ਇਹ ਕੈਸੇ ਕਾਰੇ ਕਰਦੀ ਦੁਨੀਆਂ (ਭਾਗ 1)
ਇਹ ਜ਼ੁਲਮ ਤੇ ਹੁੰਦਾ ਸੁਣਿਆ ਸੀ ਕਿ ਰੱਬ ਨਾਲ ਮੱਥਾ ਲਾਉਣ ਵਾਲੇ ਕਈ ਲੋਕੀ ਦੋ ਡੰਗ ਦੀ ਰੋਟੀ ਲਈ ਨਿੱਕੇ ਨਿੱਕੇ ਬਾਲਾਂ ਦੇ ਲਿੰਗ, ਪੈਰ ਭੰਨ੍ਹ ...
ਇਹ ਜ਼ੁਲਮ ਤੇ ਹੁੰਦਾ ਸੁਣਿਆ ਸੀ ਕਿ ਰੱਬ ਨਾਲ ਮੱਥਾ ਲਾਉਣ ਵਾਲੇ ਕਈ ਲੋਕੀ ਦੋ ਡੰਗ ਦੀ ਰੋਟੀ ਲਈ ਨਿੱਕੇ ਨਿੱਕੇ ਬਾਲਾਂ ਦੇ ਲਿੰਗ, ਪੈਰ ਭੰਨ੍ਹ ਕੇ ਭਿਖਾਰੀ ਬਣਾ ਦੇਂਦੇ ਨੇ। ਇਸ ਤੋਂ ਵੱਡਾ ਪਾਪ ਅਤੇ ਇਸ ਤੋਂ ਘਟੀਆ ਕਾਰਾ ਕੀ ਹੋ ਸਕਦਾ ਏ? ਪਰ ਜੇ ਆਲੇ ਦੁਆਲੇ ਝਾਤੀ ਮਾਰ ਕੇ ਵੇਖੀਏ ਤਾਂ ਪਤਾ ਲਗਦਾ ਏ ਕਿ ਹੁਣ ਮੂੰਹ ਜ਼ੋਰ ਬੁਰਾਈ ਦੀ ਕੋਈ ਹੱਦ ਨਹੀਂ ਰਹਿ ਗਈ। ਅੱਜ ਦਾ ਇਨਸਾਨ ਸ਼ਰਮ ਦੀ ਲੋਈ ਲਾਹ ਕੇ ਇਨਸਾਨੀਅਤ ਨੂੰ ਬਾਲ ਕੇ ਹੱਥ ਸੇਕ ਰਿਹਾ ਹੈ।
ਚੰਨ ਨੂੰ ਹੱਥ ਲਾ ਲੈਣ ਵਾਲੇ ਅੱਜ ਦੇ ਮੁਹੱਜ਼ਬ ਇਨਸਾਨ ਨੇ ਜਿਥੇ ਤਹਿਜ਼ੀਬ ਦੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਨੇ, ਉਥੇ ਜ਼ੁਲਮ ਅਤੇ ਇਨਸਾਨੀਅਤ ਨੂੰ ਕਤਲ ਕਰਨ ਵਾਲੇ ਵੀ ਬੜੇ ਹੀ ਨਿਰਾਲੇ ਸਾਇੰਸੀ ਢੰਗ ਈਜਾਦ ਕਰ ਲਏ ਹਨ।ਬਾਲਾਂ ਦੇ ਅੰਗ ਤੋੜ ਕੇ ਫ਼ਕੀਰ ਬਣਾਉਣਾ ਜਾਂ ਹਵਾ ਦੀ ਜਾਈ ਧੀ ਨੂੰ ਜੰਮਣ ਤੋਂ ਪਹਿਲਾਂ ਹੀ ਮਾਂ ਦੇ ਪੇਟ ਵਿਚ ਕਤਲ ਕਰਨ ਵਾਲੇ ਕਾਰਨਾਮੇ ਤਾਂ ਹੁਣ ਪੁਰਾਣੇ ਪੈ ਚੁਕੇ ਨੇ।
ਹੁਣ ਤਾਂ ਇਨਸਾਨ ਨੂੰ ਬਹੁਤੀ ਅਕਲ ਨੇ ਵਹਿਸ਼ੀ ਬਣਾ ਕੇ ਹਜ਼ਾਰਾਂ ਸਾਲ ਪਹਿਲਾਂ ਵਾਲਾ ਜੰਗਲੀ ਬਣਾ ਦਿਤਾ ਹੈ। ਸੱਭ ਨੂੰ ਪਤਾ ਹੈ ਕਿ ਇਨਸਾਨ ਦੀ ਅਕਲ ਕੋਲੋਂ ਜਨੌਰ ਵੀ ਡਰਦੇ ਨੇ। ਕਿਧਰੇ ਚਿੜੀਆਂ, ਕਾਂ, ਦਾਣਾ ਦੁਣਾ ਚੁਗਦੇ ਹੋਣ ਤੇ ਉਨ੍ਹਾਂ ਕੋਲ ਕੁੱਤਾ, ਭੇਡ ਜਾਂ ਬਕਰੀ ਚਲੀ ਜਾਏ ਤਾਂ ਉਨ੍ਹਾਂ ਨੂੰ ਕੋਈ ਖ਼ੌਫ਼ ਨਹੀਂ ਹੁੰਦਾ ਪਰ ਇਨਸਾਨ ਨੇੜੇ ਚਲਾ ਜਾਏ ਤਾਂ ਤ੍ਰਭਕ ਕੇ ਉਡ ਜਾਂਦੇ ਨੇ। ਉਨ੍ਹਾਂ ਨੂੰ ਪਤਾ ਹੈ ਕਿ ਇਸ ਦੇ ਹੱਥੋਂ ਖ਼ੈਰ ਨਹੀਂ ਤੇ ਇਸ ਜ਼ਾਲਮ ਨੂੰ ਤੇ ਫਾਹੀ ਹੀ ਲਾਉਣੀ ਆਉੁਂਦੀ ਏ।
ਇਨਸਾਨ ਦੀ ਨਿੱਕੀ ਜਹੀ ਝਲਕ ਵਿਖਾਉਣ ਤੋਂ ਬਾਅਦ ਲੰਦਨ ਵਿਚ ਵਾਪਰਨ ਵਾਲਾ ਅੱਜ ਦਾ ਨਵਾਂ ਇਨਸਾਨੀ ਕਾਰਨਾਮਾ ਪੇਸ਼ ਕਰ ਰਿਹਾ ਹਾਂ। ਅਜੀਬ ਗੱਲ ਇਹ ਹੈ ਇਸ ਕਾਰਨਾਮੇ ਜਾਂ ਡਰਾਮੇ ਦੇ ਸਾਰੇ ਪਾਤਰ ਕੋਰੇ ਚਿੱਟੇ ਅਨਪੜ੍ਹ ਹਨ ਪਰ ਵੇਖਣਾ ਇਹ ਹੈ ਕਿ ਬਹੁਤੇ ਪੜ੍ਹੇ ਹੋਏ ਕਾਂ, ਸਿਆਣੇ ਅੰਗਰੇਜ਼ਾਂ ਦੀ ਅੱਖ ਵਿਚ ਧੂੜ ਪਾ ਕੇ ਇਹ ਕਿਸ ਤਰ੍ਹਾਂ ਸਬਕ ਦੇ ਰਹੇ ਨੇ!
ਲੁੱਟਣ ਮਹੱਲੇ ਵਿਚ ਰਹਿਣ ਵਾਲਾ ਫ਼ਰਜ਼ੰਦ ਅਲੀ ਤੇਰ੍ਹਾਂ ਵਰ੍ਹਿਆਂ ਦੀ ਉਮਰ ਵਿਚ ਪਿਉ ਨਾਲ ਬਰਤਾਨੀਆ ਆਇਆ ਸੀ। ਉਹ ਕੰਨਾਂ ਤੋਂ ਬੋਲਾ, ਜੀਭ ਤੋਂ ਥੱਥਾ ਅਤੇ ਦਿਮਾਗ਼ੀ ਤੌਰ 'ਤੇ ਅਕਲੋਂ ਪਾਰ ਐਵੇਂ ਪੰਜੀ ਦਵੰਜੀ ਜਿਹਾ ਜਾਂ ਚੌਥਾ ਹਿੱਸਾ ਆਖ ਲਵੋ। ਉਹਨੂੰ ਸਕੂਲੇ ਪਾਇਆ ਪਰ ਉਸ ਦੇ ਪੱਲੇ ਕੁੱਝ ਨਾ ਪਿਆ। ਉਹ ਜਵਾਨ ਹੋ ਗਿਆ ਪਰ ਅਕਲ ਉਪਰ ਐਨੀ ਕੁ ਹੀ ਜਵਾਨੀ ਆਈ ਕਿ ਚੀਜ਼ਾਂ ਵਸਤਾਂ ਨੂੰ ਪਛਾਣ ਕੇ ਲੀੜਾ ਲੱਤਾ ਪਾਉਣਾ ਅਤੇ ਨਹਾਉਣਾ ਧੋਣਾ ਹੀ ਆਉੁਂਦਾ ਹੈ।
ਵਿਆਹ ਕਰਾ ਕੇ ਬੀਵੀ ਨੂੰ ਚੰਗੀ ਤਰ੍ਹਾਂ ਜਾਣ ਪਛਾਣ ਕੇ ਬਾਲਾਂ ਦਾ ਪਿਉ ਬਣਨਾ ਵੀ ਆਉੁਂਦਾ ਹੈ। ਵੈਸੇ ਵੀ ਪਿਉ ਬਣਨ ਨਾਲ ਕਿਸੇ ਦੀ ਅਕਲ ਮੱਤ ਨੂੰ ਜੋਖਿਆ ਜਾਂਚਿਆ ਜਾਂ ਮਾਪਿਆ ਤੋਲਿਆ ਤਾਂ ਨਹੀਂ ਜਾ ਸਕਦਾ ਕਿਉਂਕਿ ਕੱਛੂਕੁਮੇ, ਗੰਡੋਏ, ਚਾਮਚੜਿੱਕਾਂ ਅਤੇ ਲੁਧੜ ਵੀ ਤਾਂ ਪਿਉ ਬਣ ਹੀ ਜਾਂਦੇ ਨੇ।ਫ਼ਰਜ਼ੰਦ ਅਲੀ ਪੂਰਾ ਜਵਾਨ ਹੋ ਗਿਆ ਤੇ ਪਿਉ ਮਰ ਗਿਆ। ਇਕ ਝੱਲੀ ਜਹੀ ਮਾਂ ਤੇ ਤਿੰਨ ਵੱਡੀਆਂ ਭੈਣਾਂ ਸਨ।
ਇਸ ਗੱਲ ਦਾ ਸੱਭ ਨੂੰ ਪਤਾ ਹੈ ਕਿ ਨਿੱਕੇ ਨਿੱਕੇ ਪਿੰਡਾਂ ਤੋਂ ਲੰਦਨ ਆਏ ਲੋਕੀ ਜਦੋਂ ਅਪਣੇ ਦੇਸ਼ ਫੇਰਾ ਮਾਰਨ ਜਾਂਦੇ ਹਨ ਤੇ ਉਨ੍ਹਾਂ ਨੂੰ ਹਰ ਕੋਈ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਦਾ ਹੈ। ਉਨ੍ਹਾਂ ਦੀ ਦਿੱਖ ਵੇਖ ਕੇ ਲੰਦਨ ਦੀ ਜੰਨਤ ਵਾਸਤੇ, ਪੈਗ਼ੰਬਰੀ ਛੱਡਣ ਨੂੰ ਵੀ ਤਿਆਰ ਹੋ ਜਾਂਦੇ ਹਨ ਇਹ ਲੋਕ। ਪਿੰਡ ਵਿਚ ਕਿਸੇ ਜ਼ਨਾਨੀ ਨੇ ਫ਼ਰਜ਼ੰਦ ਅਲੀ ਦੀ ਭੈਣ ਦੀਆਂ ਵਾਹਵਾ ਸੂਤ ਕੇ ਪੁੜਪੁੜੀਆਂ ਝੱਸੀਆਂ, ਉਹਦੀ ਅਮੀਰੀ ਦੇ ਸੋਹਲੇ ਗਾਏ ਅਤੇ ਗਲ ਪਏ ਸੋਨੇ ਨੂੰ ਹੱਥ ਲਾ ਲਾ ਕੇ ਤਾਰੀਫ਼ਾਂ ਕੀਤੀਆਂ। ਫ਼ਰਜ਼ੰਦ ਅਲੀ ਦੀ ਭੈਣ ਦਾ ਮਿਜ਼ਾਜ ਜਦੋਂ ਸ਼ਹਿਨਸ਼ਾਹਵਾਂ ਵਰਗਾ ਹੋ ਗਿਆ ਤਾਂ ਉਸ ਆਖਿਆ ''ਮੰਗ ਨੀ ਜ਼ੈਨਬ ਕੀ ਮੰਗਣਾ ਈ।''
ਜ਼ੈਨਬ ਨੇ ਆਖਿਆ ਕਿ ''ਬੀਬੀ ਪ੍ਰਵੀਨ ਮੈਂ ਇਕੋ ਹੀ ਸ਼ੈਅ ਮੰਗਦੀ ਹਾਂ ਕਿ ਮੇਰੀ ਧੀ ਲੈ ਜਾ ਵਲਾਇਤ'' ਫ਼ਕੀਰ ਤੇ ਸ਼ਹਿਨਸ਼ਾਹ ਜਦੋਂ ਰੋਹ 'ਚ ਜਾਂ ਲਹਿਰ 'ਚ ਆਉੁਂਦੇ ਨੇ ਤਾਂ ਫਿਰ ਉਹ ਮੂੰਹ ਮੰਗੀਆਂ ਮੁਰਾਦਾਂ ਦੇ ਦੇਂਦੇ ਨੇ। ਪਰਵੀਨ ਨੇ ਬਾਂਹ ਕੱਢ ਕੇ ਥੱਥਾ ਬੋਲਾ ਵੀਜ਼ਾ, ਫ਼ਰ²ਜ਼ੰਦ ਅਲੀ, ਹਵਾਲੇ ਕਰ ਦਿਤਾ, ਜ਼ੈਨਬ ਦੀ ਧੀ ਜਮੀਲਾ ਲਈ। ਪਰਵੀਨ ਨੇ ਪਿੰਡ ਵਿਚ ਬੱਲੇ ਬੱਲੇ ਕਰਵਾਈ ਤੇ ਗਲੀ ਗਲੀ ਗੱਲਾਂ ਦੀ ਸ਼ੂਕ ਵਜਦੀ ਰਹੀ ਕਿ ਜ਼ੈਨਬ ਦੀ ਧੀ ਦੇ ਨਸੀਬ ਜਾਗ ਪਏ। ਆਖਦੇ ਸਨ ਨਸੀਬ ਕਦੀ ਉਤੋਂ ਲਿਖੇ ਜਾਂਦੇ ਸਨ ਪਰ ਅੱਜ ਨਸੀਬ ਲੰਦਨ ਵਿਚ ਬੈਠ ਕੇ ਪ੍ਰਵੀਨ ਜਹੀਆਂ ਫ਼ਰਜ਼ੰਦ ਦੀਆਂ ਭੈਣਾਂ ਲਿਖਦੀਆਂ ਨੇ। ਲੰਦਨ ਵਿਚ ਮੁਕੱਦਰ ਵੰਡੇ ਜਾਂਦੇ ਨੇ।
ਪਾਸਪੋਰਟ ਬਣੇ, ਵੀਜ਼ੇ ਆਏ, ਜਮੀਲਾ ਦੇ ਡੌਲੇ ਨਾਲ ਤਾਵੀਜ਼ ਬੰਨ੍ਹੇ ਗਏ, ਮਠਿਆਈਆਂ ਵੰਡੀਆਂ ਗਈਆਂ ਅਤੇ ਜਮੀਲਾ ਲੰਦਨ ਆ ਗਈ। ਉਸ ਨੇ ਉੱਚਾ ਬੋਲਣ ਦੀ ਜਾਚ ਸਿਖੀ ਤੇ ਥੱਥੇ ਦੀ ਬੋਲੀ ਨੂੰ ਅੰਦਾਜ਼ਿਆਂ ਨਾਲ ਜਾਣਨ ਦਾ ਵੱਲ ਵੀ ਸਿਖ ਲਿਆ।ਜਮੀਲਾ ਦੋ ਵਰ੍ਹੇ ਫ਼ਰਜ਼ੰਦ ਦੇ ਘਰ ਵਸੀ ਪਰ ਕੋਈ ਬਾਲ ਬੱਚਾ ਨਾ ਹੋਇਆ। ਇਹ ਜਮੀਲਾ ਦੀ ਸਿਆਣਪ ਸੀ ਜਾਂ ਮੱਕਾਰੀ ਕਿ ਬੱਚੇ ਦਾ ਫਾਹਾ ਉਸ ਨੇ ਸੋਚ ਸਮਝ ਕੇ ਅਪਣੇ ਗੱਲ ਨਾ ਪਾਇਆ।
ਜਮੀਲਾ ਨੇ ਔਖੇ ਸੌਖੇ ਹੋ ਕੇ ਦੋ ਵਰ੍ਹੇ ਫ਼ਰਜ਼ੰਦ ਦਾ ਅੱਕ ਚੱਬ ਕੇ ਕੱਢ ਲਏ। ਉਹਦੇ ਪਾਸਪੋਰਟ ਉਤੇ ਜਿਉਂ ਹੀ ਪੱਕੀ ਸਟੇਅ ਦੀ ਮੋਹਰ ਲੱਗੀ, ਉਹ ਫ਼ਰਜ਼ੰਦ ਨੂੰ ਖੇਵਾ ਲਾ ਕੇ ਨੱਸ ਗਈ ਤੇ ਅਪਣੀ ਮਰਜ਼ੀ ਦਾ ਖ਼ਾਵੰਦ (ਮਾਮੇ ਦਾ ਪੁੱਤ) ਪਾਕਿਸਤਾਨੋਂ ਮੰਗਵਾ ਕੇ ਅਪਣਾ ਨਵਾਂ ਚੁੱਲ੍ਹਾ ਤੱਤਾ ਕਰ ਲਿਆ। ਫ਼ਰਜ਼ੰਦ ਅਲੀ ਵਿਚਾਰਾ ਲੋਕਾਂ ਕੋਲੋਂ ਪੁਛਦਾ ਹੀ ਰਿਹਾ ਕਿ ਮੇਰੀ ਜ਼ਨਾਨੀ ਕਿਉਂ ਅਤੇ ਕਿਥੇ ਚਲੀ ਗਈ ਏ? (ਚਲਦਾ)
-43 ਆਕਲੈਂਡ ਰੋਡ,
ਲੰਡਨ-ਈ 15-2ਏਐਨ,
ਫ਼ੋਨ : 0208-519 21 39