ਇਹ 'ਹਿੰਦੂ ਰਾਜ' ਦੇਸ਼ ਲਈ ਖ਼ਤਰਨਾਕ ਸਾਬਤ ਹੋਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਭਾਰਤ ਦੇ ਹਾਲਾਤ ਇਸ ਵੇਲੇ ਬੜੇ ਹੀ ਮਾੜੇ ਚੱਲ ਰਹੇ ਹਨ ਕਿਉਂਕਿ ਭਾਰਤ ਵਿਚ ਜਦੋਂ ਵੀ ਕੇਂਦਰ ਜਾਂ ਭਾਰਤ ਦੇ ਕਿਸੇ ਵੀ ਸੂਬੇ ਅੰਦਰ ਬੀ.ਜੇ.ਪੀ. ਜਾਂ ਇਸ ਦੀ ਪਿਛੋਕੜਲੀ..

Cows

 

ਭਾਰਤ ਦੇ ਹਾਲਾਤ ਇਸ ਵੇਲੇ ਬੜੇ ਹੀ ਮਾੜੇ ਚੱਲ ਰਹੇ ਹਨ ਕਿਉਂਕਿ ਭਾਰਤ ਵਿਚ ਜਦੋਂ ਵੀ ਕੇਂਦਰ ਜਾਂ ਭਾਰਤ ਦੇ ਕਿਸੇ ਵੀ ਸੂਬੇ ਅੰਦਰ ਬੀ.ਜੇ.ਪੀ. ਜਾਂ ਇਸ ਦੀ ਪਿਛੋਕੜਲੀ ਵਿਚਾਰਧਾਰਾ ਵਾਲੀ ਸਰਕਾਰ ਆਉਂਦੀ ਹੈ ਤਾਂ ਉਥੇ ਘੱਟ ਗਿਣਤੀਆਂ ਅਤੇ ਦਲਿਤਾਂ ਉਪਰ ਅਤਿਆਚਾਰ ਦੀਆਂ ਘਟਨਾਵਾਂ ਵੀ ਵੱਧ ਜਾਂਦੀਆਂ ਹਨ। ਇਤਿਹਾਸ ਗਵਾਹ ਹੈ ਕਿ ਪੁਰਾਤਨ ਸਮੇਂ ਵਿਚ ਜਦੋਂ ਮਨੂ ਸਮ੍ਰਿਤੀ ਦਾ ਕਾਨੂੰਨ ਸੀ ਤਾਂ ਉਦੋਂ ਭਾਰਤ ਦੇ ਮੂਲ ਨਿਵਾਸੀਆਂ ਨੂੰ ਉਨ੍ਹਾਂ ਦੇ ਹੀ ਦੇਸ਼ ਵਿਚ ਦਬਾ ਕੇ ਰਖਿਆ ਗਿਆ। ਉਨ੍ਹਾਂ ਦੇ ਗਲਾਂ ਵਿਚ ਕੁੱਜਾ ਅਤੇ ਪਿਛੇ ਛਾਪਾ ਬੰਨ੍ਹਣ ਦਾ ਫ਼ੁਰਮਾਨ ਲਾਗੂ ਕੀਤਾ ਗਿਆ। ਸ਼ੂਦਰਾਂ ਨੂੰ ਦੁਪਿਹਰ ਸਮੇਂ ਬਾਹਰ ਨਿਕਲਣ ਦਾ ਹੁਕਮ ਸੁਣਾਇਆ ਜਾਂਦਾ ਅਤੇ ਉਨ੍ਹਾਂ ਨੂੰ ਮਰੇ ਪਸ਼ੂ ਚੁੱਕਣ, ਨਾਲੀਆਂ ਕੱਢਣ ਅਤੇ ਹੋਰ ਉਹ ਸਾਰੇ ਕੰਮ ਜੋ ਇਨਸਾਨ ਦੇ ਨਾ ਕਰਨ ਵਾਲੇ ਸਨ, ਕਰਵਾਏ ਗਏ।
ਅੱਜ ਵੀ ਭਾਰਤ ਵਿਚ ਮਨੂ ਸਮ੍ਰਿਤੀ ਦਾ ਲੁਕਵਾਂ ਏਜੰਡਾ ਲਾਗੂ ਹੈ ਕਿਉਂਕਿ ਜ਼ਿੰਦਾ ਜਾਂ ਮਰੀ ਹੋਈ ਗਊ ਤੇ ਇਹ ਲੋਕ (ਬ੍ਰਾਹਮਣਵਾਦੀ ਵਿਚਾਰਧਾਰਾ ਵਾਲੇ) ਭਾਰਤ ਦੇ ਘੱਟ ਗਿਣਤੀ ਮੁਸਲਮਾਨਾਂ ਨੂੰ ਅਤੇ ਦਲਿਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਇਨ੍ਹਾਂ ਨੂੰ ਮਾਰਨ ਅਤੇ ਇਨ੍ਹਾਂ ਦੇ ਦਿਲੋ-ਦਿਮਾਗ਼ ਵਿਚ ਡਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ। ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਅੱਜ ਤੋਂ ਲਗਭਗ 15 ਸਾਲ ਪਹਿਲਾਂ 15 ਅਕਤੂਬਰ 2002 ਨੂੰ ਹਰਿਆਣਾ ਦੇ ਸ਼ਹਿਰ ਝੱਜਰ ਦੇ ਪਿੰਡ ਦੁਲੀਨਾ ਵਿਚ ਪੰਜ ਵਿਅਕਤੀਆਂ ਨੂੰ ਮਰੀ ਗਊ ਦੀ ਖੱਲ ਉਤਾਰਨ ਦੇ ਦੋਸ਼ ਵਿਚ ਪੁਲਿਸ ਨੇ ਫੜ ਲਿਆ ਸੀ। ਝੂਠੇ ਗਊ ਰਕਸ਼ਕ ਸ਼ਿਵ ਸੈਨਾ ਦੇ ਵਰਕਰ ਪਿੰਡ ਦੁਲਿਨਾ ਦੀ ਪੁਲਿਸ ਚੌਕੀ ਤੋਂ ਧੱਕੇ ਨਾਲ ਪੰਜ ਦਲਿਤਾਂ ਨੂੰ ਛੁਡਵਾ ਕੇ ਅਪਣੇ ਨਾਲ ਲੈ ਗਏ ਅਤੇ ਪੰਜਾਂ ਵਿਅਕਤੀਆਂ ਨੂੰ ਕੁਟਿਆ ਮਾਰਿਆ। ਜਦੋਂ ਇਹ ਲੋਕ ਇਨ੍ਹਾਂ ਪੰਜ ਦਲਿਤਾਂ ਨੂੰ ਮਾਰਕੁਟ ਰਹੇ ਸਨ, ਉਸ ਵੇਲੇ ਇਕ ਸਿਟੀ ਮੈਜਿਸਟ੍ਰੇਟ ਅਤੇ ਇਕ ਡੀ.ਐਸ.ਪੀ. ਉਥੇ ਮੌਜੂਦ ਸਨ। ਇਨ੍ਹਾਂ ਸਾਹਮਣੇ ਦਲਿਤਾਂ ਨੂੰ ਕੁੱਟ ਕੁੱਟ ਕੇ ਮਾਰ ਦਿਤਾ ਗਿਆ। ਇਹ ਅਧਿਕਾਰੀ ਭੜਕੀ ਭੀੜ ਕਾਰਨ ਪੈਦਾ ਹੋਏ ਤਣਾਅ ਦੀ ਸਥਿਤੀ ਨੂੰ ਕਾਬੂ ਕਰਨ ਆਏ ਸਨ ਪਰ ਅਫ਼ਸੋਸ ਦੀ ਗੱਲ ਹੈ ਕਿ ਪੁਲਿਸ ਉਨ੍ਹਾਂ ਅਖੌਤੀ ਗਊ ਰਕਸ਼ਕਾਂ ਤੋਂ ਪੰਜ ਦਲਿਤਾਂ ਨੂੰ ਵੀ ਨਾ ਬਚਾ ਸਕੀ। ਪੁਲਿਸ ਦੇ ਸਾਹਮਣੇ ਪੰਜ ਦਲਿਤਾਂ ਨੂੰ ਮਾਰ ਦਿਤਾ ਗਿਆ। ਇਸ ਹਤਿਆ ਕਾਂਡ ਵਿਚ ਇਕ 15 ਸਾਲ ਦਾ ਬੱਚਾ ਵੀ ਸੀ। ਦੁਲਿਨਾ ਕਾਂਡ ਦੀ ਜਦੋਂ ਸਾਰੇ ਪਾਸੇ ਨਿਖੇਧੀ ਹੋਣ ਲੱਗੀ ਤਾਂ ਹਰਿਆਣਾ ਸਰਕਾਰ ਨੇ 15 ਦਿਨਾਂ ਬਾਅਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ। ਉਸ ਵੇਲੇ ਹਰਿਆਣਾ ਵਿਚ ਓਮ ਪ੍ਰਕਾਸ਼ ਚੌਟਾਲਾ ਦੀ ਸਰਕਾਰ ਸੀ। ਇਸ ਕਾਂਡ ਦਾ ਮੁੱਖ ਦੋਸ਼ੀ ਸ਼ਿਸ਼ੂਪਾਲ, ਸ਼ਿਵ ਸੈਨਾ ਦਾ ਜ਼ਿਲ੍ਹਾ ਪ੍ਰਧਾਨ ਸੀ। ਜਦੋਂ ਉਸ ਨੇ ਆਤਮਸਮਰਪਣ ਕੀਤਾ ਤਾਂ ਉਸ ਸਮੇਂ ਹਰਿਆਣਾ ਦੇ ਵਿਧਾਇਕ ਨਫ਼ੇ ਸਿੰਘ ਰਾਠੀ ਅਤੇ ਜ਼ਿਲ੍ਹੇ ਦੇ ਹੋਰ ਅਧਿਕਾਰੀ ਆਤਮਸਮਰਪਣ ਵੇਲੇ ਸ਼ਿਸ਼ੂਪਾਲ ਦੇ ਨਾਲ ਆਏ ਸਨ। ਭਾਰਤ ਦੇਸ਼ ਦੇ ਲੋਕੋ, ਜਦੋਂ ਇਕ ਕਾਤਲ ਨੂੰ ਆਤਮਸਮਰਪਣ ਕਰਵਾਉਣ ਲਈ ਵਿਧਾਇਕ ਅਤੇ ਅਧਿਕਾਰੀ ਆਉਣ ਤਾਂ ਹੁਣ ਤੁਸੀ ਹੀ ਦਸੋ ਕਿ ਕੀ ਇਹ ਮਨੂ ਸਮ੍ਰਿਤੀ ਦਾ ਕਾਨੂੰਨ ਨਾ ਹੋਇਆ ਜਿਥੇ ਕਾਤਲ ਨੂੰ ਕੋਈ ਡਰ ਨਹੀਂ? ਜਦੋਂ ਹਰਿਆਣੇ ਵਿਚ ਦੁਲਿਨਾ ਕਾਂਡ ਹੋਇਆ ਉਸ ਵੇਲੇ ਕੇਂਦਰ ਵਿਚ ਬੀ.ਜੇ.ਪੀ. ਦੀ ਸਰਕਾਰ ਸੀ।
ਅੱਜ ਕੇਂਦਰ ਵਿਚ ਬੀ.ਜੇ.ਪੀ. ਦੀ ਸਰਕਾਰ ਹੈ ਅਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਨ। ਜਦੋਂ 2002 ਵਿਚ ਗੁਜਰਾਤ ਵਿਚ ਮੁਸਲਮਾਨਾਂ ਵਿਰੁਧ ਦੰਗੇ ਹੋਏ ਉਸ ਵੇਲੇ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਗੁਜਰਾਤ ਵਿਚ ਮੁਸਲਮਾਨਾਂ ਉਤੇ ਅਣਮਨੁੱਖੀ ਅਤਿਆਚਾਰ ਹੋਇਆ। ਮੁਸਲਮਾਨ ਔਰਤਾਂ ਨਾਲ ਬਲਾਤਕਾਰ, ਕਤਲ, ਔਰਤਾਂ ਦੇ ਪੇਟ ਵਿਚੋਂ ਬੱਚਿਆਂ ਨੂੰ ਕੱਢ ਕੇ ਹਵਾ ਵਿਚ ਉਛਾਲਣਾ ਕਿੱਥੋਂ ਤਕ ਠੀਕ ਹੈ? ਭਾਰਤ ਦੇ ਮੱਥੇ ਉਤੇ ਇਹ ਕਲੰਕ ਹੈ। ਤਿੰਨ ਸਾਲਾਂ ਵਿਚ ਏਨਾ ਕੁੱਝ ਵਾਪਰ ਗਿਆ। ਉੱਤਰ ਪ੍ਰਦੇਸ਼ ਵਿਚ ਇਖ਼ਲਾਕ ਨੂੰ ਕੁੱਟ-ਕੁੱਟ ਕੇ ਮਾਰ ਦਿਤਾ ਗਿਆ ਕਿ ਉਸ ਦੇ ਘਰ ਬੀਫ਼ (ਗਊ ਦਾ ਮਾਸ) ਬਣਿਆ ਸੀ। ਗੁਜਰਾਤ ਵਿਚ 11 ਜੁਲਾਈ 2016 ਨੂੰ ਚਾਰ ਦਲਿਤਾਂ ਨਾਲ ਇਸ ਕਰ ਕੇ ਕੁਟਮਾਰ ਕੀਤੀ ਗਈ ਕਿ ਉਹ ਬ੍ਰਾਹਮਣਾਂ ਦੀ ਮਰੀ ਹੋਈ ਗਊ ਮਾਤਾ ਦੀ ਖੱਲ ਲਾਹੁੰਦੇ ਸੀ। ਇਸ ਘਟਨਾ ਤੋਂ ਬਾਅਦ ਕੁੱਝ ਦਲਿਤਾਂ ਨੇ ਖੱਲ ਲਾਹੁਣ ਦਾ ਕੰਮ ਬੰਦ ਕਰਨ ਦਾ ਫ਼ੈਸਲਾ ਕੀਤਾ। ਕਿਸੇ ਵੀ ਦਲਿਤ ਨੂੰ ਖੱਲ ਲਾਹੁਣ ਦਾ ਧੰਦਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਇਨ੍ਹਾਂ ਅਖੌਤੀ ਹਿੰਦੂ ਗਊ ਰਖਿਅਕਾਂ ਨੂੰ ਚਾਹੀਦਾ ਹੈ ਕਿ ਉਹ ਮਰੀ ਗਊ, ਜਿਸ ਨੂੰ ਇਹ ਲੋਕ ਮਾਂ ਕਹਿੰਦੇ ਹਨ, ਨੂੰ ਆਪ ਚੁੱਕ ਕੇ ਇਸ ਦਾ ਸਸਕਾਰ ਅਪਣੇ ਹੱਥੀਂ ਕਰਨ। ਇਕ ਆਗਿਆਕਾਰੀ ਪੁੱਤਰ ਦਾ ਫ਼ਰਜ਼ ਵੀ ਬਣਦਾ ਹੈ ਕਿ ਉਹ ਅਪਣੀ ਗਊ ਮਾਤਾ ਪ੍ਰਤੀ ਅਪਣੇ ਹੱਥਾਂ ਨਾਲ ਅਖ਼ੀਰਲੇ ਸਾਰੇ ਫ਼ਰਜ਼ ਅਦਾ ਕਰੇ।
ਕਰਨਾਟਕ ਦੇ ਚਿਕਮੰਗਲੂਰ ਵਿਚ ਮਨੂਵਾਦੀ ਲੋਕਾਂ ਨੇ 17 ਜੁਲਾਈ 2016 ਨੂੰ ਇਸੇ ਕਰ ਕੇ ਇਕ ਦਲਿਤ ਦੇ ਘਰ ਹਮਲਾ ਕਰ ਦਿਤਾ ਕਿ ਉਸ ਦੇ ਘਰ ਗਊ ਦਾ ਮਾਸ ਬਣ ਰਿਹਾ ਹੈ। ਉਸ ਪ੍ਰਵਾਰ ਦੀ ਬੁਰੀ ਤਰ੍ਹਾਂ ਕੁਟਮਾਰ ਕੀਤੀ ਗਈ। ਇਸ ਤਰ੍ਹਾਂ ਲਗਦਾ ਹੈ ਕਿ ਸਾਰੇ ਭਾਰਤ ਵਿਚ ਹਿੰਦੂ ਕੱਟੜ ਮਾਨਸਿਕਤਾ ਵਾਲੇ ਲੋਕਾਂ ਦਾ ਇਕੋ-ਇਕ ਮਕਸਦ ਹੈ ਕਿ ਦਲਿਤਾਂ ਅਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾਵੇ।
ਪ੍ਰਧਾਨ ਮੰਤਰੀ ਜੀ ਭਾਰਤ ਦੇ ਲੋਕ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੇ ਹਨ ਕਿ ਜੂਨੈਦ ਦਾ ਕੀ ਕਸੂਰ ਸੀ? ਕੀ ਜੁਨੈਦ ਇਕ ਮੁਸਲਮਾਨ ਸੀ ਸਿਰਫ਼ ਇਸ ਕਰ ਕੇ ਭੀੜ ਨੇ ਉਸ ਨੂੰ ਕੁੱਟ ਕੁੱਟ ਕੇ ਮਾਰ ਦਿਤਾ? ਇਸ 16 ਸਾਲ ਦੇ ਲੜਕੇ ਨੂੰ ਇਸ ਸ਼ੱਕ ਵਿਚ ਕੁੱਟ ਕੁੱਟ ਕੇ ਮਾਰ ਦਿਤਾ ਗਿਆ ਕਿ ਉਹ ਰੇਲ 'ਚ ਸਫ਼ਰ ਕਰਨ ਦੌਰਾਨ ਗਊ ਦੇ ਮੀਟ ਨਾਲ ਰੋਟੀ ਖਾ ਰਿਹਾ ਸੀ। ਇਨ੍ਹਾਂ ਹਿੰਦੂ ਗਊ ਰਖਿਅਕਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਕਿ ਇਹ ਗਊ ਦਾ ਮੀਟ ਹੈ ਜਾਂ ਬਕਰੇ ਦਾ ਹੈ? ਜੁਨੈਦ ਦੇ ਦੋ ਭਰਾ ਦਿੱਲੀ ਦੇ ਹਸਪਤਾਲ ਵਿਚ ਇਲਾਜ ਕਰਵਾ ਰਹੇ ਹਨ। ਇਹ ਘਟਨਾ ਈਦ ਤੋਂ ਦੋ ਦਿਨ ਪਹਿਲਾਂ ਦੀ ਹੈ। ਜਦੋਂ ਦੁਨੀਆਂ ਦੇ ਮੁਸਲਮਾਨ ਈਦ ਮਨਾ ਰਹੇ ਸਨ, ਉਸ ਵੇਲੇ ਜੁਨੈਦ ਦਾ ਪ੍ਰਵਾਰ ਡਰ ਦੇ ਮਾਹੌਲ ਵਿਚ ਰੋ ਰਿਹਾ ਸੀ।  
ਇਕ ਵੀਡੀਉ ਵਿਚ ਬੀ.ਜੇ.ਪੀ. ਦੇ ਕੇਂਦਰੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ 'ਗਊ ਦਾ ਗੋਹਾ ਕੋਹੇਨੂਰ ਤੋਂ ਵੀ ਕੀਮਤੀ ਹੈ, ਇਹ ਗੱਲ ਸੁਪ੍ਰੀਮ ਕੋਰਟ ਨੇ ਮੰਨੀ ਹੈ।' ਇਹ ਗੱਲ ਸੰਬਿਤ ਪਾਤਰਾ ਜੀ ਕਹਿੰਦੇ ਹਨ। ਗਊ ਅਤੇ ਮੱਝ ਦਾ ਗੋਹਾ ਕੱਚੇ ਘਰਾਂ ਨੂੰ ਲਿਪਣ ਦੇ ਕੰਮ ਆਉਂਦਾ ਹੈ ਅਤੇ ਬਾਲਣ ਦੇ ਵੀ। ਪਰ ਜੇ ਗਊ ਦਾ ਗੋਹਾ ਕੋਹੇਨੂਰ ਤੋਂ ਵੀ ਕੀਮਤੀ ਹੈ, ਫਿਰ ਪਾਤਰਾ ਜੀ ਇਸ ਦਾ ਇਕ ਜਹਾਜ਼ ਭਰ ਕੇ ਇੰਗਲੈਂਡ ਲੈ ਜਾਉ। ਕੇਂਦਰ ਵਿਚ ਤੁਹਾਡੀ ਸਰਕਾਰ ਹੈ। ਇਹ ਕੰਮ ਭਾਰਤ ਦੀਆਂ ਹੋਰ ਸਰਕਾਰਾਂ ਨਹੀਂ ਕਰ ਸਕੀਆਂ ਤੁਸੀ ਇੰਗਲੈਂਡ ਤੋਂ ਸਾਡਾ ਕੋਹੇਨੂਰ ਹੀਰਾ ਲੈ ਆਉ। ਜਦੋਂ ਤੁਸੀ ਜਹਾਜ਼ ਭਰ ਕੇ ਗੋਹਾ ਲੈ ਕੇ ਜਾਉਗੇ ਉਨ੍ਹਾਂ ਨੂੰ ਕਹਿਣਾ ਕਿ ਇਹ ਗਊ ਦਾ ਗੋਹਾ ਹੈ ਜੋ ਤੁਹਾਡੇ ਕੋਲ ਕੋਹੇਨੂਰ ਹੀਰਾ ਹੈ ਉਸ ਤੋਂ ਵੀ ਲੱਖਾਂ ਗੁਣਾਂ ਕੀਮਤੀ ਹੈ। ਤੁਸੀ ਗੋਹਾ ਰੱਖ ਲਉ ਸਾਨੂੰ ਸਾਡਾ ਕੋਹੇਨੂਰ ਹੀਰਾ ਦੇ ਦਿਉ। ਫਿਰ ਤੁਹਾਨੂੰ ਤੁਹਾਡੀ ਔਕਾਤ ਦੱਸ ਦੇਣਗੇ ਇੰਗਲੈਂਡ ਵਾਲੇ ਕਿ ਗੋਹੇ ਦੀ ਕੀਮਤ ਕੀ ਹੈ ਅਤੇ ਕੋਹੇਨੂਰ ਦੀ ਕੀਮਤ ਕੀ ਹੈ?
29 ਜੂਨ 2017 ਨੂੰ ਝਾਰਖੰਡ ਸੂਬੇ ਦੇ ਰਾਮਗੜ੍ਹ ਇਲਾਕੇ ਵਿਚ ਗਊਮਾਸ ਦੇ ਸ਼ੱਕ ਵਿਚ ਅਲੀਮੂਦੀਨ ਨੂੰ ਭੀੜ ਨੇ ਕੁੱਟ ਕੁੱਟ ਕੇ ਮਾਰ ਦਿਤਾ। ਇਸ ਭੀੜ ਦੀ ਅਗਵਾਈ ਰਾਮਗੜ੍ਹ ਦਾ ਬੀ.ਜੇ.ਪੀ. ਨੇਤਾ ਨਿਤਿਆਨੰਦ ਮਹਿੰਤੋ ਕਰ ਰਿਹਾ ਸੀ। ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਇੰਜ ਨਹੀਂ ਲਗਦਾ ਕਿ ਬੀ.ਜੇ.ਪੀ. ਨੇ ਮੁਸਲਮਾਨਾਂ ਅਤੇ ਦਲਿਤਾਂ ਵਿਰੁਧ ਇਕ ਸਾਜ਼ਸ਼ ਤਹਿਤ ਗਊ ਦੇ ਨਾਂ ਤੇ ਕਤਲ ਕਰਨ ਦੀ ਸੋਚੀ ਸਮਝੀ ਰਣਨੀਤੀ ਬਣਾਈ ਹੈ?
ਇਹ ਘਟਨਾਵਾਂ ਭਾਰਤ ਦੇਸ਼ ਤੇ ਇਕ ਕਲੰਕ ਵਾਂਗ ਹਨ। ਭਾਰਤ ਵਿਚ ਅਜੀਬ ਮਾਨਸਿਕਤਾ ਵਾਲੇ ਲੋਕ ਰਹਿੰਦੇ ਹਨ। ਇਥੇ ਗਊ ਦਾ ਮੂਤਰ ਪੀਣ ਨਾਲ ਕੁੱਝ ਹਿੰਦੂ ਲੋਕ ਬਹੁਤ ਖ਼ੁਸ਼ ਹੁੰਦੇ ਹਨ। ਇਨ੍ਹਾਂ ਦੀ ਮਾਨਸਿਕਤਾ ਇਹ ਹੈ ਕਿ ਗਊ ਦਾ ਮੂਤਰ ਪੀਣ ਨਾਲ ਕੈਂਸਰ ਨਹੀਂ ਹੁੰਦਾ। ਇਹ ਲੋਕ ਮੂਤਰ ਪੀ ਸਕਦੇ ਹਨ ਪਰ ਦਲਿਤ (ਸ਼ੂਦਰ) ਦਾ ਹੱਥ ਬ੍ਰਾਹਮਣ ਨੂੰ ਲੱਗ ਜਾਵੇ ਤਾਂ ਉਹ ਅਸ਼ੁੱਧ ਹੋ ਜਾਂਦਾ ਹੈ। ਜਿਨ੍ਹਾਂ ਸੂਬਿਆਂ ਵਿਚ ਗਊ ਦੇ ਨਾਂ ਤੇ ਮੁਸਲਮਾਨਾਂ ਤੇ ਅਤਿਆਚਾਰ ਹੋਏ ਹਨ, ਉਨ੍ਹਾਂ ਸੂਬਿਆਂ ਵਿਚ ਬੀ.ਜੇ.ਪੀ. ਦੀਆਂ ਸਰਕਾਰਾਂ ਹਨ ਜੋ ਸੰਕੇਤ ਦਿੰਦੀਆਂ ਹਨ ਕਿ ਹਿੰਦੂ ਸੰਗਠਨ ਇਨ੍ਹਾਂ ਸੂਬਿਆਂ ਵਿਚ ਘੱਟ ਗਿਣਤੀਆਂ ਤੇ ਅਤਿਆਚਾਰ ਕਰਦੇ ਹਨ ਅਤੇ ਸਰਕਾਰਾਂ ਵਲੋਂ ਉਨ੍ਹਾਂ ਨੂੰ ਹੱਲਾਸ਼ੇਰੀ ਮਿਲਦੀ ਹੈ।
ਹੋਰ ਕਿੰਨੇ ਜੂਨੈਦ ਮਰਨਗੇ? ਕਿੰਨੇ ਅਲੀਮੂਦੀਨ ਮਰਨਗੇ? ਕਿਨੇ ਇਖਲਾਕਾਂ ਨੂੰ ਮਾਰਿਆ ਜਾਵੇਗਾ? ਕਿੰਨੇ ਦੁਲੀਨਾ ਕਾਂਡ ਹੋਣਗੇ? ਕਿੰਨੇ ਸੁਲਪੇਡ ਕਾਂਡ ਹੋਰ ਹੋਣੇ ਬਾਕੀ ਹਨ? ਬਸ ਕਰੋ, ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਨਾਂ ਤੇ ਭਰਾ ਭਰਾ ਨੂੰ ਲੜਾਉਣਾ ਬੰਦ ਕੀਤਾ ਜਾਵੇ। ਇਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ। ਹਜ਼ਾਰਾਂ ਸਾਲਾਂ ਤੋਂ ਭਾਰਤ ਦੇਸ਼ ਗਊ, ਗੋਬਰ, ਗਾਂ ਦਾ ਮੀਟ, ਗਾਂ ਦੀ ਖੱਲ ਤੋਂ ਹੀ ਬਾਹਰ ਨਹੀਂ ਆ ਸਕਿਆ ਜਦਕਿ ਕਿਹਾ ਜਾਂਦਾ ਹੈ ਕਿ ਭਾਰਤ ਬਹੁਤ ਤਰੱਕੀ ਕਰ ਰਿਹਾ ਹੈ।
ਮੋਦੀ ਜੀ ਆਪ ਵਲੋਂ ਇਹ ਬਿਆਨ ਦੇਣਾ ਕਿ ਗਊ ਰਖਿਅਕਾਂ ਵਲੋਂ ਕੀਤੀ ਜਾਂਦੀਆਂ ਹਤਿਆਵਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਪਰ ਬਿਆਨ ਤੋਂ ਬਾਅਦ ਵੀ ਬਹੁਤ ਘਟਨਾਵਾਂ ਵਾਪਰ ਰਹੀਆਂ ਹਨ, ਉਨ੍ਹਾਂ ਤੇ ਠੋਸ ਉਪਰਾਲਾ ਕਰਨ ਲਈ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਜਾਂ ਗ੍ਰਹਿ ਮੰਤਰੀਆਂ ਦੀ ਇਕ ਮੀਟਿੰਗ ਬੁਲਾ ਕੇ ਸਖ਼ਤ ਸੁਨੇਹਾ ਹਿੰਦੂ ਸੰਗਠਨਾਂ ਨੂੰ ਦੇਣਾ ਬਣਦਾ ਹੈ ਕਿ ਜੇ ਕੋਈ ਗਊ ਦੇ ਨਾਂ ਤੇ ਜਾਂ ਬੀਫ਼ ਦੇ ਨਾਂ ਤੇ ਕੋਈ ਦੰਗੇ ਜਾਂ ਹਤਿਆ ਹੁੰਦੀ ਹੈ ਤਾਂ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਰ ਅਫ਼ਸੋਸ ਇਨ੍ਹਾਂ ਤਿੰਨ ਸਾਲਾਂ ਵਿਚ ਇਕ ਵੀ ਮੀਟਿੰਗ ਇਸ ਤਰ੍ਹਾਂ ਦੀ ਨਹੀਂ ਹੋਈ। ਪ੍ਰਧਾਨ ਮੰਤਰੀ ਜੀ ਲੋਕਾਂ ਵਿਚ ਬਹੁਤ ਗੁੱਸਾ ਹੈ, ਇਸ ਗੁੱਸੇ ਨੂੰ ਸਮਝੋ ਅਤੇ ਇਸ ਦੇ ਹੱਲ ਲਈ ਸਮੂਹ ਸਿਆਸੀ ਪਾਰਟੀਆਂ ਦੀ ਮੀਟਿੰਗ ਸੱਦ ਕੇ ਇਸ ਦਾ ਹੱਲ ਕੱਢੋ ਨਹੀਂ ਤਾਂ ਲੋਕ 56 ਇੰਚ ਦੀ ਛਾਤੀ ਦਾ ਮਜ਼ਾਕ ਉਡਾਉਣਗੇ।
ਸੰਪਰਕ : 98760-89076