ਸਿੱਖ ਆਗੂਆਂ ਦਾ ਜਮਘਟਾ ਪਰ ਆਗੂ ਕੋਈ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਚੰਡੀਗੜ੍ਹ ਰਾਜਧਾਨੀ ਪੰਜਾਬ ਨੂੰ ਨਾ ਦਿਤੀ ਗਈ।

Photo

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਚੰਡੀਗੜ੍ਹ ਰਾਜਧਾਨੀ ਪੰਜਾਬ ਨੂੰ ਨਾ ਦਿਤੀ ਗਈ। ਪਹਿਲਾਂ ਮੋਰਚੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲਗਦੇ ਰਹੇ, ਫਿਰ ਪੰਜਾਬ ਦੀਆਂ ਹੱਕੀ ਮੰਗਾਂ ਲਈ ਮੋਰਚੇ ਲਗਾਉਣ ਵਿਚ ਸਿੱਖ ਕੌਮ ਦੇ ਆਗੂ ਉਲਝ ਕੇ ਰਹਿ ਗਏ। ਅੱਜ ਤਕ ਜਿੰਨੇ ਵੀ ਮੋਰਚੇ ਲੱਗੇ, ਉਨ੍ਹਾਂ ਵਿਚੋਂ ਸ਼ਾਇਦ ਚਵਾਨੀ ਜਿੰਨਾ ਵੀ ਫ਼ਾਇਦਾ ਨਾ ਹੋਇਆ ਹੋਵੇ। ਪਰ ਬਾਰਾਂ ਆਨੇ ਜ਼ਰੂਰ ਗਵਾਏ ਹਨ, ਭਾਵ ਕੇਂਦਰ ਦੇ ਸਮਝੌਤਿਆਂ ਨਾਲ ਪੰਜਾਬ ਦੇ ਹੱਕਾਂ ਨੂੰ ਖੋਰਾ ਜ਼ਰੂਰ ਲਗਦਾ ਆ ਰਿਹਾ ਹੈ।

ਹੁਣ ਸਿੱਖ ਆਗੂਆਂ ਨੂੰ ਵੀ ਸਮਝ ਲੱਗ ਗਈ ਸੀ ਕਿ ਪੰਜਾਬ ਦੀਆਂ ਮੰਗਾਂ ਮਨਵਾਉਣ ਦਾ ਏਨਾ ਫ਼ਾਇਦਾ ਨਹੀਂ ਜਿੰਨਾ ਇਨ੍ਹਾਂ ਨੂੰ ਚੋਣਾਂ ਜਿੱਤਣ ਲਈ ਭਖਦੇ ਰੱਖਣ ਵਿਚ ਫ਼ਾਇਦਾ ਹੈ। ਪੰਜਾਬ ਦੇ ਲੋਕਾਂ ਨੂੰ ਦਸਦੇ ਰਹੋ ਕਿ ਕੇਂਦਰ ਸਾਡੇ ਨਾਲ ਧੱਕਾ ਕਰਦਾ ਹੈ, ਇੰਜ ਪੰਜਾਬ ਦੇ ਹਿਤੈਸ਼ੀ ਸਮਝ ਕੇ ਲੋਕ ਸਾਨੂੰ ਵੋਟਾਂ ਪਾਉਂਦੇ ਰਹਿਣਗੇ। ਹਰ ਪੰਜ ਸਾਲ ਬਾਅਦ ਲੋਕਾਂ ਨੂੰ ਸਾਰਾ ਕੁੱਝ ਭੁੱਲ ਜਾਂਦਾ ਹੈ।

ਅਕਾਲੀਆਂ ਬਾਰੇ ਸਮਝਿਆ ਜਾਂਦਾ ਸੀ ਕਿ ਇਹ ਸੂਬਾ ਪੰਜਾਬ ਦੇ ਮੁਢਲੇ ਮੁੱਦਿਆਂ ਅਤੇ ਸਿੱਖ ਕੌਮ ਦੀਆਂ ਹੱਕੀ ਮੰਗਾਂ ਮਨਾਉਣ ਲਈ ਜਿਹੜੇ ਮੋਰਚੇ ਲਗਾ ਰਹੇ ਹਨ ਸ਼ਾਇਦ ਇਹ ਪੰਜਾਬ ਦੇ ਭਲੇ ਲਈ ਹੋਣ। ਪਰ ਇਨ੍ਹਾਂ ਦੇ ਇਹ ਮੋਰਚੇ ਬਗਲੇ ਤੇ ਆਗੂ ਮੱਛੀ ਦੀ ਦੋਸਤੀ ਵਾਂਗ ਕੌਮ ਲਈ ਮਾਰੂ ਸਾਬਤ ਹੁੰਦੇ ਰਹੇ ਹਨ। ਆਗੂ ਮੱਛੀ ਅਪਣੇ ਦੋਸਤ ਬਗਲੇ ਨਾਲ ਇਕ ਮੱਛੀ ਨੂੰ ਨਵੇਂ ਸ਼ਹਿਰ ਵਿਚ ਘਰ ਬਣਾਉਣ ਲਈ ਭੇਜਦੀ ਰਹੀ। ਆਖ਼ਰ ਨੂੰ ਨਵਾਂ ਸ਼ਹਿਰ ਵੇਖਣ ਦੇ ਚਾਅ ਕਾਰਨ ਆਗੂ ਮੱਛੀ ਨੂੰ ਵੀ ਬਗਲੇ ਦਾ ਸ਼ਿਕਾਰ ਹੋਣਾ ਪਿਆ।

ਇਸੇ ਤਰ੍ਹਾਂ ਪੰਜਾਬ ਨੂੰ ਬਲਦੀ ਦੇ ਮੂੰਹ ਵਿਚ ਝੋਕਣ ਲਈ ਹਮੇਸ਼ਾ ਪੰਜਾਬ ਦੇ ਪਾਣੀਆਂ ਦੀ ਬਲੀ ਦਿਤੀ ਜਾਂਦੀ ਰਹੀ ਹੈ। ਸਰਦਾਰ ਜਸਵੰਤ ਸਿੰਘ ਕੰਵਲ ਦੇ ਕਹਿਣ ਅਨੁਸਾਰ ਪੰਜਾਬ ਦਾ ਮੁੱਖ ਮੰਤਰੀ ਹੀ ਉਸ ਨੂੰ ਬਣਾਇਆ ਜਾਂਦਾ ਰਿਹਾ ਹੈ ਜਿਹੜਾ ਪੰਜਾਬ ਦੇ ਪਾਣੀਆਂ ਪ੍ਰਤੀ ਕੇਂਦਰ ਦੇ ਹੱਕ ਵਿਚ ਭੁਗਤਦਾ ਰਿਹਾ ਹੋਵੇ। ਮਿਸਾਲ ਦੇ ਤੌਰ ਉਤੇ ਰਾਜਸਥਾਨ ਨੂੰ ਦੋ ਨਹਿਰਾਂ ਦੀ ਪ੍ਰਵਾਨਗੀ ਦੇਣ ਪਿੱਛੋਂ ਹੀ ਸਰਦਾਰ ਕੈਰੋਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ। ਇਹੀ ਘਟਨਾ ਸਰਦਾਰ ਦਰਬਾਰਾ ਸਿੰਘ ਕੋਲੋਂ ਕਰਵਾਈ ਗਈ ਜਦੋਂ ਅਦਾਲਤ ਵਿਚੋਂ ਪੰਜਾਬ ਦੇ ਪਾਣੀਆਂ ਦਾ ਕੇਸ ਵਾਪਸ ਲੈ ਕੇ ਸਾਰੇ ਮਾਮਲੇ ਨੂੰ ਘੱਟੇ ਕੌਡੀਆਂ ਗਵਾ ਦਿਤਾ।

ਹੈਰਾਨਗੀ ਦੀ ਗੱਲ ਵੇਖੋ ਪਹਿਲਾਂ ਸਤਲੁਜ-ਯਮੁਨਾ ਲਿੰਕ ਨਹਿਰ ਲਈ ਪੈਸਿਆਂ ਦੀ ਵਸੂਲੀ ਕੀਤੀ ਜਾਂਦੀ ਹੈ ਫਿਰ ਵਾਪਸੀ ਦਾ ਡਰਾਮਾ ਰਚਿਆ ਜਾਂਦਾ ਹੈ। ਇਸ ਗੱਲ ਦੀ ਅਜੇ ਤਕ ਸਮਝ ਨਹੀਂ ਲੱਗੀ ਕਿ ਪਹਿਲਾਂ ਅਕਾਲੀ ਸਰਕਾਰ ਸਤਲੁਜ ਜਮਨਾ ਲਿੰਕ ਨਹਿਰ ਦੀ ਪ੍ਰਵਾਨਗੀ ਲਈ ਪੈਸੇ ਵਸੂਲ ਕਰਦੀ ਹੈ ਤੇ ਫਿਰ ਇਸ ਨਹਿਰ ਨੂੰ ਰੁਕਵਾਉਣ ਲਈ ਮੋਰਚਾ ਲਗਾਉਂਦੀ ਹੈ। ਇਸ ਮੋਰਚੇ ਵਿਚ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਰ ਆਗੂਆਂ ਦਾ ਵਾਲ ਵਿੰਗਾ ਨਹੀਂ ਹੋਇਆ। ਹੁਣ ਸਿੱਖ ਆਗੂਆਂ ਦੀ ਦੌੜ ਇਕ ਦੂਜੇ ਨਾਲੋਂ ਅੱਗੇ ਵਧਣ ਦੀ ਲੱਗ ਗਈ। ਹਰ ਨੇਤਾ ਸਿੱਖ ਕੌਮ ਨੂੰ ਬਗਲੇ ਵਾਂਗ ਭਰੋਸਾ ਦਿੰਦਾ ਕਿ ਅਸੀ ਹੀ ਸਿੱਖ ਕੌਮ ਨੂੰ ਸਹੀ ਰਾਹ ਪਾਉਣ ਵਾਲੇ ਹਾਂ।

ਇਕ ਕੇਂਦਰ ਨਾਲ ਸਮਝੌਤਾ ਕਰਦਾ ਹੈ ਦੂਜਾ ਧੜਾ ਉਸ ਨੂੰ ਰੱਦ ਕਰਦਾ ਹੈ, ਫਿਰ ਇਕ-ਦੂਜੇ ਨੂੰ ਨੀਵਾਂ ਵਿਖਾਉਣ ਦੀ ਰਾਜਨੀਤੀ ਸ਼ੁਰੂ ਹੁੰਦੀ ਹੈ। ਇਸ ਮੋਰਚੇ ਵਿਚ ਸਿੱਖ ਕੌਮ ਦਾ ਕਿੰਨਾ ਨੁਕਸਾਨ ਹੋਇਆ, ਅਜੇ ਤਕ ਕੌਮ ਦੇ ਆਗੂਆਂ ਨੇ ਹਿਸਾਬ ਨਹੀਂ ਲਗਾਇਆ। ਹੁਣ ਤਕ ਮੋਰਚਿਆਂ ਵਿਚ ਕੀ ਖੱਟਿਆ ਤੇ ਕੀ ਗਵਾਇਆ ਜਾਂ ਕੌਮ ਲਈ ਕਿਹੜਾ ਕੋਈ ਪੁਖ਼ਤਾ ਕਰਮ ਕੀਤਾ ਗਿਆ, ਇਸ ਗੱਲ ਦਾ ਕੌਮ ਦੇ ਆਗੂਆਂ ਨੇ ਕਦੇ ਜਵਾਬ ਨਹੀਂ ਦਿਤਾ।

ਲਾਰੇ ਲੱਪਿਆਂ ਦੀ ਰਾਜਨੀਤੀ ਸ਼ੂਰੂ ਹੁੰਦੀ ਹੈ। ਹਰ ਵਾਰ ਕੌਮੀ ਮਸਲੇ ਦੱਸੇ ਜਾਂਦੇ ਹਨ। ਲੋਕਾਂ ਦੇ ਜਜ਼ਬਾਤ ਭੜਕਾਏ ਜਾਂਦੇ ਹਨ। ਗੁਰੂ ਦਾ ਵਾਸਤਾ ਪਾਇਆ ਜਾਂਦਾ ਹੈ। ਸਾਡੇ ਨੇਤਾ ਲੋਕ ਇਥੋਂ ਤਕ ਵੀ ਆਖਦੇ ਹਨ ਕਿ ਅਸੀ ਪੰਥ ਲਈ ਅਪਣੀਆਂ ਜਾਨਾਂ ਵਾਰ ਦਿਆਂਗੇ ਪਰ ਪੰਜਾਬ ਨਾਲ ਧੱਕਾ ਨਹੀਂ ਹੋਣ ਦਿਆਂਗੇ। ਇਸ ਵਾਰੀ ਪੰਜਾਬ ਦੇ ਮਸਲੇ ਜ਼ਰੂਰ ਹੱਲ ਕਰਵਾਂਗੇ। ਵੋਟਾਂ ਮਿਲ ਜਾਂਦੀਆਂ ਰਹੀਆਂ ਹਨ, ਰਾਜ ਭਾਗ ਦੇ ਮਾਲਕ ਬਣ ਜਾਂਦੇ ਰਹੇ ਹਨ ਪਰ ਕਦੇ ਕਿਸੇ ਨੇ ਮੁੜ ਕੇ ਕਿਸੇ ਮਸਲੇ ਨੂੰ ਹੱਲ ਕਰਨ ਬਾਰੇ ਸੋਚਿਆ ਤਕ ਵੀ ਨਹੀਂ।

ਸੱਤਾ ਦੀ ਲਾਲਸਾ ਕਰ ਕੇ ਹੌਲੀ-ਹੌਲੀ ਅਕਾਲੀ ਦਲਾਂ ਦਾ ਜਨਮ ਤੇ ਜਨਮ ਹੁੰਦਾ ਗਿਆ। ਤਰ੍ਹਾਂ-ਤਰ੍ਹਾਂ ਦੇ ਅਕਾਲੀ ਦਲ ਬਣ ਗਏ। ਜਿਨ੍ਹਾਂ ਦੇ ਪ੍ਰਧਾਨ ਮੀਤ ਪ੍ਰਧਾਨ ਸਕੱਤਰ ਤੇ ਵੱਖੋ-ਵਖਰੇ ਖ਼ਜ਼ਾਨਚੀਆਂ ਦੀ ਗਿਣਤੀ ਵਾਧੂ ਜਹੀ ਬਣ ਗਈ ਹੈ। ਭਲਾ ਪੁਛਿਆ ਜਾ ਸਕਦਾ ਹੈ ਕਿ ਕਦੇ ਇਨ੍ਹਾਂ ਅਕਾਲੀ ਦਲਾਂ ਨੇ ਕਿਸੇ ਕੌਮੀ ਮਸਲੇ ਦੀ ਵੀ ਕੋਈ ਗੱਲ ਕੀਤੀ ਹੈ? ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਵਰਗੀ ਸੰਸਥਾ ਇਨ੍ਹਾਂ ਦਲਾਂ ਦੀ ਭੇਟ ਚੜ੍ਹ ਗਈ ਹੈ। ਵਰਤਮਾਨ ਅਕਾਲੀ ਦਲ ਬਾਦਲ ਦੀ ਕੇਂਦਰ ਵਿਚ ਭਾਈਵਾਲੀ ਵਾਲੀ ਸਰਕਾਰ ਹੈ। ਕਦੇ ਸਿੱਖ ਮਸਲੇ ਜਾਂ ਪੰਜਾਬ ਦੀਆਂ ਹੱਕੀ ਮੰਗਾਂ ਸਬੰਧੀ ਦੱਬੀ ਜ਼ਬਾਨ ਨਾਲ ਵੀ ਗੱਲ ਨਹੀਂ ਕੀਤੀ ਜਾਂਦੀ ਕਿਉਂਕਿ ਇਨ੍ਹਾਂ ਆਗੂਆਂ ਵਿਚ ਕੁਰਬਾਨੀ ਦਾ ਜਜ਼ਬਾ ਹੈ ਹੀ ਨਹੀਂ।

ਵਰਤਮਾਨ ਅਕਾਲੀ ਦਲ ਸਾਰੇ ਹੀ ਅਪਣੇ ਆਪ ਨੂੰ ਪੰਥਕ ਅਕਾਲੀ ਦਲ ਦਸਦੇ ਹਨ ਪਰ ਵੋਟਾਂ ਦੀ ਖ਼ਾਤਰ ਸਿੱਖ ਸਿਧਾਂਤ ਨੂੰ ਛਿੱਕੇ ਉਤੇ ਟੰਗਿਆ ਜਾਂਦਾ ਹੈ। ਸ਼ਰੇਆਮ ਸ਼ਰਾਬ ਦੀ ਵਰਤੋਂ ਨੂੰ ਕੋਈ ਮਾੜਾ ਨਹੀਂ ਸਮਝਿਆ ਜਾਂਦਾ। ਅਕਾਲੀ ਦਲ ਅਪਣੇ ਆਪ ਨੂੰ ਅਸਲੀ ਟਕਸਾਲੀ ਅਕਾਲੀ ਦਲ ਦਸਦੇ ਹਨ ਪਰ ਮੁੱਦਾ ਇਕੋ ਹੀ ਹੁੰਦਾ ਹੈ ਕਿ ਫਲਾਣੇ ਅਕਾਲੀ ਦਲ ਨੂੰ ਅਸਾਂ ਹਟਾਉਣਾ ਹੈ ਕਿਉਂਕਿ ਇਨ੍ਹਾਂ ਨੇ ਸ਼੍ਰੋਮਣੀ ਕਮੇਟੀ ਉਤੇ ਕਬਜ਼ਾ ਕੀਤਾ ਹੋਇਆ ਹੈ। ਅਸੀ ਸ਼੍ਰੋਮਣੀ ਕਮੇਟੀ ਆਜ਼ਾਦ ਕਰਾਉਣੀ ਹੈ। ਅਕਾਲੀ ਦਲਾਂ ਦੇ ਬਹੁਤੇ ਮੈਂਬਰਾਂ ਨੂੰ ਪੰਥਕ ਸਮੱਸਿਆਵਾਂ ਤੇ ਪੰਜਾਬ ਦੀਆਂ ਹੱਕੀ ਮੰਗਾਂ ਸਬੰਧੀ ਕੋਈ ਦਿਲਚਸਪੀ ਨਹੀਂ ਤੇ ਨਾ ਹੀ ਕੋਈ ਡੂੰਘੀ ਜਾਣਕਾਰੀ।

ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਨੂੰ ਫਤਹਿ ਕੀਤਾ ਸੀ ਤਾਂ ਉਨ੍ਹਾਂ ਨੇ ਅਪਣੇ ਨਾਂ ਦਾ ਕੋਈ ਸਿੱਕਾ ਨਹੀਂ ਚਲਾਇਆ, ਸਗੋਂ ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਦੇ ਨਾਂ ਦਾ ਸਿੱਕਾ ਜਾਰੀ ਕਰ ਕੇ ਖ਼ਾਲਸਾ ਕੌਮ ਨੂੰ ਸਮਰਪਤ ਕੀਤਾ।
ਸਿੱਕਾ ਜ਼ਰ ਬਰ ਹਰਦੋ ਆਲਿਮ, ਤੇਗਿ ਨਾਨਕ ਵਾਹਿਬ ਅਸਤ।
ਫ਼ਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਂ ਫ਼ਜ਼ਲਿ ਸੱਚਾ ਸਾਹਿਬ ਅਸਤ।
(ਦੋ ਜਹਾਨਾਂ ਦੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਹ ਸਿੱਕਾ ਜਾਰੀ ਕੀਤਾ ਗਿਆ। ਗੁਰੂ ਨਾਨਕ ਦੀ ਤੇਗ ਹਰ ਦਾਤ ਬਖ਼ਸ਼ਦੀ ਹੈ। ਅਕਾਲ ਪੁਰਖ ਦੇ ਫ਼ਜ਼ਲ ਨਾਲ ਸ਼ਾਹਿਨਸ਼ਾਹ ਗੁਰੂ ਗੋਬਿੰਦ ਸਿੰਘ ਦੀ ਫਤਹਿ ਹੋਈ ਹੈ)

ਸਿੱਕਾ ਜਾਰੀ ਕਰਨ ਮਗਰੋਂ ਸਿੱਖਾਂ ਵਲੋਂ ਖ਼ਾਲਸਾ ਰਾਜ ਦੀ ਮੁਹਰ ਵੀ ਜਾਰੀ ਕੀਤੀ ਗਈ ਜਿਸ ਉਤੇ ਇਹ ਲਿਖਿਆ ਗਿਆ ਸੀ-
ਦੇਗੋ ਤੇਗੋ ਫ਼ਤਿਹ-ਓ-ਨੁਸਰਤ ਬੇਦਿਰੰਗ
ਯਾਫ਼ਤ ਅਜ਼ ਨਾਨਕ-ਗੁਰੂ ਗੋਬਿੰਦ ਸਿੰਘ
(ਦੇਗ ਤੇਗ ਤੇ ਫਤਿਹ ਬਿਨਾ ਕਿਸੇ ਦੇਰੀ ਤੋਂ ਗੁਰੂ ਨਾਨਕ ਸਾਹਿਬ-ਗੁਰੂ ਗੋਬਿੰਦ ਸਿੰਘ ਤੋਂ ਹਾਸਲ ਹੋਈ)
ਇਹ ਠੀਕ ਹੈ ਕਿ ਤਤਕਾਲੀ ਅਕਾਲੀ ਸਰਕਾਰ ਅਪਣੇ ਵਲੋਂ ਸਿੱਕਾ ਤਾਂ ਨਹੀਂ ਜਾਰੀ ਕਰ ਸਕਦੀ ਸੀ ਪਰ ਸ਼ੁਕਰਾਨਾ ਤਾਂ ਕਰ ਹੀ ਸਕਦੀ ਹੈ। ਅਪਣੀ ਫ਼ੋਟੋ ਨਾਲੋਂ ਭਾਈ ਘਨਈਆ ਜੀ ਨੂੰ ਯਾਦ ਕੀਤਾ ਜਾ ਸਕਦਾ ਸੀ ਜਾਂ ਇਕੱਲਾ ਪੰਜਾਬ ਵਸਦਾ ਗੁਰਾਂ ਦੇ ਨਾਂ ਉਤੇ ਹੀ ਲਿਖਿਆ ਜਾ ਸਕਦਾ ਸੀ।

ਪਰ ਵਰਤਮਾਨ ਅਕਾਲੀ ਦਲ ਬਾਦਲ ਨੂੰ ਜਦੋਂ ਸਰਕਾਰ ਚਲਾਉਣ ਦਾ ਮੌਕਾ ਮਿਲਿਆ ਤਾਂ ਹਰ ਸਰਕਾਰੀ ਚੀਜ਼ ਉਤੇ ਅਪਣਾ ਨਾਂ, ਅਪਣੀ ਫ਼ੋਟੋ ਲਗਾ ਕੇ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਤੁਹਾਨੂੰ ਇਹ ਵਸਤੂਆਂ ਮੈਂ ਦੇ ਰਿਹਾ ਹਾਂ। ਐਬੂਲੈਂਸ ਵਰਗੀਆਂ ਸਾਂਝੀਆਂ ਗੱਡੀਆਂ ਉਤੇ ਵੀ ਅਪਣੀ ਫ਼ੋਟੋ ਲਗਾਈ ਹੋਈ ਸੀ ਜਦ ਕਿ ਇਹ ਸਾਰਾ ਕੁੱਝ ਹਮੇਸ਼ਾ ਸਰਕਾਰ ਦਾ ਰੋਜ਼ਮਰਾ ਦਾ ਕੰਮ ਹੁੰਦਾ ਹੈ। ਜਨਤਾ ਨੇ ਅਗਲੇ ਪੰਜ ਸਾਲ ਲਈ ਚੁਣਿਆ ਹੁੰਦਾ ਹੈ ਕਿ ਹੁਣ ਤੁਸੀ ਸੂਬੇ ਦੀ ਬੇਹਤਰੀ ਲਈ ਚੰਗੀਆਂ ਨੀਤੀਆਂ ਬਣਾਉ ਤਾਕਿ ਲੋਕ ਵਰਤਮਾਨ ਵਿਕਾਸ ਦਾ ਬਿਨਾਂ ਭਿੰਨ ਭਾਵ ਦੇ ਲਾਹਾ ਲੈ ਸਕਣ।

ਸੱਭ ਤੋਂ ਅਹਿਮ ਗੱਲ ਕਿ ਵਰਤਮਾਨ ਅਕਾਲੀ ਦਲਾਂ ਨੇ ਅਪਣੇ ਸਿਧਾਂਤਕ ਸਿੱਖ ਵਿਦਵਾਨਾਂ ਦੀ ਰਾਏ ਲੈਣੀ ਵੀ ਜ਼ਰੂਰੀ ਨਹੀਂ ਸਮਝੀ। ਵਰਤਮਾਨ ਸਮੇਂ ਵਿਚ ਅਕਾਲੀ ਦਲ ਬਾਦਲ ਸੱਭ ਨਾਲੋਂ ਜ਼ਿਆਦਾ ਤਾਕਤਵਰ ਹੈ ਕਿਉਂਕਿ ਇਸ ਕੋਲ ਸ਼੍ਰੋਮਣੀ ਕਮੇਟੀ ਦਾ ਸਾਰਾ ਪ੍ਰਬੰਧ ਹੈ। ਕਾਨੂੰਨ ਦੀਆਂ ਅਜਿਹੀਆਂ ਚੋਰ ਮੋਰੀਆਂ ਹਨ ਕਿ ਇਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਸਬੰਧੀ ਕੋਈ ਯੋਗ ਉਪਰਾਲਾ ਕਰਨ ਲਈ ਤਿਆਰ ਹੀ ਨਹੀਂ ਹਨ। ਵਰਤਮਾਨ ਸਮੇਂ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਕਰਾਉਣ ਲਈ ਕਿੰਨੇ ਕੁ ਸਿੱਖ ਆਗੂ ਇਮਾਨਦਾਰ ਹਨ?

ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਯੋਗ ਥਾਵਾਂ ਤੇ ਅਯੋਗ ਆਦਮੀ ਬੈਠ ਗਏ ਹਨ। ਖ਼ੁਸ਼ਾਮਦ ਕਰਨ ਦੀ ਵੀ ਕੋਈ ਹੱਦ ਹੁੰਦੀ ਹੈ। ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬੜੀ ਹੁਬ ਨਾਲ ਆਖ ਰਿਹਾ ਹੈ ਕਿ ਜਿਹੜਾ ਸਾਡੇ ਪਾਸ ਸੋਨਾ ਪਿਆ ਹੈ, ਉਹ ਸਾਨੂੰ ਪ੍ਰਧਾਨ ਮੰਤਰੀ ਜੀ ਦੇ ਰਾਹਤ ਕੋਸ਼ ਵਿਚ ਪਾ ਦੇਣਾ ਚਾਹੀਦਾ ਹੈ। ਪੁਛਿਆ ਜਾ ਸਕਦਾ ਹੈ ਕਿ ਇਸ ਸੋਨੇ ਨਾਲ ਕੀ ਸਿੱਖ ਅਪਣਾ ਕੋਈ ਕੌਮੀ ਕਾਰਜ ਨਹੀਂ ਕਰ ਸਕਦੇ? ਕੀ ਜੇ ਪੈਸਾ ਸਿੱਖ ਕੌਮ ਕੋਲ ਵਾਧੂ ਪਿਆ ਹੈ ਤਾਂ ਕੋਈ ਚੱਜ ਅਚਾਰ ਵਾਲਾ ਹਸਪਤਾਲ ਜਾਂ ਕੋਈ ਉੱਚ ਕੋਟੀ ਦਾ ਪਾਏਦਾਰ ਕਾਲਜ ਨਹੀਂ ਖੋਲ੍ਹਿਆ ਜਾ ਸਕਦਾ? ਜਿਹੜੇ ਸਕੂਲ ਕਾਲਜ ਚੱਲ ਰਹੇ ਹਨ ਉਨ੍ਹਾਂ ਨੂੰ ਸਮੇਂ ਦਾ ਹਾਣੀ ਹੀ ਬਣਾ ਦਿਉ।

ਜੇ ਰਾਜਨੀਤੀ ਵਿਚ ਸਿੱਖ ਆਗੂਆਂ ਦਾ ਜਮਘਟਾ ਇਕੱਠਾ ਹੋਇਆ ਹੈ ਤਾਂ ਧਾਰਮਕ ਖੇਤਰ ਵਿਚ ਵੀ ਧਾਰਮਕ ਆਗੂਆਂ ਦੀ ਕੋਈ ਘਾਟ ਨਹੀਂ। ਮਿਸਾਲ ਦੇ ਤੌਰ ਉਤੇ ਤਿੰਨ ਜਥੇਦਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਤੇ ਦੋ ਜਥੇਦਾਰ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਵਲੋਂ ਨਿਯੁਕਤ ਹਨ। ਚਾਰ ਜਥੇਦਾਰ ਸਰਬੱਤ ਖ਼ਾਲਸਾ ਵਲੋਂ ਥਾਪੇ ਗਏ। ਇਸ ਤੋਂ ਇਲਾਵਾ ਪੰਜ ਸਿੰਘ ਜੋ ਖੰਡੇ ਬਾਟੇ ਦੀ ਪਾਹੁਲ ਦੇਣ ਦੀ ਸੇਵਾ ਨਿਭਾਅ ਰਹੇ ਸਨ ਉਨ੍ਹਾਂ ਨੇ ਵੀ ਧਾਰਮਕ ਆਗੂ ਹੋਣ ਉਤੇ ਅਪਣਾ ਹੱਥ ਜਮਾਉਣ ਦਾ ਯਤਨ ਕੀਤਾ ਸੀ ਪਰ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਸੇਵਾ ਤੋਂ ਹੀ ਫ਼ਾਰਗ ਕਰ ਦਿਤਾ। ਪਿੱਛੇ ਜਹੇ ਵਰਤਮਾਨ ਸਮੇਂ ਵਿਚ ਵੀ ਅਕਾਲ ਤਖ਼ਤ ਉਤੇ ਸੇਵਾ ਨਿਭਾ ਰਹੇ ਪੰਜਾਂ ਪਿਆਰਿਆਂ ਨੇ ਬਿਆਨ ਦੇ ਕੇ ਸਿੱਖ ਕੌਮ ਦੇ ਆਗੂ ਹੋਣ ਦਾ ਦਾਅਵਾ ਕੀਤਾ ਸੀ। ਗਿਣਤੀ ਅਨੁਸਾਰ ਤਾਂ ਹੁਣ 19ਕੁ ਜੱਥੇਦਾਰ ਬਣ ਜਾਂਦੇ ਹਨ।

ਜਿੰਨੇ ਵੀ ਸਿੱਖ ਕੌਮ ਦੇ ਆਗੂ ਹਨ ਇਨ੍ਹਾਂ ਦੀ ਸੋਚ ਵਿਚੋਂ ਸਿੱਖ ਸਿਧਾਂਤ, ਪੰਥਕ ਮੁੱਦੇ ਤੇ ਪੰਜਾਬ ਦੇ ਹੱਕਾਂ ਲਈ ਕੋਈ-ਕੋਈ ਜ਼ੋਰਦਾਰ ਆਵਾਜ਼ ਦੀ ਲੋੜ ਖ਼ਤਮ ਹੋ ਗਈ ਹੈ। ਇਕ ਹੀ ਮੁੱਦਾ ਹੈ ਕਿ ਅਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਜ਼ਾਦ ਕਰਾਉਣੀ ਹੈ। ਬੰਦਾ ਪੁੱਛੇ ਆਜ਼ਾਦ ਕਰਵਾ ਕਿ ਤੁਸੀਂ ਕੀ ਕਰੋਗੇ ਕਿਉਂਕਿ ਪ੍ਰੋਗਰਾਮ ਤਾਂ ਤੁਹਾਡੇ ਕੋਲ ਵੀ ਕੋਈ ਨਹੀਂ। 
ਜੇ ਧਾਰਮਕ ਆਗੂਆਂ ਦੀ ਹਾਲਤ ਦੇਖੀ ਜਾਏ ਤਾਂ ਅਜੇ ਤਕ ਅਪਣਾ ਨਾਨਕਸ਼ਾਹੀ ਕੈਲੰਡਰ ਵੀ ਨਹੀਂ ਬਣਾ ਸਕੇ, ਨਾ ਹੀ ਇਨ੍ਹਾਂ ਵਿਚ ਏਨੀ ਤਾਕਤ ਹੈ ਕਿ ਇਹ ਗ਼ਲਤ ਨੂੰ ਗ਼ਲਤ ਹੀ ਕਹਿ ਸਕਣ।

ਪਤਾ ਨਹੀਂ ਸ਼੍ਰੋਮਣੀ ਕਮੇਟੀ ਕਿਹੜੀ ਮਜਬੂਰੀ ਵਿਚ ਫਸੀ ਹੈ ਕਿ ਇਹ ਗੁਰੂ ਸਾਹਿਬਾਨ ਦੇ ਪੁਰਬ ਦਿਹਾੜਿਆਂ ਦੀਆਂ ਤਰੀਕਾਂ ਵੀ ਇਕ ਨਹੀਂ ਕਰ ਸਕੀ। ਅੱਜ ਕੌਮ ਗੁਰੂ ਸਾਹਿਬਾਨ ਦੇ ਦਿਹਾੜਿਆਂ ਦੀਆਂ ਤਰੀਕਾਂ ਵਿਚ ਹੀ ਉਲਝੀ ਹੋਈ ਹੈ। ਧਾਰਮਕ ਆਗੂਆਂ ਵਲੋਂ ਸਿੱਖ ਵਿਚਾਰਧਾਰਾ, ਸਿੱਖ ਇਤਿਹਾਸ, ਗੁਰੂ ਗ੍ਰੰਥ ਸਾਹਿਬ ਦੀ ਸਿਰਮੌਰਤਾ ਸਬੰਧੀ ਬਿਆਨ ਦਾਗਣ ਤੋਂ ਬਿਨਾਂ ਕੋਈ ਪੁਖਤਾ ਪ੍ਰੋਗਰਾਮ ਨਹੀਂ।
ਸਿੱਖ ਮੁੱਦਿਆਂ ਦੀ ਰਾਖੀ ਕਰਨ ਦੀ ਸੱਭ ਤੋਂ ਵੱਧ ਜ਼ਿੰਮੇਵਾਰੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਬਣਦੀ ਹੈ ਪਰ ਇਹ ਮੂੰਹ ਵਿਚ ਘੁੰਗਣੀਆਂ ਪਾ ਕੇ ਬੈਠ ਜਾਂਦੇ ਹਨ। ਹਾਲਾਤ ਏਦਾਂ ਦੇ ਬਣ ਗਏ ਹਨ ਕਿ ਇਹ ਹਰ ਸਾਲ ਅਕਾਲੀ ਦਲ ਦੇ ਪ੍ਰਧਾਨ ਵਲੋਂ ਥਾਪੇ ਗਏ ਪ੍ਰਧਾਨ ਦੇ ਹੱਕ ਵਿਚ ਬਾਹਾਂ ਖੜੀਆਂ ਕਰਨ ਲਈ ਜਾਂਦੇ ਹਨ। ਇਨ੍ਹਾਂ ਮੈਂਬਰਾਂ ਨੇ ਅਪਣੇ ਮੂੰਹ ਉਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ। ਕੀ ਕਦੇ ਇਨ੍ਹਾਂ ਨੇ ਪੁਛਿਆ ਹੈ ਕਿ ਗੁਰੂ ਅਰਜਨ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਦੀ ਅਸਲ ਤਰੀਕ ਕਿਹੜੀ ਹੈ? ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਕੀ ਬਣਿਆ ਹੈ? ਅੱਜ ਸ਼੍ਰੋਮਣੀ ਕਮੇਟੀ ਡੇਰਦਾਰਾਂ ਦਾ ਪ੍ਰਭਾਵ ਕਬੂਲ ਚੁੱਕੀ ਹੈ।

ਦੁਨਿਆਵੀ ਤੌਰ ਉਤੇ ਅਸੀ ਵੱਖ-ਵੱਖ ਧੜਿਆਂ ਨਾਲ ਜੁੜ ਗਏ ਹਾਂ ਪਰ ਗੁਰੂ ਦੇ ਧੜੇ ਨਾਲ ਅਸੀ ਕਦੇ ਨਹੀਂ ਜੁੜ ਸਕੇ। ਸਿੱਖ ਸਿਧਾਂਤ ਨੂੰ ਭਗਵੇਂ ਵਿਚ ਰੰਗਿਆ ਜਾ ਰਿਹਾ ਹੈ ਪਰ ਇਹ ਜ਼ਿੰਮੇਵਾਰ ਲੋਕ ਤਮਾਸ਼ਬੀਨ ਬਣ ਕੇ ਸਾਰਾ ਕੁੱਝ ਵੇਖ ਰਹੇ ਹਨ।
1984 ਵਿਚ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਕੀਮਤੀ ਖ਼ਜ਼ਾਨਾ ਭਾਰਤੀ ਫ਼ੌਜ ਲੈ ਗਈ ਸੀ। ਇਸ ਸਬੰਧੀ ਕਈ ਤਰ੍ਹਾਂ ਦਾ ਰੌਲਾ ਪਿਆ ਪਰ ਬੇੜੀ ਕਿਸੇ ਪਾਸੇ ਨਾ ਲੱਗੀ। ਅਖ਼ਬਾਰਾਂ ਵਿਚ ਤਾਂ ਇਥੋਂ ਤਕ ਵੀ ਖ਼ਬਰਾਂ ਲੱਗੀਆਂ ਕਿ ਉਹ ਖ਼ਜ਼ਾਨਾ ਸ਼੍ਰੋਮਣੀ ਕਮੇਟੀ ਨੂੰ ਵਾਪਸ ਵੀ ਕਰ ਦਿਤਾ ਗਿਆ ਸੀ। ਪਰ ਦੋ ਚਾਰ ਦਿਨ ਰੌਲਾ ਪਿਆ, ਫਿਰ ਸਾਰੇ ਲੋਕ ਭੁੱਲ ਭੁਲਾ ਜਾਂਦੇ ਹਨ। ਇੰਜ ਸਮਝ ਆਉਂਦਾ ਹੈ ਸਿੱਖ ਕੌਮ ਦੇ ਵੱਡੇ ਆਗੂਆਂ ਨੂੰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨਾਲ ਸਰੋਕਾਰ ਹੀ ਕੋਈ ਨਹੀਂ।

ਪੰਜਾਬ ਵਸਦਾ ਗੁਰਾਂ ਦੇ ਨਾਂ ਉਤੇ ਪਰ ਇਥੇ ਇਹ ਖ਼ਬਰਾਂ ਪ੍ਰਕਾਸ਼ਤ ਹੋ ਰਹੀਆਂ ਹਨ ਪੰਜਾਬ ਵਿਚ ਚਿੱਟੇ ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਹੈ। ਪੰਜਾਬ ਵਿਚ ਨਸ਼ਿਆਂ ਦਾ ਦਰਿਆ ਵੱਗ ਰਿਹਾ ਹੈ। ਕੀ ਕਦੇ ਸਿੱਖ ਅਗੂਆਂ ਨੇ ਇਸ ਸਬੰਧੀ ਕੋਈ ਮੋਰਚਾ ਲਾਇਆ ਹੈ ਜਾਂ ਕੌਮ ਨੂੰ ਸੁਚੇਤ ਕਰਨ ਲਈ ਕੁੱਝ ਕੀਤਾ ਹੈ? ਇਕ ਵਿਚਾਰਵਾਨ ਨੇ ਵਿਅੰਗ ਕੀਤਾ ਕਿ ਸਰਕਾਰ ਸ਼ਰਾਬ ਵੇਚ ਕੇ ਤਨਖ਼ਾਹ ਦਿੰਦੀ ਹੈ ਤੇ ਲੋਕ ਤਨਖ਼ਾਹ ਲੈ ਕੇ ਸ਼ਰਾਬ ਖ਼ਰੀਦਦੇ ਹਨ। 1978 ਤੋਂ ਬਆਦ ਸਿੱਖ ਮੁੱਦਿਆਂ ਬਾਰੇ ਵਿਚਾਰਾਂ ਕਰਨ ਲਈ ਕੋਈ ਵੱਡੀ ਅਕਾਲੀ ਕਾਨਫ਼ਰੰਸ ਨਹੀਂ ਹੋਈ। ਇਸ ਦਾ ਉੱਤਰ ਹੈ ਕਿ ਅਕਾਲੀ ਪਾਰਟੀ ਤਾਂ ਕਦੋਂ ਦੀ ਪੰਜਾਬੀ ਪਾਰਟੀ ਵਿਚ ਤਬਦੀਲ ਹੋ ਚੁੱਕੀ ਹੈ। 1973 ਵਾਲੇ ਅਨੰਦਪੁਰ ਦੇ ਮਤੇ ਦੀ ਸਿਆਹੀ ਅਜੇ ਵੀ ਗਿੱਲੀ ਪਈ ਹੈ ਪਰ ਆਗੂ ਭੁੱਲ ਗਏ ਹਨ। ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀਆਂ ਗੱਲਾਂ ਤਾਂ ਸੱਭ ਤੋਂ ਵੱਧ ਅਕਾਲੀ ਆਗੂ ਕਰਦੇ ਸਨ ਪਰ ਸੱਭ ਤੋਂ ਵੱਧ ਮੌਨ ਵੀ ਇਨ੍ਹਾਂ ਨੇ ਹੀ ਧਾਰਿਆ ਹੋਇਆ ਹੈ।

ਪੰਜਾਬ ਦਾ ਪਾਣੀ ਤਿੰਨ ਤੋਂ ਚਾਰ ਸੌ ਫੁੱਟ ਡੂੰਘਾ ਚਲਾ ਗਿਆ ਹੈ ਪਰ ਸਾਡੇ ਆਗੂਆਂ ਨੂੰ ਇਸ ਦੀ ਕੋਈ ਚਿੰਤਾ ਹੀ ਨਹੀਂ ਹੈ। ਸਿੱਖ ਆਗੂਆਂ ਦੀਆਂ ਸਰਕਾਰਾਂ ਬਣੀਆਂ ਪਰ ਪੰਜਾਬ ਦੇ ਕਿਸਾਨ ਨੂੰ ਕੇਵਲ ਮੁਫ਼ਤ ਬਿਜਲੀ ਦੇ ਕੇ ਚੁੱਪ ਕਰਾਇਆ ਜਾਂਦਾ ਰਿਹਾ ਹੈ ਪਰ ਕਿਸਾਨੀ ਨਾਲ ਜੁੜੇ ਬੁਨਿਆਦੀ ਮੁੱਦੇ ਉਦਾਂ ਹੀ ਖੜੇ ਹਨ। ਕਿਸੇ ਸਮੇਂ ਪੰਜਾਬ ਵਿਚ ਨਹਿਰੀ ਪਾਣੀ ਦੀ ਪੂਰੀ ਵਰਤੋਂ ਕੀਤੀ ਜਾਂਦੀ ਸੀ ਪਰ ਅੱਜ ਕਿਸਾਨਾਂ ਵਲੋਂ ਨਹਿਰੀ ਪਾਣੀ ਦਾ ਤਿਆਗ ਕਰ ਕੇ ਜ਼ਮੀਨ ਵਿਚੋਂ ਹੀ ਪਾਣੀ ਲੈਣ ਦਾ ਯਤਨ ਕੀਤਾ ਜਾਂਦਾ ਹੈ। ਕੀ ਪੰਜਾਬ ਦੀ ਇਸ ਬੁਨਿਆਦੀ ਲੋੜ ਸਬੰਧੀ ਕੋਈ ਪਾਇਦਾਰ ਕੰਮ ਕੀਤਾ ਗਿਆ ਹੈ?
ਪਾਣੀ ਦਾ ਮੋਰਚਾ ਲਗਿਆ, ਬੇਸ਼ੁਮਾਰ ਸ਼ਹੀਦੀਆਂ ਹੋਈਆਂ ਬੇ-ਗੁਨਾਹਾਂ ਨੂੰ ਜੇਲਾਂ ਵਿਚ ਜਾਣਾ ਪਿਆ ਇਨਸਾਫ਼ ਲਈ ਥਾਂ-ਥਾਂ ਭਟਕਣਾ ਪੈ ਰਿਹਾ ਹੈ ਪਰ ਸਾਡੇ ਆਗੂ ਅਗਲੀ ਸਰਕਾਰ ਬਣਾਉਣ ਦੀ ਨੀਤੀ ਘੜ ਰਹੇ ਹੁੰਦੇ ਹਨ। ਬੜੇ ਦਰਦ ਨਾਲ ਕਿਹਾ ਜਾ ਸਕਦਾ ਹੈ ਕਿ ਕੌਮ ਵਿਚ ਰਾਜਨੀਤਕ ਤੇ ਧਾਰਮਕ ਆਗੂਆਂ ਦਾ ਪੂਰਾ ਝੁਰਮਟ ਪਿਆ ਹੋਇਆ ਹੈ ਪਰ ਕੌਮ ਦੀ ਅਗਵਾਈ ਕਰਨ ਲਈ ਕੋਈ ਵੀ ਯੋਗ ਆਗੂ ਨਹੀਂ ਦਿਸਦਾ।

ਸਿੱਖ ਕੌਮ ਦੇ ਆਗੂਉ ਧਿਆਨ ਦਿਉ ਜਿਸ ਨੂੰ ਤੁਸੀ ਕਿਸੇ ਦਾ ਆਲ੍ਹਣਾ ਸਮਝ ਕੇ ਸਾੜ ਰਹੇ ਹੋ, ਉਹ ਅਸਲ ਵਿਚ ਤੁਹਾਡਾ ਅਪਣਾ ਹੀ ਘਰ ਹੈ।-
ਅਰੇ, ਓ ਜਲਾਨੇ ਵਾਲੇ! ਯਿਹ ਤੇਰਾ ਥਾ ਨਸ਼ੇਮਨ,
ਜਿਸੇ ਤੂਨੇ ਫੂਕ ਡਾਲਾ, ਮੇਰਾ ਆਸ਼ੀਆਂ ਸਮਝ ਕਰ।
ਯਾਦ ਰਖਿਉ ਇਤਿਹਾਸ ਨੇ ਕਦੇ ਕਿਸੇ ਨੂੰ ਮਾਫ਼ ਨਹੀਂ ਕੀਤਾ। ਆਗੂਆਂ ਵਲੋਂ ਕੀਤੀਆਂ ਗ਼ਲਤੀਆਂ ਕੌਮਾਂ ਨੂੰ ਸਦੀਆਂ ਪਿੱਛੇ ਪਾ ਦਿੰਦੀਆਂ ਹਨ-
ਵੁਹ ਜਬਰ ਭੀ ਦੇਖਾ ਹੈ, ਤਾਰੀਖ਼ ਕੇ ਆਹਦੋ ਕਾ,
ਲਮਹੋਂ ਨੇ ਖ਼ਤਾ ਖਾਈ ਥੀ, ਸਦੀਓਂ ਨੇ ਸਜਾ ਪਾਈ।
ਸੰਪਰਕ : 9915529725