ਗੁਰਦਵਾਰਾ ਸਾਹਿਬਾਨ 'ਚ ਬੰਦੀ ਸਿੰਘਾਂ ਦੀ ਰਿਹਾਈ ਲਈ ਜਾਣਕਾਰੀ ਦਿੰਦੇ ਬੋਰਡ ਲਗਾਉਣੇ ਗੁਰਮਤਿ ਅਨੁਸਾਰ ਠੀਕ ਨਹੀਂ : ਬੀਰ ਦਵਿੰਦਰ ਸਿੰਘ
ਇਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੁਹਾਰ ਦਿੰਦੇ ‘ਦੁਨਿਆਵੀ ਬੋਰਡ’ ਉਨ੍ਹਾਂ ਦੀ ਧਾਰਮਿਕ ਸ਼ਰਧਾ ਭਾਵਨਾ ਅਤੇ ਮਨ ਦੀ ਇਕਾਗਰਤਾ ਵਿੱਚ ਯਕੀਨਨ ਖਲਲ ਪਾਉਂਣਗੇ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਆਪਣੇ ਇਸ ਆਦੇਸ਼ ਨੂੰ, ਹਾਲੇ ਕੇਵਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਕੋਰ ਕਮੇਟੀ ਦੇ ਸਮੂਹ ਮੈਂਬਰਾਂ ਤੱਕ ਹੀ ਸੀਮਤ ਰੱਖਣ ਅਤੇ ਕੇਵਲ ਉਨ੍ਹਾਂ ਨੂੰ ਹੀ ਆਦੇਸ਼ ਕਰਨ; ਕਿ ਬੰਦੀ ਸਿੰਘਾਂ ਦੀ ਰਿਹਾਈ ਤੀਕਰ ਇਹ ਸਾਰੇ ਪੰਥਕ ਲੀਡਰ, ਆਪਣੇ ਗਲ਼ਾਂ ਵਿੱਚ, ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੀਆਂ ਤਖ਼ਤੀਆਂ ਪਾ ਕੇ ਰੱਖਣਗੇ। ਪਿੰਡਾਂ ਤੇ ਸ਼ਹਿਰਾਂ ਵਿੱਚ ਆਪਣੇ ਗਲ਼ਾਂ ਵਿੱਚ ਤਖ਼ਤੀਆਂ ਪਾ ਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਮਹੀਨੇ ਤੱਕ, ਹਰ ਰੋਜ਼ ਪ੍ਰਭਾਤ ਫੇਰੀਆਂ ਕੱਢਣ, ਤਾਂ ਕਿ ਬੰਦੀ ਸਿੰਘਾਂ ਨਾਲ ਹੋ ਰਹੇ ਧੱਕੇ ਬਾਰੇ ਆਮ ਲੋਕਾਂ ਨੂੰ ਤਫ਼ਸੀਲੀ ਜਾਣਕਾਰੀ ਦਿੱਤੀ ਜਾ ਸਕੇ : ਬੀਰ ਦਵਿੰਦਰ ਸਿੰਘ
ਪਟਿਆਲਾ : ਪਿਛਲ ਦਿਨੀਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਇੱਕ ਸੰਬੋਧਨ ਵਿੱਚ, ਸਮੁੱਚੇ ਵਿਸ਼ਵ ਦੀਆਂ ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਸੀ ਕਿ ਬੰਦੀ ਸਿੰਘਾਂ ਨਾਲ ਹੋ ਰਹੇ ਧੱਕੇ ਦੇ ਵਿਰੋਧ ਦੇ ਪ੍ਰਗਟਾਵੇ ਲਈ ਸਮੂਹ ਗੁਰੂ ਘਰਾਂ ਅਤੇ ਵਿੱਦਿਅਕ ਅਦਾਰਿਆਂ ਦੇ ਬਾਹਰ ਵੱਡੇ-ਵੱਡੇ ਫਲੈਕਸ ਬੋਰਡ ਲਗਾਏ ਜਾਣ ਅਤੇ ਇਨ੍ਹਾਂ ਫਲੈਕਸ ਬੋਰਡਾਂ ’ਤੇ ਬੰਦੀ ਸਿੰਘਾਂ ਦੀਆ ਤਸਵੀਰਾਂ ਸਮੇਤ ਉਨ੍ਹਾਂ ਦੀਆਂ ਸਜ਼ਾਵਾਂ ਦੇ ਵੇਰਵੇ ਤੇ ਮੌਜੂਦਾ ਸਥਿੱਤੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ।
ਮੇਰੀ ਸੋਝੀ ਅਨੁਸਾਰ ਗੁਰਮਤਿ ਦੇ ਸਰਵ ਪ੍ਰਵਾਨਤ ਸਿਧਾਂਤ ਅਨੂਸਾਰ ਅਜਿਹਾ ਕਰਨਾ ਠੀਕ ਨਹੀਂ, ਕਿਉਂਕਿ ਇਹ ਵਰਤਾਰਾ ਗੁਰਮਤਿ ਦੀ ਭਾਵਨਾ ਦੇ ਵਿਪਰੀਤ ਹੈ, ਇਸ ਵਰਤਾਰੇ ਵਿੱਚ ਮਨਮੱਤ ਵਧੇਰੇ ਭਾਰੂ ਹੈ। ਗੁਰਦਵਾਰਾ ਸਾਹਿਬਾਨ ਵਿੱਚ ਤਾਂ ਸਿੱਖ ਸੰਗਤ ਅਤੇ ਹੋਰ ਸ਼ਰਧਾਲੂ, ਆਪਣੇ ਮਨ ਦੀ ਸ਼ਾਂਤੀ ਲਈ, ਨਿਰੋਲ ਧਾਰਮਿਕ ਸ਼ਰਧਾ ਭਾਵਨਾ ਨਾਲ, ਗੁਰਦਵਾਰਾ ਸਾਹਿਬਾਨ ਦੇ ਦਰਸ਼ਨਾ ਲਈ ਜਾਂਦੇ ਹਨ, ਗੁਰਦਵਾਰਾ ਸਾਹਿਬ ਦੇ ਪ੍ਰਵੇਸ਼ ਦੁਆਰ ਦੇ ਬਾਹਰ ਲੱਗੇ, ਇਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੁਹਾਰ ਦਿੰਦੇ ‘ਦੁਨਿਆਵੀ ਬੋਰਡ’ ਉਨ੍ਹਾਂ ਦੀ ਧਾਰਮਿਕ ਸ਼ਰਧਾ ਭਾਵਨਾ ਅਤੇ ਮਨ ਦੀ ਇਕਾਗਰਤਾ ਵਿੱਚ ਯਕੀਨਨ ਖਲਲ ਪਾਉਂਣਗੇ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਤਾਂ, ਸਗੋਂ ਇਹ ਗੱਲ ਯਕੀਨੀ ਬਣਾਉਂਣੀ ਚਾਹੀਦੀ ਹੈ ਕਿ ਸਮੂਹ ਇਤਿਹਾਸਕ ਗੁਰਦਵਾਰਾ ਸਾਹਿਬਾਨ ਦੀਆਂ ਚਾਰਦਿਵਾਰੀਆਂ ਜਾਂ ਮੁੱਖ ਦੁਆਰ ਦੇ ਨੇੜੇ-ਤੇੜੇ ਕਿਸੇ ਵੀ ਕਿਸਮ ਦੀ ਮਸ਼ਹੂਰੀ ਦੀ ਇਸ਼ਤਿਹਾਰਬਾਜ਼ੀ ਨਾ ਕੀਤੀ ਜਾਵੇ, ਭਾਵੇਂ ਫਲੈਕਸ ਬੋਰਡਾਂ ਤੇ ਲੱਗੀਆਂ ਤਸਵੀਰਾਂ, ਖੁਦਬਖ਼ੁਦ ਬਣੇ ਸੰਤਾਂ ਦੀਆਂ ਹੋਣ ਜਾਂ ਗੁਰੂ ਘਰ ਦੇ ਰਾਗੀ ਸਿੰਘਾਂ ਦੀਆਂ, ਕਥਾ ਵਾਚਕਾਂ ਜਾ ਪ੍ਰਬੰਧਕਾਂ ਦੀਆਂ ਹੋਣ, ਕੋਈ ਵੀ ਵਿਅਕਤੀ ਦਸ ਗੁਰੂ ਸਾਹਿਬਾਨ, ਅਰਦਾਸ ਦੇ ਸ਼ਹੀਦਾਂ ਦੇ ਤੁਲ ਨਹੀਂ ਹੈ ਅਤੇ ਨਾ ਹੀ ‘ਸ਼ਬਦ ਗੁਰੂ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਕਰ ਸਕਦਾ ਹੈ।
ਹਰ ਇੱਕ ਗੁਰੂ ਘਰ ਦੇ ਮੁੱਖ ਦੁਆਰ ਉੱਤੇ ਵਿਧੀ ਅਨਸਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਹਰ ਰੋਜ਼ ਦਾ ਅੰਮ੍ਰਿਤ ਵੇਲੇ ਦੇ ‘ਹੁਕਮਨਾਮਾ’ ਸਿੱਖ ਸੰਗਤਾਂ ਦੀ ਜਾਣਕਾਰੀ ਲਈ, ਬੜੇ ਸਤਿਕਾਰਤ ਢੰਗ ਨਾਲ ਕਿਸੇ ਤਖ਼ਤੀ 'ਤੇ ਲਿਖਿਆ ਜਾ ਸਕਦਾ ਹੈ ਜਾਂ ਸਬੰਧਤ ਗੁਰਦਵਾਰਾ ਸਾਹਿਬ ਦੀ ਇਤਿਹਾਸਕ ਮਹਿਮਾਂ ਨੂੰ ਦਰਸਾਉਂਦੇ ਜਾਣਕਰੀ ਬੋਰਡ ਲਾਉਂਣੇ ਬਣਦੇ ਹਨ ਤਾਂ ਕਿ ਗੁਰੂ ਘਰ ਦੇ ਜਗਿਆਸੂਆਂ ਨੂੰ ਗੁਰ ਇਤਿਹਾਸ ਅਤੇ ਅਰਦਾਸ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ, ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੱਸ ਕੇ ਉਨ੍ਹਾਂ ਦੀਆਂ ਰੂਹਾਂ ਨੂੰ ਸਰਸ਼ਾਰ ਕਰ ਸਕੇ। ਗੁਰਦਵਾਰਾ ਸਾਹਿਬਾਨ ਨੂੰ ਜਾਂਦੇ ਰਾਹਵਾਂ ਵਿੱਚ ਜਾਂ ਪ੍ਰਵੇਸ਼ ਦੁਆਰਾਂ ਦੇ ਬਾਹਰ ਹਰ ਕਿਸਮ ਦੀ ਇਸ਼ਤਿਹਾਰਬਾਜ਼ੀ ਦੀ ਸਖ਼ਤੀ ਨਾਲ ਮਨਾਹੀ ਹੋਣੀ ਚਾਹੀਦੀ ਹੈ ।
ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ, ਬੰਦੀ ਸਿੰਘਾਂ ਦੀ ਰਿਹਾਈ ਲਈ ਦਿਖਾਏ ਗਏ ਗਹਿਰੇ ਫਿਕਰ ਦਾ ਇਹਤਰਾਮ ਕਰਦਾ ਹਾਂ ਅਤੇ ਇਸ ਕਾਰਜ ਲਈ ਉਨ੍ਹਾਂ ਵੱਲੋਂ ਲਗਾਈ ਗਈ ਗੁਹਾਰ ਦਾ ਵੀ ਸਮਰਥਨ ਕਰਦਾ ਹਾਂ, ਪਰ ਜਜ਼ਬਾਤਾਂ ਵੱਸ ਹੋ ਕੇ, ਗੁਰਮਤਿ ਦੇ ਸਿਧਾਂਤਾਂ ਨੂੰ ਦਰਕਿਨਾਰ ਕਰਕੇ, ਮਨਮੱਤ ਦਾ ਪ੍ਰਚਾਰ ਕਰਨਾ, ਹਰਗਿਜ਼ ਮੁਨਾਸਿਬ ਨਹੀਂ।
ਇਸ ਲਈ ਮੈਂ ਪੂਰੀ ਨਿਮਰਤਾ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ, ਕਿ ਉਹ ਆਪਣੇ ਆਦੇਸ਼ ਨੂੰ, ਹਾਲੇ ਕੇਵਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ ਸਾਹਿਬਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਕੋਰ ਕਮੇਟੀ ਦੇ ਸਮੂਹ ਮੈਂਬਰ, ਵਿਧਾਇਕਾਂ ਤੇ ਪਾਰਲੀਮੈਂਟ ਦੇ ਮੈਂਬਰਾਂ ਤੱਕ ਹੀ ਸੀਮਤ ਰੱਖਣ ਤੇ ਕੇਵਲ ਉਨ੍ਹਾਂ ਨੂੰ ਹੀ ਆਦੇਸ਼ ਕਰਨ ਕਿ ਬੰਦੀ ਸਿੰਘਾਂ ਦੀ ਰਿਹਾਈ ਤੀਕਰ ਇਹ ਸਾਰੇ ਪੰਥਕ ਲੀਡਰ, ਆਪਣੇ ਗਲ਼ਾਂ ਵਿੱਚ, ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੀਆਂ ਤਖ਼ਤੀਆਂ ਪਾ ਕੇ ਰੱਖਣਗੇ।
ਪਿੰਡਾਂ ਤੇ ਸ਼ਹਿਰਾਂ ਵਿੱਚ ਆਪਣੇ ਗਲ਼ਾਂ ਵਿੱਚ ਤਖ਼ਤੀਆਂ ਪਾ ਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਭਾਤ ਫੇਰੀਆਂ ਕੱਢਣਗੇ ਅਤੇ ਨਾਲ ਹੀ ਬੰਦੀ ਸਿੰਘਾਂ ਨਾਲ ਹੋ ਰਹੇ ਧੱਕੇ ਬਾਰੇ ਤਫ਼ਸੀਲੀ ਜਾਣਕਾਰੀ ਦੇਣਗੇ। ਇਸ ਲਈ ਮੈਂ ਜਥੇਦਾਰ ਜੀ ਨੂੰ ਬੇਨਤੀ ਕਰਾਂਗਾ ਕਿ ਲੋੜ ਤਾਂ ਸਿੱਖ ਪੰਥ ਦੀ ‘ਮਚਲੀ ਹੋਈ’ ਲੀਡਰਸ਼ਿੱਪ ਨੂੰ ਜਗਾਉਂਣ ਦੀ ਹੈ, ਸਿੱਖ ਸੰਗਤਾਂ ਤਾਂ ਆਪੇ ਜਾਗ ਪੈਣਗੀਆਂ। ਆਸ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਵਿੰਦਰ ਸਿੰਘ ਧਾਮੀ, ਆਪੋ-ਆਪਣੇਂ ਜੱਥਿਆਂ ਦੀਆਂ ਪ੍ਰਭਾਤ ਫੇਰੀਆਂ ਦੇ ਇੱਕ ਮਹੀਨੇ ਦਾ ਪ੍ਰੋਗਰਾਮਾਂ ਦਾ ਐਲਾਨ ਛੇਤੀ ਹੀ ਕਰਨਗੇ ਤਾਂ ਕਿ ਲੋਕਾਂ ਵਿੱਚ ਇੱਕ ਆਮ ਰਾਏ ਲਾਮਬੰਦ ਕੀਤੀ ਜਾ ਸਕੇ।
ਬੀਰ ਦਵਿੰਦਰ ਸਿੰਘ
ਸਾਬਕਾ ਡਿਪਟੀ ਸਪੀਕਰ
ਪੰਜਾਬ ਵਿਧਾਨ ਸਭਾ
ਸੰਪਰਕ : 9814033362