ਬਜ਼ੁਰਗਾਂ ਨੂੰ ਸੁਰੱਖਿਆ ਤੇ ਇਜ਼ਤ ਦਿਉ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮਨੁੱਖ ਇਕ ਬੁਧੀਜੀਵੀ ਵਰਗ ਹੈ..........

Elder Woman

ਮਨੁੱਖ ਇਕ ਬੁਧੀਜੀਵੀ ਵਰਗ ਹੈ। ਲੋੜ ਹੈ ਸਮਝਦਾਰੀ ਦੀ, ਅਪਣੀ ਸੋਚ ਨੂੰ ਵਿਕਸਤ ਕਰਨ ਦੀ, ਚੰਗੀ ਉੱਚੀ ਸੁੱਚੀ ਸੋਚ ਰੱਖਣ ਦੀ। ਅੱਜ ਆਪਾਂ ਅਪਣੇ ਗੁਮਾਨਾਂ ਵਿਚ ਹੀ ਤੁਰੇ ਫਿਰਦੇ ਹਾਂ। ਕਿਉਂ ਨਹੀਂ ਸੋਚ ਰਹੇ ਕਿ ਇਹ ਸਮਾਂ ਕੱਲ ਨੂੰ ਸਾਡੇ ਉਤੇ ਵੀ ਆਵੇਗਾ। ਜੋ ਵਿਵਹਾਰ ਅੱਜ ਆਪਾਂ ਅਪਣੇ ਮਾਂ-ਬਾਪ, ਦਾਦਾ-ਦਾਦੀ ਨਾਲ ਕਰ ਰਹੇ ਹਾਂ, ਉਹ ਸਾਡੇ ਬੱਚੇ ਸਾਡੇ ਨਾਲ ਵੀ ਕਰਨਗੇ। ਅਸੀ ਇਹ ਭੁੱਲ ਰਹੇ ਹਾਂ ਕਿ ਇਹ ਸਮਾਂ ਕੱਲ ਨੂੰ ਸਾਡੇ ਉਤੇ ਵੀ ਆਵੇਗਾ। ਅਸੀ ਵੱਡੀਆਂ-ਵੱਡੀਆਂ ਗੱਲਾਂ ਕਰ ਕੇ ਦੁਨੀਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਬਿਲਕੁਲ ਬਾਹਰੀ ਵਿਖਾਵਾ ਹੈ, ਅੰਦਰ ਕੁੱਝ ਹੋਰ ਹੈ, ਅੰਦਰ ਸਾਡੇ ਚੋਰ ਹੈ।

ਬੁਢਾਪੇ ਵਾਲੀ ਉਮਰ ਕਿਸ਼ੋਰ ਅਵਸਥਾ ਹੁੰਦੀ ਹੈ, ਸੁਭਾਅ ਵਿਚ ਚਿੜਚੜਾਪਣ ਆ ਜਾਂਦਾ ਹੈ। ਮਾਂ-ਬਾਪ ਦੀ ਕਦਰ ਕਰਨੀ ਸਿੱਖੋ। ਜਿਨ੍ਹਾਂ ਨੇ ਆਪਾਂ ਨੂੰ ਜੱਗ ਵਿਖਾਇਆ ਹੈ। ਆਪਾਂ ਰਿਣੀ ਹਾਂ, ਆਪਾਂ ਕਰਜ਼ਦਾਰ ਹਾਂ ਉਨ੍ਹਾਂ ਦੇ। ਅਸੀ ਸਾਰੀ ਉਮਰ ਮਾਂ-ਬਾਪ ਦਾ ਕਰਜ਼ਾ ਨਹੀਂ ਚੁਕਾ ਸਕਦੇ, ਪਰ ਮਾਂ-ਬਾਪ ਹਮੇਸ਼ਾਂ ਏਨੇ ਦਿਆਲੂ ਹੁੰਦੇ ਹਨ ਕਿ ਉਹ ਅਪਣੇ ਬੱਚਿਆਂ ਲਈ ਕਦੇ ਵੀ ਮਾੜਾ ਨਹੀਂ ਸੋਚ ਸਕਦੇ, ਹਮੇਸ਼ਾਂ ਦੁਆਵਾਂ ਹੀ ਮੰਗਦੇ ਹਨ। ਮਾਂ-ਬਾਪ ਬੱਚਿਆਂ ਦਾ ਚੰਗਾ ਕਰ ਕੇ ਕਦੇ ਵੀ ਲੇਖਾ ਨਹੀਂ ਮੰਗਦੇ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ''ਦੁੱਧਾਂ ਨਾਲ ਪੁੱਤਰ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ।

'' ਕਈ ਮਾਵਾਂ ਤਾਂ ਜ਼ਿੰਦਗੀ ਬਣਾਉਣ ਲਈ ਅਪਣੇ ਹੱਥੀਂ ਬੱਚਿਆਂ ਨੂੰ ਬਾਹਰ ਤੋਰ ਰਹੀਆਂ ਹਨ। ਵੇਖੋ ਉਨ੍ਹਾਂ ਦਾ ਜਿਗਰਾ, ਪਿੱਛੋਂ ਬੱਚੇ ਤਾਂ ਹੰਕਾਰ ਵਿਚ ਆ ਕੇ ਸੱਭ ਕੁੱਝ ਭੁੱਲ ਜਾਂਦੇ ਹਨ। ਜਦੋਂ ਵਿਆਹ ਹੋ ਜਾਂਦਾ ਹੈ ਤਾਂ ਗੱਲ ਕਰਨੀ ਵੀ ਚੰਗੀ ਨਹੀਂ ਸਮਝਦੇ। ਕਿਉਂਕਿ ਖ਼ੂਨ ਏਨਾਂ ਜ਼ਿਆਦਾ ਚਿੱਟਾ ਹੋ ਚੁੱਕਾ ਹੈ ਕਿ ਅਸੀ ਅਪਣਾ ਸਭਿਆਚਾਰ ਸੱਭ ਕੁੱਝ ਭੁਲਦੇ ਜਾ ਰਹੇ ਹਾਂ। ਭਰਾ ਨੂੰ ਭਰਾ ਨਹੀਂ ਪੁਛਦਾ, ਸੱਭ ਨੂੰ ਅਪਣੀ-ਅਪਣੀ ਹੋੜ ਲੱਗੀ ਹੈ ਕਿ ਮੈਂ ਕਿਸੇ ਗੱਲੋਂ ਘੱਟ ਨਾ ਰਹਾਂ। ਬਜ਼ੁਰਗ ਜ਼ਿੰਦਗੀ ਦਾ ਹੀ ਨਹੀਂ ਬਲਕਿ ਕੌਮ ਦਾ ਸ਼ਰਮਾਇਆ ਹਨ। ਲੋੜ ਹੈ ਇਨ੍ਹਾਂ ਦੀ ਸਾਂਭ ਸੰਭਾਲ ਕਰਨ ਦੀ। ਸੁਰੱਖਿਆ ਦੀ, ਬਣਦਾ ਮਾਣ-ਸਨਮਾਣ ਦੇਣ ਦੀ।

ਬਜ਼ੁਰਗ ਸੱਭ ਤੋਂ ਵੱਡੇ ਤੀਰਥ ਹਨ, ਕਿਤੇ ਵੀ ਜਾਣ ਦੀ ਲੋੜ ਨਹੀ ਹੈ। ਲੋੜ ਹੈ, ਉਨ੍ਹਾਂ ਦੇ ਪੈਰ ਪੂਜਣ ਦੀ ਤੇ ਉਨ੍ਹਾਂ ਦੀਆਂ ਦੁਆਵਾਂ ਲੈਣ ਦੀ। ਜੇਕਰ ਅਸੀ ਜ਼ਿੰਦਗੀ ਵਿਚ ਕਾਮਯਾਬ ਹੋ ਕੇ ਅਪਣਾ ਨਾਂ ਚਮਕਾਉਣ ਹੈ ਤਾਂ ਸਾਨੂੰ ਬਜ਼ੁਰਗਾਂ ਦਾ ਸਾਥ ਮਿਲਣਾ ਬਹੁਤ ਜ਼ਰੂਰੀ ਹੈ। ਅੱਜ ਭਾਵੇਂ (ਸੇਵਾ ਸੰਭਾਲ ਐਕਟ) ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਬਣ ਚੁੱਕਾ ਹੈ, ਪਰ ਅਜਿਹੀ ਸਥਿਤੀ ਘਰ ਵਿਚ ਪੈਦਾ ਨਾ ਹੋਣ ਦਿਉ ਕਿ ਅਪਣੇ ਬਜ਼ੁਰਗ ਮਾਪੇ ਦੂਜਿਆ ਦੇ ਅੱਗੇ ਤਰਲੇ ਮਿੰਨਤਾਂ ਕਰਨ। ਏਨੇ ਬੇਸ਼ਰਮ ਵੀ ਨਾ ਬਣੀਏ ਕਿ ਤੁਹਾਡੇ ਮਾਂ-ਬਾਪ ਅਦਾਲਤਾਂ ਦੇ ਗੇੜੇ ਕੱਟਣ।

ਅਪਣੇ ਘਰ ਦਾ, ਅਦਾਲਤ ਦਾ ਸਮਾਂ ਫ਼ਜ਼ੂਲ ਖ਼ਰਾਬ ਕਰ ਕੇ ਅਕਸ ਧੁੰਦਲਾ ਨਾ ਪੈਣ ਦਿਉ ਤਾਕਿ ਇਸ ਦੁਨੀਆਦਾਰੀ ਵਿਚ ਆਪਾਂ ਸਾਰੇ ਹੀ ਸਿਰ ਉਠਾ ਕੇ ਜੀਅ ਸਕੀਏ। ਕੁੱਝ ਦਿਨ ਪਹਿਲਾਂ ਹੀ ਮੈਂ ਇਕ ਵੀਡਿਉ ਵੇਖੀ, ਜੋ ਬੜੀ ਹੀ ਦਰਦਨਾਕ ਸੀ। ਮੇਰੀਆਂ ਅੱਖਾਂ ਭਰ ਆਈਆਂ ਕਿਉਂਕਿ ਦ੍ਰਿਸ਼ ਹੀ ਅਜਿਹਾ ਸੀ ਕਿ ਸਹਿਣਾ ਔਖਾ ਹੋ ਗਿਆ। ਇਕ ਬਜ਼ੁਰਗ ਮਾਤਾ ਜੋ ਬੋਲ ਵੀ ਨਹੀਂ ਸੀ ਸਕਦੀ, ਕੋਈ ਵਿਆਕਤੀ ਪਿੰਗਲਵਾੜੇ ਦੇ ਗੇਟ ਅੱਗੇ ਚੁੱਪ-ਚਾਪ ਛੱਡ ਕੇ ਚਲਾ ਗਿਆ। ਵੇਖੋ ਕਿੰਨੀ ਮਾੜੀ ਗੱਲ ਹੈ ਕਿ ਬਜ਼ੁਰਗ ਸਾਡੇ ਇਸ ਤਰ੍ਹਾਂ ਰੁਲ ਰਹੇ ਹਨ। ਲੋੜ ਹੈ ਅਪਣੇ ਆਪ ਵਲ ਡੂੰਘੀ ਝਾਤ ਮਾਰਨ ਦੀ ਤਾਂ ਹੀ ਇਸ ਸਮਾਜ ਦਾ ਕਲਿਆਣ ਹੋ ਸਕਦਾ ਹੈ।

ਬਜ਼ੁਰਗਾਂ ਦੀ ਸੇਵਾ ਮਾਨਵਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਹੈ। ਰੱਬ ਨੇ ਸੱਭ ਨੂੰ ਬਣਾਇਆ ਹੈ, ਉਸ ਦਾ ਆਪਾਂ ਸਾਰੇ ਜਣੇ ਇਕ-ਇਕ ਅੰਗ ਦਾ ਕਰਜ਼ ਨਹੀਂ ਮੋੜ ਸਕਦੇ। ਜੇਕਰ ਕੋਈ ਨਕਲੀ ਅੰਗ ਪਵਾਉਣਾ ਪੈ ਜਾਵੇ ਤਾਂ ਔਖਿਆਈ ਤੇ ਕਿੰਨਾ ਪੈਸਾ ਖ਼ਰਚ ਹੁੰਦਾ ਹੈ। ਇਨਸਾਨੀਅਤ ਹੋਣੀ ਬਹੁਤ ਹੀ ਜ਼ਰੂਰੀ ਹੈ। ਲੋੜ ਹੈ ਕਿਸੇ ਦੀਨ ਦੁਖੀ ਦੀ ਪੁਕਾਰ ਸੁਣਨ ਦੀ। ਆਪੇ ਨੂੰ ਮਾਰ ਕੇ ਇਕ ਚੰਗਾ ਇਨਸਾਨ ਬਣ ਕੇ ਸੇਵਾ ਭਾਵਨਾ ਨਾਲ ਜਿਊਣਾ ਚਾਹੀਦਾ ਹੈ। ਇਹ ਵਡਮੁੱਲਾ ਜੀਵਨ ਦੁਬਾਰਾ ਨਹੀਂ ਮਿਲਣਾ। ਨਰਕ-ਸਵਰਗ ਸੱਭ ਕੁੱਝ ਇਥੇ ਹੀ ਹੈ, ਅੱਗੇ ਕਿਸੇ ਨੇ ਕੁੱਝ ਨਹੀਂ ਵੇਖਿਆ।   ਸੰਪਰਕ : 98723-68307