂੰ 1956-57 ਵਾਲਾ ਸਮਾਂ ਯਾਦ ਕਰਨਾ ਚਾਹੀਦਾ ਹੈ ਜਦੋਂ ਦੇਸ਼ ਅਨਾਜ ਵਲੋਂ ਭੁੱਖਾ ਮਰਦਾ ਸੀ। ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਅਮਰੀਕਾ ਤੋਂ ਕਣਕ ਮੰਗਵਾਈ ਸੀ। ਅੱਜ ਉਸੇ ਕਿਸਾਨ ਨੇ ਦੇਸ਼ ਦੇ ਅੰਨ ਭੰਡਾਰ ਏਨੇ ਭਰ ਦਿਤੇ ਹਨ ਕਿ ਭਾਰਤ ਹੁਣ ਬਾਹਰਲੇ ਦੇਸ਼ਾਂ ਨੂੰ ਆਪ ਕਣਕ ਘਲਦਾ ਹੈ। ਪਰ ਕਿਸਾਨ ਦੀ ਬਦਕਿਸਮਤੀ ਇਹ ਹੈ ਕਿ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਆਪ ਭੁੱਖਾ ਹੀ ਮਰਦਾ ਹੈ, ਅਖ਼ੀਰ ਖੇਤ ਵਿਚ ਲੱਗੀ ਟਾਹਲੀ ਨਾਲ ਫ਼ਾਹਾ ਲੈ ਕੇ ਜਾਂ ਸਪਰੇਆਂ ਪੀ ਕੇ ਸ੍ਰੀਰਕ ਮੌਤ ਵੀ ਮਰਦਾ ਹੈ।ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਰਹਿਣ ਵਾਲਿਉ ਲੀਡਰੋ ਜਿਹੜਾ ਤੁਸੀ ਵਾਤਾਵਰਣ ਜ਼ਹਿਰੀਲਾ ਹੋਣ ਦਾ ਕਿਸਾਨ ਸਿਰ ਦੋਸ਼ ਲਾਉਂਦੇ ਹੋ ਤੁਹਾਨੂੰ ਅਪਣੀਆਂ ਫ਼ੈਕਟਰੀਆਂ ਅਤੇ ਭੱਠਿਆਂ ਦਾ ਧੂੰਆਂ ਨਹੀਂ ਦਿਸਦਾ, ਜਿਹੜਾ ਸਾਰਾ ਸਾਲ ਹੀ ਵਾਤਾਵਰਣ ਜ਼ਹਿਰੀਲਾ ਕਰਦਾ ਹੈ। ਵੱਡੀਆਂ ਟਰਾਂਸਪੋਰਟਾਂ ਦੇ ਮਾਲਕਾਂ ਨੂੰ ਮੈਂ ਪੁੱਛ ਰਿਹਾ ਹਾਂ ਕਿ ਸਾਰਾ ਦਿਨ ਤੁਹਾਡੀਆਂ ਗੱਡੀਆਂ ਸੜਕਾਂ ਤੇ ਧੂੰਆਂ ਸੁੱਟ ਰਹੀਆਂ ਹਨ। ਕੀ ਉਹ ਮਨੁੱਖਾਂ ਲਈ ਆਕਸੀਜਨ ਸੁੱਟ ਰਹੀਆਂ ਹਨ? ਤੁਸੀ ਕਿਸੇ ਵੀ ਜੀ.ਟੀ. ਰੋਡ ਉਤੇ ਖਲੋ ਜਾਵੋ, ਸੜਕ ਪਾਰ ਨਹੀਂ ਹੁੰਦੀ। ਉਸ ਤੇ ਚੱਲਣ ਵਾਲੇ ਕਾਰ ਬੱਸ ਟਰੱਕ ਧੂੰਆਂ ਹੀ ਧੂੰਆਂ ਛਡਦੇ ਹਨ।ਪਰ ਜੇਕਰ ਕਿਸਾਨ ਵੀ ਤੁਹਾਡੇ ਜਿੰਨਾ ਸਿਆਣਾ ਹੋ ਗਿਆ ਤਾਂ ਤੁਹਾਨੂੰ ਵੀ ਅਕਲ ਆ ਜਾਵੇਗੀ। ਜੇਕਰ ਇਹ ਵੀ ਅਪਣੇ ਜੋਗੀ ਕਣਕ ਬੀਜੇ ਅਤੇ ਸਾਉਣੀ ਵਿਚ ਨਰਮਾ ਕਪਾਹ ਬੀਜਣ ਲੱਗ ਪਏ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਚਾਂਦੀ ਕੀ ਭਾਅ ਵਿਕਦੀ ਹੈ। ਜਦੋਂ ਮਹਿੰਗੇ ਭਾਅ ਦੀ ਕਣਕ ਖ਼ਰੀਦਣ ਲਈ ਦੂਜੇ ਦੇਸ਼ਾਂ ਅੱਗੇ ਹੱਥ ਅਡਣੇ ਪਏ। ਤੁਸੀ ਤਾਂ ਕਿਸਾਨਾਂ ਦੇ ਵੀ ਚੁਟਕਲੇ ਬਣਾਏ ਹੋਏ ਹਨ। ਤੁਸੀ ਤਾਂ ਵਿਚਾਰੇ ਕਿਸਾਨ ਨੂੰ ਬੰਦਾ ਹੀ ਨਹੀਂ ਸਮਝਦੇ। ਇਥੇ ਸਰਕਾਰਾਂ ਵੀ ਕਿਸਾਨ ਦੀਆਂ ਦੁਸ਼ਮਣ ਬਣੀਆਂ ਹੋਈਆਂ ਹਨ। ਇਹੀ ਮੋਦੀ ਸਰਕਾਰ ਚੋਣਾਂ ਤੋਂ ਪਹਿਲਾਂ ਕਹਿੰਦੀ ਸੀ ਕਿ ਜੇ ਕੇਂਦਰ ਵਿਚ ਉਨ੍ਹਾਂ ਦੀ ਸਰਕਾਰ ਬਣੀ ਤਾਂ ਕਿਸਾਨਾਂ ਦੀਆਂ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਰੀਪੋਰਟਾਂ ਮੁਤਾਬਕ ਹੋਣਗੇ। ਸਰਕਾਰ ਤਾਂ ਮੋਦੀ ਦੀ ਬਣ ਗਈ ਪਰ ਇਨ੍ਹਾਂ ਦੇ ਵਾਅਦੇ ਵਫ਼ਾ ਨਾ ਹੋਏ। ਕਿਸਾਨ ਦੀ ਪਰਾਲੀ ਸਾੜਨ ਤੇ ਝੋਨਾ 10 ਜੂਨ ਤੋਂ ਪਹਿਲਾਂ ਲਾਉਣ ਲਈ ਕਾਨੂੰਨ ਹੈ। ਵਿਚਾਰੇ ਕਿਸਾਨਾਂ ਉਤੇ ਪਰਚੇ ਦਰਜ ਕੀਤੇ ਜਾਂਦੇ ਹਨ ਪਰ ਇਨ੍ਹਾਂ ਲੀਡਰਾਂ ਤੇ ਝੂਠ ਬੋਲਣ ਦਾ ਕੋਈ ਕਾਨੂੰਨ ਨਹੀਂ। ਕਿਉਂ?

ਚੰਗੀ ਗੱਲ ਹੈ ਕਿ ਹੁਣ ਕਿਸਾਨ ਯੂਨੀਅਨਾਂ ਥੋੜ੍ਹਾ ਬਹੁਤ ਹਰਕਤ ਵਿਚ ਆਈਆਂ ਹਨ। ਦਿੱਲੀ ਦੇ ਕੇਂਦਰੀ ਮੰਤਰੀਆਂ ਦੀਆਂ ਕੋਠੀਆਂ ਅੱਗੇ ਧਰਨੇ ਦੇਣ ਲਗੀਆਂ ਹਨ ਜਿਵੇਂ ਕੇਂਦਰੀ ਖੇਤੀਬਾੜੀ ਮੰਤਰੀ ਰਾਧੇ ਮੋਹਨ ਦੀ ਕੋਠੀ ਅੱਗੇ ਧਰਨਾ ਦਿਤਾ। ਕਿਸਾਨ ਯੂਨੀਅਨ ਵਾਲਿਉ ਹੱਕ ਕਦੇ ਮੰਗਿਆਂ ਨਹੀਂ ਮਿਲਦੇ, ਇਹ ਤਾਂ ਡਾਂਗ ਨਾਲ ਹੀ ਲੈਣੇ ਪੈਂਦੇ ਹਨ। ਤੁਹਾਡੇ ਵਿਚ ਵੀ ਬਹੁਤ ਸਾਰੀਆਂ ਤਰੁਟੀਆਂ ਹਨ, ਉਨ੍ਹਾਂ ਨੂੰ ਵੀ ਦੂਰ ਕਰੋ, ਤੁਸੀ ਵਿਕਾਊ ਮਾਲ ਦਾ ਅਪਣੇ ਉਪਰ ਲਗਿਆ ਪੱਥਰ ਲਾਹ ਦਿਉ। ਤੁਹਾਨੂੰ ਕਿਸਾਨਾਂ ਦੇ ਹੱਕ ਦਿਵਾਉਣ ਲਈ ਬਣਾਇਆ ਗਿਆ ਸੀ। ਜਦੋਂ ਤੁਹਾਨੂੰ ਫ਼ਸਲਾਂ ਦੇ ਭਾਅ ਚੰਗੇ ਮਿਲਣ ਲੱਗ ਪਏ ਤਾਂ ਆਪੇ ਅਹੁਦੇ ਤੇ ਚੌਧਰਾਂ ਤੁਹਾਡੇ ਮਗਰ ਮਗਰ ਭੱਜੀਆਂ ਫਿਰਨਗੀਆਂ। ਇਸ ਸਮੇਂ ਸਤਿੰਦਰ ਸਰਤਾਜ ਦਾ ਗਾਣਾ ਯਾਦ ਆਉਂਦਾ ਹੈ ਜਿਸ ਵਿਚ ਲਿਖਿਆ ਹੈ ਕਿ 'ਚਾਰ ਹੀ ਤਰੀਕਿਆਂ ਨਾਲ ਬੰਦਾ ਕੰਮ ਕਰੇ, ਸ਼ੋਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ।' ਪਿਛਲੇ ਸਾਲ ਕਣਕ ਬੀਜਣ ਵੇਲੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਿਆ ਗਿਆ ਸੀ। ਸਰਤਾਜ ਦੇ ਗਾਣੇ ਤੋਂ ਲਗਦਾ ਸੀ ਕਿ ਕਿਸਾਨ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਲਾਲਚ ਵਾਲਾ ਤਰੀਕਾ ਕੰਮ ਆਵੇਗਾ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਕੋਲੋਂ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ 100 ਰੁਪਏ ਇਕ ਕੁਇੰਟਲ ਝੋਨੇ ਮਗਰ ਬੋਨਸ ਮੰਗਿਆ ਸੀ ਪਰ ਕੇਂਦਰ ਨੇ ਬੋਨਸ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ ਸੀ। ਜੇਕਰ ਕਿਸਾਨਾਂ ਦੀ 100 ਰੁਪਏ ਬੋਨਸ ਦੇ ਕੇ ਆਰਥਕ ਮਦਦ ਕੀਤੀ ਜਾਂਦੀ ਤਾਂ ਉਸ ਦਾ ਪਰਾਲੀ ਨੂੰ ਖੇਤ ਵਿਚ ਵਾਹੁਣ ਦਾ ਕੁੱਝ ਨਾ ਕੁੱਝ ਖਰਚਾ ਮੁੜ ਆਉਣਾ ਸੀ। ਇਸ ਨਾਲ ਹੋਰ ਕਿਸਾਨਾਂ ਨੇ ਵੀ ਪਰਾਲੀ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਹੋਣਾ ਸੀ।

ਸੋ ਅਖ਼ੀਰ ਵਿਚ ਕਿਸਾਨੀ ਦੇ ਮੁੱਦੇ ਉਤੇ ਰੋਟੀਆਂ ਸੇਕਣ ਵਾਲਿਆਂ ਨੂੰ ਦਸਣਾ ਚਾਹੁੰਦਾ ਹਾਂ ਕਿ ਕੀਟਨਾਸ਼ਕ ਅਤੇ ਦਵਾਈਆਂ ਵੀ ਕਿਸਾਨ ਨੇ ਘਰ ਬੈਠ ਕੇ ਨਹੀਂ ਬਣਾਈਆਂ, ਇਹ ਵੀ ਖੇਤੀ ਵਿਗਿਆਨੀਆਂ ਨੇ ਖੋਜ ਕਰ ਕੇ ਹੀ ਦਿਤੀਆਂ ਹਨ। ਕਿਸਾਨ ਨੂੰ ਪਤਾ ਹੈ ਕਿ ਪਰਾਲੀ ਨੂੰ ਅੱਗ ਤੇ ਸਪਰੇਆਂ ਕਰਨ ਨਾਲ ਵਾਤਾਵਰਣ ਗੰਧਲਾ ਹੁੰਦਾ ਹੈ, ਜੋ ਸਾਹ ਲੈਣ ਅਤੇ ਹੋਰ ਫੇਫੜਿਆਂ ਅਤੇ ਅੱਖਾਂ ਦੀਆਂ ਬੀਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ। ਕਿਸਾਨ ਅਤੇ ਉਸ ਦਾ ਸਾਰਾ ਪ੍ਰਵਾਰ ਵੀ ਇਸ ਗੰਧਲੇ ਵਾਤਾਵਰਣ ਵਿਚ ਹੀ ਸਾਹ ਲੈਂਦਾ, ਪਰ ਇਹ ਉਸ ਵਿਚਾਰੇ ਦੀ ਮਜਬੂਰੀ ਹੈ। ਉਹ ਤਾਂ ਹੁਣ ਆਪ ਦੇਸ਼ ਦੇ ਲੀਡਰਾਂ ਦੇ ਮੂੰਹ ਵਲ ਵੇਖਦਾ ਹੈ ਕਿ ਇਸ ਆਰਥਕ ਮੰਦਹਾਲੀ ਵਿਚੋਂ ਕਰਜ਼ਾਈ ਕਿਸਾਨ ਨੂੰ ਕੱਢਣ ਵਾਲਾ ਹੈ ਕੋਈ ਮਾਈ ਦਾ ਲਾਲ?