'ਉੱਚਾ ਦਰ...' ਵਿਖੇ ਮਨਾਏ ਗਏ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨਾਲ ਰੁਸ਼ਨਾਈ ਗਈ ਆਤਮਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਉਹ ਲੋਕ ਅਪਣੇ ਪੈਸੇ ਅਤੇ ਤਾਕਤ ਦੀ ਵਰਤੋਂ ਕਰ ਕੇ ਲੋਕਾਂ ਨੂੰ ਪ੍ਰਵਾਭਤ ਕਰ ਲੈਂਦੇ ਸੀ।

Bhai lalo Di Bagichi

ਇਤਿਹਾਸ ਨੇ ਹਮੇਸ਼ਾ ਹੀ ਰਾਜੇ ਰਜਵਾੜਿਆਂ ਅਤੇ ਅਮੀਰ ਲੋਕਾਂ ਹੀ ਨੂੰ ਪ੍ਰਚਾਰਿਆ ਪ੍ਰਸਾਰਿਆ ਹੈ। ਉਹ ਲੋਕ ਅਪਣੇ ਪੈਸੇ ਅਤੇ ਤਾਕਤ ਦੀ ਵਰਤੋਂ ਕਰ ਕੇ ਲੋਕਾਂ ਨੂੰ ਪ੍ਰਵਾਭਤ ਕਰ ਲੈਂਦੇ ਸੀ। ਜ਼ੋਰ ਜਬਰ ਕਰ ਕੇ ਵੀ ਉਹ ਲੋਕਾਂ ਨੂੰ ਉਨ੍ਹਾਂ ਦੇ ਗੁਣ ਗਾਉਣ ਲਈ ਮਜਬੂਰ ਕਰ ਦਿੰਦੇ ਸੀ। ਸਮੇਂ ਦੇ ਲਿਖਾਰੀ ਵੀ ਇਨਾਮਾਂ ਲਈ ਉਨ੍ਹਾਂ ਦੀਆਂ ਝੁਠੀਆਂ ਤਰੀਫ਼ਾਂ ਕਰਦੇ ਸਨ ਜੋ ਬਾਅਦ ਵਿਚ ਕੁੱਝ ਸਮਾਂ ਬੀਤਣ ਨਾਲ ਇਤਿਹਾਸ ਮੰਨ ਲਿਆ ਜਾਂਦਾ ਸੀ। ਬਾਕੀ ਦਾ ਇਤਿਹਾਸ ਤਲਵਾਰ ਵਾਹ ਕੇ ਅਪਣੀ ਬਹਾਦਰੀ ਦੇ ਜੌਹਰ ਵਿਖਾਉਣ ਵਾਲਿਆਂ ਲਈ ਰਾਖਵਾਂ ਕੀਤਾ ਗਿਆ ਹੋਇਆ ਹੈ ਪਰ ਇਨ੍ਹਾਂ ਦੋ ਖੇਤਰਾਂ ਤੋਂ ਬਾਹਰ ਰਹਿ ਕੇ ਚੰਗਾ ਕੰਮ ਕਰਨ ਵਾਲਿਆਂ ਨੂੰ ਇਤਿਹਾਸ ਵਿਚ ਐਵੇਂ ਨਾਂ ਮਾਤਰ ਥਾਂ ਹੀ ਦਿਤੀ ਜਾਂਦੀ ਹੈ। ਮੈਂ ਹੈਰਾਨ ਹਾਂ ਕਿ ਯੁਗ ਪੁਰਸ਼ ਬਾਬੇ ਨਾਨਕ ਦੇ ਅਸਲੀ ਪੈਰੋਕਾਰਾਂ ਨੂੰ ਇਤਿਹਾਸ ਵਿਚ ਬਹੁਤੀ ਥਾਂ ਕਿਉਂ ਨਹੀਂ ਦਿਤੀ ਗਈ, ਨਾ ਹੀ  ਉਨ੍ਹਾਂ ਦੀ ਕੋਈ ਯਾਦਗਾਰ ਹੀ ਸਥਾਪਤ ਕੀਤੀ ਗਈ ਹੈ। ਇਹ ਕੋਈ ਅਣਜਾਣਪੁਣੇ ਦੀ ਭੁੱਲ ਹੈ ਜਾਂ ਕਿਸੇ ਸਾਜ਼ਸ਼ ਤਹਿਤ ਇਨ੍ਹਾਂ ਦਾ ਹੱਕ ਦਬਾਇਆ ਗਿਆ ਹੈ? ਇਨ੍ਹਾਂ ਦੇ ਨਾਂ ਦੀਆਂ ਯਾਦਗਾਰਾਂ ਨਹੀ ਬਣਾਈਆਂ ਗਈਆਂ, ਨਾ ਇਨ੍ਹਾਂ ਨੂੰ ਪ੍ਰਚਾਰਿਆ ਪ੍ਰਸਾਰਿਆ ਹੀ ਗਿਆ ਹੈ। ਬਾਲੇ ਦੀ ਝੂਠੀ ਕਹਾਣੀ ਘੜ ਕੇ ਅੱਜ ਕਲ ਦੇ ਕਥਾਵਾਚਕ ਆਲ-ਪਤਾਲ ਸੁਣਾ-ਸੁਣਾ ਕੇ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚ ਪਾ ਰਹੇ ਹਨ ਪਰ ਬਾਬੇ ਨਾਨਕ ਦੇ ਪਹਿਲੇ ਸਾਥੀ ਭਾਈ ਮਰਦਾਨਾ ਅਤੇ ਮੱਕੇ ਦੇ ਮੌਲਵੀ ਜਿਨ੍ਹਾਂ ਨੂੰ ਪੱਥਰ ਮਾਰ-ਮਾਰ ਕੇ ਇਸ ਲਈ ਸ਼ਹੀਦ ਕਰ ਦਿਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਬਾਬੇ ਨਾਨਕ ਦੇ ਰੱਬੀ ਗਿਆਨ ਨਾਲ ਅਪਣੀ ਸਹਿਮਤੀ ਪ੍ਰਗਟਾਈ ਸੀ, ਉਨ੍ਹਾਂ ਬਾਰੇ ਕੋਈ ਛੋਟਾ ਕਿਤਾਬਚਾ ਵੀ ਨਹੀਂ ਮਿਲਦਾ।

ਚਲੋ ਮੈਂ ਹੁਣ ਸਰਦਾਰ ਜੋਗਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਬੀਬੀ ਜਗਜੀਤ ਕੌਰ ਦੀ ਸੋਚ ਨੂੰ ਸਿਜਦਾ ਕਰਦਾ ਹੋਇਆ ਇਹ ਗੱਲ ਲਿਖਣ ਲਈ ਮਜਬੂਰ ਹੋਇਆ ਹਾਂ ਕਿ ਉਨ੍ਹਾਂ ਨੇ ਭਾਈ ਲਾਲੋ ਨੂੰ ਉਨ੍ਹਾਂ ਦਾ ਇਤਿਹਾਸ ਵਿਚ ਬਣਦਾ ਸਥਾਨ ਦੇ ਕੇ ਤੇ ਬਾਬੇ ਨਾਨਕ ਦਾ ਅਸਲੀ ਗੁਰਪੁਰਬ (ਵੈਸਾਖ ਵਿਚ) 'ਉੱਚਾ ਦਰ ਬਾਬੇ ਨਾਨਕ ਦਾ' ਵਿਖੇ ਮਨਾ ਕੇ ਲੋਕਾਂ ਨੂੰ ਜਗਾਇਆ ਹੀ ਨਹੀਂ, ਸਾਰਿਆਂ ਦੀ ਆਤਮਾ ਨੂੰ ਧੁਰ ਅੰਦਰ ਤਕ ਰੁਸ਼ਨਾਇਆ ਵੀ ਹੈ। ਮਲਿਕ ਭਾਗੋ ਦੇ ਸੁਆਦਲੇ ਵਿਅੰਜਨਾਂ ਨੂੰ ਠੁਕਰਾ ਕੇ ਭਾਈ ਲਾਲੋ ਜੀ ਦੀ ਕੋਧਰੇ ਦੀ ਰੋਟੀ ਦਾ ਜੋ ਅਨੰਦ ਬਾਬੇ ਨਾਨਕ ਨੇ ਉਸ ਸਮੇਂ ਮਾਣਿਆ, ਉਸੇ ਅਨੰਦ ਨੂੰ ਸਰਦਾਰ ਜੋਗਿੰਦਰ ਸਿੰਘ ਨੇ ਹਜ਼ਾਰਾਂ ਪ੍ਰਾਣੀਆਂ ਤੇ ਅੱਗੇ ਜਾ ਕੇ ਲੱਖਾਂ-ਕਰੋੜਾਂ ਪ੍ਰਾਣੀਆਂ ਨੂੰ ਦੇਣ ਦੀ ਜੋ ਪਹਿਲ ਕੀਤੀ ਹੈ, ਇਸ ਦੀ ਦਾਸ ਤਹਿ ਦਿਲ ਤੋਂ ਪ੍ਰਸ਼ੰਸਾ ਕਰਦਾ ਹੈ। ਅਕਾਲ ਪੁਰਖ ਸਰਦਾਰ ਜੋਗਿੰਦਰ ਸਿੰਘ ਜੀ ਅਤੇ ਬੀਬੀ ਜਗਜੀਤ ਕੌਰ ਦੀ ਜੋੜੀ ਨੂੰ ਤੰਦਰੁਸਤੀ ਬਖ਼ਸ਼ੇ ਤਾਕਿ 'ਉੱਚਾ ਦਰ ਬਾਬੇ ਨਾਨਕ ਦਾ' ਅਗਲੇ ਨਾਨਕ ਆਗਮਨ ਪੁਰਬ ਤੋਂ ਪਹਿਲਾਂ ਪਹਿਲਾਂ ਸ਼ੁਰੂ ਹੋ ਕੇ, ਭਾਈ ਲਾਲੋਆਂ ਵਲੋਂ ਸਿਰਜੇ ਕ੍ਰਿਸ਼ਮੇ (ਅਜੂਬੇ) ਦੀਆਂ ਧੂੰਮਾਂ ਸਾਰੇ ਸੰਸਾਰ ਵਿਚ ਪਾ ਸਕੇ ਅਤੇ ਲੋਕਾਈ ਨੂੰ ਅਪਣੇ ਵਿਹੜੇ ਵਿਚ ਆਉਣ ਦਾ ਸੱਦਾ ਦੇ ਕੇ, ਬਾਬੇ ਨਾਨਕ ਦੇ ਗਿਆਨ-ਅੰਮ੍ਰਿਤ ਅਤੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨਾਲ ਸਾਰੀ ਮਾਨਵਤਾ ਨੂੰ ਰਜਾ ਸਕੇ ਤੇ ਲੋੜਵੰਦਾਂ ਦੀਆਂ ਝੋਲੀਆਂ ਭਰ ਸਕੇ। ਸਪੋਕਸਮੈਨ ਦਾ ਹਰ ਪਾਠਕ ਇਸ ਮੌਕੇ ਨੂੰ ਹੋਰ ਛੇਤੀ ਨੇੜੇ ਲਿਆਉਣ ਲਈ ਅਪਣਾ ਵੱਧ ਤੋਂ ਵੱਧ ਹਿੱਸਾ ਪਾਉਣੋਂ ਪਿੱਛੇ ਨਹੀਂ ਰਹਿ ਜਾਣਾ ਚਾਹੀਦਾ ਤੇ 'ਉੱਚਾ ਦਰ...' ਦੇ 10 ਹਜ਼ਾਰ ਮੈਂਬਰ ਬਣ ਜਾਣੇ ਚਾਹੀਦੇ ਹਨ। ਬਾਬਾ ਨਾਨਕ ਦੇ ਵੱਡਮੁੱਲੇ ਸੰਦੇਸ਼ ਨੂੰ ਅੱਗੇ ਚੱਲ ਕੇ ਕਿਸ ਤਰ੍ਹਾਂ ਵਿਗਾੜਿਆ ਗਿਆ ਹੈ ਇਸ ਦਾ ਜਵਾਬ ਆਉਣ ਵਾਲੀ ਪੀੜ੍ਹੀ ਜ਼ਰੂਰ ਮੰਗੇਗੀ।