ਉਹ ਪਿੰਡ ਤੋਂ ਨਾਨਕੇ ਘਰ ਤਕ ਦਾ ਸਾਈਕਲ ਦਾ ਸਫ਼ਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬਚਪਨ ਦੀਆਂ ਯਾਦਾਂ ਹਰ ਇਨਸਾਨ ਨੂੰ ਕਦੇ ਨਾ ਕਦੇ ਯਾਦ ਆਉਂਦੀਆਂ ਹਨ।

File Photo

ਬਚਪਨ ਦੀਆਂ ਯਾਦਾਂ ਹਰ ਇਨਸਾਨ ਨੂੰ ਕਦੇ ਨਾ ਕਦੇ ਯਾਦ ਆਉਂਦੀਆਂ ਹਨ। ਯਾਦਾਂ ਦੀ ਪਟਾਰੀ ਖੁਲ੍ਹ ਹੀ ਜਾਂਦੀ ਹੈ। ਕਾਸ਼! ਕਿਤੇ ਬਚਪਨ ਮੁੜ ਆਉਂਦਾ! ਨਹੀਂ ਬਚਪਨ, ਜਵਾਨੀ ਤੇ ਬੁਢੇਪਾ ਆ ਹੀ ਜਾਂਦੇ ਨੇ। ਇਸ ਤਰ੍ਹਾਂ ਬਚਪਨ ਦੀ ਇਕ ਘਟਨਾ ਸਾਡੇ ਨਾਲ ਵੀ ਵਾਪਰੀ ਜੋ ਮੈਨੂੰ ਯਾਦ ਆ ਗਈ।
ਮੇਰੇ ਤਾਇਆ ਜੀ ਦਾ ਲੜਕਾ ਊਧਮ ਸਿੰਘ, ਮੇਰਾ ਭਤੀਜਾ ਬਲਦੇਵ ਸਿੰਘ ਅਸੀ ਹਮ ਉਮਰ ਜਹੇ ਹੀ ਸੀ। ਸਾਡੇ ਤਿੰਨਾਂ ਵਿਚੋਂ ਊਧਮ ਸਿੰਘ ਕਾਠੀ ਉਤੇ ਬੈਠ ਕੇ ਸਾਈਕਲ ਚਲਾ ਲੈਂਦਾ ਸੀ। ਪਰ ਲੱਤਾਂ ਛੋਟੀਆਂ ਹੋਣ ਕਰ ਕੇ ਸਾਈਕਲ ਚਲਾਉਂਦਾ ਸਾਈਕਲ ਦੇ ਇਧਰ ਉਧਰ ਉਲਰ ਜਾਂਦਾ ਸੀ। ਮੈਂ ਅਜੇ ਕੈਂਚੀ ਸਾਈਕਲ ਚਲਾਉਣਾ ਹੀ ਸਿਖਿਆ ਸੀ, ਉਹ ਵੀ ਡਿੱਗ-ਡਿੱਗ ਕੇ।

ਬਲਦੇਵ ਨੂੰ ਸਾਈਕਲ ਨਹੀਂ ਚਲਾਉਣਾ ਆਉਂਦਾ ਸੀ। ਇਕ ਦਿਨ ਮੈਂ ਕੈਂਚੀ ਸਾਈਕਲ ਚਲਾਉਂਦਾ ਗੁਰਦਵਾਰਾ ਜ਼ਫ਼ਰਨਾਮਾ ਸਾਹਿਬ ਪਹੁੰਚ ਗਿਆ। ਊਧਮ ਤੇ ਬਲਦੇਵ ਉਥੇ ਪਹਿਲਾਂ ਹੀ ਪਹੁੰਚੇ ਹੋਏ ਸਨ। ਅਚਾਨਕ ਹੀ ਊਧਮ ਕਹਿੰਦਾ, ''ਉਏ ਆਪਾਂ ਭੋਤਨੇ ਚਲੀਏ।'' ਊਧਮ ਤੇ ਬਲਦੇਵ ਦੇ ਨਾਨਕੇ ਭੋਤਨੇ ਸਨ। ਮੈਂ ਕਿਹਾ, ''ਸਾਈਕਲ ਕੌਣ ਚਲਾਊ?'' ਊਧਮ ਕਹਿੰਦਾ, ''ਮੈਂ ਚਲਾਵਾਂਗਾ ਸਾਈਕਲ।'' ਊਧਮ ਕਹਿੰਦਾ, ''ਬਲਦੇਵ ਮੂਹਰੇ ਡੰਡੇ ਉਤੇ ਬੈਠੇਗਾ ਤੇ ਤੂੰ ਪਿੱਛੇ ਕਾਠੀ ਉਤੇ। ਜਿਥੇ ਕਿਤੇ ਚੜ੍ਹਾਈ ਵਾਲੀ ਸੜਕ ਆਈ ਤਾਂ ਤੂੰ ਉਤਰ ਕੇ ਧੱਕਾ ਲਗਾ ਦੇਈਂ। ਜਦੋਂ ਰੇੜ੍ਹ ਆ ਜਾਵੇ ਤਾਂ ਛਾਲ ਮਾਰ ਕੇ ਕਾਠੀ ਉਤੇ ਬਹਿ ਜਾਵੀਂ।''

ਲਉ ਜੀ ਬਣ ਗਈ ਸਕੀਮ। ਘਰਦਿਆਂ ਨੂੰ ਬਿਨਾਂ ਦੱਸੇ ਚੱਲ ਪਏ ਤਿੰਨੇ ਜਣੇ। ਬਲਦੇਵ ਸਾਈਕਲ ਦੇ ਡੰਡੇ ਉਤੇ ਤੇ ਮੈਂ ਪਿੱਛੇ ਕਾਠੀ ਤੇ ਬੈਠ ਗਿਆ। ਹੋ ਗਈ ਯਾਤਰਾ ਸ਼ੁਰੂ। ਜਦੋਂ ਕਾਂਗੜ ਲੰਘ ਕੇ ਕੈਚੀਆਂ ਤੋਂ ਸਲਾਬਤਪੁਰੇ ਨੂੰ ਮੁੜ ਗਏ ਤਾਂ ਅੱਗੇ ਜਾ ਕੇ ਚੜ੍ਹਾਈ ਸ਼ੁਰੂ ਹੋ ਗਈ। ਊਧਮ ਮੈਨੂੰ ਕਹਿੰਦਾ, ''ਥੱਲੇ ਉਤਰ ਕੇ ਧੱਕਾ ਲਗਾ ਬਾਈ।'' ਸੱਤ ਅੱਠ ਸਾਲ ਦੀ ਉਮਰ ਸੀ। ਊਧਮ ਸਿੰਘ ਦਾ ਜ਼ੋਰ ਬੜਾ ਲਗਦਾ ਸੀ। ਮੈਂ ਧੱਕਾ ਲਗਾ ਕੇ ਸਾਈਕਲ ਨੂੰ ਚੜ੍ਹਾਈ ਪਾਰ ਕਰਵਾਈ ਤੇ ਰੇੜ੍ਹ ਆਉਣ ਤੇ ਛਾਲ ਮਾਰ ਕੇ ਬਹਿ ਗਿਆ।

ਇਸ ਤਰ੍ਹਾਂ ਅਸੀ ਤਿੰਨੋ ਜਣੇ ਚਾਰ, ਪੰਜ ਚੜ੍ਹਾਈਆਂ ਪਾਰ ਕਰ ਕੇ ਭਦੌੜ ਲੰਘ ਚਲੇ। ਸ਼ਹਿਣੇ ਤੇ ਭਦੌੜ ਦੇ ਵਿਚਕਾਰ ਇਕ ਟੋਭਾ ਆਉਂਦਾ ਸੀ। ਉਥੇ 14-15 ਸਾਲ ਦੇ ਮੁੰਡੇ  ਮੱਝਾਂ ਚਾਰਦੇ ਸੀ। ਉਨ੍ਹਾਂ ਵਿਚੋਂ ਇਕ ਲਮਢੀਂਗ ਜਿਹੇ ਮੁੰਡੇ ਨੇ ਮੂਹਰੇ ਆ ਕੇ ਸਾਡਾ ਸਾਈਕਲ ਫੜ ਲਿਆ ਤੇ ਕਹਿੰਦਾ, ''ਥੱਲੇ ਉਤਰੋ ਉਏ, ਮੈਂ ਸਾਈਕਲ ਚਲਾਉਣੈ।''

ਅਸੀ ਤਾਂ ਡਰ ਗਏ ਕਿ ਇਹ ਸਾਡਾ ਸਾਈਕਲ ਨਾ ਖੋਹ ਕੇ ਲੈ ਜਾਵੇ। ਉਸ ਲੜਕੇ ਨੇ ਸਾਈਕਲ ਚਲਾਉਣਾ ਸ਼ੁਰੂ ਕੀਤਾ, ਅਸੀ ਪਿੱਛੇ-ਪਿੱਛੇ ਭੱਜੇ ਜਾਈਏ। ਕਾਫ਼ੀ ਦੂਰ ਜਾ ਕੇ ਉਹ ਸਾਈਕਲ ਤੋਂ ਉਤਰ ਗਿਆ ਤੇ ਸਾਈਕਲ ਸਾਨੂੰ ਫੜਾ ਦਿਤਾ ਤੇ ਸਾਡੀ ਜਾਨ ਵਿਚ ਜਾਨ ਆਈ। ਉਸੇ ਤਰ੍ਹਾਂ ਫਿਰ ਯਾਤਰਾ ਸ਼ੁਰੂ ਹੋ ਗਈ। ਅਸੀ ਫਿਰ ਸਾਈਕਲ ਚਲਾਉਂਦੇ ਭੋਤਨੇ ਪਿੰਡ ਪਹੁੰਚ ਗਏ। ਸਾਨੂੰ ਤਿੰਨਾਂ ਨੂੰ ਵੇਖ ਕੇ ਬਲਦੇਵ ਦੀ ਨਾਨੀ ਤੇ ਮਾਸੀ ਹੈਰਾਨ ਰਹਿ ਗਈਆਂ ਕਿ ਇਹ ਤਿੰਨੇ ਕਿਵੇਂ ਪਹੁੰਚ ਗਏ? ਬਲਦੇਵ ਦੀ ਨਾਨੀ ਪੁੱਛਣ ਲੱਗੀ, ''ਬਲਦੇਵ ਪੁੱਤਰ ਘਰੇ ਦੱਸ ਕੇ ਆਇਐਂ?''

ਬਲਦੇਵ ਕਹਿੰਦਾ, ''ਨਹੀਂ ਨਾਨੀ ਜੀ।'' ਉਨ੍ਹਾਂ ਨੂੰੰ ਫਿਕਰ ਪੈ ਗਿਆ। ਖੇਡਦੇ-ਖੇਡਦੇ ਰਾਤ ਹੋ ਗਈ। ਰੋਟੀ-ਪਾਣੀ ਛੱਕ ਕੇ ਅਸੀ ਮੰਜਿਆਂ ਉਤੇ ਪੈ ਗਏ। ਉਸ ਸਮੇਂ ਪਿੰਡਾਂ ਵਿਚ ਬਿਜਲੀ ਨਹੀਂ ਸੀ ਹੁੰਦੀ। ਵਿਹੜੇ ਵਿਚ ਡਾਹੇ ਮੰਜਿਆਂ ਉਤੇ ਪੈ ਗਏ। ਉਸ ਸਮੇਂ ਵੱਡਿਆਂ ਤੋਂ ਬੱਚਿਆਂ ਨੂੰ ਬਾਤਾਂ ਸੁਣਨ ਦਾ ਬੜਾ ਸ਼ੌਕ ਹੁੰਦਾ ਸੀ। ਬਲਦੇਵ ਦੀ ਨਾਨੀ ਤੇ ਮਾਸੀ ਤੋਂ ਬਾਤਾਂ ਸੁਣਦੇ ਤਾਰਿਆਂ ਵਲ ਵੇਖਦੇ-ਵੇਖਦੇ ਸਾਨੂੰ ਨੀਂਦ ਆ ਗਈ।

ਰਾਤ ਲੰਘੀ ਦੂਜਾ ਦਿਨ ਚੜ੍ਹਿਆ ਮੇਰਾ ਵੱਡਾ ਭਰਾ ਰਾਜ ਸਿੰਘ ਰਾਜਦੂਤ ਮੋਟਰਸਾਈਕਲ ਲੈ ਕੇ ਭੋਤਨੇ ਪਹੁੰਚ ਗਿਆ। ਉਧਰ ਘਰੇ ਜਜਮੈਂਟ ਹੋ ਗਈ ਸੀ ਕਿ ਭੋਤਨੇ ਪਿੰਡ ਹੀ ਗਏ ਹੋਣੇ ਆ। ਭਾਈ ਸਾਹਬ ਨੂੰ ਵੇਖ ਕੇ ਅਸੀ ਡਰ ਗਏ ਕਿ ਹੁਣ ਕੁੱਟ ਪਊ। ਪਰ ਬਚਾਅ ਹੋ ਗਿਆ। ਭਾਈ ਸਾਹਬ ਨੇ ਊਧਮ ਨੂੰ ਕਿਹਾ, ''ਚੱਕ ਸਾਈਕਲ, ਤੁਰ ਪਿੰਡ ਨੂੰ।'' ਊਧਮ ਸਾਈਕਲ ਤੇ ਚੜ੍ਹ ਕੇ ਤੁਰ ਪਿਆ ਵਾਪਸ ਪਿੰਡ ਨੂੰ। ਸਾਨੂੰ ਦੋਹਾਂ ਨੂੰ ਭਾਈ ਸਾਹਬ ਨੇ ਮੋਟਰ ਸਾਈਕਲ ਉਤੇ ਬਿਠਾ ਲਿਆ ਤੇ ਟੱਲੇਵਾਲ ਤੋਂ ਭਦੌੜ ਹੁੰਦੇ ਹੋਏ ਵਾਪਸ ਯਾਤਰਾ ਪਿੰਡ ਦੀ ਸ਼ੁਰੂ ਹੋ ਗਈ।
ਸੰਪਰਕ : 95011-93326, ਮਾ. ਅਵਤਾਰ ਸਿੰਘ