ਜਨਮ ਦਿਹਾੜੇ ’ਤੇ ਵਿਸ਼ੇਸ਼: ਗ਼ਦਰ ਲਹਿਰ ਦਾ ਚਮਕਦਾ ਸਿਤਾਰਾ ਸ਼ਹੀਦ ਕਰਤਾਰ ਸਿੰਘ ਸਰਾਭਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

24 ਮਈ 1896 ਨੂੰ ਕਰਤਾਰ ਸਿੰਘ ਨੇ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ ਸ.ਮੰਗਲ ਸਿੰਘ ਦੇ ਘਰ ਜਨਮ ਲਿਆ।

Kartar Singh Sarabha

24 ਮਈ 1896 ਨੂੰ ਕਰਤਾਰ ਸਿੰਘ ਨੇ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ ਸ.ਮੰਗਲ ਸਿੰਘ ਦੇ ਘਰ ਜਨਮ ਲਿਆ। ਜਿਸ ਨੇ ਸਿਰਫ਼ 19 ਸਾਲ ਦੀ ਅਣਭੋਲ ਉਮਰ ਵਿੱਚ ਗ਼ਦਰ ਅੰਦੋਲਨ ’ਚ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਰੱਸੇ ਨੂੰ ਚੁੰਮਿਆ ਅਤੇ ਅੱਜ ਉਸ ਮਹਾਨ ਪੰਜਾਬੀ ਯੋਧੇ ਨੂੰ ਦੁਨੀਆ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਨਾਲ ਜਾਣਦੀ ਹੈ। ਪਿਤਾ ਸ.ਮੰਗਲ ਸਿੰਘ ਗਰੇਵਾਲ ਅਤੇ ਮਾਤਾ ਸਾਹਿਬ ਕੌਰ ਦੇ ਲਾਡਲੇ ਦੇ ਸਿਰੋਂ ਪਿਤਾ ਦਾ ਸਾਇਆ ਛੋਟੀ ਉਮਰੇ ਹੀ ਉੱਠ ਗਿਆ ਸੀ। ਉਸ ਦੇ ਦਾਦਾ ਜੀ ਨੇ ਕਰਤਾਰ ਦੀ ਬਹੁਤ ਪਿਆਰ ਨਾਲ ਦੇਖਭਾਲ ਅਤੇ ਪਾਲਣਾ ਕੀਤੀ।

ਮੁਢਲੀ ਸਿਖਿਆ ਜੱਦੀ ਪਿੰਡ ਵਿੱਚ ਲੈਣ ਤੋਂ ਬਾਅਦ ਕਰਤਾਰ ਨੇ ਮਾਲਵਾ ਕਾਲਜ ਲੁਧਿਆਣਾ ਵਿਖੇ ਦਾਖਲਾ ਲਿਆ। ਉਸ ਤੋਂ ਬਾਅਦ ਉਹ ਆਪਣੇ ਚਾਚੇ ਕੋਲ ਉੜੀਸਾ ਚਲਾ ਗਿਆ ਜਿਥੋਂ ਉਸ ਨੂੰ ਰਸਾਇਣ ਵਿਗਿਆਨ ਦੀ ਪੜ੍ਹਾਈ ਲਈ ਇੱਕ ਸਮੁੰਦਰੀ ਜਹਾਜ ਰਾਹੀਂ ਲਈ ਅਮਰੀਕਾ ਭੇਜਿਆ ਗਿਆ। ਉਹਨਾਂ ਨੇ ਅਮਰੀਕਾ ਵਿਚ ਬਰਕਲੇ ਯੂਨੀਵਰਸਿਟੀ ਤੋਂ ਰਸਾਇਣ ਵਿਗਿਆਨ ਦੀ ਪੜ੍ਹਾਈ ਕੀਤੀ ਸੀ। ਇਸ ਸਮੇਂ ਗ਼ਦਰ ਲਹਿਰ ਦਾ ਮੁੱਢ ਬੱਝ ਰਿਹਾ ਸੀ। ਦੇਸ਼ ਵਿਚ ਭਾਰਤੀਆਂ ਨਾਲ ਹੁੰਦੇ ਵਰਤਾਰੇ ਨੂੰ ਦੇਖ ਕੇ ਉਹਨਾਂ ਦੀ ਰੂਹ ਕੁਰਲਾ ਉੱਠੀ ਤੇ ਉਹ ਦਿਨ ਰਾਤ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਸੁਪਨੇ ਦੇਖਣ ਲੱਗੇ।

ਅਮਰੀਕਾ ਵਿਚ ਵਸਦੇ ਹਿੰਦੂਸਤਾਨੀਆਂ ਨੇ 1913 ਵਿਚ ਗ਼ਦਰ ਨਾਮ ਦੀ ਪਾਰਟੀ ਬਣਾਈ, ਜਿਸ ਦੇ ਪ੍ਰਧਾਨ ਪ੍ਰਸਿੱਧ ਦੇਸ਼ ਭਗਤ ਸੋਹਣ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਸਨ। ਕਰਤਾਰ ਸਿੰਘ ਇਸ ਪਾਰਟੀ ਵਿਚ ਬਹੁਤ ਜਲਦ ਹਰਮਨ ਪਿਆਰੇ ਬਣ ਗਏ ਸਨ। ਇਸ ਪਾਰਟੀ ਦਾ ਕੇਂਦਰ ਸਾਨਫਰਾਂਸਿਸਕੋ ਬਣਾਇਆ ਗਿਆ ਤੇ ਇਸ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਪ੍ਰਚਾਰ ਹਿੱਤ ਗ਼ਦਰ ਨਾਮ ਹੇਠ ਹਫ਼ਤਾਵਰ ਅਖ਼ਬਾਰ ਕੱਢਿਆ। ਸਰਾਭਾ ਅਤੇ ਉਹਨਾਂ ਦੇ ਸਾਥੀਆਂ ਨੇ ਭਾਰਤ ਉੱਤੇ ਕਾਬਜ਼ ਬਰਤਾਨਵੀ ਹਕੂਮਤ ਨੂੰ ਉਖਾੜਨ ਲਈ ਅਮਰੀਕਾ ਅਤੇ ਕੈਨੇਡਾ ਵਿਚ ਵਸੇ ਭਾਰਤੀਆਂ ਨੂੰ ਇਕਜੁੱਟ ਕਰਨ ਦਾ ਕੰਮ ਕੀਤਾ ਸੀ। ਗ਼ਦਰ ਪਾਰਟੀ ਨੂੰ 21 ਫਰਵਰੀ 1915 ਨੂੰ ਲਾਗੂ ਕੀਤਾ ਗਿਆ ਸੀ।

ਅੰਗਰੇਜ਼ਾਂ ਨੂੰ ਪਾਰਟੀ ਦੇ ਮੈਂਬਰ ਕਿਰਪਾਲ ਸਿੰਘ ਨੇ ਸਾਰੀ ਰਿਪੋਰਟ ਭੇਜਣੀ ਸ਼ੁਰੂ ਕਰ ਦਿੱਤੀ ਸੀ ਜਿਸ ਦੇ ਚਲਦੇ 21 ਫਰਵਰੀ ਵਾਲਾ ਗ਼ਦਰ ਫੇਲ੍ਹ ਹੋ ਗਿਆ। ਭਾਰਤੀ ਫ਼ੌਜ ਨੂੰ ਨਿਹੱਥਾ ਕਰ ਦਿੱਤਾ ਗਿਆ। ਕਈ ਗ੍ਰਿਫ਼ਤਾਰ ਕਰ ਲਏ ਗਏ। ਅਖੀਰ ਕਰਤਾਰ ਸਿੰਘ ਸਰਾਭਾ ਵੀ ਸਰਗੋਧਾ ਨੇੜੇ ਚੱਕ ਨੰਬਰ 5 ਕੋਲੋਂ ਗ੍ਰਿਫ਼ਤਾਰ ਕਰ ਲਏ ਗਏ। ਅਖੀਰ ਉਹ ਬਰਤਾਨਵੀ ਹਕੂਮਤ ਦੇ ਕਾਬੂ ਆ ਗਏ। ਸਰਾਭੇ ਵੱਲੋਂ ਅਪਣੇ ਬਚਾਅ ਲਈ ਕੋਈ ਵਕੀਲ ਨਹੀਂ ਸੀ।

ਕੋਰਟ ਕਾਰਵਾਈ ਦਿਖਾਵਾ ਹੀ ਸੀ ਜਿਸ ਦਾ ਅੰਦਾਜ਼ਾ ਇਸ ਗਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਕੇਸ ਵਿਚ ਅਦਾਲਤ ਦੇ ਫੈਸਲੇ ਵਿਰੁਧ ਕੋਈ ਵੀ ਗ਼ਦਰੀ ਅੱਗੇ ਅਪੀਲ ਨਹੀਂ ਸੀ ਕਰ ਸਕਦਾ। ਗ਼ਦਰੀਆਂ ਵੱਲੋਂ ਕੇਸ ਦੀ ਪੈਰਵੀ ਕਰ ਰਹੇ ਵਕੀਲ ਰਘੂਵਰ ਸਹਾਇ ਨੇ 24 ਗ਼ਦਰੀਆਂ ਨੂੰ ਫਾਂਸੀ ਦੀ ਸਜ਼ਾ ਦਾ ਮੁੱਦਾ ਵਾਇਸਰਾਇ ਕੌਂਸਲ ਕੋਲ ਉਠਾਇਆ ਤੇ ਕੌਂਸਲ ਦੇ ਮੈਂਬਰ ਸਰ ਅਲੀ ਇਮਾਮ ਨੇ ਕਾਨੂੰਨੀ ਪੈਂਤਰਿਆਂ ਦੀ ਨਜ਼ਰਸਾਨੀ ਤੋਂ ਬਾਅਦ 24 ਗ਼ਦਰੀਆਂ ਵਿਚੋਂ 17 ਗ਼ਦਰੀਆਂ ਦੀ ਫ਼ਾਂਸੀ ਦੀ ਸਜ਼ਾ ਤੋੜ ਕੇ ਸਜ਼ਾ-ਏ-ਕਾਲੇਪਾਣੀ ਕਰ ਦਿੱਤੀ।

ਸਰ ਅਲੀ ਇਮਾਮ ਨੇ ਸਰਾਭੇ ਦੀ ਫਾਂਸੀ ਵੀ ਉਮਰ ਕੈਦ ਵਿਚ ਤਬਦੀਲ ਕਰਵਾਉਣ ਲਈ ਬਹੁਤ ਜ਼ੱਦੋਜਹਿਦ ਕੀਤੀ, ਕਿਉਂਕਿ ਸਰਾਭੇ ਦੀ ਉਮਰ ਉਸ ਵੇਲੇ ਸਭ ਤੋਂ ਘੱਟ ਸੀ।ਪਰ ਵਾਇਸਰਾਇ ਨੇ ਅਪੀਲ ਖਾਰਜ਼ ਕਰ ਦਿੱਤੀ ਸੀ। ਕੋਰਟ ਦੇ ਜੱਜਾਂ ਵਲੋਂ ਸਰਾਭੇ ਬਾਰੇ ਸਭ ਤੋਂ ਵੱਧ ਸੱਤ ਪੰਨਿਆਂ ਦਾ ਫ਼ੈਸਲਾ ਲਿਖਿਆ ਗਿਆ ਸੀ ਜਿਸ ਵਿਚ ਉਸ ਨੂੰ ਸਭ ਤੋਂ ਵੱਧ ‘ਖ਼ਤਰਨਾਕ’ ਦੱਸਿਆ ਗਿਆ ਸੀ। ਫ਼ੈਸਲੇ ਵਿਚ ਅਹਿਮ ਗੱਲ ਇਹ ਲਿਖੀ ਗਈ ਸੀ...

..ਕਿ ਗ਼ਦਰ ਦੀ ਅਜਿਹੀ ਕੋਈ ਵੀ ਘਟਨਾ ਨਹੀਂ ਹੈ ਜਿਸ ਵਿਚ ਸਰਾਭਾ ਸ਼ਾਮਿਲ ਨਾ ਹੋਵੇ। 4 ਅਤੇ 16 ਨਵੰਬਰ 1915 ਨੂੰ ਸਾਢੇ ਉੱਨੀ ਸਾਲ ਦੇ ਜਵਾਨ ਕਰਤਾਰ ਸਿੰਘ ਸਰਾਭਾ ਨੂੰ ਉਹਨਾਂ ਦੇ ਛੇ ਹੋਰ ਸਾਥੀਆਂ - ਬਖਸ਼ੀਸ਼ ਸਿੰਘ, ਜ਼ਿਲ੍ਹਾ ਅੰਮ੍ਰਿਤਸਰ; ਹਰਨਾਮ ਸਿੰਘ, ਜ਼ਿਲ੍ਹਾ ਸਿਆਲਕੋਟ; ਜਗਤ ਸਿੰਘ, ਜ਼ਿਲ੍ਹਾ ਲਾਹੌਰ; ਸੁਰੈਣ ਸਿੰਘ -1 ਅਤੇ ਸੁਰੈਣ -2 ਦੋਨੋਂ ਜ਼ਿਲ੍ਹਾ ਅੰਮ੍ਰਿਤਸਰ ਅਤੇ ਵਿਸ਼ਨੂੰ ਗਣੇਸ਼ ਪਿੰਗਲੇ, ਜ਼ਿਲ੍ਹਾ ਪੂਨਾ (ਮਹਾਰਾਸ਼ਟਰ) - ਦੇ ਨਾਲ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਫ਼ਾਂਸੀ ਚੜ੍ਹਾ ਕੇ ਸ਼ਹੀਦ ਕਰ ਦਿੱਤਾ ਗਿਆ।