ਇਹ ਭਾਰਤ ਮਾਤਾ ਆਈ ਕਿਥੋਂ ਹੈ?
ਦੇਸ਼ ਵਿਚ ਮੁਸਲਮਾਨਾਂ ਵਿਰੁਧ ਕੱਟੜ ਫ਼ਿਰਕਾਪ੍ਰਸਤ ਹਿੰਦੂ ਸੰਗਠਨਾਂ ਵਲੋਂ ਭਾਰਤ ਮਾਤਾ ਦੀ ਜੈ ਨਾ ਕਹਿਣ ਕਰ ਕੇ ਮਾਰ ਕੁਟਾਈ ਕਰਨ ਅਤੇ ਅਪਮਾਨਤ ਕਰਨ ਦੀਆਂ ਘਟਨਾਵਾਂ ਵਿਚ ਕਮੀ ਨਹੀਂ ਆ ਰਹੀ।
ਦੇਸ਼ ਵਿਚ ਮੁਸਲਮਾਨਾਂ ਵਿਰੁਧ ਕੱਟੜ ਫ਼ਿਰਕਾਪ੍ਰਸਤ ਹਿੰਦੂ ਸੰਗਠਨਾਂ ਵਲੋਂ ਭਾਰਤ ਮਾਤਾ ਦੀ ਜੈ ਨਾ ਕਹਿਣ ਕਰ ਕੇ ਮਾਰ ਕੁਟਾਈ ਕਰਨ ਅਤੇ ਅਪਮਾਨਤ ਕਰਨ ਦੀਆਂ ਘਟਨਾਵਾਂ ਵਿਚ ਕਮੀ ਨਹੀਂ ਆ ਰਹੀ। ਇਸ ਦੀ ਤਾਜ਼ਾ ਮਿਸਾਲ ਹਿਸਾਰ ਵਿਖੇ ਬਜਰੰਗ ਦਲ ਦੇ ਟੋਲੇ ਵਲੋਂ ਮਸਜਿਦ ਤੋਂ ਬਾਹਰ ਆ ਰਹੇ ਇਕ ਮੁਸਲਮਾਨ ਇਮਾਮ ਨੂੰ ਭਾਰਤ ਮਾਤਾ ਦੀ ਜੈ ਨਾ ਕਹਿਣ ਕਰ ਕੇ ਥੱਪੜ ਮਾਰੇ ਗਏ ਅਤੇ ਉਸ ਦੀ ਖਿੱਚ ਧੂਹ ਕੀਤੀ ਗਈ। ਕੁੱਝ ਟੈਲੀਵਿਜ਼ਨ ਚੈਨਲਾਂ ਨੇ ਇਸ ਘਟਨਾ ਨੂੰ ਵਿਖਾਇਆ ਹੈ ਅਤੇ ਕੁੱਝ ਅਖ਼ਬਾਰਾਂ ਨੇ ਇਸ ਸਬੰਧੀ ਖ਼ਬਰਾਂ ਵੀ ਛਾਪੀਆਂ। ਇਸ ਤੋਂ ਪਹਿਲਾਂ ਭਾਰਤ ਮਾਤਾ ਦੀ ਜੈ ਨਾ ਕਹਿਣ ਤੇ ਹਜ਼ਾਰਾਂ ਵਿਅਕਤੀਆਂ ਦੇ ਸਿਰ ਕਲਮ ਕਰਨ ਵਾਲੇ ਬਿਆਨ ਉਤੇ ਕਾਰਪੋਰੇਟ ਬਾਬਾ ਰਾਮਦੇਵ ਵਿਰੁਧ ਵੀ ਕੇਸ ਦਰਜ ਕੀਤਾ ਗਿਆ ਹੈ। ਬੀ.ਜੇ.ਪੀ. ਅਤੇ ਉਸ ਦੇ ਨੇਤਾ ਸਮੇਂ ਸਮੇਂ ਤੇ ਅਜਿਹੇ ਬਿਆਨ ਦਿੰਦੇ ਰਹਿੰਦੇ ਹਨ। ਜਦੋਂ ਤੋਂ ਦੇਸ਼ ਵਿਚ ਆਰ.ਐਸ.ਐਸ./ਬੀ.ਜੇ.ਪੀ. ਦੀ ਸਰਕਾਰ ਮੋਦੀ ਦੀ ਅਗਵਾਈ ਹੇਠ ਹੋਂਦ ਵਿਚ ਆਈ ਹੈ, ਉਸ ਸਮੇਂ ਤੋਂ ਹੀ ਬੀ.ਜੇ.ਪੀ. ਕੋੜਮੇ ਦੇ ਨੇਤਾ ਬੜੇ ਜਲਾਲ ਵਿਚ ਆਏ ਹੋਏ ਹਨ ਅਤੇ ਬੜੇ ਹੀ ਹੈਂਕੜ ਭਰੇ ਬਿਆਨ ਅਖ਼ਬਾਰਾਂ ਵਿਚ ਦਿੰਦੇ ਹੀ ਰਹਿੰਦੇ ਹਨ। ਬੀ.ਜੇ.ਪੀ. ਦੇ ਕਈ ਨੇਤਾ ਤਾਂ ਐਲਾਨੀਆ ਹੀ ਕਹਿੰਦੇ ਆ ਰਹੇ ਹਨ ਕਿ ਉਹ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਨਾ ਕਹਿਣ ਵਾਲੇ ਨੂੰ ਦੇਸ਼ ਵਿਚ ਨਹੀਂ ਰਹਿਣ ਦੇਣਗੇ। ਇਸ ਆਸ਼ੇ ਦੀ ਪੂਰਤੀ ਲਈ ਆਰ.ਐਸ.ਐਸ. ਦਾ ਗੁੰਡਾ ਬ੍ਰਿਗੇਡ ਮੁਸਲਮਾਨਾਂ ਅਤੇ ਘੱਟ ਗਿਣਤੀ ਲੋਕਾਂ ਦੀ ਕੁਟਮਾਰ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਅਪਮਾਨਤ ਵੀ ਕਰ ਰਿਹਾ ਹੈ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅਜਿਹੇ ਬਿਆਨਾਂ ਦਾ ਕੋਈ ਸੰਵਿਧਾਨਕ ਆਧਾਰ ਵੀ ਹੈ? ਬਿਨਾਂ ਸ਼ੱਕ ਜਵਾਬ ਨਾਂਹ ਵਿਚ ਮਿਲੇਗਾ ਕਿਉਂਕਿ ਦੇਸ਼ ਵਿਚ ਰਹਿਣ ਵਾਲਿਆਂ ਲਈ ਅਜਿਹੇ ਨਾਹਰੇ ਲਾਉਣ ਦਾ ਕੋਈ ਸੰਵਿਧਾਨਕ ਆਧਾਰ ਨਹੀਂ ਹੈ। ਇਸ ਸਬੰਧੀ ਇਹ ਕਿਹਾ ਜਾ ਸਕਦਾ ਹੈ ਕਿ ਅਜਿਹਾ ਕਰਨਾ ਦੇਸ਼ ਦੇ ਸੰਵਿਧਾਨ ਨੂੰ ਖੁਲ੍ਹੀ ਚੁਨੌਤੀ ਦੇਣਾ ਹੈ। ਅਜਿਹੇ ਨਾਹਰੇ ਜਬਰੀ ਤੌਰ ਤੇ ਲਾਉਣ ਲਈ ਮਜਬੂਰ ਕਰਨਾ ਦੇਸ਼ ਦੇ ਕਾਨੂੰਨ ਦੀ ਉਲੰਘਣਾ ਵੀ ਹੈ ਜੋ ਆਰ.ਐਸ.ਐਸ./ਬੀ.ਜੇ.ਪੀ. ਦੇ ਗੁੰਡਾ ਬ੍ਰਿਗੇਡ ਬੜੇ ਧੂਮ-ਧੜੱਕੇ ਨਾਲ ਕਰ ਰਹੇ ਹਨ। ਇਸ ਬਾਬਤ ਹਰ ਕੋਈ ਇਹ ਜਾਣਨ ਦਾ ਅਧਿਕਾਰ ਰਖਦਾ ਹੈ ਕਿ ਅਜਿਹੀਆਂ ਕਰਤੂਤਾਂ ਕਰਨ ਦੀ ਇਜਾਜ਼ਤ ਇਨ੍ਹਾਂ ਟੋਲਿਆਂ ਨੂੰ ਕਿਸ ਨੇ ਦਿਤੀ ਹੈ? ਆਰ.ਐਸ.ਐਸ./ਬੀ.ਜੇ.ਪੀ. ਦੇ ਨੇਤਾ ਜਾਣਬੁਝ ਕੇ ਘੁੱਗੂ ਵੱਟੇ ਬਣੇ ਹੋਏ ਹਨ, ਜਿਸ ਦਾ ਮਤਲਬ ਸਾਫ਼ ਹੈ ਕਿ ਇਹ ਸੱਭ ਉਨ੍ਹਾਂ ਦੀ ਮਰਜ਼ੀ ਅਨੁਸਾਰ ਹੀ ਹੋ ਰਿਹਾ ਹੈ ਕਿਉਂਕਿ ਇਹ ਸੱਭ ਆਰ.ਐਸ.ਐਸ. ਦੇ ਗੁਪਤ ਏਜੰਡੇ ਦਾ ਹਿੱਸਾ ਹੈ।
ਆਮ ਤੌਰ ਤੇ ਇਹ ਵੀ ਪੁਛਿਆ ਜਾਣ ਲੱਗ ਪਿਆ ਹੈ ਕਿ ਇਹ ਭਾਰਤ ਮਾਤਾ ਕਿਥੋਂ ਆ ਗਈ ਕਿਉਂਕਿ ਪੁਰਾਣਾਂ ਅਤੇ ਹੋਰ ਧਾਰਮਕ ਗ੍ਰੰਥਾਂ ਵਿਚੋਂ ਕਈ ਦੇਵੀਆਂ ਬਾਰੇ ਜ਼ਿਕਰ ਆਉਂਦਾ ਹੈ, ਕਈਆਂ ਨੂੰ ਮਾਤਾ ਦਾ ਦਰਜਾ ਦਿਤਾ ਜਾਂਦਾ ਹੈ, ਕਈਆਂ ਦੇ ਮੰਦਰ ਵੀ ਬਣੇ ਹੋਏ ਹਨ ਅਤੇ ਉਨ੍ਹਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ। ਲੱਖਾਂ ਸ਼ਰਧਾਲੂ ਉਨ੍ਹਾਂ ਮੰਦਰਾਂ ਵਿਚ ਦਰਸ਼ਨਾਂ ਲਈ ਵੀ ਜਾਂਦੇ ਹਨ। ਪਰ ਪੁਰਾਣਾਂ ਅਤੇ ਹੋਰ ਧਾਰਮਕ ਗ੍ਰੰਥਾਂ ਵਿਚ ਭਾਰਤ ਮਾਤਾ ਦਾ ਕਿਤੇ ਵੀ ਜ਼ਿਕਰ ਨਹੀਂ ਮਿਲਦਾ ਅਤੇ ਨਾ ਹੀ ਉਸ ਸਬੰਧੀ ਕੋਈ ਕਥਾ ਹੀ ਮਿਲਦੀ ਹੈ। ਇਹ ਠੀਕ ਹੈ ਕਿ ਮਹਾਂਭਾਰਤ ਦੇ ਗ੍ਰੰਥ ਵਿਚ ਭਰਤ ਨਾਂ ਦੇ ਇਕ ਆਰੀਆ ਰਾਜੇ ਦਾ ਜ਼ਿਕਰ ਮਿਲਦਾ ਹੈ ਜੋ ਕਿ ਇਕ ਸੀਮਤ ਭੂ-ਭਾਗ ਉਤੇ ਰਾਜ ਕਰਦਾ ਸੀ ਅਤੇ ਚੰਦਰ ਵੰਸ਼ ਵਿਚੋਂ ਸੀ। ਇਸ ਬਾਬਤ ਮਹਾਂਭਾਰਤ ਗ੍ਰੰਥ ਵਿਚ ਇਕ ਕਥਾ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਮੁਖਾਰਬਿੰਦ ਤੋਂ ਬਿਆਨ ਕਰਵਾਈ ਗਈ ਹੈ, ਜੋ ਕਿ ਉਦਯੋਗ ਪਰਵ ਦੇ 186ਵੇਂ ਸਲੋਕ ਤੋਂ ਸ਼ੁਰੂ ਹੁੰਦੀ ਹੈ ਜੋ ਕਿ ਇਸ ਤਰ੍ਹਾਂ ਹੈ:-
''ਸਤਯਕ ਨੇ ਹੱਥ ਜੋੜ ਕੇ ਪੁਛਿਆ ਕਿ ਹੇ ਰੁਕਮਣੀ ਰਮਣ ਸ੍ਰੀ ਕ੍ਰਿਸ਼ਨ ਜੀ ਸੁਣੋ। ਕੁਰੂ ਵੰਸ਼ ਨੂੰ ਭਾਰਤ ਪਦ ਕਿਉਂ ਕਿਹਾ ਜਾਂਦਾ ਹੈ, ਕੀ ਕਾਰਨ ਹੈ ਉਹ ਕਹੀਏ?''
ਤਦ ਸ੍ਰੀ ਕ੍ਰਿਸ਼ਨ ਜੀ ਮੁਸਕੁਰਾਏ, ਹੇ ਭਾਈ ਹੁਣ ਤੁਸੀ ਪੂਰਵ ਕਥਾ ਨੂੰ ਸੁਣੋ। ਇਸ ਕੁਲ ਦੇ ਰਾਜਾ ਦੁਸ਼ਯੰਤ ਨਾਂ ਦੇ ਹੋਏ ਹਨ। ਉਨ੍ਹਾਂ ਦੀ ਰਾਣੀ ਸ਼ਕੁੰਤਲਾ ਨੂੰ ਕੌਣ ਨਹੀਂ ਜਾਣਦਾ ਜਿਸ ਨਾਲ ਰਾਜਾ ਨੇ ਜੰਗਲ ਵਿਚ ਵਿਆਹ ਕਰਵਾਇਆ ਸੀ। ਉਨ੍ਹਾਂ ਨੇ ਭਰਤ ਨਾਂ ਦੇ ਪੁੱਤਰ ਨੂੰ ਪੈਦਾ ਕੀਤਾ ਸੀ, ਜਿਸ ਕਰ ਕੇ ਸਾਰਾ ਚੰਦਰ ਵੰਸ਼ ਭਾਰਤ ਅਖਵਾਇਆ।''
ਅੱਗੋਂ ਜੋ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਕਥਾ ਸੁਣਾਈ ਉਸ ਦਾ ਸੰਖੇਪ ਇਸ ਪ੍ਰਕਾਰ ਹੈ:-
''ਮਹਾਂ ਮੁਨੀ ਵਿਸ਼ਵਾਮਿਤਰ ਜੰਗਲ ਵਿਚ ਤਪਸਿਆ ਕਰ ਰਹੇ ਸਨ ਤਾਂ ਸਵਰਗ ਵਿਚੋਂ ਇਕ ਮੇਨਕਾ ਨਾਂ ਦੀ ਅਪਸਰਾ ਉਥੇ ਆਉਂਦੀ ਹੈ, ਜਿਸ ਨੂੰ ਵੇਖ ਕੇ ਵਿਸ਼ਵਾਮਿਤਰ ਦਾ ਮਨ ਡੋਲ ਜਾਂਦਾ ਹੈ ਅਤੇ ਉਸ ਦੀ ਤਪਸਿਆ ਭੰਗ ਹੋ ਜਾਂਦੀ ਹੈ। ਵਿਸ਼ਵਾਮਿਤਰ ਅਤੇ ਮੇਨਕਾ ਇਕ ਸਾਲ ਤਕ ਇਕੱਠੇ ਰਹਿੰਦੇ ਹਨ। ਉਸ ਸਮੇਂ ਵਿਸ਼ਵਾਮਿਤਰ ਨੂੰ ਅਪਣੀ ਤਪਸਿਆ ਦਾ ਮੁੜ ਚੇਤੇ ਆਉਂਦਾ ਹੈ ਅਤੇ ਉਹ ਉਥੋਂ ਦੌੜ ਜਾਂਦਾ ਹੈ। ਮੇਨਕਾ ਇਕ ਪੁਤਰੀ ਨੂੰ ਜਨਮ ਦਿੰਦੀ ਹੈ ਪਰ ਉਹ ਵੀ ਬੱਚੀ ਨੂੰ ਦੁਧ ਪਿਆਏ ਬਿਨਾਂ ਦੌੜ ਜਾਂਦੀ ਹੈ। ਬੱਚੀ ਦਾ ਰੋਣਾ ਸੁਣ ਕੇ ਉਤੰਗ ਮੁਨੀ ਉਸ ਨੂੰ ਅਪਣੀ ਕੁਟੀਆ ਵਿਚ ਲੈ ਜਾਂਦੇ ਹਨ ਅਤੇ ਉਸ ਦੀ ਪਰਵਰਿਸ਼ ਕਰਦੇ ਹਨ। ਜਦੋਂ ਉਹ ਜਵਾਨ ਹੋ ਜਾਂਦੀ ਹੈ ਤਾਂ ਉਥੇ ਰਾਜਾ ਦੁਸ਼ਯੰਤ ਆ ਜਾਂਦੇ ਹਨ ਅਤੇ ਉਹ ਸ਼ਕੁੰਤਲਾ ਨੂੰ ਵੇਖ ਕੇ ਉਸ ਉਤੇ ਮੋਹਿਤ ਹੋ ਕੇ ਅਪਣੀ ਸੁਧਬੁਧ ਗਵਾ ਬੈਠਦੇ ਹਨ। ਰਾਜ ਦੁਸ਼ਯੰਤ ਸ਼ਕੁੰਤਲਾ ਨਾਲ ਗੰਧਰਵ ਵਿਆਹ ਕਰ ਲੈਂਦੇ ਹਨ ਅਤੇ ਕੁੱਝ ਦਿਨ ਉਥੇ ਰਹਿ ਕੇ ਵਾਪਸ ਅਪਣੇ ਰਾਜ ਵਿਚ ਚਲੇ ਜਾਂਦੇ ਹਨ। ਸ਼ਕੁੰਤਲਾ ਇਕ ਪੁਤਰ ਨੂੰ ਜਨਮ ਦਿੰਦੀ ਹੈ ਜਿਸ ਦਾ ਨਾਂ ਭਰਤ ਰਖਿਆ ਜਾਂਦਾ ਹੈ। ਭਰਤ ਜਦੋਂ 16 ਸਾਲ ਦਾ ਹੋ ਜਾਂਦਾ ਹੈ ਤਾਂ ਉਤੰਗ ਮੁਨੀ ਸ਼ਕੁੰਤਲਾ ਅਤੇ ਭਰਤ ਨੂੰ ਲੈ ਕੇ ਰਾਜ ਦੁਸ਼ਯੰਤ ਦੇ ਦਰਬਾਰ ਪਹੁੰਚ ਜਾਂਦਾ ਹੈ। ਉਤੰਗ ਮੁਨੀ ਰਾਜਾ ਨੂੰ ਦਸਦੇ ਹਨ ਕਿ ਭਰਤ ਉਸ ਦਾ ਪੁੱਤਰ ਹੈ। ਪਹਿਲਾਂ ਤਾਂ ਰਾਜਾ ਦੁਸ਼ਯੰਤ ਭਰਤ ਨੂੰ ਪਛਾਣਨ ਤੋਂ ਇਨਕਾਰ ਕਰ ਦਿੰਦਾ ਹੈ ਪਰ ਇਕ ਆਕਾਸ਼ਵਾਣੀ ਹੋਣ ਉਪਰੰਤ ਉਹ ਭਰਤ ਨੂੰ ਅਪਣਾ ਪੁੱਤਰ ਸਵੀਕਾਰ ਕਰ ਲੈਂਦਾ ਹੈ ਅਤੇ ਰਾਜ ਭਾਗ ਭਰਤ ਨੂੰ ਦੇ ਕੇ ਸ਼ਕੁੰਤਲਾ ਸਣੇ ਜੰਗਲ ਵਿਚ ਚਲਾ ਜਾਂਦਾ ਹੈ।
ਭਰਤ ਦਾ ਪੁਰੂ ਨਾਮਕ ਪੁੱਤਰ ਹੋਇਆ। ਪੁਰੂ ਦਾ ਨਹੁਸ਼ ਨਾਂ ਦਾ ਪੁੱਤਰ ਹੋਇਆ ਜਿਸ ਦਾ ਯਯਾਤੀ ਪੁੱਤਰ ਹੋਇਆ ਜਿਸ ਦੀਆਂ ਦੋ ਇਸਤਰੀਆਂ ਸਨ ਜਿਨ੍ਹਾਂ ਦਾ ਨਾਂ ਆਰਜਾ ਅਤੇ ਸੁਰਮਿਸ਼ਾ ਸੀ। ਦੋਹਾਂ ਦੇ 10 ਪੁੱਤਰ ਹੋਏ ਅਤੇ ਸਾਰੇ ਹੀ ਭਾਰਤ ਅਖਵਾਏ।
ਇਹ ਸਾਰੀ ਕਥਾ ਸੁਣ ਕੇ ਯਤਯਾਨ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਚਰਨਾਂ ਵਿਚ ਸਿਰ ਨਿਵਾਇਆ।''
(ਸ਼ਲੋਕ 186 ਤੋਂ 212 ਤਕ ਉਦਯੋਗ ਪਰਵ)
ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਕਹੀ ਇਸ ਕਥਾ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਭਰਤ ਜਾਂ ਭਾਰਤ ਪੁਰਸ਼ ਸਨ ਅਤੇ ਇਸਤਰੀ ਨਹੀਂ ਸਨ। ਇਸ ਲਈ ਭਾਰਤ ਮਾਤਾ ਦਾ ਸ਼ਬਦ ਇਕ ਕਾਲਪਨਿਕ ਸ਼ਬਦ ਹੈ ਜੋ ਕਿ ਕਿਸੇ ਖ਼ਾਸ ਮਕਸਦ ਲਈ ਘੜਿਆ ਗਿਆ ਹੈ।
ਦੇਸ਼ ਦਾ ਸਾਰਾ ਪੁਰਾਤਨ ਇਤਿਹਾਸ ਵਾਚਣ ਤੋਂ ਉਪਰੰਤ ਇਹ ਕਿਹਾ ਜਾ ਸਕਦਾ ਹੈ ਕਿ ਦੇਸ਼ ਦਾ ਨਾਂ ਭਾਰਤ ਕਦੇ ਨਹੀਂ ਰਿਹਾ। ਮੁਸਲਮਾਨਾਂ ਦੇ ਲੰਮੇ ਰਾਜ ਵੇਲੇ ਇਸ ਨੂੰ ਹਿੰਦੋਸਤਾਨ ਕਿਹਾ ਜਾਂਦਾ ਸੀ ਅਤੇ ਅੰਗਰੇਜ਼ਾਂ ਦੇ ਰਾਜ ਵੇਲੇ ਇਸ ਨੂੰ ਇੰਡੀਆ ਕਿਹਾ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਵਿਚ ਹਿੰਦੋਸਤਾਨ ਸ਼ਬਦ ਦੀ ਹੀ ਵਰਤੋਂ ਕਰਦੇ ਹਨ:-
ਖੁਰਾਸਾਨ ਖਸਮਾਨਾ ਕੀਆ,
ਹਿੰਦੋਸਤਾਨ ਡਰਾਇਆ।।
ਜੇ ਦੇਸ਼ ਦਾ ਨਾਂ ਭਾਰਤ ਹੁੰਦਾ ਤਾਂ ਗੁਰੂ ਨਾਨਕ ਦੇਵ ਜੀ ਵੀ ਭਾਰਤ ਹੀ ਲਿਖਦੇ। ਇਸ ਦਾ ਇਕ ਇਤਿਹਾਸਕ ਕਾਰਨ ਸੀ ਕਿਉਂਕਿ ਦੇਸ਼ ਇਕ ਇਕਾਈ ਦੇ ਰੂਪ ਵਿਚ ਕਦੇ ਵੀ ਨਹੀਂ ਰਿਹਾ ਸੀ। ਮੁਸਲਮਾਨੀ ਹਮਲਾਵਰਾਂ ਵੇਲੇ ਦੇਸ਼ ਹਜ਼ਾਰਾਂ ਟੁਕੜਿਆਂ ਵਿਚ ਵੰਡਿਆ ਹੋਇਆ ਸੀ। ਹਜ਼ਾਰਾਂ ਹੀ ਰਾਜੇ ਛੋਟੇ ਛੋਟੇ ਭੂ-ਭਾਗਾਂ ਤੇ ਰਾਜ ਕਰਦੇ ਸਨ। ਹਰ ਰਾਜ ਦੇ ਭੂ-ਭਾਗ ਦਾ ਵੱਖ ਵੱਖ ਨਾਂ ਹੁੰਦਾ ਸੀ। ਮਹਾਂਭਾਰਤ ਦੇ ਯੁੱਧ ਵੇਲੇ ਕੌਰਵਾਂ ਵਲੋਂ ਦੁਰਯੋਧਨ ਦੇ ਹੱਕ ਵਿਚ 60 ਹਜ਼ਾਰ ਛੱਤਰਧਾਰੀ ਰਾਜੇ ਅਪਣੀਆਂ ਫ਼ੌਜਾਂ, ਹਥਿਆਰਾਂ, ਰੱਥਾਂ, ਹਾਥੀਆਂ ਸਮੇਤ ਆਉਣ ਦਾ ਜ਼ਿਕਰ ਮਹਾਂਭਾਰਤ ਵਿਚ ਮਿਲਦਾ ਹੈ, ਜਿਨ੍ਹਾਂ ਦੇ ਵਖਰੇ ਵਖਰੇ ਰਾਜਾਂ ਦੇ ਨਾਵਾਂ ਦਾ ਵੇਰਵਾ ਵੀ ਮਿਲਦਾ ਹੈ। ਮੁਗਲਾਂ ਅਤੇ ਅੰਗਰੇਜ਼ਾਂ ਦੇ ਰਾਜ ਵਿਚ ਵੀ ਸੈਂਕੜੇ ਰਾਜੇ ਮੌਜੂਦ ਸਨ। ਅੰਗਰੇਜ਼ਾਂ ਦੇ ਰਾਜ ਨੇ ਸਾਰੇ ਦੇਸ਼ ਨੂੰ ਇਕ ਇਕਾਈ ਵਿਚ ਲਿਆਂਦਾ ਸੀ। ਦੇਸ਼ ਦੀ ਆਜ਼ਾਦੀ ਵੇਲੇ ਵੀ ਦੇਸ਼ ਵਿਚ ਤਕਰੀਬਨ 800 ਰਾਜੇ ਮੌਜੂਦ ਸਨ।
ਸਾਰੇ ਮਹਾਂਭਾਰਤ ਗ੍ਰੰਥ ਵਿਚ ਭਰਤ ਜਾਂ ਭਾਰਤ ਨਾਂ ਦਾ ਕੋਈ ਇਲਾਕਾ ਵੀ ਨਹੀਂ ਦਰਸਾਇਆ ਗਿਆ। ਭਰਤ ਵੰਸ਼ ਜਾਂ ਭਾਰਤ ਵੰਸ਼ ਵਜੋਂ ਹੀ ਇਸ ਦਾ ਜ਼ਿਕਰ ਆਇਆ ਹੈ ਕਿਉਂਕਿ ਸ਼ਕੁਨੀ ਵਲੋਂ ਦੁਰਯੋਧਨ ਨੂੰ ਭਾਰਤ ਵੰਸ਼ ਦੇ ਦੀਪਕ ਵਜੋਂ ਹੀ ਸੰਬੋਧਨ ਕੀਤਾ ਗਿਆ ਹੈ। ਮਹਾਂਭਾਰਤ ਦੇ ਲੇਖਕ ਵਿਆਸ ਜੀ ਵੀ ਮਹਾਂਭਾਰਤ ਨੂੰ ਮਹਾਂਯੁਧ ਵਜੋਂ ਹੀ ਪੇਸ਼ ਕਰਦੇ ਸਨ ਜਿਸ ਵਿਚ ਸਾਰੇ ਯੋਧੇ ਮਾਰੇ ਜਾਂਦੇ ਹਨ।
ਅਸਲ ਵਿਚ ਭਾਰਤ ਮਾਤਾ ਦੀ ਜੈ ਅਤੇ ਦੇਸ਼ ਦੇ ਨਾਂ ਵਜੋਂ ਭਾਰਤ ਸ਼ਬਦ ਦੀ ਕਲਪਨਾ 1925 ਤੋਂ ਬਾਅਦ ਹੋਂਦ ਵਿਚ ਆਈ। ਇਸ ਦਾ ਬਹੁਤ ਵੱਡਾ ਕਾਰਨ ਸੀ। 1917-1918 ਵਿਚ ਬਰਤਾਨੀਆਂ ਪਾਰਲੀਮੈਂਟ ਨੇ ਬਾਲਗ਼ ਵੋਟ ਅਧਿਕਾਰ ਦਾ ਕਾਨੂੰਨ ਪਾਸ ਕਰ ਦਿਤਾ ਸੀ। ਇਧਰ ਦੇਸ਼ ਦੇ ਬ੍ਰਾਹਮਣ ਚਿੰਤਾ ਵਿਚ ਪੈ ਗਏ ਸਨ ਕਿ ਇਹ ਕਾਨੂੰਨ ਸਾਡੇ ਦੇਸ਼ ਵਿਚ ਵੀ ਲਾਗੂ ਹੋ ਜਾਵੇਗਾ ਕਿਉਂਕਿ ਇਥੇ ਵੀ ਅੰਗਰੇਜ਼ਾਂ ਦਾ ਹੀ ਰਾਜ ਹੈ। ਉਸ ਸਮੇਂ ਢਾਈ ਫ਼ੀ ਸਦੀ ਬ੍ਰਾਹਮਣ ਚਿੰਤਾ ਵਿਚ ਸਨ ਕਿ ਜੇ ਚੋਣਾਂ ਹੁੰਦੀਆਂ ਹਨ ਤਾਂ ਬ੍ਰਾਹਮਣਾਂ ਦੇ ਪ੍ਰਤੀਨਿਧ ਕਿਸੇ ਸੂਰਤ ਵਿਚ ਵੀ ਜਿੱਤ ਪ੍ਰਾਪਤ ਨਹੀਂ ਕਰ ਸਕਣਗੇ। ਬ੍ਰਾਹਮਣਾਂ ਦੀ ਚਿੰਤਾ ਜਾਇਜ਼ ਸੀ ਕਿਉਂਕਿ ਉਨ੍ਹਾਂ ਨੇ ਪਿਛਲੇ 4 ਹਜ਼ਾਰ ਸਾਲਾਂ ਤੋਂ ਬਿਨਾਂ ਕਿਸੇ ਕੰਮਕਾਰ ਤੋਂ ਸ਼ਾਹੀ ਜ਼ਿੰਦਗੀਆਂ ਜੀਵੀਆਂ ਸਨ। ਮੁਗ਼ਲਾਂ ਅਤੇ ਅੰਗਰੇਜ਼ਾਂ ਦੇ ਰਾਜ ਵਿਚ ਵੀ ਉਹ ਬਹੁਤ ਮਹੱਤਵਪੂਰਨ ਅਹੁਦਿਆਂ ਉਤੇ ਬਿਰਾਜਮਾਨ ਰਹੇ ਸਨ। ਉਨ੍ਹਾਂ ਦਾ ਸਮਾਜ ਅਤੇ ਰਾਜ ਤੋਂ ਕਬਜ਼ਾ ਖ਼ਤਮ ਹੋ ਰਿਹਾ ਸੀ। ਇਸ ਲਈ ਦਮੋਦਰ ਦਾਸ ਸਾਵਰਕਰ ਨੇ 1920 ਵਿਚ ਬ੍ਰਾਹਮਣ ਸਭਾ ਦੀ ਸਥਾਪਨਾ ਕੀਤੀ। ਸਾਵਰਕਰ ਨੇ ਹਿੰਦੂਤਵ ਨਾਂ ਦੀ ਇਕ ਕਿਤਾਬ ਵੀ ਲਿਖੀ ਜਿਸ ਵਿਚ ਬ੍ਰਾਹਮਣਾਂ ਨੂੰ ਇਹ ਚੇਤਾਵਨੀ ਦਿਤੀ ਗਈ ਸੀ ਕਿ ਜੇ ਉਨ੍ਹਾਂ ਨੇ ਅਪਣੇ ਆਪ ਨੂੰ ਹਿੰਦੂ ਨਾ ਐਲਾਨਿਆ ਤਾਂ ਬ੍ਰਾਹਮਣਾਂ ਦਾ ਪਤਨ ਨਿਸ਼ਚਿਤ ਹੈ। 1923 ਵਿਚ ਬ੍ਰਾਹਮਣ ਸਭਾ ਦਾ ਇਜਲਾਸ ਮੁੜ ਕੇ ਹੋਇਆ। 1925 ਵਿਚ ਆਰ.ਐਸ.ਐਸ. ਦਾ ਗਠਨ ਕੀਤਾ ਗਿਆ ਅਤੇ ਬ੍ਰਾਹਮਣਾਂ ਨੇ ਖ਼ੁਦ ਨੂੰ ਹਿੰਦੂ ਐਲਾਨਿਆ ਅਤੇ ਸ਼ੂਦਰਾਂ, ਅਛੂਤਾਂ ਨੂੰ ਵੀ ਹਿੰਦੂ ਕਹਿਣਾ ਸ਼ੁਰੂ ਕਰ ਦਿਤਾ। ਅੰਗਰੇਜ਼ੀ ਸਰਕਾਰ ਵਲੋਂ ਦੇਸ਼ ਵਿਚ ਕਮਿਊਨਲ ਐਵਾਰਡ ਦੇ ਐਲਾਨ ਨੇ ਬ੍ਰਾਹਮਣਾਂ ਨੂੰ ਹੋਰ ਵੀ ਚਿੰਤਾ ਵਿਚ ਪਾ ਦਿਤਾ ਕਿ ਜੇ ਦਲਿਤਾਂ ਅਤੇ ਅਛੂਤਾਂ ਨੂੰ ਵਖਰੇ ਚੋਣ ਅਧਿਕਾਰ ਦੇ ਕੇ ਵਖਰੇ ਚੋਣ ਖੇਤਰ ਦਿਤੇ ਜਾਂਦੇ ਹਨ ਤਾਂ ਉਨ੍ਹਾਂ ਦਾ ਰਾਜਸੱਤਾ ਉਤੇ ਪਹੁੰਚਣਾ ਮੁਸ਼ਕਲ ਹੋ ਜਾਵੇਗਾ ਅਤੇ ਕਰੋੜਾਂ ਗ਼ੁਲਾਮ ਵੀ ਉਨ੍ਹਾਂ ਤੋਂ ਦੂਰ ਹੋ ਜਾਣਗੇ। ਇਸ ਲਈ ਗਾਂਧੀ ਬਾਬਾ ਨੇ ਦਲਿਤਾਂ ਨੂੰ ਵਖਰੇ ਚੋਣ ਅਧਿਕਾਰ ਦੇਣ ਅਤੇ ਦੋ ਵੋਟਾਂ ਪਾਉਣ ਦੇ ਅਧਿਕਾਰ ਨੂੰ ਖ਼ਤਮ ਕਰਵਾਉਣ ਲਈ ਯਰਵਦਾ ਜੇਲ ਵਿਚ ਮਰਨ ਵਰਤ ਰੱਖ ਦਿਤਾ। ਉਸ ਸਮੇਂ ਅਛੂਤਾਂ ਦੇ ਨੇਤਾ ਡਾ. ਅੰਬੇਦਕਰ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਅਤੇ ਪਿੰਡਾਂ ਵਿਚ ਅਛੂਤਾਂ ਦਲਿਤਾਂ ਦਾ ਸਮੂਹਕ ਕਤਲੇਆਮ ਕਰਨ ਦੀਆਂ ਧਮਕੀਆਂ ਦੇ ਕੇ ਕਮਿਊਨਲ ਅਵਾਰਡ ਵਿਚ ਦਲਿਤਾਂ ਦੇ ਕਾਫ਼ੀ ਅਧਿਕਾਰ ਖ਼ਤਮ ਕਰਵਾ ਦਿਤੇ ਗਏ, ਜਿਨ੍ਹਾਂ ਵਿਚ ਦਲਿਤਾਂ ਨੂੰ ਦੋ ਵੋਟਾਂ ਪਾਉਣ ਦਾ ਅਧਿਕਾਰ ਵੀ ਸ਼ਾਮਲ ਹੈ, ਅਤੇ ਪੂਨਾ ਪੈਕਟ ਦਾ ਸਮਝੌਤਾ ਕਰ ਕੇ ਅਛੂਤਾਂ ਦਲਿਤਾਂ ਦੇ ਭਾਗ ਵਿਧਾਤਾ ਖ਼ੁਦ ਗਾਂਧੀ ਬਾਬਾ ਬਣ ਬੈਠੇ ਅਤੇ ਦਲਿਤਾਂ ਦੀਆਂ ਗ਼ੁਲਾਮੀ ਦੀਆਂ ਜ਼ੰਜ਼ੀਰਾਂ ਮੁੜ ਉੱਚੀਆਂ ਜਾਤੀਆਂ ਦੇ ਹੱਥ ਆ ਗਈਆਂ। ਉਸ ਸਮੇਂ ਆਰ.ਐਸ.ਐਸ. ਨੇ ਭਾਰਤ ਮਾਤਾ ਦੀ ਜੈ ਦਾ ਨਾਹਰਾ ਅਤੇ ਦੇਸ਼ ਲਈ ਭਾਰਤ ਸ਼ਬਦ ਦਾ ਬ੍ਰਾਹਮਣਵਾਦੀ ਆਰੀਆ ਨਾਹਰੇ ਈਜਾਦ ਕੀਤੇ ਕਿਉਂਕਿ ਹਿੰਦੋਸਤਾਨ ਅਤੇ ਇੰਡੀਆ ਵਿਦੇਸ਼ੀਆਂ ਵਲੋਂ ਦਿਤੇ ਗਏ ਨਾਂ ਸਨ। ਆਰ.ਐਸ.ਐਸ. ਨੇ ਫ਼ੌਜੀ ਹਿੰਦੂ ਅਤੇ ਮੁਸਲਮਾਨਾਂ ਦੇ ਆਧਾਰ ਤੇ ਦੋ ਕੌਮਾਂ ਦੀ ਥਿਊਰੀ ਪੇਸ਼ ਕੀਤੀ ਜਿਸ ਦਾ ਸਿੱਟਾ ਪਾਕਿਸਤਾਨ ਬਣਨ ਵਿਚ ਨਿਕਲਿਆ ਜਿਸ ਵਿਚ ਦਸ ਲੱਖ ਬੇਗੁਨਾਹ ਲੋਕ ਮਾਰੇ ਗਏ।
ਭਾਰਤ ਮਾਤਾ ਦੀ ਜੈ ਅਤੇ ਭਾਰਤ ਸ਼ਬਦ ਦੇ ਪਿਛੋਕੜ ਬਾਰੇ ਉਸ ਸਮੇਂ ਕਿਸੇ ਨੂੰ ਸਮਝ ਆਈ ਹੋਵੇ ਜਾਂ ਨਾ ਪਰ ਆਰ.ਐਸ.ਐਸ./ਬੀ.ਜੇ.ਪੀ. ਦੀ ਮੋਦੀ ਦੀ ਅਗਵਾਈ ਵਿਚ ਚਲ ਰਹੀ ਸਰਕਾਰ ਦੇ ਤਿੰਨ ਸਾਲਾਂ ਦੇ ਸਮੇਂ ਵਾਪਰੀਆਂ ਘਟਨਾਵਾਂ ਨੇ ਇਸ ਦੇ ਪਿਛੋਕੜ ਦੀ ਸਮਝ ਸੱਭ ਦੇ ਸਾਹਮਣੇ ਲਿਆ ਦਿਤੀ ਹੈ ਜਿਸ ਦਾ ਨਤੀਜਾ ਦਲਿਤਾਂ, ਮੁਸਲਮਾਨਾਂ, ਈਸਾਈਆਂ ਅਤੇ ਹੋਰ ਘੱਟ ਗਿਣਤੀਆਂ ਅਤੇ ਗ਼ਰੀਬਾਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਇਹ ਵੀ ਸਪੱਸ਼ਟ ਹੈ ਕਿ ਆਉਣ ਵਾਲੇ ਸਮੇਂ ਵਿਚ ਇਸ ਦੇ ਹੋਰ ਵੀ ਗੰਭੀਰ ਸਿੱਟੇ ਨਿਕਲਣਗੇ। ਦੇਸ਼ ਦੇ ਲੋਕ ਭੁਗਤਣ ਲਈ ਤਿਆਰ ਰਹਿਣ।
ਸੰਪਰਕ : 98726-45650