ਅਸੀ ਭਾਰਤੀ ਹਾਂ, ਹਿੰਦੂ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕੌਣ ਨਹੀਂ ਜਾਣਦਾ ਕਿ ਸਿੱਖ ਧਰਮ, ਇਸਾਈ ਧਰਮ, ਬੁੱਧ ਧਰਮ ਵਖਰੇ ਧਰਮ ਹਨ ਅਤੇ ਇਨ੍ਹਾਂ ਦਾ ਹਿੰਦੂ ਧਰਮ ਨਾਲ ਕੋਈ ਸਰੋਕਾਰ ਨਹੀਂ ਹੈ।

We are Indians

ਅੱਜ ਦੇਸ਼ ਵਿਚ ਸੱਤਾਧਾਰੀ ਖ਼ੇਮੇ ਵਲੋਂ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਦੇਸ਼ ਵਿਚ ਵਸਣ ਵਾਲੇ ਸਾਰੇ ਹੀ ਹਿੰਦੂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੰਨ 2024 ਤਕ ਦੇਸ਼ ਇਕ ਹਿੰਦੂ ਰਾਸ਼ਟਰ ਬਣ ਜਾਵੇਗਾ। ਇਸ ਤੋਂ ਹੱਟ ਕੇ ਹੋਰ ਵੀ ਬਹੁਤ ਤਰ੍ਹਾਂ ਦਾ ਹਿੰਦੂਵਾਦੀ ਪ੍ਰਚਾਰ ਅਤੇ ਪਸਾਰ ਕੀਤਾ ਜਾ ਰਿਹਾ ਹੈ। ਪਰ ਇਹ ਸੱਭ ਕੁੱਝ ਮੰਦਭਾਗਾ ਅਤੇ ਗ਼ਲਤ ਹੈ। ਇਹ ਸੱਭ ਕੁੱਝ ਤਾਨਾਸ਼ਾਹੀ ਵਾਲੀ ਮਾਨਸਿਕਤਾ ਦਾ ਇਜ਼ਹਾਰ ਹੈ। ਇਹ ਸੱਤਾ ਦੀ ਹੈਂਕੜਬਾਜ਼ੀ ਹੈ।ਦੇਸ਼ ਬਿਲਕੁਲ ਵੀ ਹਿੰਦੂ ਰਾਸ਼ਟਰ ਨਹੀਂ ਹੈ, ਨਾ ਹੀ ਕਦੇ ਪਹਿਲਾਂ ਸੀ ਅਤੇ ਨਾ ਹੀ ਹੋਵੇਗਾ। ਅਸੀ ਸਾਰੇ ਭਾਰਤੀ ਹਾਂ। ਸ਼ੁਰੂ ਤੋਂ ਹੀ ਦੇਸ਼ ਵਿਚ ਵੱਖ ਵੱਖ ਧਰਮਾਂ ਦੇ ਲੋਕ ਰਹਿ ਰਹੇ ਹਨ, ਜਿਨ੍ਹਾਂ ਦਾ ਹਿੰਦੂ ਧਰਮ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ। ਬੁਧ ਧਰਮ, ਜੈਨ ਧਰਮ, ਸਿੱਖ ਧਰਮ, ਇਸਲਾਮ ਧਰਮ, ਇਸਾਈ ਧਰਮ ਸਾਰੇ ਹੀ ਵਖਰੇ-ਵਖਰੇ ਮੱਤ ਹਨ। ਹੋਰ ਵੀ ਬਹੁਤ ਸਾਰੇ ਮੱਤਾਂ ਦੇ ਲੋਕ ਦੇਸ਼ ਵਿਚ ਰਹਿੰਦੇ ਹਨ। ਸਾਰੇ ਧਰਮਾਂ ਦੇ ਆਪੋ-ਅਪਣੇ ਰੀਤੀ ਰਿਵਾਜ, ਉਪਦੇਸ਼ ਅਤੇ ਅਕੀਦੇ ਹਨ। ਇਹ ਹਿੰਦੂ ਧਰਮ ਤੋਂ ਵਖਰੇ ਮੱਤ ਹਨ, ਇਸ ਲਈ ਦੇਸ਼ ਨੂੰ ਹਿੰਦੂ ਰਾਸ਼ਟਰ ਕਹਿਣਾ ਉਚਿਤ ਨਹੀਂ ਹੈ। ਇਹ ਫੁੱਟ ਪਾਊ ਅਤੇ ਇਕਤਰਫ਼ਾ ਗੱਲਾਂ ਦਾ ਪ੍ਰਚਾਰ ਦੇਸ਼ ਲਈ ਨੁਕਸਾਨਦਾਇਕ ਹੈ। ਦੇਸ਼ ਦੀ ਏਕਤਾ ਅਤੇ ਅਖੰਡਤਾ, ਦੇਸ਼ ਦੀ ਮਜ਼ਬੂਤੀ ਅਤੇ ਖ਼ੁਸ਼ਹਾਲੀ ਲਈ ਸਾਡਾ ਸਾਰਿਆਂ ਦਾ ਦੇਸ਼ ਪ੍ਰਤੀ ਪਿਆਰ ਹੋਣਾ ਤਾਂ ਬਹੁਤ ਜ਼ਰੂਰੀ ਹੈ। ਪਰ ਸਾਡੇ ਮਨਾਂ ਵਿਚ ਹਿੰਦੂ ਜਾਂ ਗ਼ੈਰਹਿੰਦੂ ਦੀ ਭਾਵਨਾ ਨਹੀਂ ਹੋਣੀ ਚਾਹੀਦੀ। ਇਸ ਨਾਲ ਸਾਡੀ ਭਾਈਚਾਰਕ ਸਾਂਝ ਨੂੰ ਢਾਹ ਲੱਗੇਗੀ। ਹਿੰਦੂਵਾਦ ਜਾਂ ਹਿੰਦੂ ਰਾਸ਼ਟਰ ਦਾ ਢੰਡੋਰਾ ਪਿਟਣਾ ਦੇਸ਼ਧ੍ਰੋਹ ਹੈ ਕਿਉਂਕਿ ਸਾਡਾ ਸੰਵਿਧਾਨ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਸੰਵਿਧਾਨ ਵਿਚ ਕਿਤੇ ਵੀ ਹਿੰਦੂ ਰਾਸ਼ਟਰ ਦੀ ਗੱਲ ਨਹੀਂ ਕੀਤੀ ਗਈ। ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸ਼ੁਰੂ ਵਿਚ ਹੀ ਲਿਖਿਆ ਗਿਆ ਹੈ ਕਿ 'ਅਸੀ ਭਾਰਤ ਦੇ ਲੋਕ ਸਹੁੰ ਖਾ ਕੇ ਸੰਕਲਪ ਲੈਂਦੇ ਹਾਂ ਕਿ ਭਾਰਤ  ਨੂੰ ਇਕ ਪ੍ਰਭੂਤਾਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਜਮਹੂਰੀਅਤ ਪਸੰਦ ਰਾਜ ਬਣਾਵਾਂਗੇ। ਦੇਸ਼ ਦੇ ਸੰਵਿਧਾਨ ਵਿਚ ਕਿਤੇ ਵੀ ਹਿੰਦੂ ਰਾਸ਼ਟਰ ਦਾ ਜ਼ਿਕਰ ਨਹੀਂ ਆਉਂਦਾ। ਇਸ ਲਈ ਦੇਸ਼ ਨੂੰ ਹਿੰਦੂ ਰਾਸ਼ਟਰ ਕਹਿਣਾ ਗ਼ਲਤ ਹੈ। ਇਹ ਸੰਵਿਧਾਨ ਵਿਰੋਧੀ ਹੈ। ਸੱਭ ਕੁੱਝ ਜਾਣਦੇ ਹੋਏ ਵੀ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ, ਜੋ ਦੇਸ਼ ਵਿਰੋਧੀ ਗਤੀਵਿਧੀ ਹੈ। ਦੇਸ਼ ਨੂੰ ਪਿਆਰ ਕਰਨ ਵਾਲੇ ਕਿਸੇ ਵੀ ਵਿਅਕਤੀ ਤੋਂ ਅਜਿਹੀ ਆਸ ਨਹੀਂ ਹੋ ਸਕਦੀ। ਇਹ ਵੀ ਤੌਖਲੇ ਪੈਦਾ ਕੀਤੇ ਜਾ ਰਹੇ ਹਨ ਕਿ ਦੇਸ਼ ਦਾ ਸੰਵਿਧਾਨ ਵੀ ਬਦਲਿਆ ਜਾ ਸਕਦਾ ਹੈ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਸੱਭ ਕੁੱਝ ਵੇਖਦੇ ਹੋਏ ਵੀ ਚੁੱਪ ਹੈ, ਜੋ ਸਰਕਾਰ ਦੀ ਦੋਸ਼ੀਆਂ ਪ੍ਰਤੀ ਹਾਂ-ਪੱਖੀ ਰਵਈਏ ਦੀ ਸਹਿਮਤੀ ਹੈ। ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਅਜਿਹੀਆਂ ਘਿਨੌਣੀਆਂ ਹਰਕਤਾਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਸੱਤਾਧਾਰੀ ਧਿਰ ਨੂੰ ਕੋਰਾ ਵਹਿਮ ਹੈ ਕਿ ਹਿੰਦੂਵਾਦ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਰੋਕਣ ਨਾਲ ਉਨ੍ਹਾਂ ਦੇ ਵੋਟ ਬੈਂਕ ਨੂੰ ਖੋਰਾ ਲੱਗ ਸਕਦਾ ਹੈ। ਸਾਰਿਆਂ ਦੇ ਹਿਤਾਂ ਦੀ ਰਾਖੀ ਕਰਨ ਨਾਲ ਸਰਕਾਰ ਨੂੰ ਜ਼ਿਆਦਾ ਮਜ਼ਬੂਤੀ ਮਿਲੇਗੀ।ਮੋਹਨ ਭਾਗਵਤ ਕਹਿ ਰਹੇ ਹਨ ਕਿ ਸਾਡੇ ਪੁਰਖੇ ਹਿੰਦੂ ਸਨ। ਮੋਹਨ ਭਾਗਵਤ ਇਹ ਵੀ ਕਹਿ ਰਹੇ ਹਨ ਕਿ ਦੇਸ਼ ਵਿਚ ਰਹਿਣ ਵਾਲੇ ਲੋਕ ਭਾਵੇਂ ਕਿਸੇ ਵੀ ਮੱਤ ਨੂੰ ਮੰਨਦੇ ਹੋਣ ਪਰ ਉਹ ਹਿੰਦੂ ਹਨ। ਸਿੱਖਾਂ, ਮੁਸਲਮਾਨਾਂ ਅਤੇ ਇਸਾਈਆਂ ਨੂੰ ਤਾਂ ਅਕਸਰ ਹੀ ਹਿੰਦੂ ਕਿਹਾ ਜਾਂਦਾ ਹੈ। ਮੋਹਨ ਭਾਗਵਤ ਇਹ ਵੀ ਕਹਿ ਰਹੇ ਹਨ ਕਿ ਜਿਹੜੇ ਅਪਣੇ ਆਪ ਨੂੰ ਹਿੰਦੂ ਨਹੀਂ ਮੰਨਦੇ ਉਹ ਭੁੱਲੇ ਹੋਏ ਹਨ। ਮੋਹਨ ਭਾਗਵਤ ਇਹ ਵੀ ਕਹਿੰਦੇ ਹਨ, ਸਾਰੇ ਦੇਸ਼ ਵਾਸੀ ਉਸ ਦੇ ਭਰਾ ਹਨ। ਬੜੀ ਹੈਰਾਨੀ ਦੀ ਗੱਲ ਹੈ ਕਿ ਮੋਹਨ ਭਾਗਵਤ ਆਪਾ ਵਿਰੋਧੀ ਗੱਲਾਂ ਕਰ ਰਹੇ ਹਨ। ਜੇਕਰ ਸਾਰੇ ਹੀ ਹਿੰਦੂ ਹਨ ਅਤੇ ਸਾਰੇ ਹੀ ਭਰਾ ਹਨ ਤਾਂ ਵਖਰੇਵੇਂ ਵਾਲੀ ਮਾਨਸਿਕਤਾ ਕਿਉਂ ਹੈ? ਮਨਾਂ ਵਿਚ ਨਫ਼ਰਤਾਂ ਕਿਉਂ ਹਨ? ਕਿਉਂ ਸਿੱਖਾਂ, ਮੁਸਲਮਾਨਾਂ, ਇਸਾਈਆਂ ਅਤੇ ਦਲਿਤਾਂ ਤੇ ਵਿਸ਼ੇਸ਼ ਹਮਲੇ ਹੋ ਰਹੇ ਹਨ? ਕਿਉਂ ਬਾਬਰੀ ਮਸਜ਼ਿਦ ਢਾਹੁਣ ਦੀ ਜ਼ਰੂਰਤ ਪਈ? ਜੇਕਰ ਸਾਰੇ ਹੀ ਭਰਾ ਹਨ ਤਾਂ ਭਗਵਾਂਕਰਨ ਲਹਿਰ ਚਲਾਉਣ ਦੀ ਕੀ ਜ਼ਰੂਰਤ ਹੈ? ਜੇਕਰ ਸਾਰੇ ਭਰਾ ਹਨ ਤਾਂ ਮਾਰ-ਮੁਕਾਈ ਕਿਉਂ ਹੋ ਰਹੀ ਹੈ? ਕਿਉਂ ਕੱਟੜਤਾਵਾਦੀ ਮਾਨਸਕਤਾ ਤਹਿਤ ਚਾਲਾਂ ਚਲੀਆਂ ਜਾ ਰਹੀਆਂ ਹਨ?
ਮੋਹਨ ਭਾਗਵਤ ਕਹਿ ਰਹੇ ਹਨ ਕਿ ਸਾਡੇ ਸਾਰਿਆਂ ਦੇ ਪੁਰਖੇ ਹਿੰਦੂ ਸਨ, ਇਸ ਲਈ ਅਸੀ ਸਾਰੇ ਹਿੰਦੂ ਹਾਂ। ਇਸ ਗੱਲ ਵਿਚ ਵੀ ਕੋਈ ਵਜ਼ਨ ਵਿਖਾਈ ਨਹੀਂ ਦੇ ਰਿਹਾ। ਮਨੁੱਖੀ ਜੀਵਨ ਲੱਖਾਂ ਵਰ੍ਹੇ ਪਹਿਲਾਂ ਹੋਂਦ ਵਿਚ ਆਇਆ ਹੈ। ਮਨੁੱਖੀ ਜੀਵਨ ਦੇ ਹੋਂਦ ਵਿਚ ਆਉਣ ਸਮੇਂ ਸੰਸਾਰ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਧਰਮ ਪ੍ਰਚਲਤ ਨਹੀਂ ਸੀ। ਧਰਮਾਂ ਦੀ ਉਤਪਤੀ ਤਾਂ ਬਹੁਤ ਬਾਅਦ ਵਿਚ ਹੋਈ ਹੈ। ਮਹਾਨ ਵਿਦਵਾਨ ਚਾਰਲਸ ਡਾਰਵਿਨ ਦਾ ਸਿਧਾਂਤ ਤਾਂ ਇਹ ਵੀ ਕਹਿ ਰਿਹਾ ਹੈ ਕਿ ਸਾਡੇ ਪੁਰਖੇ ਜੰਗਲੀ ਜੀਵ ਸਨ। ਇਹ ਸਹੀ ਵੀ ਹੈ। ਅੱਜ ਜੋ ਅਸੀ ਹਾਂ ਉਹ ਨਿਰੰਤਰ ਵਿਕਾਸ ਕਰ ਕੇ ਹਾਂ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਬਦਲਾਅ ਹੋਵੇਗਾ। ਇਸ ਲਈ ਮੋਹਨ ਭਾਗਵਤ ਦੀ ਇਸ ਗੱਲ ਵਿਚ ਕੋਈ ਵਜ਼ਨ ਨਹੀਂ ਹੈ ਕਿ ਸਾਡੇ ਪੁਰਖੇ ਹਿੰਦੂ ਸਨ। ਸਾਨੂੰ ਸਾਰਿਆਂ ਨੂੰ ਭਾਰਤੀ ਕਹਿਣਾ ਤਾਂ ਉਚਿਤ ਹੈ ਪਰ ਸਾਰਿਆਂ ਨੂੰ ਹਿੰਦੂ ਕਹਿਣਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ।
ਦੇਸ਼ ਸਾਰਿਆਂ ਦਾ ਹੈ ਭਾਵੇਂ ਕਿਸੇ ਵੀ ਮਜ਼ਹਬ ਨਾਲ ਸਬੰਧਤ ਹੋਵੇ। ਅਸੀ ਸਾਰੇ ਭਾਰਤੀ ਹਾਂ। ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਦੇਸ਼ ਦੀ ਮਜ਼ਬੂਤੀ ਅਤੇ ਖ਼ੁਸ਼ਹਾਲੀ ਲਈ ਯਤਨ ਕਰੀਏ। ਮੋਹਨ ਭਾਗਵਤ ਅਤੇ ਉਸ ਦੇ ਸਾਥੀਆਂ ਨੂੰ ਇਕਤਰਫ਼ਾ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸਰਕਾਰ ਦਾ ਵੀ ਫ਼ਰਜ਼ ਹੈ ਕਿ ਅਜਿਹੀਆਂ ਇਕਤਰਫ਼ਾ ਗਤੀਵਿਧੀਆਂ ਤੇ ਸਖ਼ਤੀ ਨਾਲ ਰੋਕ ਲਾਈ ਜਾਵੇ। ਅਜਿਹੇ ਬੇਤੁਕੇ ਅਤੇ ਪੱਖਪਾਤੀ ਪ੍ਰਚਾਰ ਕਰ ਕੇ ਹੀ ਦੇਸ਼ ਅਰਾਜਕਤਾ ਵਲ ਵੱਧ ਰਿਹਾ ਹੈ। ਸਰਕਾਰ ਦੀ ਲੰਮੀ ਉਮਰ ਲਈ ਬੇਲੋੜੀ ਖੁੱਲ੍ਹ ਦੇਣੀ ਜਾਇਜ਼ ਨਹੀਂ ਹੈ। ਸਹਾਰਾ ਭਾਲਣ ਦੀ ਬਜਾਏ ਲੋਕਪੱਖੀ ਕੰਮ ਕਰ ਕੇ ਲੋਕਾਂ ਦਾ ਦਿਲ ਜਿਤਿਆ ਜਾਵੇ। ਲੋਕ ਖ਼ੁਸ਼ਹਾਲ ਹੋਣਗੇ ਤਾਂ ਸਰਕਾਰ ਦੀ ਵਾਹ ਵਾਹ ਅਪਣੇ ਆਪ ਹੋਵੇਗੀ। ਦੇਸ਼ ਨੂੰ ਹਿੰਦੂ ਰਾਸ਼ਟਰ ਦਸਣਾ ਤਾਂ ਦੂਜੇ ਮਜ਼ਹਬਾਂ ਨੂੰ ਤੁੱਛ ਸਮਝਣ ਵਾਲੀ ਗੱਲ ਹੈ, ਜੋ ਦੇਸ਼ ਦੀ ਏਕਤਾ ਅਤੇ ਮਜ਼ਬੂਤੀ ਨੂੰ ਢਾਹ ਲਾਏਗੀ।
ਦੇਸ਼ ਵਿਚ ਬਹੁਤ ਸਾਰੇ ਧਰਮਾਂ, ਮੱਤਾਂ ਤੇ ਫਿਰਕਿਆਂ ਦੇ ਲੋਕ ਹਨ। ਕਿਸ ਤਰ੍ਹਾਂ ਦੇਸ਼ ਨੂੰ ਕਿਸੇ ਇਕ ਮਜ਼ਹਬ ਨਾਲ ਜੋੜਿਆ ਜਾ ਸਕਦਾ ਹੈ? ਮੁਸਲਮਾਨ ਦੇਸ਼ ਵਿਚ 20 ਫ਼ੀ ਸਦੀ ਦੇ ਨੇੜੇ ਹਨ। ਉਨ੍ਹਾਂ ਦਾ ਅਪਣਾ ਮਜ਼ਹਬ ਹੈ। ਕੌਣ ਨਹੀਂ ਜਾਣਦਾ ਕਿ ਸਿੱਖ ਧਰਮ, ਇਸਾਈ ਧਰਮ, ਬੁੱਧ ਧਰਮ ਵਖਰੇ ਧਰਮ ਹਨ ਅਤੇ ਇਨ੍ਹਾਂ ਦਾ ਹਿੰਦੂ ਧਰਮ ਨਾਲ ਕੋਈ ਸਰੋਕਾਰ ਨਹੀਂ ਹੈ। ਹੋਰ ਵੀ ਬਹੁਤ ਸਾਰੇ ਮੱਤਾਂ ਦੇ ਲੋਕ ਦੇਸ਼ ਵਿਚ ਵਸਦੇ ਹਨ। ਠੀਕ ਇਸ ਤਰ੍ਹਾਂ ਹੀ ਦਲਿਤ ਅਤੇ ਪਛੜੇ ਵਰਗਾਂ ਦੇ ਲੋਕ ਅਪਣੇ ਆਪ ਨੂੰ ਹਿੰਦੂ ਨਹੀਂ ਕਹਾਉਂਦੇ ਹਨ। ਉਹ ਤਾਂ ਹਿੰਦੂ ਧਰਮ ਨੂੰ ਹੀ ਅਪਣੇ ਪਛੜੇਪਣ ਲਈ ਜ਼ਿੰਮੇਵਾਰ ਮੰਨਦੇ ਹਨ। ਬਿਨਾਂ ਸ਼ੱਕ ਉਨ੍ਹਾਂ ਨਾਲ ਸਦੀਆਂ ਤੋਂ ਹੋ ਰਹੀ ਬੇਇਨਸਾਫ਼ੀ ਲਈ ਹਿੰਦੂ ਧਰਮ ਜ਼ਿੰਮੇਵਾਰ ਹੈ, ਜੋ ਉਨ੍ਹਾਂ ਨੂੰ ਨੀਚ ਦੱਸ ਰਿਹਾ ਹੈ। ਜੇਕਰ ਦਲਿਤਾਂ ਅਤੇ ਪਛੜੇ ਵਰਗਾਂ ਨੂੰ ਹਿੰਦੂ ਮੰਨ ਵੀ ਲਿਆ ਜਾਵੇ ਤਾਂ ਉਨ੍ਹਾਂ ਨੂੰ ਬਰਾਬਰੀ ਦਾ ਦਰਜਾ ਕਿਉਂ ਨਹੀਂ ਦਿਤਾ ਜਾ ਰਿਹਾ? ਵਿਤਕਰਾ ਵੀ ਹਿੰਦੂ ਧਰਮ ਦੀਆਂ ਹਦਾਹਿਤਾਂ ਮੁਤਾਬਕ ਹੋ ਰਿਹਾ ਹੈ। ਉਹ ਤਾਂ ਹਿੰਦੂ ਧਰਮ ਛੱਡ ਕੇ ਬੁੱਧ ਧਰਮ, ਇਸਲਾਮ ਅਤੇ ਸਿੱਖ ਧਰਮ ਵਲ ਜਾ ਰਹੇ ਹਨ। ਜੇਕਰ ਦਲਿਤ ਤੇ ਪਿਛੜੇ ਵਰਗ ਦੇ ਲੋਕ ਹਿੰਦੂ ਹਨ ਤਾਂ ਉਨ੍ਹਾਂ ਨੂੰ ਸਮਾਨਤਾ ਦੇਣ ਵਿਚ ਝਿਜਕ ਕਿਉਂ ਹੈ? ਕਿਉਂ ਸਦੀਆਂ ਤੋਂ ਉਨ੍ਹਾਂ ਦੇ ਹੱਕ ਦਬਾਏ ਗਏ? ਕਿਉਂ ਉਨ੍ਹਾਂ ਦੇ ਮੰਦਰ 'ਚ ਦਾਖ਼ਲ ਹੋਣ ਤੇ ਪਾਬੰਦੀ ਹੈ? ਇਹ ਸੱਭ ਸਵਾਲਾਂ ਦੇ ਜਵਾਬ ਮੋਹਨ ਭਾਗਵਤ ਅਤੇ ਉਸ ਦੇ ਸਾਥੀਆਂ ਨੂੰ ਦੇਣੇ ਚਾਹੀਦੇ ਹਨ।
ਮੋਹਨ ਭਾਗਵਤ ਅਤੇ ਉਸ ਦੇ ਸਾਥੀ ਇਹ ਤਾਂ ਕਹਿ ਰਹੇ ਹਨ ਕਿ ਸਾਰੇ ਹਿੰਦੂਆਂ ਨੂੰ ਸੰਗਠਤ ਹੋ ਜਾਣਾ ਚਾਹੀਦਾ ਹੈ ਪਰ ਕਿੰਨਾ ਚੰਗਾ ਹੋਵੇ ਜੇਕਰ ਉਹ ਸਮੂਹ ਦੇਸ਼ ਵਾਸੀਆਂ ਨੂੰ ਸੰਗਠਤ ਹੋਣ ਲਈ ਕਹਿਣ। ਉਹ ਇਹ ਤਾਂ ਕਹਿ ਰਹੇ ਹਨ ਕਿ 'ਮਾਣ ਨਾਲ ਕਹੋ ਅਸੀ ਹਿੰਦੂ ਹਾਂ' ਪਰ ਕਿੰਨਾ ਚੰਗਾ ਹੋਵੇ ਜੇਕਰ ਉਹ ਇਹ ਕਹਿਣ ਕਿ 'ਮਾਣ ਨਾਲ ਕਹੋ ਅਸੀ ਭਾਰਤੀ ਹਾਂ।' ਮੋਹਨ ਭਾਗਵਤ ਅਤੇ ਉਸ ਦੇ ਸਾਥੀ ਹਿੰਦੂ ਧਰਮ ਦੇ ਪੈਰੋਕਾਰ ਜਾਂ ਪ੍ਰਚਾਰਕ ਤਾਂ ਹੋ ਸਕਦੇ ਹਨ, ਪਰ ਉਹ ਅਪਣੇ ਇਕਤਰਫ਼ਾ ਜਜ਼ਬਾਤਾਂ ਨੂੰ ਜ਼ਾਬਤੇ ਵਿਚ ਰੱਖਣ। ਉਨ੍ਹਾਂ ਪਾਸ ਕੋਈ ਅਧਿਕਾਰ ਨਹੀਂ ਹੈ ਕਿ ਉਹ ਪੂਰੇ ਦੇਸ਼ ਤੇ ਚਾਦਰ ਪਾਉਣ। ਦੇਸ਼ ਸਾਰਿਆਂ ਦਾ ਹੈ। ਦੇਸ਼ ਦੀ ਤਰੱਕੀ ਵਿਚ ਸਾਰਿਆਂ ਦਾ ਯੋਗਦਾਨ ਹੈ। ਜਦੋਂ ਦੇਸ਼ ਉਤੇ ਭੀੜ ਪੈਂਦੀ ਹੈ ਤਾਂ ਸਾਰੇ ਖ਼ੂਨ ਡੋਲ੍ਹਦੇ ਹਨ। ਉੱਤਰ ਪ੍ਰਦੇਸ਼ ਦੇ ਵਿਧਾਇਕ ਸੁਰਿੰਦਰ ਸਿੰਘ ਕਹਿੰਦੇ ਹਨ ਕਿ ਜਿਸ ਨੂੰ ਭਾਰਤ ਮਾਤਾ ਦੀ ਜੈ ਕਹਿਣ ਤੋਂ ਝਿਜਕ ਹੈ ਉਹ ਪਾਕਿਸਤਾਨੀ ਹੈ। ਬੜੀਆਂ ਹੀ ਅਜੀਬ ਗੱਲਾਂ ਕੀਤੀਆਂ ਜਾ ਰਹੀਆਂ ਹਨ। ਕੀ ਵੰਦੇ ਮਾਤਰਮ ਜਾਂ ਭਾਰਤ ਮਾਤਾ ਦੀ ਜੈ ਕਹਿਣ ਨਾਲ ਹੀ ਅਪਣਾ ਜਾਂ ਪਰਾਇਆ ਹੋਣ ਦਾ ਪ੍ਰਮਾਣ ਪੱਤਰ ਮਿਲ ਜਾਂਦਾ ਹੈ? ਕੀ ਇਸ ਗੱਲ ਦੀ ਕੀ ਗਰੰਟੀ ਹੈ ਕਿ ਜੋ ਭਾਰਤ ਮਾਤਾ ਦੀ ਜੈ ਦਾ ਉਚਾਰਣ ਕਰੇਗਾ ਉਸ ਨੂੰ ਵਿਤਕਰੇਬਾਜ਼ੀ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ ਜਾਂ ਉਸ ਦੀ ਸੁਰੱਖਿਆ ਯਕੀਨੀ ਹੋਵੇਗੀ? ਮੋਹਨ ਭਾਗਵਤ ਅਤੇ ਉਨ੍ਹਾਂ ਸਾਥੀਆਂ ਕੋਲ ਇਹੋ ਜਹੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ। ਇਸ ਲਈ ਇਕਤਰਫ਼ਾ ਕੱਟੜਤਾ ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ।
ਭਾਰਤ ਇਕ ਧਰਮਨਿਰਪੱਖ ਦੇਸ਼ ਹੈ। ਇਥੇ ਹਰ ਕਿਸੇ ਨੂੰ ਵਧਣ-ਫੁੱਲਣ ਦੀ ਆਜ਼ਾਦੀ ਹੈ। ਧਰਮ ਦੇ ਅਧਾਰ ਤੇ ਵਿਤਕਰੇਬਾਜ਼ੀ ਗੁਨਾਹ ਹੈ। ਇਸ ਲਈ ਜ਼ਰੂਰੀ ਹੈ ਕਿ ਦੇਸ਼ ਤੇ ਦੇਸ਼ਵਾਸੀਆਂ ਨੁੰ ਪਿਆਰ ਕੀਤਾ ਜਾਵੇ। ਜੇਕਰ ਹੰਕਾਰ ਅਤੇ ਕ੍ਰੋਧ ਰੱਖ ਕੇ ਹੀ ਬਾਕੀਆਂ ਨਾਲ ਵਿਚਰਨਾ ਹੈ ਤਾਂ ਗੱਲ ਕਿਸ ਤਰ੍ਹਾਂ ਬਣੇਗੀ। ਇਸ ਨਾਲ ਆਪਸੀ ਪ੍ਰੇਮ ਅਤੇ ਸਾਂਝ ਨੂੰ ਢਾਹ ਲੱਗੇਗੀ। ਦੇਸ਼ ਨੂੰ ਹਿੰਦੂ ਰਾਸ਼ਟਰ ਕਹਿਣਾ ਗ਼ਲਤ ਹੈ। ਇਸ ਦੇ ਪਿੱਛੇ ਕਿਸੇ ਤਰ੍ਹਾਂ ਦੀ ਰਾਜਨੀਤਕ ਮਨਸ਼ਾ ਤਾਂ ਹੋ ਸਕਦੀ ਹੈ ਪਰ ਇਹ ਦੇਸ਼ ਦੇ ਹਿਤ ਵਿਚ ਨਹੀਂ ਹੈ। ਵੈਸੇ ਵੀ ਸਰਕਾਰ ਕਦੇ ਵੀ ਕਿਸੇ ਇਕ ਫ਼ਿਕਰੇ ਦੇ ਸਹਿਯੋਗ ਨਾਲ ਨਹੀਂ ਬਣਦੀ ਹੈ। ਇਸ ਲਈ ਸਰਕਾਰ ਨੂੰ ਕਿਸੇ ਇਕ ਫ਼ਿਰਕੇ ਦੀ ਗੱਲ ਨਹੀਂ ਕਰਨੀ ਚਾਹੀਦੀ ਹੈ। ਸਰਕਾਰ ਨੂੰ ਇਕਤਰਫ਼ਾ ਅਤੇ ਕੱਟੜਤਾਵਾਦੀ ਪ੍ਰਚਾਰ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ, ਵਰਨਾ ਆਉਣ ਵਾਲਾ ਸਮਾਂ ਮੁਸੀਬਤਾਂ ਭਰਿਆ ਹੋ ਸਕਦਾ ਹੈ। ਬਿਨਾਂ ਸ਼ੱਕ ਅੱਜ ਜੋ ਹੋ ਰਿਹਾ ਹੈ, ਉਹ ਸਰਕਾਰ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ ਕਿਉਂਕਿ ਸੱਭ ਕੁੱਝ ਬਿਨਾਂ ਰੋਕ-ਟੋਕ ਅਤੇ ਬੇਖੌਫ਼ ਹੋ ਕੇ ਕੀਤਾ ਜਾ ਰਿਹਾ ਹੈ। ਹੈਰਾਨੀ ਅਤੇ ਦੁੱਖ ਦੀ ਗੱਲ ਹੈ ਕਿ ਜ਼ਿੰਮੇਵਾਰ ਬੰਦੇ ਵੀ ਗ਼ੈਰ-ਜ਼ਿੰਮੇਵਾਰ ਗੱਲਾਂ ਕਰ ਰਹੇ ਹਨ। ਵਿਰੋਧੀ ਧਿਰਾਂ ਨੂੰ ਵੀ ਅਜਿਹੇ ਦੇਸ਼ ਵਿਰੋਧੀ ਪ੍ਰਚਾਰ ਅਤੇ ਨੀਤੀਆਂ ਦਾ ਸਖ਼ਤ ਵਿਰੋਧ ਕਰਨਾ ਚਾਹੀਦਾ ਹੈ। ਜ਼ਾਬਤਾ ਪੂਰਾ ਕਰਨ ਤਕ ਸੀਮਤ ਰਹਿਣਾ ਮਹਿੰਗਾ ਪੈ ਸਕਦਾ ਹੈ। ਲੋਕਾਂ ਵਿਚ ਆਪਸੀ ਕੁੜੱਤਣ ਦਿਨੋਂ-ਦਿਨ ਵੱਧ ਰਹੀ ਹੈ, ਜੋ ਸਾਰਿਆਂ ਲਈ ਘਾਤਕ ਹੈ।
ਸਮੂਹ ਦੇਸ਼ਵਾਸੀਆਂ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਵਿਰੁਧ ਇਕਜੁਟ ਹੋ ਕੇ ਲੜਣਾ ਚਾਹੀਦਾ ਹੈ। ਦੇਸ਼ ਨੂੰ ਹਿੰਦੂ ਰਾਸ਼ਟਰ ਕਹਿਣਾ ਦੇਸ਼ ਵਿਰੋਧੀ ਚਾਲ ਹੈ। ਭਾਰਤ ਦੇਸ਼ ਸਾਰਿਆਂ ਦਾ ਹੈ। ਸਾਰਿਆਂ ਨੂੰ ਦੇਸ਼ ਉਤੇ ਮਾਣ ਹੋਣਾ ਚਾਹੀਦਾ ਹੈ। ਸਾਡੀ ਇੱਜ਼ਤ ਜਾਂ ਬੇਇਜ਼ਤੀ ਦੇਸ਼ ਦੀ ਇੱਜ਼ਤ ਅਤੇ ਬੇਇਜ਼ਤੀ ਨਾਲ ਜੁੜੀ ਹੋਈ ਹੈ। ਦੇਸ਼ ਦੀ ਮਜ਼ਬੂਤੀ ਵਿਚ ਹੀ ਸਾਡੀ ਸਾਰਿਆਂ ਦੀ ਮਜ਼ਬੂਤੀ ਹੈ। ਅਸੀ ਸਾਰੇ ਭਰਾ ਹਾਂ। ਅਸੀ ਸਾਰੇ ਭਾਰਤੀ ਹਾਂ। ਸਾਡੀ ਸਦੀਵੀਂ ਸਾਂਝ ਹੈ। ਸਾਂਝ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਾ ਹੋਣ ਦਿਤਾ ਜਾਵੇ। ਅਜਿਹੇ ਮਨਸੂਬੇ ਘਾਤਕ ਹਨ। ਸਾਨੂੰ ਅਜਿਹੇ ਅਨਸਰਾਂ ਨੂੰ ਬਿਲਕੁਲ ਵੀ ਮੂੰਹ ਨਹੀਂ ਲਾਉਣਾ ਚਾਹੀਦਾ ਜੋ ਦੇਸ਼ ਦੇ ਟੋਟੇ ਕਰਨ ਦੇ ਹੱਕ ਵਿਚ ਹਨ। ਅਸੀ ਲੰਮਾ ਸਮਾਂ ਗ਼ੁਲਾਮੀ ਅਜਿਹੇ ਚਲਾਕ ਅਤੇ ਸਵਾਰਥੀ ਅਨਸਰਾਂ ਕਰ ਕੇ ਹੀ ਝੱਲੀ ਹੈ। ਜੇਕਰ ਅਸੀ ਇਕ ਹੁੰਦੇ ਤਾਂ ਮੁੱਠੀ ਭਰ ਵਿਦੇਸ਼ੀ ਸਾਡੀ ਕੰਡ ਨਹੀਂ ਸੀ ਲਵਾ ਸਕਦੇ। ਇਸ ਲਈ ਜ਼ਰੂਰਤ ਹੈ ਭਾਰਤੀ ਹੋਣ ਅਤੇ ਭਾਰਤੀ ਕਹਾਉਣ ਤੇ ਮਾਣ ਮਹਿਸੂਸ ਕਰਨ ਦੀ। ਨਹੀਂ ਤਾਂ ਇਕਤਰਫ਼ਾ ਪ੍ਰਚਾਰ ਕਰਨ ਵਾਲਿਆਂ ਨੂੰ ਖੁੱਲ੍ਹ ਦੇਣਾ ਦੇਸ਼ ਅਤੇ ਸਮਾਜ ਲਈ ਘਾਤਕ ਹੈ।