ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਵਰਗਾ ਦੂਰ-ਅੰਦੇਸ਼ ਅਤੇ ਨਿਧੜਕ ਸਿੱਖ ਲੀਡਰ ਮਿਲਣਾ ਬਹੁਤ ਮੁਸ਼ਕਲ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

132ਵੇਂ ਜਨਮਦਿਨ ਤੇ ਵਿਸ਼ੇਸ਼

Master Tara Singh

ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦਾ 132ਵਾਂ ਜਨਮਦਿਨ 24 ਜੂਨ ਨੂੰ ਮਨਾਇਆ ਜਾ ਰਿਹਾ ਹੈ। ਆਪ ਜੀ ਦਾ ਜਨਮ 24 ਜੂਨ 1885 ਨੂੰ ਪਿੰਡ ਹਰਿਆਲ ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿਚ ਬਖਸ਼ੀ ਗੋਪੀ ਚੰਦ ਜੀ ਦੇ ਘਰ ਹੋਇਆ ਸੀ। ਆਪ ਦਾ ਜਨਮ ਹਿੰਦੂ ਪ੍ਰਵਾਰ ਵਿਚ ਹੋਇਆ ਅਤੇ ਆਪ ਜੀ ਦਾ ਨਾਂ ਨਾਨਕ ਚੰਦ ਰਖਿਆ ਗਿਆ ਸੀ। ਆਪ ਜੀ ਦਾ ਸਾਰਾ ਪ੍ਰਵਾਰ ਸਿੱਖ ਧਰਮ ਵਿਚ ਪੂਰਨ ਵਿਸ਼ਵਾਸ ਰਖਦਾ ਸੀ। 

ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਨੇ ਦੇਸ਼ ਦੀ ਜੰਗ-ਏ-ਆਜ਼ਾਦੀ ਵਿਚ ਜੋ ਹਿੱਸਾ ਪਾਇਆ, ਉਹ ਅਪਣੀ ਮਿਸਾਲ ਆਪ ਹੀ ਸੀ। ਮਾਸਟਰ ਜੀ ਦੀ ਦੂਰ-ਅੰਦੇਸ਼ੀ ਕਾਰਨ ਅਤੇ ਬੇਮਿਸਾਲ ਬਹਾਦਰੀ ਤੇ ਦਲੇਰੀ ਕਾਰਨ ਅੱਧਾ ਪੰਜਾਬ ਅਤੇ ਅੱਧਾ ਬੰਗਾਲ ਪਾਕਿਸਤਾਨ ਵਿਚ ਜਾਣ ਤੋਂ ਬੱਚ ਗਿਆ। ਮਾਸਟਰ ਜੀ ਨੇ ਮੁਹੰਮਦ ਅਲੀ ਜਿਨਾਹ ਦੇ ਉਨ੍ਹਾਂ ਮਨਸੂਬਿਆਂ ਉਤੇ ਪਾਣੀ ਫੇਰ ਦਿਤਾ ਜਿਨ੍ਹਾਂ ਰਾਹੀਂ ਮੁਹੰਮਦ ਅਲੀ ਜਿਨਾਹ ਵਲੋਂ ਮਾਸਟਰ ਤਾਰਾ ਸਿੰਘ ਜੀ ਅਤੇ ਦੂਜੇ ਸਿੱਖ ਲੀਡਰਾਂ ਉਤੇ ਜ਼ੋਰ ਪਾਇਆ ਗਿਆ ਕਿ ਜੇਕਰ ਪਾਕਿਸਤਾਨ ਬਣਾਉਣ ਵਿਚ ਸਿੱਖ ਲੀਡਰ ਸਾਥ ਦੇਣ ਤਾਂ ਪਾਕਿਸਤਾਨ ਵਿਚ ਸਿੱਖਾਂ ਨੂੰ ਸਿੱਖ ਹੋਮਲੈਂਡ ਦਿਤਾ ਜਾਏਗਾ ਪਰ ਮਾਸਟਰ ਤਾਰਾ ਸਿੰਘ ਜੀ ਨੇ ਪਾਕਿਸਤਾਨ ਦਾ ਜ਼ੋਰਦਾਰ ਵਿਰੋਧ ਕਰ ਕੇ ਜਿਨਾਹ ਦੇ ਇਰਾਦਿਆਂ ਨੂੰ ਮਲੀਆਮੇਟ ਕਰ ਦਿਤਾ।

ਜਦੋਂ 1930 ਵਿਚ ਕਾਂਗਰਸ ਨੇ ਸਿਵਲ ਨਾਫ਼ੁਰਮਾਨੀ ਦੀ ਲਹਿਰ ਸ਼ੁਰੂ ਕੀਤੀ ਤਾਂ ਸਾਰੇ ਮੁਲਕ ਵਿਚ ਗੁੱਸਾ ਸੀ। ਉਧਰ ਸਰਹੱਦੀ ਸੂਬੇ ਦੇ ਪਠਾਣਾਂ ਵਿਚ ਸਿਵਲ ਨਾਫ਼ੁਰਮਾਨੀ ਨੂੰ ਲੈ ਕੇ ਬਹੁਤ ਜੋਸ਼ ਸੀ ਜਿਸ ਕਰ ਕੇ ਅੰਗਰੇਜ਼ ਸਰਕਾਰ ਨੇ ਪਠਾਣਾਂ ਉਪਰ ਅਤਿਆਚਾਰ ਕਰਨਾ ਸ਼ੁਰੂ ਕੀਤਾ, ਜਿਸ ਤੇ ਮਾਸਟਰ ਤਾਰਾ ਸਿੰਘ ਜੀ ਦੀ ਆਤਮਾ ਤੜਪ ਉਠੀ ਅਤੇ ਉਹ ਅੰਮ੍ਰਿਤਸਰ ਤੋਂ 100 ਸਿੱਖਾਂ ਦਾ ਜੱਥਾ ਲੈ ਕੇ ਪਠਾਣਾਂ ਦੀ ਮਦਦ ਵਾਸਤੇ ਪੈਦਲ ਹੀ ਲਾਹੌਰ ਲਈ ਚੱਲ ਪਏ ਪਰ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 3 ਮਾਰਚ, 1947 ਨੂੰ ਗਵਰਨਰ ਪੰਜਾਬ ਨੇ ਮੁਸਲਿਮ ਲੀਗ ਨੂੰ ਪੰਜਾਬ ਵਿਚ ਵਜ਼ਾਰਤ ਬਣਾਉਣ ਲਈ ਸੱਦਾ ਦਿਤਾ ਤਾਂ ਮਾਸਟਰ ਤਾਰਾ ਸਿੰਘ ਜੀ ਨੇ ਮਿਆਨ ਵਿਚੋਂ ਕ੍ਰਿਪਾਨ ਕੱਢ ਕੇ ਲਾਹੌਰ ਅਸੈਂਬਲੀ ਵਿਚ ਅਪਣੇ ਸਾਥੀਆਂ ਨਾਲ ਪਾਕਿਸਤਾਨ ਮੁਰਦਾਬਾਦ ਦੇ ਨਾਹਰੇ ਲਾਏ।

ਮੁਸਲਿਮ ਲੀਗ ਵਾਲੇ ਵੀ ਸਾਹਮਣੇ ਆ ਗਏ। ਟਕਰਾਅ ਹੁੰਦਾ ਵੇਖ ਕੇ ਪੁਲਿਸ ਵਿਚਾਲੇ ਆ ਗਈ ਅਤੇ ਮੁਸਲਿਮ ਲੀਗ ਦੀ ਵਜ਼ਾਰਤ ਬਣਨ ਤੋਂ ਰਹਿ ਗਈ। 
4 ਮਾਰਚ 1947 ਨੂੰ ਲਾਹੌਰ ਦੇ ਗੋਲਬਾਗ਼ ਵਿਚ ਇਕ ਬਹੁਤ ਵੱਡੇ ਜਲਸੇ ਵਿਚ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਨੂੰ ਹਿੰਦੂਆਂ ਅਤੇ ਸਿੱਖਾਂ ਨੇ ਅਪਣਾ ਡਿਕਟੇਟਰ ਨਿਯੁਕਤ ਕਰ ਦਿਤਾ। ਮਾਸਟਰ ਜੀ ਦੀ ਸੂਝ-ਬੂਝ, ਸਿਆਣਪ, ਦਲੇਰੀ ਅਤੇ ਹਿੰਮਤ ਨੇ ਅੰਗਰੇਜ਼ ਸਰਕਾਰ ਨੂੰ ਮਜਬੂਰ ਕਰ ਦਿਤਾ ਕਿ ਪੰਜਾਬ ਦੇ ਜਿਸ ਹਿੱਸੇ ਵਿਚ ਹਿੰਦੂਆਂ ਅਤੇ ਸਿੱਖਾਂ ਦੀ ਵਸੋਂ ਹੈ, ਉਹ ਹਿੱਸਾ ਹਿੰਦੁਸਤਾਨ ਨਾਲ ਰਹੇ ਅਤੇ ਬੰਗਾਲ ਦੇ ਜਿਸ ਹਿੱਸੇ ਵਿਚ ਹਿੰਦੂ-ਸਿੱਖ ਹਨ, ਉਹ ਵੀ ਹਿੰਦੁਸਤਾਨ ਨਾਲ ਹੀ ਰਹੇ।

ਮਾਸਟਰ ਜੀ ਦੀ ਦਾਨਿਸ਼ਮੰਦੀ ਅਤੇ ਬਹਾਦਰੀ ਕਰ ਕੇ ਅੱਧਾ ਪੰਜਾਬ ਅਤੇ ਬੰਗਾਲ ਪਾਕਿਸਤਾਨ ਵਿਚ ਜਾਣ ਤੋਂ ਬਚਿਆ। ਜੇਕਰ ਮਾਸਟਰ ਤਾਰਾ ਸਿੰਘ ਜੀ ਦਲੇਰੀ ਅਤੇ ਹਿੰਮਤ ਨਾ ਵਿਖਾਉਂਦੇ ਤਾਂ ਅੱਜ ਪਾਕਿਸਤਾਨ ਦੀ ਹੱਦ ਦਿੱਲੀ ਦੇ ਨੇੜੇ ਨਰੇਲਾ ਤਕ ਹੁੰਦੀ। 1957 ਵਿਚ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦਾ ਜਨਮਦਿਨ ਪਹਿਲੀ ਵਾਰ ਦਿੱਲੀ ਦੇ ਸਿੱਖਾਂ ਵਲੋਂ ਦਿੱਲੀ ਦੇ ਅਜਮਲ ਖ਼ਾਨ ਪਾਰਕ ਵਿਚ ਜਥੇਦਾਰ ਰਛਪਾਲ ਸਿੰਘ ਜੀ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿਚ ਦਿੱਲੀ ਦੇ ਸਿੱਖਾਂ ਵਲੋਂ ਮਾਸਟਰ ਤਾਰਾ ਸਿੰਘ ਜੀ ਨੂੰ 72 ਤੋਲੇ ਸੋਨੇ ਦਾ ਹਾਰ ਅਤੇ ਇਕ ਡੌਜ਼ ਕਾਰ ਭੇਟ ਕੀਤੀ ਗਈ।

ਇਸ ਸਮਾਗਮ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੀ ਮਾਸਟਰ ਜੀ ਨੂੰ ਵਧਾਈ ਦੇਣ ਲਈ ਪਹੁੰਚੇ ਸਨ। ਪੰਡਤ ਨਹਿਰੂ ਨੇ ਮਾਸਟਰ ਜੀ ਦੀ ਦੇਸ਼ਭਗਤੀ ਅਤੇ ਆਜ਼ਾਦੀ ਵਾਸਤੇ ਕੀਤੀ ਕੁਰਬਾਨੀ ਦੀ ਰੱਜ ਕੇ ਤਾਰੀਫ਼ ਕੀਤੀ। ਨਹਿਰੂ ਨੇ ਮਾਸਟਰ ਜੀ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦਿਆਂ ਕਿਹਾ ਕਿ 'ਆਪ ਨੇ ਦੇਸ਼ ਦੀ ਆਜ਼ਾਦੀ ਵਾਸਤੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ। ਹੁਣ ਆਪ ਜੀ ਦੇਸ਼ ਦੇ ਉਪ-ਰਾਸ਼ਟਰਪਤੀ ਬਣ ਕੇ ਦੇਸ਼ ਦੀ ਸੇਵਾ ਕਰੋ।' ਮਾਸਟਰ ਜੀ ਬਹੁਤ ਦੂਰ-ਅੰਦੇਸ਼ ਸਨ। ਉਹ ਸਮਝ ਗਏ ਕਿ ਇਹ ਪ੍ਰਧਾਨ ਮੰਤਰੀ ਮੈਨੂੰ ਦੇਸ਼ ਦਾ ਉਪ-ਰਾਸ਼ਟਰਪਤੀ ਬਣਾ ਕੇ ਖ਼ਰੀਦ ਲੈਣਾ ਚਾਹੁੰਦਾ ਹੈ ਤੇ ਸਿੱਖ ਕੌਮ ਦੇ ਹੱਕਾਂ ਲਈ ਉਠਣ ਵਾਲੀ ਆਵਾਜ਼ ਹਮੇਸ਼ਾ ਲਈ ਬੰਦ ਕਰ ਦੇਣੀ ਚਾਹੁੰਦਾ ਹੈ।

ਮਾਸਟਰ ਜੀ ਨੇ ਉਪ-ਰਾਸ਼ਟਰਪਤੀ ਬਣਨ ਤੋਂ ਇਨਕਾਰ ਕਰ ਦਿਤਾ। ਦੇਸ਼ ਦੀ ਆਜ਼ਾਦੀ ਪਿਛੋਂ ਜਦੋਂ ਮਾਸਟਰ ਤਾਰਾ ਸਿੰਘ ਜੀ ਅਪਣੇ ਸਾਥੀਆਂ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਅਤੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਰਦਾਰ ਪਟੇਲ ਨੂੰ ਮਿਲ ਕੇ, ਕਾਂਗਰਸ ਪਾਰਟੀ ਵਲੋਂ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਯਾਦ ਦੁਆਈ ਤਾਂ ਇਨ੍ਹਾਂ ਦੋਹਾਂ ਅਕ੍ਰਿਤਘਣ ਲੀਡਰਾਂ ਨੇ ਬੜੀ ਬੇਸ਼ਰਮੀ ਅਤੇ ਢੀਠਪੁਣੇ ਨਾਲ ਕਿਹਾ ਕਿ 'ਮਾਸਟਰ ਜੀ ਅਬ ਸਮਾਂ ਬਦਲ ਗਿਆ ਹੈ। ਆਪ ਭੀ ਬਦਲ ਜਾਉ।' ਤਾਂ ਮਾਸਟਰ ਜੀ ਨੇ ਬੜੀਆਂ ਖਰੀਆਂ-ਖੋਟੀਆਂ  ਸੁਣਾਈਆਂ ਅਤੇ ਕਿਹਾ ਕਿ ਤੁਸਾਂ ਸਿੱਖਾਂ ਨਾਲ ਧ੍ਰੋਹ ਕੀਤਾ ਹੈ। 

ਇਤਿਹਾਸ ਗਵਾਹ ਹੈ ਕਿ ਆਜ਼ਾਦੀ ਮਗਰੋਂ ਜਿਸ ਜਿਸ ਸਿੱਖ ਲੀਡਰ ਨੇ ਸਿੱਖ ਹੱਕਾਂ ਦੀ ਮੰਗ ਉਠਾਈ ਅਤੇ ਕੀਤੀ ਉਸ ਉਸ ਨੂੰ ਸਰਕਾਰੀ ਚੋਗਾ ਪਾ ਕੇ ਖ਼ਰੀਦ ਲਿਆ ਜਾਂਦਾ ਰਿਹਾ। ਜੇਕਰ ਵਿਕੇ ਨਹੀਂ ਤਾਂ ਮਾਸਟਰ ਤਾਰਾ ਸਿੰਘ ਜੀ ਅਤੇ ਗਿਆਨੀ ਕਰਤਾਰ ਸਿੰਘ ਜੀ ਨਹੀਂ ਵਿਕ ਸਕੇ। ਖ਼ਰੀਦੇ ਗਏ ਸਿੱਖ ਲੀਡਰਾਂ ਨੂੰ ਕਿਸੇ ਨੂੰ ਮੁੱਖ ਮੰਤਰੀ, ਵਿਦੇਸ਼ ਮੰਤਰੀ, ਰਖਿਆ ਮੰਤਰੀ, ਸਪੀਕਰ, ਡਿਪਟੀ ਸਪੀਕਰ ਅਤੇ ਰਾਜ ਸਭਾ ਦੀ ਮੈਂਬਰੀ ਦਿਤੀ ਗਈ ਤਾਕਿ ਇਹ ਸਿੱਖ ਕੌਮ ਦੇ ਹੱਕਾਂ ਦੀ ਗੱਲ ਨਾ ਕਰ ਸਕਣ। ਹੋਇਆ ਵੀ ਅਜਿਹਾ ਹੀ ਕਿ ਜਿਸ ਜਿਸ ਸਿੱਖ ਲੀਡਰ ਨੂੰ ਸਰਕਾਰ ਨੇ ਅਹੁਦੇ ਦਿਤੇ, ਉਹ ਲੀਡਰ ਸਿੱਖ ਕੌਮ ਦੀ ਗੱਲ ਕਰਨ ਦੀ ਬਜਾਏ, ਸਰਕਾਰ ਦੀ ਚਾਪਲੂਸੀ ਕਰਦੇ ਰਹੇ ਤੇ ਸਰਕਾਰੀ ਸਹੂਲਤਾਂ ਮਾਣਦੇ ਰਹੇ। ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਅਖ਼ੀਰਲੇ ਸਾਹ ਤਕ ਇਹ ਹੀ ਕਹਿੰਦੇ ਰਹੇ ਕਿ 'ਮੈਂ ਮਰਾਂ ਪੰਥ ਜੀਵੇ'। 

ਮਾਸਟਰ ਜੀ ਨੇ ਸਾਰਾ ਜੀਵਨ ਸਾਦਾ ਅਤੇ ਫ਼ਕੀਰਾਂ ਵਾਲਾ ਹੀ ਬਤੀਤ ਕੀਤਾ। ਬਾਕੀ ਲੀਡਰਾਂ ਦੇ ਕਾਰੋਬਾਰ, ਫ਼ੈਕਟਰੀਆਂ ਅਤੇ ਬਿਜ਼ਨਸ ਵਧਦੇ ਚਲੇ ਗਏ। ਅੱਜ ਦੇ ਇਸ ਸਮੇਂ ਵਿਚ ਸਿੱਖਾਂ ਦਾ ਕੋਈ ਲੀਡਰ ਨਹੀਂ ਜੋ ਮਾਸਟਰ ਜੀ ਵਾਂਗ ਬਿਨਾਂ ਲੋਭ ਲਾਲਚ ਦੇ ਕੌਮ ਦੀ ਗੱਲ ਕਰ ਸਕੇ। ਜਿਹੜੇ ਇਸ ਵੇਲੇ ਸਿੱਖਾਂ ਦੇ ਲੀਡਰ ਅਖਵਾਉਂਦੇ ਹਨ, ਉਨ੍ਹਾਂ ਨੇ ਸਮੁੱਚੀ ਸਿੱਖ ਕੌਮ ਨੂੰ ਕੇਂਦਰ ਕੋਲ ਵੇਚ ਕੇ ਵਜ਼ਾਰਤਾਂ ਹਾਸਲ ਕੀਤੀਆਂ ਹੋਈਆਂ ਹਨ ਅਤੇ ਜਦੋਂ ਰਾਜਸੱਤਾ ਖੁਸ ਜਾਵੇ ਤਾਂ ਸਿੱਖ ਮਸਲਿਆਂ ਦੀ ਗੱਲ ਕਰਨ ਲਗਦੇ ਹਨ। 

ਅੱਜ ਸਿੱਖ ਕੌਮ ਦੁਰਾਹੇ ਤੇ ਖੜੀ ਹੈ ਕਿ ਉਹ ਕੀ ਕਰੇ ਅਤੇ ਕੀ ਨਾ ਕਰੇ ਕਿਉਂਕਿ ਅੱਜ ਸਿੱਖ ਕੌਮ ਦੀ ਰਹਿਨੁਮਾਈ ਕਰਨ ਵਾਲਾ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਵਰਗਾ ਸਿਰੜੀ, ਹੱਠੀ, ਪੰਥਪ੍ਰਸਤ, ਦਲੇਰ, ਨਿਡਰ, ਨਿਧੜਕ, ਦੂਰ-ਅੰਦੇਸ਼, ਦਿਆਨਤਦਾਰ, ਈਮਾਨਦਾਰ, ਦਾਨਿਸ਼ਮੰਦ, ਬਹਾਦਰ ਜਰਨੈਲ, ਅਣਖੀਲਾ ਅਤੇ ਕਰਨੀ ਦਾ ਪੂਰਾ ਕੋਈ ਸਿੱਖ ਲੀਡਰ ਨਹੀਂ ਜੋ ਅੱਜ ਦੁਬਿਧਾ ਵਿਚ ਪਈ ਅਤੇ ਸਿੱਖ ਪੰਥ ਦੇ ਦੁਸ਼ਮਣਾਂ ਵਲੋਂ ਮਧੋਲੀ ਅਤੇ ਕੁਚਲੀ ਜਾ ਰਹੀ ਸਿੱਖ ਕੌਮ ਦੀ ਅਗਵਾਈ ਕਰ ਕੇ ਸਿੱਖੀ ਦੇ ਬੋਲਬਾਲੇ ਕਰ ਸਕੇ ਅਤੇ ਸਿੱਖ ਕੌਮ ਦੀ ਰਖਿਆ ਕਰ ਸਕੇ।  

ਅਸੀ ਜਿਥੇ ਕੌਮ ਦੇ ਮਹਾਨ ਯੋਧੇ ਅਤੇ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਨੂੰ ਅਪਣੀ ਸ਼ਰਧਾ ਦੇ ਫੁਲ ਭੇਟ ਕਰਦੇ ਹਾਂ ਉਥੇ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਪੰਥ ਦੇ ਬੋਲਬਾਲੇ ਕਾਇਮ ਰੱਖਣ ਵਾਲਾ ਕੋਈ ਲੀਡਰ ਕੌਮ ਨੂੰ ਦੇਣ ਜੋ ਮਾਸਟਰ ਜੀ ਵਾਂਗ ਸਿੱਖ ਪੰਥ ਦੀ ਅਗਵਾਈ ਕਰੇ।