ਅਕਾਲੀ ਦਲ ਦਾ ਕੱਖ ਰਹਿ ਕਿਥੇ ਗਿਆ ਹੈ ਸੁਖਬੀਰ ਬਾਦਲ ਜੀ?
ਜੇ ਕੋਈ ਚੋਰ ਚੋਰੀ ਕਰ ਕੇ ਪੰਚਾਇਤ ਵਿਚ ਕਹੀ ਜਾਵੇ ਕਿ ਚੋਰੀ ਕਰਨ ਵਾਲੇ ਦਾ ਕੱਖ ਨਾ ਰਹੇੇ ਤਾਂ ਕੀ ਚੋਰ ਸਜ਼ਾ ਤੋਂ ਬਚ ਜਾਵੇਗਾ?
ਅਕਾਲੀ ਦਲ ਬਾਦਲ ਦੇ ਆਗੂ ਵਲੋਟਹਾ ਜੀ ਇਕ ਦਿਨ ਚੈਨਲ ਤੇ ਕਹਿ ਰਹੇ ਸਨ ਕਿ ਭਾਈ ਸਾਡੇ ਲੀਡਰ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਬੇਅਦਬੀ ਕਰਨ ਵਾਲੇ ਦਾ ਕੱਖ ਨਾ ਰਹੇ ਤੇ ਬੇਅਦਬੀ ਉਤੇ ਸਿਆਸਤ ਕਰਨ ਵਾਲੇ ਦਾ ਵੀ ਕੱਖ ਨਾ ਰਹੇ। ਵਲਟੋਹਾ ਜੀ ਜੇ ਸਮਝ ਸਕੋ ਤਾਂ ਬਾਦਲ ਅਕਾਲੀ ਦਲ ਦਾ ਤਾਂ ਕੱਖ ਰਿਹਾ ਵੀ ਕੋਈ ਨਹੀਂ ਕਿਉਂਕਿ 25 ਸਾਲ ਰਾਜ ਕਰਨ ਦੇ ਦਾਅਵੇ ਕਰਨ ਵਾਲੇ 10 ਸਾਲ ਰਾਜ ਕਰ ਕੇ ਅਪੋਜ਼ੀਸ਼ਨ ਵਿਚ ਬੈਠਣ ਜੋਗੇ ਵੀ ਨਹੀਂ ਰਹੇ।
ਜੇ ਕੋਈ ਚੋਰ ਚੋਰੀ ਕਰ ਕੇ ਪੰਚਾਇਤ ਵਿਚ ਕਹੀ ਜਾਵੇ ਕਿ ਚੋਰੀ ਕਰਨ ਵਾਲੇ ਦਾ ਕੱਖ ਨਾ ਰਹੇੇ ਤਾਂ ਕੀ ਚੋਰ ਸਜ਼ਾ ਤੋਂ ਬਚ ਜਾਵੇਗਾ? ਬੇਅਦਬੀ ਕਰਨ ਵਾਲੇ ਫੜੇ ਵੀ ਗਏ ਹੋਣਗੇ। ਇਕ ਦੋ ਤਾਂ ਜੇਲਾਂ ਵਿਚ ਹੀ ਮਾਰ ਦਿਤੇ ਗਏ ਜਿਨ੍ਹਾਂ ਬਾਰੇ ਅਖ਼ਬਾਰਾਂ ਵਿਚ ਪੜ੍ਹਿਆ ਸੀ ਜਿਵੇਂ ਪੂਹਲੇ ਨਿਹੰਗ ਤੋਂ ਕੰਮ ਕਰਵਾ ਕੇ ਉਸ ਨੂੰ ਜੇਲ ਵਿਚ ਹੀ ਮਰਵਾ ਦਿਤਾ ਗਿਆ ਸੀ।
ਸਾਡੇ ਸਤਿਕਾਰਯੋਗ ਵਿਰਸਾ ਸਿੰਘ ਅਕਾਲੀ ਲੀਡਰ ਚੈਨਲ ਉਤੇ ਕਹਿ ਰਹੇ ਸਨ ਕਿ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਦੇ ਹੁਕਮ ਨਾਲ ਸਾਡੀ ਭਾਰਤੀ ਫ਼ੌਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਗੋਲੀਆਂ ਲੰਘਾਈਆਂ। ਸ਼ਾਤਮਈ ਰੋਸ ਮੁਜ਼ਾਹਰਾ ਕਰਨ ਵਾਲੀ ਸੰਗਤ ਉਤੇ ਗੋਲੀਆਂ ਕਿਸ ਦੇ ਹੁਕਮ ਨਾਲ ਚਲੀਆਂ? ਕੰੁਵਰ ਵਿਜੇ ਪ੍ਰਤਾਪ ਜੀ ਨੇ ਇਹੀ ਤਾਂ ਦਸਣਾ ਸੀ। ਇਹੀ ਸੰਗਤ ਚਾਹੁੰਦੀ ਹੈ ਕਿ ਦੋ ਸਿੰਘ ਸ਼ਹੀਦ ਕਰ ਦਿਤੇ ਪਰ ਕਿਸ ਦੇ ਹੁਕਮ ਨਾਲ ਗੋਲੀਆਂ ਚਲੀਆਂ? ਬਸ ਇਹੀ ਜਾਣਨਾ ਚਾਹੁੰਦੀ ਹੈ ਸੰਗਤ ਤੇ ਕੁੰਵਰ ਵਿਜੇ ਪ੍ਰਤਾਪ ਦੀ ਲਗਨ ਵੇਖ ਕੇ ਬਾਦਲ ਮਾਰਕਾ ਅਕਾਲੀ ਔਖੇ ਹੋ ਜਾਂਦੇ ਹਨ। ਕਿਉਂ ਭਲਾ?
ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕੋਈ ਇਹ ਭੇਤ ਨੰਗਾ ਕਰ ਦੇਵੇ ਕਿ ਸੰਗਤ ਉਤੇ ਗੋਲੀਆਂ ਕਿਸ ਦੇ ਹੁਕਮਾਂ ਨਾਲ ਚਲਾਈਆਂ ਗਈਆਂ ਸਨ। ਉਂਜ ਗੱਲ ਸ਼ੁਰੂ ਹੋਈ ਸੀ ਅਕਾਲੀ ਦਲ ਦਾ ਕੱਖ ਨਾ ਰਹੇ ਵਾਲੇ ਜੁਮਲੇ ਨਾਲ। ਜਿਸ ਪਾਰਟੀ ਦੀ ਕਾਇਮੀ ਹੀ ਸਿੱਖ ਹਿਤਾਂ ਦੀ ਰਾਖੀ ਕਰਨ ਲਈ ਕੀਤੀ ਗਈ ਸੀ, ਉਸ ਨੂੰ ਜਿਸ ਦਿਨ ਸਿੱਖਾਂ ਦਾ ਪਿਆਰ ਮਿਲਣਾ ਹੀ ਬੰਦ ਹੋ ਗਿਆ, ਹਕੀਕਤ ਵਿਚ ਤਾਂ ਉਸ ਦਿਨ ਹੀ ਉਸ ਦਾ ਕੱਖ ਨਾ ਰਿਹਾ। ਹੁਣ ਤਾਂ ਬਾਦਲ ਅਕਾਲੀ ਦਲ ਵਾਲੇ ਕਦੇ ਸੌਦਾ ਸਾਧ ਕੋਲੋਂ ਕੱਖ ਮੰਗ ਕੇ ਤੇ ਕਦੇ ਭਾਜਪਾ ਕੋਲੋਂ ਕੱਖ ਕਾਨੇ ਮੰਗ ਕੇ ਅਪਣਾ ਚੁਲ੍ਹਾ ਬਲਦਾ ਰੱਖ ਰਹੇ ਨੇ ਪਰ ਉਨ੍ਹਾਂ ਦੇ ਅਪਣੇ ਕੱਖ (ਸਿੱਖ ਵੋਟਰ) ਤਾਂ ਕਦੋਂ ਦੇ ਉਨ੍ਹਾਂ ਤੋਂ ਦੂਰ ਹੋ ਚੁੱਕੇ ਹਨ ਤੇ ਅਕਾਲੀ ਦਲ ਬਾਦਲ ਵਾਲੇ ਸਿੱਖਾਂ ਦੇ ਨੇੜੇ ਜਾਣੋਂ ਵੀ ਡਰਦੇ ਹਨ।
ਬਲਵਿੰਦਰ ਸਿੰਘ ਸਾਹਨੇਵਾਲੀ
ਸੰਪਰਕ: 99145-22868