ਪੰਜਾਬੀ ਦੀ ਚੜ੍ਹਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

2010 ਨੂੰ ਪਹਿਲਾਂ ਟੀ.ਵੀ. ਤੇ ਫਿਰ ਘਰ ਦੀ ਦਹਿਲੀਜ਼ ਤੇ ਪਏ ਅਖ਼ਬਾਰ ਦੇ ਮੁੱਖ ਪੰਨੇ ਤੇ ਪੰਜਾਬੀ ਭਾਸ਼ਾ ਨੂੰ ਪਛਮੀ ਬੰਗਾਲ ਵਿਚ ਦੂਜੀ ਭਾਸ਼ਾ ਦਾ ਦਰਜਾ ਮਿਲਣ ਦੀ...

Punjab

ਮਿਤੀ 29 ਮਈ, 2010 ਨੂੰ ਪਹਿਲਾਂ ਟੀ.ਵੀ. ਤੇ ਫਿਰ ਘਰ ਦੀ ਦਹਿਲੀਜ਼ ਤੇ ਪਏ ਅਖ਼ਬਾਰ ਦੇ ਮੁੱਖ ਪੰਨੇ ਤੇ ਪੰਜਾਬੀ ਭਾਸ਼ਾ ਨੂੰ ਪਛਮੀ ਬੰਗਾਲ ਵਿਚ ਦੂਜੀ ਭਾਸ਼ਾ ਦਾ ਦਰਜਾ ਮਿਲਣ ਦੀ ਛਪੀ ਖ਼ਬਰ ਨਾਲ ਮਨ ਬਾਗ਼ੋ-ਬਾਗ਼ ਹੋ ਗਿਆ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਪਣਾ ਅਹੁਦਾ ਸੰਭਾਲਦਿਆਂ ਹੀ ਜਿੱਥੇ ਉਰਦੂ, ਨੇਪਾਲੀ, ਉੜੀਆ ਅਤੇ ਹਿੰਦੀ ਨੂੰ ਪਛਮੀ ਬੰਗਾਲ ਵਿਚ ਦੂਜੀ ਭਾਸ਼ਾ ਦਾ ਦਰਜਾ ਦਿਤਾ ਉਥੇ ਹੀ ਪੰਜਾਬੀ ਭਾਸ਼ਾ ਨੂੰ ਵੀ ਉਸ ਦਾ ਬਣਦਾ ਮਾਣ-ਤਾਣ ਦੇ ਕੇ ਅਪਣੀ ਚੰਗੀ ਸੋਚ ਦਾ ਪ੍ਰਗਟਾਵਾ ਕੀਤਾ। ਪਛਮੀ ਬੰਗਾਲ ਵਿਚ ਇਸ ਵੇਲੇ 4 ਲੱਖ ਦੇ ਕਰੀਬ ਪੰਜਾਬੀ ਰਹਿੰਦੇ ਹਨ।

ਪੰਜਾਬੀਆਂ ਨੇ ਅਪਣੀ ਮਿਹਨਤੀ ਫ਼ਿਤਰਤ ਮੁਤਾਬਕ ਉਥੇ ਵੀ ਪੰਜਾਬ ਵਸਾ ਲਿਆ ਹੈ, ਜਿਵੇਂ ਪੰਜਾਬੀਆਂ ਨੇ ਪੂਰੀ ਦੁਨੀਆਂ ਦੇ ਵੱਖ-ਵੱਖ ਖ਼ਿੱਤਿਆਂ ਵਿਚ ਅਪਣਾ ਵਿਸ਼ੇਸ਼ ਸਥਾਨ ਬਣਾਇਆ ਹੈ। ਵਿਦੇਸ਼ਾਂ ਵਿਚ ਕਿਤੇ-ਕਿਤੇ ਤਾਂ ਅਜਿਹੇ ਇਲਾਕੇ ਹਨ ਜਿਨ੍ਹਾਂ ਨੂੰ ਮਿੰਨੀ ਪੰਜਾਬ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ। ਹੁਣ ਬੰਗਾਲ ਦੀ ਧਰਤੀ ਤੇ ਰਹਿੰਦਿਆਂ ਪੰਜਾਬੀ ਲੋਕ ਬੰਗਾਲ ਸਿਖਿਆ ਬੋਰਡ ਦੇ ਅਧੀਨ ਆਉਂਦੇ ਸਕੂਲਾਂ ਵਿਚ ਹੋਰ ਭਾਸ਼ਾਵਾਂ ਦੇ ਨਾਲ ਅਪਣੀ ਮਾਂ-ਬੋਲੀ ਪੰਜਾਬੀ ਵੀ ਪੜ੍ਹ ਸਕਣਗੇ। ਉਹ ਅਪਣੀ ਮਾਂ-ਬੋਲੀ ਪ੍ਰਤੀ ਮਾਣ ਨਾਲ ਸਿਰ ਉੱਚਾ ਕਰ ਕੇ ਤੁਰ ਸਕਣਗੇ।

ਉਥੋਂ ਦੇ ਦੂਜੇ ਸ਼ਹਿਰੀਆਂ ਵਾਂਗ ਅਪਣੇ ਬੱਚਿਆਂ ਨੂੰ ਮੁਢਲੀ ਸਿਖਿਆ ਅਪਣੀ ਮਾਂ-ਬੋਲੀ ਪੰਜਾਬੀ ਵਿਚ ਦੁਆ ਸਕਣਗੇ। ਪਿਛਲੇ ਤਿੰਨ ਦਹਾਕਿਆਂ ਦੌਰਾਨ ਵੇਖਣ ਨੂੰ ਮਿਲਿਆ ਹੈ ਕਿ ਪੰਜਾਬੀ ਭਾਈਚਾਰੇ ਵਿਚੋਂ ਬੇਗਾਨਗੀ ਦਾ ਉਹ ਅਹਿਸਾਸ ਵੀ ਹੁਣ ਕੁੱਝ ਹੱਦ ਤਕ ਖ਼ਤਮ ਹੁੰਦਾ ਜਾ ਰਿਹਾ ਹੈ, ਜੋ ਸਮੇਂ ਦੀਆਂ ਅਖੌਤੀ ਦਾਨਿਸ਼ਮੰਦ ਹਸਤੀਆਂ ਵਲੋਂ ਲਏ ਗਏ ਕੁੱਝ ਘਿਨੌਣੇ ਫ਼ੈਸਲਿਆਂ ਦਾ ਸਿੱਟਾ ਸੀ। 

ਪਛਮੀ ਬੰਗਾਲ ਦਾ ਪੰਜਾਬੀ ਸਭਿਆਚਾਰ ਨਾਲ ਸਬੰਧ ਬਹੁਤ ਪੁਰਾਣਾ ਹੈ। ਇੱਥੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਅਤੇ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦੁਰ ਜੀ ਨਾਲ ਸਬੰਧਤ ਇਤਿਹਾਸਕ ਗੁਰਦਵਾਰੇ ਹਨ। ਸੰਸਾਰ ਦੀ ਜਿਸ ਵੀ ਧਰਤੀ ਤੇ ਸਿੱਖ ਗੁਰੂ ਸਾਹਿਬਾਨ ਨੇ ਅਪਣੇ ਕਦਮ ਧਰੇ ਹਨ, ਉਨ੍ਹਾਂ ਕਦਮ ਚਿੰਨ੍ਹਾਂ ਦੀ ਸਦੀਵੀਂ ਯਾਦ ਵਿਚ ਉਥੇ ਗੁਰੂ ਘਰ ਬਣ ਗਏ ਹੋਏ ਹਨ। ਜਿੱਥੇ ਗੁਰੂ ਘਰ ਹਨ ਉਥੇ ਪੰਜਾਬੀ ਬੋਲੀ ਤੇ ਗੁਰੂ ਗ੍ਰੰਥ ਸਾਹਿਬ ਦੀ ਹੋਂਦ ਉਥੋਂ ਦੇ ਸਭਿਆਚਾਰ ਉਤੇ ਅਪਣਾ ਪ੍ਰਭਾਵ ਪਾਏ ਬਿਨਾਂ ਨਹੀਂ ਰਹਿੰਦੀ।

ਸਹੀ ਅਰਥਾਂ 'ਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ, ਸਮਝਣ ਅਤੇ ਮਾਣਨ ਲਈ ਗੁਰਮੁਖੀ ਲਿੱਪੀ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੀ ਰੂਹ ਤਾਂ ਪੰਜਾਬੀ ਹੀ ਹੈ। ਜਿਵੇਂ ਪੰਜਾਬੀ ਭਾਸ਼ਾ ਬਹੁਤ ਸਾਰੀਆਂ ਭਾਸ਼ਾਵਾਂ ਅਤੇ ਸਭਿਆਚਾਰਾਂ ਦਾ ਸੁਮੇਲ ਹੈ, ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਬਹੁਤ ਸਾਰੀਆਂ ਭਾਸ਼ਾਵਾਂ ਅਤੇ ਸਭਿਆਚਾਰਾਂ ਦਾ ਸੁਮੇਲ ਹੈ ਪਰ ਉਸ ਦੀ ਰੂਹ ਤਾਂ ਪੰਜਾਬੀ ਹੀ ਹੈ।

ਸਾਡੇ ਪਿਛਲੀਆਂ ਸਦੀਆਂ ਦੇ ਇਤਿਹਾਸ ਅਨੁਸਾਰ ਅਸੀ ਇਹ ਜਾਣਦੇ ਹਾਂ ਕਿ ਬਹੁਤ ਸਾਰੀਆਂ ਸਭਿਅਤਾਵਾਂ ਨਾਲ ਸਬੰਧਤ ਲੋਕ ਇਥੇ ਆ ਕੇ ਵਸਦੇ ਗਏ, ਜਿਸ ਕਾਰਨ ਬਹੁਤ ਸਾਰੀਆਂ ਭਾਸ਼ਾਵਾਂ ਦਾ ਗੁੰਨ੍ਹਿਆ ਹੋਇਆ ਪੰਜਾਬੀ ਦਾ ਅਜੋਕਾ ਰੂਪ ਸਾਡੇ ਸਾਹਮਣੇ ਆਇਆ ਹੈ। ਪ੍ਰਵਾਸੀਆਂ ਦਾ ਵਸੇਬਾ ਅਜੇ ਵੀ ਪੰਜਾਬ ਵਿਚ ਜਾਰੀ ਹੈ, ਜਿਸ ਕਾਰਨ ਇਸ ਦੀ ਵਿਸ਼ਾਲਤਾ ਦਾ ਕੰਮ ਵੀ ਬਾਦਸਤੂਰ ਜਾਰੀ ਹੈ ਅਤੇ ਹਮੇਸ਼ਾ ਹੀ ਰਹੇਗਾ। ਇਹ ਕਦੇ ਰੁਕ ਨਹੀਂ ਸਕਦਾ। ਦਰਿਆ, ਧਰਤੀ, ਸੂਰਜ, ਚੰਨ, ਕੁਦਰਤ, ਹਵਾ ਤੇ ਸ਼ਬਦ ਸਦੀਆਂ ਤੋਂ ਸਫ਼ਰ ਵਿਚ ਹਨ। ਪ੍ਰਵਾਸ ਪ੍ਰਕਿਰਤੀ ਦਾ ਨਿਯਮ ਹੈ।

ਕੁਦਰਤ ਪ੍ਰਵਾਸ ਕਰਦੀ ਹੈ। ਪੰਛੀ ਤੇ ਜਾਨਵਰ ਪ੍ਰਵਾਸ ਕਰਦੇ ਹਨ। ਫਿਰ ਮਨੁੱਖ ਤਾਂ ਜਗਿਆਸੂ ਪ੍ਰਾਣੀ ਹੈ। ਇਸ ਦੀ ਲਾਲਸਾ ਅਥਾਹ, ਅਗਾਹ ਤੇ ਬੇਅੰਤ ਹੈ। ਮਨੁੱਖਾਂ ਦੇ ਪ੍ਰਵਾਸ ਨਾਲ ਪੰਜਾਬੀ ਦਾ ਵੀ ਵਿਸਤਾਰ ਹੋ ਰਿਹਾ ਹੈ। ਜੇਕਰ ਪੰਜਾਬੀ ਖੁਲ੍ਹਦਿਲੀ ਨਾਲ ਕਿਸੇ ਦਾ ਪ੍ਰਭਾਵ ਕਬੂਲਦੇ ਹਨ ਤਾਂ ਦੂਜਿਆਂ ਤੇ ਅਪਣਾ ਪ੍ਰਭਾਵ ਛਡਦੇ ਵੀ ਹਨ। ਬਾਲੀਵੁੱਡ ਦੀ ਕੋਈ ਫ਼ਿਲਮ ਪੰਜਾਬੀ ਦੇ ਤੜਕੇ ਬਿਨਾਂ ਹਿੱਟ ਨਹੀਂ ਹੁੰਦੀ। ਹੁਣ ਤਾਂ ਸਾਰੀ ਬਾਲੀਵੁੱਡ ਫ਼ਿਲਮ ਇੰਡਸਟਰੀ ਦਾ ਰੁਖ਼ ਪੰਜਾਬੀ ਫ਼ਿਲਮਾਂ ਬਣਾਉਣ ਵਾਲੇ ਪਾਸੇ ਲੱਗਾ ਹੋਇਆ ਹੈ।

ਸਗੋਂ ਹੁਣ ਤਾਂ ਪੰਜਾਬੀ ਭਾਸ਼ਾ, ਪੰਜਾਬੀ ਮਾਂ-ਬੋਲੀ ਅਪਣੇ ਧੀਆਂ-ਪੁੱਤਰਾਂ ਦੇ ਕੰਧਾੜੇ ਚੜ੍ਹ ਕੇ ਸਾਰੇ ਸੰਸਾਰ ਦੇ ਭ੍ਰਮਣ ਤੇ ਨਿਕਲੀ ਹੋਈ ਹੈ।ਜਿਥੋਂ ਤਕ ਹੁਣ ਹਰਿਆਣਾ ਵਿਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲਣ ਦਾ ਸਵਾਲ ਹੈ, ਇਹ ਤਾਂ ਸਗੋਂ ਉਦੋਂ ਹੀ ਮਿਲ ਜਾਣਾ ਚਾਹੀਦਾ ਸੀ ਜਦੋਂ ਕੁੱਝ ਸੌੜੇ ਸਿਆਸੀ ਹਿਤਾਂ ਕਾਰਨ ਇਕ ਵਾਰ ਫਿਰ ਭਾਸ਼ਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਦੇ ਟੋਟੇ-ਟੋਟੇ ਕਰ ਦਿਤੇ ਗਏ ਹਨ।

ਵਖਰੇ ਪੰਜਾਬ ਦੀ ਮੰਗ ਨੇ ਕਈ ਰਾਜਸੀ ਰੰਜਿਸ਼ਾਂ ਪੈਦਾ ਕੀਤੀਆਂ। ਉਨ੍ਹਾਂ ਰਾਜਸੀ ਰੰਜਿਸ਼ਾਂ ਦਾ ਕਾਰਨ ਹੀ ਇਹ ਸੀ ਕਿ ਪੰਜਾਬੀ ਵਖਰਾ ਸੂਬਾ ਕਿਉਂ ਮੰਗਦੇ ਹਨ ਜਦਕਿ ਦੱਖਣ ਦੇ ਸਾਰੇ ਸੂਬਿਆਂ ਦੀ ਵੰਡ ਭਾਸ਼ਾ ਅਤੇ ਬੋਲੀਆਂ ਦੇ ਆਧਾਰ ਤੇ ਕਦੋਂ ਦੀ ਹੋ ਚੁਕੀ ਸੀ। ਉਸੇ ਆਧਾਰ ਤੇ ਹੀ ਪੰਜਾਬੀਆਂ ਨੇ ਵਖਰੇ ਸੂਬੇ ਦੀ ਮੰਗ ਕਰਨੀ ਸ਼ੁਰੂ ਕੀਤੀ ਸੀ। ਪਰ ਇਸੇ ਗੱਲ ਦੀ ਕਿੜ ਕੱਢਣ ਲਈ ਪੰਜਾਬ ਵਿਚੋਂ ਪੰਜਾਬੀ ਬੋਲਦੇ ਇਲਾਕੇ (ਜਿਨ੍ਹਾਂ ਦਾ ਅਜੇ ਵੀ ਰੇੜਕਾ ਚਲਦਾ ਹੀ ਰਹਿੰਦਾ ਹੈ) ਕੱਢ ਵਖਰੇ ਰਾਜ ਬਣਾ ਦਿਤੇ ਗਏ। ਪੰਜਾਬ ਦੇ ਹੱਕਾਂ ਤੇ ਏਨੇ ਡਾਕੇ ਵੱਜੇ ਹਨ ਕਿ ਕਿਸ-ਕਿਸ ਦਾ ਰੋਣਾ ਰੋਵੇ ਕੋਈ। ਪੰਜਾਬ ਵਿਚੋਂ ਹੀ ਵਖਰੇ ਬਣੇ ਸੂਬੇ ਹਰਿਆਣਾ ਅਤੇ ਹਿਮਾਚਲ ਹਨ।

ਇਸ ਕਰ ਕੇ ਇਥੇ ਤਾਂ ਪੰਜਾਬੀ ਭਾਸ਼ਾ ਨੂੰ ਅਪਣਾ ਹੱਕ ਮਿਲਣਾ ਹੀ ਚਾਹੀਦਾ ਸੀ। ਪਰ ਕਹਿੰਦੇ ਹਨ ਡਾਢੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ। ਸੋ ਬਹੁਗਿਣਤੀ ਦਾ ਜਾਦੂ ਚਲਣਾ ਸੀ, ਸੋ ਚਲ ਗਿਆ ਤੇ ਅੱਜ ਵੀ ਚਲ ਰਿਹਾ ਹੈ। ਹਰਿਆਣੇ ਅਤੇ ਹਿਮਾਚਲ ਵਿਚੋਂ ਵੀ ਪੰਜਾਬੀ ਮਾਂ-ਬੋਲੀ ਨੂੰ ਉਸ ਦੀ ਹੀ ਧਰਤੀ ਤੋਂ ਨਿਕਾਲਾ ਦੇ ਦਿਤਾ ਗਿਆ।
ਸੋ ਸਮੇਂ ਦੇ ਫੇਰ ਨਾਲ ਹੀ ਹਾਲਾਤ ਬਦਲੇ ਤੇ ਹੁਣ ਹਰਿਆਣਾ ਵਿਚ ਵੀ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲ ਚੁੱਕਾ ਹੈ। ਚਲੋ 'ਦੇਰ ਆਇਦ ਦਰੁਸਤ ਆਇਦ'। ਫਿਰ ਵੀ ਪੰਜਾਬੀ ਕਿਸੇ ਦਾ ਗੁਣ ਨਹੀਂ ਗਵਾਉਂਦੇ।

ਇਸ ਪ੍ਰਾਪਤੀ ਲਈ ਵੀ ਇਤਿਹਾਸ ਉਨ੍ਹਾਂ ਨੂੰ ਯਾਦ ਕਰਦਾ ਰਹੇਗਾ ਅਤੇ ਹਮੇਸ਼ਾ ਹੀ ਇਸ ਨੂੰ ਲਾਗੂ ਕਰਨ ਵਾਲਿਆਂ ਦੇ ਗੁਣ ਵੀ ਗਾਉਂਦਾ ਰਹੇਗਾ। ਪਰ ਜੋ ਲੋਕ ਦੇਰੀ ਦਾ ਕਾਰਨ ਬਣਦੇ ਰਹੇ, ਉਨ੍ਹਾਂ ਦੀ ਅਕਸਰ ਭੰਡੀ ਕਰਨ ਲੱਗੇ ਵੀ ਪੰਜਾਬੀ ਕਦੇ ਨਹੀਂ ਝਕਦੇ।ਹੁਣ ਵਾਰੀ ਹੈ ਪੰਜਾਬ ਤੋਂ ਵਖਰੇ ਹੋਏ ਹਿਮਾਚਲ ਪ੍ਰਦੇਸ਼ ਦੀ। ਉਥੇ ਵੀ ਤਾਂ ਪੰਜਾਬੀ ਨਾਲ ਰਲਦੀਆਂ-ਮਿਲਦੀਆਂ ਹੀ ਬੋਲੀਆਂ ਬੋਲੀਆਂ ਜਾਂਦੀਆਂ ਹਨ ਜੋ ਕਿ ਪੰਜਾਬ ਦਾ ਹੀ ਰੂਪ-ਸਰੂਪ ਹਨ। ਪੁਰਾਣੇ ਵੇਲਿਆਂ ਦੀ ਇਕ ਕਹਾਵਤ ਜ਼ਿਹਨ ਵਿਚ ਦਸਤਕ ਦੇ ਰਹੀ ਹੈ।

ਕਿਹਾ ਜਾਂਦਾ ਸੀ ਕਿ ਪੰਜਾਬ ਵਿਚ ਤਾਂ 'ਬਾਰਾਂ ਕੋਹਾਂ ਤੇ ਜਾ ਕੇ ਬੋਲੀ ਬਦਲ ਜਾਂਦੀ ਹੈ'। ਇਹ ਕਹਾਵਤ ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ਾਲ ਰਾਜ ਦੀ ਕਹਾਵਤ ਹੈ। ਸੋ ਹਿਮਾਚਲ ਵੀ ਵੱਡੇ ਪੰਜਾਬ ਦਾ ਹੀ ਅਲੱਗ ਹੋਇਆ ਪੁੱਤਰ ਹੈ। ਇਸ ਲਈ ਉਥੇ ਵੀ ਹੁਣ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲ ਜਾਣਾ ਚਾਹੀਦਾ ਹੈ। ਇਹ ਉਥੋਂ ਦੇ ਵਾਸੀਆਂ ਦਾ ਮੂਲ ਅਧਿਕਾਰ ਹੈ ਕਿ ਉਹ ਅਪਣੀ ਮਾਂ-ਬੋਲੀ ਨਾਲ ਨੇੜਤਾ ਪ੍ਰਾਪਤ ਕਰ ਸਕਣ। ਜੰਮੂ-ਕਸ਼ਮੀਰ ਅਤੇ ਰਾਜਸਥਾਨ ਪ੍ਰਾਂਤਾਂ ਦੀ ਵੀ ਬਹੁਤ ਸਾਰੀ ਮੂਲ ਵਸੋਂ ਪੰਜਾਬੀ ਹੈ।

ਉਥੇ ਵੀ ਪੰਜਾਬੀ ਅਤੇ ਪੰਜਾਬੀਆਂ ਨੂੰ ਉਨ੍ਹਾਂ ਦਾ ਬਣਦਾ ਸਥਾਨ ਅਤੇ ਮਾਣ-ਸਤਿਕਾਰ ਮਿਲਣਾ ਚਾਹੀਦਾ ਹੈ ਤਾਕਿ ਭਾਰਤ ਵਿਚ ਜਿੱਥੇ ਵੀ ਕਿਤੇ ਪੰਜਾਬੀ ਬਹੁਗਿਣਤੀ ਵੱਸੋਂ ਵਿਚ ਰਹਿੰਦੇ ਹਨ, ਉਹ ਮੁਢਲੀ ਸਿਖਿਆ ਭਾਵੇਂ ਉਥੋਂ ਦੀਆਂ ਕੇਂਦਰੀ ਭਾਸ਼ਾਵਾਂ ਵਿਚ ਹੀ ਗ੍ਰਹਿਣ ਕਰਨ ਪਰ ਉਸ ਦੇ ਨਾਲ ਹੀ ਉਹ ਅਪਣੀ ਮਾਂ-ਬੋਲੀ ਵੀ ਸਿਖ ਸਕਣ ਤਾਕਿ ਉਹ ਅਪਣੀਆਂ ਜੜ੍ਹਾਂ ਨਾਲ ਜੁੜੇ ਰਹਿ ਸਕਣ। ਕਿਤੇ ਜੜ੍ਹਾਂ ਨਾਲੋਂ ਟੁੱਟ ਕੇ ਸੰਵੇਦਨਹੀਣ ਨਾ ਹੋ ਜਾਣ।

ਭਾਵੇਂ ਕਿ ਸੁਤੰਤਰਤਾ ਸੰਗਰਾਮ ਦੌਰਾਨ ਦੇਸ਼ਭਗਤ ਲੋਕ ਭਾਸ਼ਾਵਾਂ ਨੂੰ ਰਾਜ ਪ੍ਰਬੰਧ ਅਤੇ ਸਿਖਿਆ ਦੇ ਖੇਤਰ ਵਿਚ ਲਾਗੂ ਕਰਾਉਣ ਲਈ ਕਰਾਜਸ਼ੀਲ ਹੁੰਦੇ ਰਹੇ ਪਰ ਉਨ੍ਹਾਂ ਕੋਸ਼ਿਸ਼ਾਂ ਨੂੰ ਬੂਰ ਹੁਣ ਜਾ ਕੇ ਕਿਤੇ ਪੈਣਾ ਸ਼ੁਰੂ ਹੋਇਆ ਹੈ। ਇਸ ਦਾ ਕਾਰਨ ਸਾਫ਼ ਹੈ ਕਿ ਦੇਸ਼ ਤੇ ਪੜ੍ਹੇ-ਲਿਖੇ ਮੁੱਠੀ-ਭਰ ਲੋਕਾਂ ਦਾ ਮਕਸਦ ਆਮ ਲੋਕਾਂ ਨੂੰ ਅਨਪੜ੍ਹ ਰਖਣਾ ਅਤੇ ਰਾਜ-ਪ੍ਰਬੰਧਨ ਤੋਂ ਦੂਰ ਰਖਣਾ ਸੀ।

ਉਹੀ ਫ਼ਿਰੰਗੀ ਵਾਲੀ ਹੀ ਬਸਤੀਵਾਦੀ ਨੀਤੀ ਅਜੇ ਵੀ ਲਾਗੂ ਹੈ। ਸਿਰਫ਼ ਚਮੜੀ ਬਦਲੀ ਹੈ, ਜਮਾਤ ਨਹੀਂ ਬਦਲੀ। ਨੀਤੀਆਂ ਅੱਜ ਵੀ ਅੰਗਰੇਜ਼ਾਂ ਦੀਆਂ ਹੀ ਅਪਣਾਈਆਂ ਗਈਆਂ ਹਨ। ਸਾਡੀ ਸਿਖਿਆ ਨੀਤੀ ਵੀ ਸਿਰਫ਼ ਕਲਰਕ ਹੀ ਪੈਦਾ ਕਰ ਸਕਦੀ ਸੀ। ਹੁਣ ਤਾਂ ਹਾਲਾਤ ਇਥੋਂ ਤਕ ਬਦਤਰ ਹੋ ਗਏ ਹਨ ਕਿ ਕਲਰਕ ਵੀ ਪੈਦਾ ਨਹੀਂ ਕਰ ਸਕਦੀ, ਸਾਡੇ ਮਹਾਨ ਦੇਸ਼ ਦੀ 'ਸਰਕਾਰੀ ਸਿਖਿਆ ਬਦਨੀਤੀ'।

ਸਗੋਂ ਸਰਕਾਰੀ ਸਿਖਿਆ ਤੰਤਰਨੀਤੀ ਅਨਪੜ੍ਹ ਪੰਜਾਬ ਪੈਦਾ ਕਰ ਰਹੀ ਹੈ।ਮਿਤੀ 13 ਜੁਲਾਈ, 2011 ਨੂੰ ਜਲੰਧਰ ਟੀ.ਵੀ. ਤੇ 'ਖ਼ਾਸ ਖ਼ਬਰ ਇਕ ਨਜ਼ਰ' ਦੀ ਖ਼ਬਰ ਵਿਚਾਰ ਨੇ ਮਨ ਨੂੰ ਬੜਾ ਸਕੂਨ ਦਿਤਾ ਜਦੋਂ ਇਹ ਖ਼ਬਰ ਸੁਣੀ ਕਿ 'ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਨੇ ਇਹ ਫ਼ੈਸਲਾ ਕੀਤਾ ਹੈ ਕਿ ਜਿਹੜੇ ਉਮੀਦਵਾਰ ਸਿਵਲ ਸੇਵਾਵਾਂ ਦੀ ਲਿਖਤੀ ਪ੍ਰੀਖਿਆ ਲਈ ਮਾਧਿਅਮ ਦੇ ਰੂਪ ਵਿਚ ਅਪਣੀ ਮਾਂ-ਬੋਲੀ ਦੀ ਚੋਣ ਕਰਦੇ ਹਨ, ਉਹ ਹੁਣ ਉਸੇ ਭਾਸ਼ਾ ਵਿਚ ਇੰਟਰਵਿਊ ਵੀ ਦੇ ਸਕਣਗੇ।

ਇਸ ਤੋਂ ਇਲਾਵਾ ਮੁੱਖ ਪ੍ਰੀਖਿਆ ਅੰਗਰੇਜ਼ੀ ਵਿਚ ਦੇਣ ਵਾਲੇ ਹਿੰਦੀ ਜਾਂ ਅੰਗਰੇਜ਼ੀ ਵਿਚ ਇੰਟਰਵਿਊ ਦੇ ਸਕਣਗੇ। ਇਹ ਬਹੁਤ ਹੀ ਸਾਰਥਕ ਕਦਮ ਹੈ ਕਿਉਂਕਿ ਉਮੀਦਵਾਰ ਦੀ ਲਿਆਕਤ ਅਤੇ ਯੋਗਤਾ ਦਾ ਆਧਾਰ ਸਿਰਫ਼ ਅੰਗਰੇਜ਼ੀ ਮੰਨ ਲੈਣਾ ਕਿਸੇ ਵੀ ਪੱਖੋਂ ਲੋਕ ਹਿਤੂ ਨਹੀਂ ਹੈ। ਇਹ ਸਾਡੀ ਗ਼ੁਲਾਮ ਜ਼ਹਿਨੀਅਤ ਦੀ ਨਿਸ਼ਾਨੀ ਹੈ ਜੋ ਕਿ ਬਰਤਾਨਵੀ ਰਾਜ ਨਾਲ ਅਨਪੜ੍ਹਤਾ ਦੇ ਹਨੇਰੇ ਵਿਚੋਂ ਉਜਾਲੇ ਦੀ ਕਿਰਨ ਵੇਖ ਸਕੀ।

ਇਹ ਅਜੇ ਵੀ ਅੰਗਰੇਜ਼ਾਂ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕੀ। ਉਚਤਮ ਤੋਂ ਉਚਤਮ ਗਿਆਨ ਮਾਂ-ਬੋਲੀ ਵਿਚ ਹਾਸਲ ਕੀਤਾ ਜਾ ਸਕਦਾ ਹੈ। ਜਨਰਲ ਨਾਲਜ ਲਈ ਸਿਰਫ਼ ਅੰਗਰੇਜ਼ੀ ਦੀ ਗ਼ੁਲਾਮੀ ਮੰਨੀ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਭਾਵੇਂ ਸਾਨੂੰ ਆਜ਼ਾਦ ਹੋਇਆਂ ਨੂੰ 70 ਸਾਲ ਹੋ ਚੁਕੇ ਹਨ ਪਰ ਸਾਡੀ ਮਾਨਸਿਕਤਾ ਵਿਚ ਅਜੇ ਵੀ ਗ਼ੁਲਾਮੀ ਵਸੀ ਹੋਈ ਹੈ।

ਪਰ ਸਾਡੇ ਅੱਜ ਦੇ ਹਾਲਾਤ ਅਤੇ ਕਦਰਾਂ-ਕੀਮਤਾਂ ਵਿਚ ਆਈ ਗਿਰਾਵਟ ਨੂੰ ਵੇਖਦੇ ਹੋਏ ਸਾਡੀ ਮਾਨਸਿਕਤਾ ਦੀ ਇਸ ਗ਼ੁਲਾਮੀ ਨੂੰ ਤਿਆਗ ਕੇ ਮਾਂ-ਬੋਲੀ ਦੇ ਜ਼ਰੀਏ ਸਾਡੀ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੀ ਵਿਰਾਸਤ, ਸਭਿਆਚਾਰ ਤੇ ਮੂਲ ਕਦਰਾਂ-ਕੀਮਤਾਂ ਨਾਲ ਜੋੜਨ ਲਈ ਸਰਕਾਰੀ ਤੌਰ ਤੇ ਉਪਰਾਲਾ ਕਰਨਾ ਇਕ ਸਾਰਥਕ ਤੇ ਸਲਾਹੁਣਯੋਗ ਕਦਮ ਹੈ।

ਪੀ.ਜੀ.ਆਈ. ਨੇ ਮਾਂ-ਬੋਲੀ ਪੰਜਾਬੀ ਨੂੰ ਵੱਡਾ ਮਾਣ ਦਿੰਦਿਆਂ ਤੋਤਲੇਪਨ ਦਾ ਟੈਸਟ ਪੰਜਾਬੀ ਭਾਸ਼ਾ ਵਿਚ ਵਿਕਸਤ ਕੀਤਾ ਹੈ। ਪੀ.ਜੀ.ਆਈ. ਹਸਪਤਾਲ ਵਿਚ ਸਪੀਚ ਐਂਡ ਹੀਅਰਿੰਗ ਵਿਭਾਗ ਦੀ ਸਥਾਪਨਾ 1979 ਵਿਚ ਹੋਈ ਸੀ। ਉਦੋਂ ਤੋਂ ਹੀ ਤੋਤਲੇਪਨ ਦੇ ਇਲਾਜ ਲਈ ਟੈਸਟ ਸਿਰਫ਼ ਹਿੰਦੀ ਜਾਂ ਅੰਗਰੇਜ਼ੀ ਵਿਚ ਹੀ ਕੀਤਾ ਜਾਂਦਾ ਸੀ। ਇਸ ਤੋਂ ਬਾਅਦ 1980ਵਿਆਂ ਵਿਚ ਦੱਖਣੀ ਭਾਸ਼ਾਵਾਂ ਵਿਚ ਤਾਂ ਇਹ ਟੈਸਟ ਸ਼ੁਰੂ ਹੋ ਗਏ ਪਰ ਵਿਚਾਰੀ ਅਤੇ ਵਿਸਾਰੀ ਪੰਜਾਬੀ ਵਿਚ ਇਹ ਟੈਸਟ ਹੁਣ ਜਾ ਕੇ ਕਿਤੇ ਸ਼ੁਰੂ ਹੋਇਆ ਹੈ।

ਵਿਭਾਗ ਦੇ ਡਾਕਟਰ ਧਰਮਵੀਰ ਵਲੋਂ ਇਕ ਅਧਿਐਨ ਰਾਹੀਂ ਅਧਿਕਾਰੀਆਂ ਨੂੰ ਇਸ ਦੀ ਲੋੜ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੇ ਹੀ ਨਿਜੀ ਯਤਨਾਂ ਸਦਕਾ ਹੁਣ ਪੰਜਾਬੀ ਭਾਸ਼ਾ ਵਿਚ ਸਪੀਚ ਟੈਸਟ ਸ਼ੁਰੂ ਕੀਤਾ ਗਿਆ ਹੈ। ਇਹ ਅਧਿਐਨ ਚੰਡੀਗੜ੍ਹ ਦੇ ਨਾਲ ਲਗਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਜਾ ਕੇ ਕੀਤਾ ਗਿਆ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਵੱਡੀ ਗਿਣਤੀ ਵਿਚ ਤੰਦਰੁਸਤ ਬੱਚੇ ਵੀ ਹਿੰਦੀ ਜਾਂ ਅੰਗਰੇਜ਼ੀ ਵਿਚ ਸ਼ਬਦ ਉਚਾਰਣ ਨੂੰ ਦਿੱਕਤ ਸਮਝਦੇ ਸਨ। ਤੋਤਲੇ ਬੱਚੇ ਦੀ ਜੀਭ ਜਿਹੜੀ ਕਿ ਪਹਿਲਾਂ ਹੀ ਠੀਕ ਨਹੀਂ ਹੁੰਦੀ, ਨੂੰ ਪੰਜਾਬੀ ਦੀ ਥਾਂ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦਾ ਉਚਾਰਣ ਕਰਨ ਵੇਲੇ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ।

ਤੋਤਲਾਪਨ ਸਿਰਫ਼ ਬੱਚਿਆਂ ਵਿਚ ਹੀ ਨਹੀਂ ਸਗੋਂ ਇਹ ਕਈ ਬਿਮਾਰੀਆਂ ਕਾਰਨ ਵੱਡੀ ਉਮਰ ਵਿਚ ਵੀ ਆ ਜਾਂਦਾ ਹੈ। ਸਿਰਫ਼ ਵੱਧ ਆਮਦਨ ਵਾਲੇ ਪ੍ਰਵਾਰਾਂ ਦੇ ਬੱਚੇ ਹੀ ਪੰਜਾਬੀ ਬੋਲਣ ਵਿਚ ਦਿੱਕਤ ਮਹਿਸੂਸ ਕਰਦੇ ਹਨ ਜਦਕਿ ਇਸ ਹਸਪਤਾਲ ਵਿਚ ਵੱਡੀ ਗਿਣਤੀ ਵਿਚ ਅਜਿਹੇ ਬੱਚੇ ਆਉਂਦੇ ਹਨ ਜਿਨ੍ਹਾਂ ਦੀ ਮਾਂ-ਬੋਲੀ ਪੰਜਾਬੀ ਹੁੰਦੀ ਹੈ। ਪਰ ਪਹਿਲਾਂ ਜਦੋਂ ਇਹ ਟੈਸਟ ਅਤੇ ਇਲਾਜ ਦੂਜੀਆਂ ਭਾਸ਼ਾਵਾਂ ਵਿਚ ਕੀਤਾ ਜਾਂਦਾ ਸੀ ਤਾਂ ਇਸ ਦੇ ਨਤੀਜੇ ਚੰਗੇ ਨਹੀਂ ਸਨ ਹੁੰਦੇ।

ਪਰ ਇਸ ਟੈਸਟ ਲਈ ਪੰਜਾਬੀ ਨੂੰ ਨਾ ਲਾਗੂ ਕਰਨ ਵਿਚ ਉੱਚੇ ਘਰਾਣਿਆਂ ਦੇ ਲੋਕ ਹੀ ਰੋੜਾ ਬਣ ਰਹੇ ਹਨ। ਹਸਪਤਾਲ ਵਿਚ ਚਲ ਰਹੇ ਇਸ ਵਿਭਾਗ ਬਾਰੇ ਭਾਰਤ ਵਿਚਲੇ ਬਹੁਤੇ ਲੋਕਾਂ ਨੂੰ ਤਾਂ ਜਾਣਕਾਰੀ ਹੀ ਨਹੀਂ ਹੈ। ਹਾਂ ਦਖਣੀ ਲੋਕਾਂ ਨੂੰ ਇਸ ਬਾਰੇ ਵਧੇਰੇ ਜਾਣਕਾਰੀ ਹੈ। ਇਸੇ ਲਈ ਹੀ ਉਨ੍ਹਾਂ ਨੇ ਨਿਜੀ ਕੋਸ਼ਿਸ਼ਾਂ ਕਰ ਕੇ ਪਹਿਲਾਂ ਹੀ ਇਸ ਵਿਭਾਗ ਵਿਚ ਇਲਾਜ ਲਈ ਅਪਣੀਆਂ ਮਾਤ-ਭਾਸ਼ਾਵਾਂ ਲਾਗੂ ਕਰਵਾ ਲਈਆਂ ਸਨ। 
ਸੰਪਰਕ : 94649-58236