ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਸਕਾਰ ਨਾਲ ਜੁੜੇ ਵਿਵਾਦ ਦਾ ਕੱਚ-ਸੱਚ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਅਤੇ ਪਦਮ ਸ੍ਰੀ ਨਿਰਮਲ ਸਿੰਘ ਖ਼ਾਲਸਾ

File Photo

ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਅਤੇ ਪਦਮ ਸ੍ਰੀ ਨਿਰਮਲ ਸਿੰਘ ਖ਼ਾਲਸਾ ਜੀ ਦੀ ਸੋਗਮਈ ਮੌਤ ਤੋਂ ਬਾਅਦ ਇਹ ਆਵਾਜ਼ਾਂ ਉੱਠ ਰਹੀਆਂ ਹਨ ਕਿ ਭਾਈ ਸਾਹਬ ਦਾ ਸਸਕਾਰ ਰੋਕਣ ਵਿਚ ਕਿਤੇ ਨਾ ਕਿਤੇ ਜਾਤ-ਪਾਤ ਦਾ ਰੌਲਾ ਸੀ। ਇਲਜ਼ਾਮ ਹੈ ਕਿ ਜਿਵੇਂ ਭਾਈ ਸਾਹਬ ਨੇ ਇਕ ਸੈਮੀਨਾਰ ਵਿਚ ਬੋਲਿਆ ਸੀ ਕਿ ਮੈਂ ਮਜ਼੍ਹਬੀ ਸਿੱਖਾਂ ਦਾ ਪੰਜਵੀਂ ਪਾਸ ਗ਼ਰੀਬ ਬੱਚਾ ਹਾਂ ਪਰ ਮੇਰੇ ਗੁਰੂ ਦੀ ਬਖ਼ਸ਼ਿਸ਼ ਸਦਕਾ ਮੇਰੀਆਂ ਲਿਖੀਆਂ ਦੋ ਪੁਸਤਕਾਂ ਪੰਜਾਬੀ ਯੂਨੀਵਰਸਟੀ ਪਟਿਆਲਾ ਵਿਚ ਸਿਲੇਬਸ ਦਾ ਹਿੱਸਾ ਹਨ।

ਗੁਰੂ ਦੇ ਇਸ ਨਿਮਾਣੇ ਤੇ ਗ਼ਰੀਬ ਸਿੱਖ ਤੇ 26 ਵਿਦਿਆਰਥੀ ਪੀ.ਐਚ.ਡੀ. ਕਰ ਚੁੱਕੇ ਹਨ ਜਾਂ ਫਿਰ ਕਰ ਰਹੇ ਹਨ (ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਤੇ ਪਦਮ ਸ੍ਰੀ ਨਿਰਮਲ ਸਿੰਘ ਖ਼ਾਲਸਾ) ਕਾਰਨ ਹੀ ਵੇਰਕਾ ਵਾਸੀਆਂ ਨੇ ਵਿਰੋਧ ਕੀਤਾ ਤੇ ਪਦਮ ਸ੍ਰੀ ਦੀ ਉਪਾਧੀ ਲੈਣ ਤੋਂ ਬਾਅਦ ਵੀ ਉੱਚ ਜਾਤੀ ਦੇ ਲੋਕਾਂ ਨੇ ਉਨ੍ਹਾਂ ਨੂੰ ਸਵੀਕਾਰਿਆ ਨਹੀਂ, ਇਹ ਕਿੰਨਾ ਕੁ ਠੀਕ ਹੈ, ਅੱਗੇ ਵੀਚਾਰਦੇ ਹਾਂ?

ਕੁੱਝ ਲੋਕ ਉਨ੍ਹਾਂ ਦੀ ਸ਼੍ਰ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਲਿਖੀ ਦੁਖੜੇ ਭਰੀ ਚਿੱਠੀ ਦਾ ਵੀ ਜ਼ਿਕਰ ਕਰਦੇ ਹਨ ਜਿਸ ਦਾ ਹਵਾਲਾ ਦੇ ਕੇ ਉਹ ਜਾਤ ਪਾਤ ਦੇ ਪੱਖ ਨੂੰ ਹੀ ਉਜਾਗਰ ਕਰਦੇ ਹਨ। ਇਸ ਨੂੰ ਸਸਕਾਰ ਵਾਲੀ ਘਟਨਾ ਨਾਲ ਜੋੜਨਾ ਕਿੰਨਾ ਕੁ ਠੀਕ ਹੈ? ਸਹੀ ਤੇ ਅਹਿਮ ਤੱਥ ਸਾਹਮਣੇ ਆਉਣੇ ਜ਼ਰੂਰੀ ਹਨ ਤਾਕਿ ਕੋਈ ਉਲਝਣ ਬਾਕੀ ਨਾ ਰਹਿ ਜਾਵੇ। ਉਸ ਚਿੱਠੀ ਵਿਚ ਭਾਈ ਸਾਹਬ ਨੇ ਉਸ ਸਮੇਂ ਦੇ ਹੈੱਡ ਗ੍ਰੰਥੀ ਮੋਹਣ ਸਿੰਘ ਵਲੋਂ ਉਨ੍ਹਾਂ ਪ੍ਰਤੀ ਦੋ ਵਾਰੀ ਜਾਤ ਚਿਤਾਰਨ ਵਾਲੇ ਲਫ਼ਜ਼ਾਂ ਦਾ ਜ਼ਿਕਰ ਕੀਤਾ ਹੈ।

ਕੀ ਇਨ੍ਹਾਂ ਗੱਲਾਂ ਕਰ ਕੇ ਕਿ ਉਹ ਮਜ਼ਬੀ ਸਿੱਖ ਸਨ, ਹੀ ਵੇਰਕਾ ਵਾਸੀਆਂ ਵਲੋਂ ਸਸਕਾਰ ਲਈ ਮਨ੍ਹਾਂ ਕੀਤਾ ਜਾਂ ਕੁੱਝ ਹੋਰ ਕਾਰਨ ਸਨ? ਇਨ੍ਹਾਂ ਦੀ ਪੜਤਾਲ ਜ਼ਰੂਰੀ ਹੈ। ਇਨ੍ਹਾਂ ਸਾਰੀਆਂ ਗੱਲਾਂ ਦੀ ਗੰਢ ਖੋਲ੍ਹਣ ਲਈ ਅੱਗੇ ਚਲਦੇ ਹਾਂ ਤੇ ਸਾਰੀ ਸਥਿਤੀ ਸਾਫ਼ ਕਰਨ ਦੀ ਕੋਸ਼ਿਸ਼ ਕਰਾਂਗੇ। ਭਾਈ ਸਾਹਬ ਨੂੰ ਹਜ਼ੂਰੀ ਰਾਗੀ ਦਾ ਰੁਤਬਾ ਹੁਨਰ, ਸੂਰੀਲੀ ਆਵਾਜ਼, ਸਿੱਖ ਹੋਣ ਦੇ ਗੁਣ ਕਾਰਨ ਹੀ ਮਿਲਿਆ ਸੀ, ਨਾ ਕਿ ਕੋਈ ਕੋਟੇ ਅਧੀਨ (ਰੀਜ਼ਰਵੇਸ਼ਨ ਅਧੀਨ)। ਉਨ੍ਹਾਂ ਦਾ ਪੰਥ ਵਿਚ ਸਤਿਕਾਰ ਪੰਥਕ ਸ਼ਖ਼ਸੀਅਤ ਤੇ ਗੁਰੂ ਰਾਮਦਾਸ ਜੀ ਦੇ ਘਰ ਦਾ ਕੀਰਤਨੀਆਂ ਹੋਣ ਕਾਰਨ ਹੀ ਸੀ।

ਸਾਰੀ ਉਮਰ ਕੌਮ ਨੇ ਉਨ੍ਹਾਂ ਨੂੰ ਵੱਡਾ ਸਤਿਕਾਰ ਦਿਤਾ ਤੇ ਕਿਸੇ ਨੇ ਜਾਤ ਨਹੀਂ ਪੁੱਛੀ ਜਦੋਂ ਉਨ੍ਹਾਂ ਨੂੰ ਘਰ ਜਾਂ ਹੋਰ ਵੱਡੇ ਸਮਾਗਮਾਂ ਵਿਚ ਕੀਰਤਨ ਕਰਨ ਲਈ ਬੁਲਾਇਆ। ਆਪ੍ਰੇਸ਼ਨ ਬਲੈਕ ਥੰਡਰ ਵੇਲੇ ਮਰਿਆਦਾ ਕਾਇਮ ਰੱਖਣ ਲਈ ਭਾਈ ਸਾਹਬ ਨੇ ਗੋਲੀਬਾਰੀ ਵਿਚ 9 ਘੰਟੇ ਕੀਰਤਨ ਕੀਤਾ ਸੀ। ਇਹੋ ਜਿਹਾ ਰੋਲ ਸਾਕਾ ਨੀਲਾ ਤਾਰਾ ਵੇਲੇ ਗੁਰੂ ਦੇ ਹੋਰ ਲਾਲਾਂ ਨੇ ਵੀ ਅਦਾ ਕੀਤਾ ਸੀ ਜਦੋਂ ਹਾਲਾਤ ਹੋਰ ਵੀ ਭਿਅੰਕਰ ਸਨ। ਭਾਈ ਸਾਹਬ ਭਾਵੇਂ ਅਪਣੇ ਆਪ ਨੂੰ ਮਜ਼੍ਹਬੀ ਸਿੱਖਾਂ ਦਾ ਬੱਚਾ ਦਸਦੇ ਹਨ, ਉਨ੍ਹਾਂ ਦਾ ਅਪਣੇ ਆਪ ਨੂੰ ਮਜ਼੍ਹਬੀ ਸਿੱਖਾਂ ਦਾ ਬੱਚਾ ਦਸਣਾ ਸਿਰਫ਼ ਤੇ ਸਿਰਫ਼ ਗੁਰੂ ਪ੍ਰਤੀ ਸਮਰਪਣ ਤੇ ਊਚ-ਨੀਚ ਛੂਤ-ਛਾਤ ਤੋਂ ਉੱਪਰ ਸਿੱਖ ਧਰਮ ਦੀ ਮਹਾਨਤਾ ਨੂੰ ਦਰਸਾਉਣਾ ਹੀ ਸੀ।

ਉਨ੍ਹਾਂ ਦੇ ਕਹਿਣ ਦਾ ਭਾਵ ਇਹ ਸੀ ਕਿ ਇਕੱਲਾ ਸਕੂਲ ਵਿਚ ਪੜ੍ਹਨ ਨਾਲ ਹੀ ਗਿਆਨ ਨਹੀਂ ਹੁੰਦਾ, ਗਿਆਨ ਤਾਂ ਖ਼ੁਦ ਨੂੰ ਗੁਰੂ ਨੂੰ ਅਰਪਣ ਕਰਨ ਨਾਲ ਹੀ ਮਿਲਦਾ ਹੈ, ਭਾਵੇਂ ਹੁਣ ਕਈ ਉਨ੍ਹਾਂ ਦੀ ਪਛਾਣ ਦਲਿਤ ਵਜੋਂ ਉਭਾਰ ਰਹੇ ਨੇ ਪਰ ਸਿੱਖੀ ਨੇ ਉਹ ਬੁਲੰਦੀਆਂ ਬਖ਼ਸ਼ੀਆਂ ਜੋ ਉਹ ਸੋਚ ਵੀ ਨਹੀਂ ਸੀ ਸਕਦੇ।
ਭਾਈ ਸਾਹਬ ਦੀ ਅਖ਼ੀਰਲੀ ਕਾਲ ਰੀਕਾਡਿੰਗ ਬਾਹਰ ਆਉਣ ਤੋਂ ਬਾਅਦ ਪ੍ਰਸ਼ਾਸਨ ਦੀ ਲਾਹਪ੍ਰਵਾਹੀ ਵਾਲਾ ਪੱਖ ਕਾਪੀ ਉੱਪਰ ਹੈ ਤੇ ਪੰਜਾਬ ਸਰਕਾਰ ਨੇ ਜਾਂਚ ਦੇ ਆਦੇਸ਼ ਵੀ ਦੇ ਦਿਤੇ ਹਨ। ਭਾਈ ਸਾਹਬ ਦੇ ਸਪੁੱਤਰ ਭਾਈ ਮਸਕੀਨ ਸਿੰਘ ਜੀ ਅਨੁਸਾਰ 24-25 ਮਾਰਚ ਚੰਡੀਗੜ੍ਹ ਵਿਖੇ ਇਕ ਪ੍ਰਭਾਵਸ਼ਾਲੀ ਸਿੱਧੂ ਪ੍ਰਵਾਰ ਦੇ ਘਰ ਕੀਰਤਨ ਕਰ ਕੇ ਆਏ ਸਨ। ਉਨ੍ਹਾਂ ਦੀ ਜ਼ਿੰਦਗੀ ਬਹੁਤ ਹੀ ਰੁਝੇਵਿਆਂ ਭਰੀ ਹੁੰਦੀ ਸੀ, ਇਸ ਕਰ ਕੇ ਉਨ੍ਹਾਂ ਦਾ ਸ੍ਰੀਰ ਢਿੱਲਾਮੱਠਾ ਰਹਿੰਦਾ ਸੀ।

ਛਾਤੀ ਵਿਚ ਇੰਨਫ਼ੈਕਸ਼ਨ ਸੀ। ਬਾਕੀ ਕੋਈ ਹੋਰ ਮੁਸ਼ਕਿਲ ਨਹੀਂ ਸੀ। ਅਗਲੇ ਦਿਨ ਗੁਰੂ ਰਾਮਦਾਸ ਹਸਪਤਾਲ ਚੈੱਕ ਕਰਵਾਉਣ ਗਏ, ਡਾਕਟਰ ਨੇ ਚੈੱਕ ਕਰ ਕੇ ਕੋਈ ਤੇਜ਼ ਦਵਾਈ ਦੇ ਦਿਤੀ ਜਿਸ ਕਰ ਕੇ ਉਨ੍ਹਾਂ ਨੂੰ ਇਕ ਦਿਨ ਵਿਚ ਬਹੁਤ ਵਾਰ ਪੇਸ਼ਾਬ ਆਇਆ ਤੇ ਉਹ ਬਾਥਰੂਮ ਵਿਚ ਹੀ ਡਿੱਗ ਗਏ। ਉਨ੍ਹਾਂ ਦੀ ਛਾਤੀ ਦਾ ਦਰਦ ਤੇ ਖੰਘ ਪਹਿਲਾਂ ਨਾਲੋਂ ਵੱਧ ਗਈ। ਪ੍ਰਵਾਰ ਨੇ ਹੌਸਲਾ ਦਿਤਾ ਕਿ ਬੁਖ਼ਾਰ ਵੀ ਨਹੀਂ ਹੈ ਤੁਸੀ ਠੀਕ ਹੋ। 10-15 ਡਾਕਟਰ ਬਦਲੇ। ਪੀ.ਜੀ.ਆਈ. ਦਿੱਲੀ, ਚੰਡੀਗੜ੍ਹ ਤੋਂ ਵੀ ਡਾਕਟਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਇਹ ਆਮ ਖੰਘ ਹੈ।

ਫਿਰ ਗੁਰੂ ਰਾਮਦਾਸ ਹਸਪਤਾਲ ਗਏ ਛਾਤੀ ਦਾ ਐਕਸਰੇ ਤੇ ਹੋਰ ਟੈਸਟ ਕੀਤੇ। ਸਾਰੇ ਟੈਸਟ ਨਾਰਮਲ ਸਨ ਪਰ ਤਕਲੀਫ਼ ਜ਼ਿਆਦਾ ਸੀ। ਗੁਰੂ ਰਾਮਦਾਸ ਵਾਲਿਆਂ ਸਾਨੂੰ ਦਾਖ਼ਲ ਕਰਨ ਤੋਂ ਮਨ੍ਹਾ ਕਰ ਦਿਤਾ ਤੇ ਉਨ੍ਹਾਂ ਨੂੰ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਜਾਣ ਲਈ ਕਿਹਾ ਕਿਉਂਕਿ ਕੋਰੋਨਾ ਦੇ ਸ਼ੱਕੀਆਂ ਨੂੰ ਉਥੇ ਦਾਖ਼ਲ ਕਰਨ ਦੇ ਸਰਕਾਰੀ ਆਦੇਸ਼ ਸਨ। ਉਥੇ ਦਾਖ਼ਲ ਕਰਵਾਇਆ। ਐਸਜੀਪੀਸੀ ਦੇ ਸਕੱਤਰ ਡਾ. ਰੂਪ ਸਿੰਘ ਤੇ ਡੀ.ਸੀ. ਸਾਹਬ ਲਗਾਤਾਰ ਸਾਡੇ ਨਾਲ ਸੰਪਰਕ ਵਿਚ ਸਨ ਤੇ ਹਰ ਮਦਦ ਦਾ ਭਰੋਸਾ ਦੇ ਰਹੇ ਸਨ।

ਗੁਰੂ ਨਾਨਕ ਦੇਵ ਹਸਪਤਾਲ ਜਾ ਕੇ ਉਨ੍ਹਾਂ ਸੇਬ ਖਾਧਾ, ਸੂਪ ਪੀਤਾ ਕੋਰੋਨਾ ਦਾ ਟੈਸਟ ਕਰਨ ਤੇ ਨੈਗੇਟਿਵ ਆਇਆ। ਅਸੀ ਬਹੁਤ ਖ਼ੁਸ਼ ਹੋਏ। ਅਸੀ ਕਿਹਾ ਕਿ ਘਰ ਲੈ ਜਾਂਦੇ ਹਾਂ ਪਰ ਡਾਕਟਰ ਨੇ ਕਿਹਾ ਕਿ ਇਕ ਹੋਰ ਟੈਸਟ ਦੀ ਰੀਪੋਰਟ 3.00 ਵਜੇ ਆਉਣੀ ਹੈ ਉਸ ਤੋਂ ਬਾਅਦ ਦੱਸਾਂਗੇ। ਅਸੀ ਬਹੁਤ ਹੈਰਾਨ ਪ੍ਰੇਸ਼ਾਨ ਹੋਏ। ਸਮਾਂ ਬੀਤਿਆ 3:00 ਤੋਂ ਬਾਅਦ ਡਾਕਟਰ ਨੇ ਕਿਹਾ ਕਿ ਭਾਈ ਸਾਹਬ ਨੂੰ ਕੋਰੋਨਾ ਹੈ। ਭਾਈ ਸਾਹਬ ਦੀ ਕਾਲ ਰਿਕਾਡਿੰਗ ਦਸਦੀ ਹੈ ਕਿ 4 ਘੰਟੇ ਤਕ ਉਨ੍ਹਾਂ ਨੂੰ ਕੋਈ ਡਾਕਟਰ ਚੈੱਕ ਕਰਨ ਹੀ ਨਾ ਆਇਆ।

ਸਾਨੂੰ ਨਰਸਾਂ ਨੇ ਦਸਿਆ ਕਿ ਡਾਕਟਰਾਂ ਨੇ ਦੋ ਟੀਕੇ ਲਗਾਉਣ ਲਈ ਕਿਹਾ ਸੀ, ਅਸੀ ਉਹ ਦੋ ਟੀਕੇ ਲਗਾਏ (ਪਰ ਇਸ ਗੱਲ ਬਾਰੇ ਕੁੱਝ ਪਤਾ ਨਹੀਂ ਹੈ)। ਮੀਡੀਆਂ ਰਾਹੀਂ ਵੀ ਇਹ ਗੱਲ ਸਾਹਮਣੇ ਆ ਗਈ ਕਿ ਮਰੀਜ਼ਾਂ ਨੂੰ ਵੇਖਣ ਕੋਈ ਵੀ ਮੁੱਖ ਡਾਕਟਰ ਨਹੀਂ ਜਾਂਦਾ ਬਸ ਜੂਨੀਅਰ ਹੀ ਵੇਖਦੇ ਹਨ।
ਜੇਕਰ ਅਸੀ ਭਾਈ ਸਾਹਬ ਦੇ ਸਸਕਾਰ ਵਾਲੇ ਦਿਨ ਦੀ ਘਟਨਾ ਉਤੇ ਨਜ਼ਰਸਾਨੀ ਮਾਰੀਏ ਤਾਂ ਅਖ਼ਬਾਰੀ ਖ਼ਬਰ ਅਨੁਸਾਰ 2 ਅਪ੍ਰੈਲ 2020 ਤੜਕੇ ਸਾਢੇ ਚਾਰ ਵਜੇ ਅਚਾਨਕ ਪਏ ਦਿਲ ਦੇ ਦੌਰੇ ਨਾਲ ਭਾਈ ਸਾਹਬ ਦਾ ਦੇਹਾਂਤ ਹੋ ਜਾਂਦਾ ਹੈ। ਪ੍ਰਵਾਰ ਨੂੰ ਪਹਿਲਾਂ ਤਾਂ ਡਾਕਟਰ ਕਹਿਣ ਲੱਗੇ ਕਿ ਮ੍ਰਿਤਕ ਦੇਹ ਤੁਹਾਨੂੰ ਦੇ ਦੇਵਾਂਗੇ ਪਰ ਬਾਅਦ ਵਿਚ ਉਹੀ ਡਾਕਟਰ ਮ੍ਰਿਤਕ ਦੇਹ ਦੇਣ ਤੋਂ ਇਨਕਾਰ ਕਰਨ ਲੱਗੇ।

ਫਿਰ ਅਸੀ ਡੀ.ਸੀ. ਤੇ ਡਾ. ਰੂਪ ਸਿੰਘ ਨਾਲ ਡਾਕਟਰਾਂ ਦੀ ਮੋਬਾਈਲ ਉਤੇ ਗੱਲ ਕਰਵਾ ਕੇ ਲਾਸ਼ ਦੇਣ ਨੂੰ ਮਨਵਾ ਲਿਆ। ਪ੍ਰਸ਼ਾਸਨ ਨੇ ਹਸਪਤਾਲ ਦੇ ਨੇੜੇ ਵੇਰਕਾ ਪਿੰਡ ਵਿਚ ਸ਼ਮਸ਼ਾਨਘਾਟ ਹੋਣ ਕਾਰਨ ਸਸਕਾਰ ਕਰਨ ਦੀ ਚੋਣ ਕਰ ਲਈ। ਜਦ ਅਸੀ ਭਾਈ ਸਾਹਬ ਦੀ ਮ੍ਰਿਤਕ ਦੇਹੀ ਨੂੰ ਲੈ ਕੇ ਸਸਕਾਰ ਲਈ ਵੇਰਕਾ ਲੈ ਕੇ ਗਏ ਤਾਂ ਉਥੇ ਇਕੱਠੇ ਹੋਏ ਲੋਕਾਂ ਨੇ ਸੱਭ ਤੋਂ ਪਹਿਲਾ ਵੇਰਕਾ ਦੇ ਸਮਸ਼ਾਨਘਾਟ ਨੂੰ ਤਾਲਾ ਮਾਰ ਦਿਤਾ ਤੇ ਉਨ੍ਹਾਂ ਅੰਦਰ ਸਸਕਾਰ ਲਈ ਲਗਾਏ ਬਾਲਣ ਨੂੰ ਵੀ ਕਬਜ਼ੇ ਵਿਚ ਲੈ ਲਿਆ ਤੇ ਨਾਹਰੇਬਾਜ਼ੀ ਕਰਨ ਲੱਗੇ।

ਇਸ ਸਸਕਾਰ ਦਾ ਦੁਪਿਹਰ 2 ਵਜੇ ਤੋਂ ਸ਼ਾਮ 6 ਵਜੇ ਤਕ ਵਿਰੋਧ ਹੁੰਦਾ ਰਿਹਾ। ਮੇਰੀ ਜਾਚੇ ਸਾਰੇ ਵਿਵਾਦ ਦਾ ਮੁੱਖ ਦੋਸ਼ੀ ਪ੍ਰਸ਼ਾਸਨ ਹੈ ਜਿਹੜਾ ਇਲਾਕੇ ਦੇ ਲੋਕਾਂ ਨੂੰ ਨਾ ਤਾਂ ਇਹ ਸਮਝਾ ਸਕਿਆ ਕਿ ਸ਼ਹਿਰ ਦਾ ਮੁੱਖ ਸ਼ਮਸ਼ਾਨਘਾਟ ਛੱਡ ਕੇ ਵੇਰਕੇ ਦਾ ਸ਼ਮਸ਼ਾਨਘਾਟ ਕਿਉਂ ਚੁਣਿਆ ਤੇ ਫਿਰ ਇਹ ਸਮਝਾਉਣ ਵਿਚ ਵੀ ਅਸਮਰੱਥ ਰਿਹਾ ਕਿ ਸਸਕਾਰ ਉਥੇ ਹੋਣ ਨਾਲ ਬੀਮਾਰੀ ਫੈਲਣ ਦਾ ਕੋਈ ਡਰ ਨਹੀਂ। ਇਸੇ ਕਰ ਕੇ ਭਾਈ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਦਾ ਨਿਰਾਦਰ ਵੀ ਹੋਇਆ ਤੇ ਸਮੁੱਚੇ ਸਿੱਖ ਜਗਤ ਦੇ ਹਿਰਦਿਆਂ ਨੂੰ ਵੀ ਠੇਸ ਲੱਗੀ।

ਭਾਈ ਸਾਹਬ ਦੀ ਮ੍ਰਿਤਕ ਦੇਹੀ ਸੜਕ ਉਪਰ ਹੀ ਇਕ ਸਟਰੈਚਰ ਉਤੇ ਪਈ ਸੀ। ਸ਼ੁਰੂ ਤੋਂ ਲੈ ਕੇ ਅੰਤ 2 ਵਜੇ ਤੋਂ ਸ਼ਾਮ 6 ਵਜੇ ਤਕ ਸਸਕਾਰ ਪ੍ਰਤੀ ਸਾਰਾ ਰੌਲਾ ਕੈਮਰੇ ਤੇ ਰਿਕਾਰਡ ਹੋ ਰਿਹਾ ਸੀ, ਕਿਸੇ ਨੇ ਵੀ ਜਾਤਪਾਤ ਦੀ ਕੋਈ ਗੱਲ ਨਹੀਂ ਕੀਤੀ। ਲੋਕਾਂ ਵਿਚ ਤਾਂ ਬਸ ਡਰ ਤੇ ਅਗਿਆਨਤਾ ਹੀ ਜ਼ਿਆਦਾ ਭਾਰੂ ਸੀ ਜੋ ਸਾਫ਼ ਦਿਸ ਰਹੀ ਸੀ। ਇਸ ਘਟਨਾ ਨੂੰ ਵੇਖ ਕੇ ਅਸੀ ਕਹਿ ਸਕਦੇ ਹਾਂ ਕਿ ਭਾਈ ਸਾਹਬ ਦੇ ਸਸਕਾਰ ਵਿਚ ਪਾਈ ਗਈ ਰੁਕਾਵਟ, ਜਾਤਪਾਤੀ ਊਚ-ਨੀਚ ਨਹੀਂ ਬਲਕਿ ਕੋਰੋਨਾ ਵਾਇਰਸ ਦੇ ਸਰਕਾਰੀ ਪ੍ਰਚਾਰ ਦੀ ਪੈਦਾ ਕੀਤੀ ਦਹਿਸ਼ਤ ਹੈ।

ਲੋਕਾਂ ਦੀ ਸੋਝੀ ਤੇ ਸਮਝ ਦਾ ਅੰਦਾਜ਼ਾ ਤੁਸੀ ਇਸ ਗੱਲ ਤੋਂ ਵੀ ਲਗਾ ਸਕਦੇ ਹੋ ਕਿ ਲੋਕ ਥਾਲੀਆਂ ਤਾੜੀਆਂ ਮਾਰ ਕੋਰੋਨਾ ਨੂੰ ਭਜਾਉਣ ਦੀ ਗੱਲ ਕਰਦੇ ਹਨ ਤੇ ਥਾਲੀਆਂ, ਤਾੜੀਆਂ ਵਜਾਉਣ ਤੋਂ ਬਾਅਦ ਖ਼ੁਸ਼ੀ ਵਿਚ ਜਲੂਸ ਦੀ ਸ਼ਕਲ ਵਿਚ ਸੜਕਾਂ ਤੇ ਆਉਂਦੇ ਹਨ। ਇਨ੍ਹਾਂ ਲੋਕਾਂ ਦੀ ਸਮਝ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾ ਸਕਦੇ ਹੋ ਕਿ ਲੋਕਾਂ ਨੇ ਕੋਰੋਨਾ ਨੂੰ ਭਜਾਉਣ ਲਈ ਦੀਵੇ ਹੀ ਨਹੀਂ ਜਗਾਏ ਸਗੋਂ ਪਟਾਕੇ, ਆਤਿਸ਼ਬਾਜ਼ੀਆਂ ਚਲਾ ਕੇ ਪ੍ਰਦੂਸ਼ਣ ਵੀ ਫੈਲਾਇਆ, ਜਦੋਂ ਕਿ ਕੋਰੋਨਾ ਵਾਇਰਸ ਸਾਹ ਪ੍ਰਣਾਲੀ ਤੇ ਹੀ ਹਮਲਾ ਕਰਦਾ ਹੈ। ਲੋਕਾਂ ਦੀ ਅਗਿਆਨਤਾ ਤੇ ਡਰ ਦਾ ਅੰਦਾਜ਼ਾ ਇਸ ਘਟਨਾ ਤੋਂ ਵੀ ਲਗਾਇਆ ਜਾ ਸਕਦਾ।

ਜਿਸ ਅਨੁਸਾਰ ਬਜ਼ੁਰਗ ਮਾਤਾ ਸੁਰਿੰਦਰ ਕੌਰ (ਸ਼ਿਮਲਾਪੁਰੀ, ਲੁਧਿਆਣਾ)  ਦਾ ਅੰਤਿਮ ਸਸਕਾਰ ਉਸ ਦੇ ਅਪਣੇ ਹੀ ਬੱਚਿਆਂ ਨੇ ਕੋਰੋਨਾ ਤੋਂ ਡਰਦਿਆਂ ਨਹੀਂ ਕੀਤਾ।ਅੰਤ ਭਾਈ ਨਿਰਮਲ ਸਿੰਘ ਖ਼ਾਲਸਾ ਦਾ ਸਸਕਾਰ ਦੇਰ ਸ਼ਾਮ ਅੰਮ੍ਰਿਤਸਰ-ਪਠਾਨਕੋਟ ਰੋਡ ਉਤੇ ਨਵੇਂ ਬਣੇ ਵੇਰਕਾ ਤੇ ਮੂਧਲ ਬਾਈਪਾਸ ਤੇ ਵੇਰਕੇ ਦੀ ਮੁਸ਼ਤਰਕਾ ਮਾਲਕਣ ਕਮੇਟੀ ਦੁਆਰਾ ਦਾਨ ਕੀਤੀ ਗਈ 10 ਕਨਾਲ ਜ਼ਮੀਨ ਤੇ 2 ਅਪ੍ਰੈਲ ਸ਼ਾਮ 7.25 ਤੇ ਲੰਮੇ ਵਿਵਾਦ ਤੋਂ ਬਾਅਦ ਕਰ ਦਿਤਾ ਗਿਆ। ਇਹ ਜਗ੍ਹਾ ਛੱਪੜ ਵਾਲੀ ਤੇ ਗੰਦਗੀ ਭਰਪੂਰ ਸੀ। ਪ੍ਰਸ਼ਾਸਨ ਨੇ ਰਾਤ ਨੂੰ ਹੀ ਲੱਕੜਾਂ ਦਾ ਪ੍ਰਬੰਧ ਕੀਤਾ।

ਚਾਰ ਪੰਜ ਕੁ ਨਾਲ ਆਏ ਬੰਦੇ ਮ੍ਰਿਤਕ ਦੇਹੀ ਨੂੰ ਛੱਡ ਕੇ ਉਥੋਂ ਚਲੇ ਗਏ। ਅਰਦਾਸ ਉਪਰੰਤ ਭਾਈ ਸਾਹਬ ਦੀ ਦੇਹ ਨੂੰ ਅਗਨਭੇਟ ਕੀਤਾ ਗਿਆ। ਭਾਈ ਸਾਹਬ ਦੇ ਸਪੁੱਤਰ ਮਸਕੀਨ ਸਿੰਘ ਨੇ ਰੋਂਦੇ ਅੱਗੇ ਦਸਿਆ ਕਿ ਮੇਰਾ ਭਰਾ ਤੇ ਇਕ ਹੋਰ ਬੰਦਾ ਉਥੇ ਰੁਕ ਗਏ। ਪਤਾ ਨਹੀਂ ਉਨ੍ਹਾਂ ਦੇ ਮਨ ਵਿਚ ਕੀ ਆਈ, ਉਨ੍ਹਾਂ ਕਿਹਾ ਕਿ ਅਸੀ ਬਾਅਦ ਵਿਚ ਆਵਾਂਗੇ। ਉਹੀ ਗੱਲ ਹੋਈ ਰਾਤ 10:00 ਵਜੇ ਦੇ ਕਰੀਬ ਅੱਗ ਬੁੱਝ ਗਈ। ਉਨ੍ਹਾਂ ਵੇਖਿਆ ਕਿ ਲੱਕੜਾਂ ਘੱਟ ਹੋਣ ਕਾਰਨ ਮ੍ਰਿਤਕ ਦੇਹ ਅੱਧੀ ਹੀ ਸੜੀ ਸੀ।

ਰਾਤ ਉਸ ਸੁਨਸਾਨ ਇਲਾਕੇ ਵਿਚ ਸਾਡੀ ਮਦਦ ਕਰਨ ਵਾਲਾ ਕੋਈ ਨਹੀਂ ਸੀ। ਰਾਤ ਹੀ ਰੋਂਦੇ ਕੁਰਲਾਉਂਦੇ ਦੁਖੀ ਹੋਇਆਂ ਮੈਂ ਆਸ-ਪਾਸ ਤੋਂ ਕੁੱਝ ਲੱਕੜਾਂ ਇਕੱਠੀਆਂ ਕੀਤੀਆਂ, ਜੋ ਤਰੇਲ ਨਾਲ ਗਿੱਲੀਆਂ ਸਨ, ਉਨ੍ਹਾਂ ਲੱਕੜਾਂ ਨਾਲ ਹੀ ਮ੍ਰਿਤਕ ਦੇਹ ਦਾ ਸਸਕਾਰ ਕੀਤਾ। ਪ੍ਰਸ਼ਾਸਨ ਤੇ ਸਮਾਜ ਵਲੋਂ ਪੰਥਕ ਰੂਹ ਪ੍ਰਤੀ ਇਹ ਬੇਰੁਖੀ ਸਮਾਜ ਦੇ ਮੱਥੇ ਉਪਰ ਕਲੰਕ ਦੇ ਰੂਪ ਵਿਚ ਇਹ ਇਤਿਹਾਸਕ ਘਟਨਾ ਬਣ ਕੇ ਸਦਾ ਲਈ ਦਰਜ ਹੋ ਗਈ। ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਸ਼੍ਰੋੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਆਗੂਆਂ ਨੇ ਵੀ ਸਸਕਾਰ ਵਾਲੇ ਵਿਵਾਦ ਦੌਰਾਨ ਉਹ ਭੂਮਿਕਾ ਨਹੀਂ ਨਿਭਾਈ ਜੋ ਉਨ੍ਹਾਂ ਨੂੰ ਨਿਭਾਉਣੀ ਚਾਹੀਦੀ ਸੀ।

ਸੋ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਜੀਵਨ ਤੇ ਮੌਤ ਦੇ ਪ੍ਰਕਰਣ ਨੇ ਅਸਲ ਵਿਚ ਇਹ ਸਾਹਮਣੇ ਲਿਆਂਦਾ ਹੈ ਕਿ ਜਾਤ-ਪਾਤ ਨੂੰ ਪਛਾੜਨਾ ਕਿਵੇਂ ਹੈ ਪਰ ਕਈ ਸੱਜਣ ਉਨ੍ਹਾਂ ਨੇ ਸਸਕਾਰ ਵਾਲੇ ਮਾਮਲੇ ਵਿਚ ਝੂਠ ਫੈਲਾ ਕੇ ਮਨੂੰਵਾਦੀ ਹਿਤਾਂ ਦੀ ਪਹਿਰੇਦਾਰੀ ਕਰ ਰਹੇ ਹਨ।
ਸੰਪਰਕ : 98720-99100