Punjab News: ਸਮੇਂ ਦੇ ਗੇੜ ਨਾਲ ਬਦਲ ਰਹੇ ਤਿਉਹਾਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

Punjab News: ਸਾਉਣ ਦੇ ਮਹੀਨੇ ਹਰ ਘਰ ’ਚੋਂ ਖੀਰ-ਪੁੂੜਿਆਂ ਤੇ ਗੁਲਗੁਲਿਆਂ, ਪਕੌੜਿਆਂ ਦੀਆਂ ਮਹਿਕਾਂ ਆਉਂਦੀਆਂ

Festivals changing with the passage of time Punjab News

Festivals changing with the passage of time Punjab News: ਤੀਆਂ ਭਾਵੇਂ ਸਿਮਟ ਕੇ ਥੋੜ੍ਹੇ ਦਿਨਾਂ ਦੀਆਂ ਰਹਿ ਗਈਆਂ ਹਨ ਪਰ ਫਿਰ ਵੀ ਇਹ ਸਾਡੇ ਸਭਿਆਚਾਰ ਦਾ ਹਿੱਸਾ ਹਨ। ਜੇਕਰ ਇਸ ਦੇ ਪਿਛੋਕੜ ਤੇ ਕੁੱਝ ਡੂੰਘਾਈ ਨਾਲ ਨਜ਼ਰ ਮਾਰਦੇ ਹਾਂ ਤਾਂ ਇਹ ਪਤਾ ਚਲਦੈ ਕਿ ਜਦੋਂ ਸਾਡੇ ਮੁਲਕ ’ਤੇ ਮੁਗ਼ਲਾਂ ਦੀ ਹਕੂਮਤ ਸੀ ਤਾਂ ਉਨ੍ਹਾਂ ਦੀ ਜੀ-ਹਜ਼ੂਰੀ ਕਰਨ ਵਾਲੇ ਉਸ ਸਮੇਂ ਦੇ ਜਗੀਰਦਾਰ ਅਪਣੇ ਹਾਕਮਾਂ ਨੂੰ ਖ਼ੁਸ਼ ਕਰਨ ਲਈ ਪਿੰਡਾਂ ’ਚੋਂ ਸੋਹਣੀਆਂ ਕੁੜੀਆਂ ਨੂੰ ਸਮੇਂ ਦੇ ਹਾਕਮਾਂ ਅੱਗੇ ਪੇਸ਼ ਕਰਨ ਲਈ ਪਿੰਡ ਦੇ ਬਾਹਰ ਇਕ ਥਾਂ ’ਤੇ ਇਕੱਠੀਆਂ ਕਰ ਕੇ ਉਨ੍ਹਾਂ ਦਾ ਨਾਚ ਕਰਵਾਉਂਦੇ ਸਨ। ਉਨ੍ਹਾਂ ’ਚੋਂ ਚੰਗਾ ਨਚਦੀਆਂ ਤੇ ਸੋਹਣੀਆਂ ਕੁੜੀਆਂ ਨੂੰ ਉਹ ਹਾਕਮਾਂ ਲਈ ਲੈ ਜਾਂਦੇ, ਬਦਲੇ ’ਚ ਚੰਗੀਆਂ ਜਗੀਰਾਂ ਤੇ ਉਨ੍ਹਾਂ ਦੀ ਸ਼ਾਬਾਸ਼ੀ ਹਾਸਲ ਕਰਦੇ। ਇਹ ਉਸ ਸਮੇਂ ਦੀ ਵੱਡੀ ਤ੍ਰਾਸਦੀ ਸੀ। ਤਾਨਾਸ਼ਾਹੀ ਰਾਜ ’ਚ ਬਹੁਤੀ ਵਾਰ ਸ਼ਾਸ਼ਕ ਤੇ ਉਸ ਦੇ ਅਹਿਲਕਾਰਾਂ ਵਲੋਂ ਆਵਾਮ ਨਾਲ ਧੱਕਾ ਤੇ ਉਨ੍ਹਾਂ ’ਤੇ ਜ਼ੁਲਮ ਕੀਤਾ ਜਾਂਦਾ ਸੀ ਤਾਕਿ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਰਖਿਆ ਜਾ ਸਕੇ। ਇਤਿਹਾਸ ਜੋ ਵੀ ਹੋਵੇ ਪਰ ਬਾਅਦ ’ਚ ਇਹ ਧੀਆਂ-ਭੈਣਾਂ ਦੇ ਚਾਵਾਂ ਨਾਲ ਜੁੜ ਗਿਆ। 

ਸਾਡੇ ਪਿੰਡ ਦੇ ਲਹਿੰਦੇ ਵਾਲੇ ਪਾਸੇ ਇਕ ਟੋਭਾ ਹੈ ਜਿਸ ਨੂੰ ਦਈਆਂ ਵਾਲਾ ਟੋਭਾ ਕਿਹਾ ਜਾਂਦਾ ਹੈ। ਇਹ ਟੋਭਾ ਹੁਣ ਸੁਕ ਚੁਕਿਆ ਹੈ। ਪਹਿਲਾਂ ਤਾਂ ਨਾਲ ਲਗਦੇ ਸੂਏ ਦਾ ਪਾਣੀ ਇਸ ’ਚ ਪੈਂਦਾ ਰਹਿੰਦਾ ਸੀ ਪ੍ਰੰਤੂ ਹੁਣ ਤਾਂ ਸੂਏ ਤੇ ਛੋਟੀਆਂ ਕੱਸੀਆਂ ’ਚ ਪਾਣੀ ਕਦੇ ਕਦਾਈਂ ਹੀ ਵੇਖਣ ਨੂੰ ਮਿਲਦਾ ਹੈ। ਇਸ ਟੋਭੇ ਦੇ ਨਾਂ ਨਾਲ ਦਈਆਂ ਸ਼ਬਦ ਕਿਵੇਂ ਪਿਆ ਇਸ ਬਾਰੇ ਕਿਸੇ ਨੂੰ ਕੋਈ ਇਲਮ ਨਹੀਂ, ਬਸ ਸਾਰੇ ਦਈਆਂ ਆਲਾ ਟੋਭਾ ਹੀ ਕਹਿੰਦੇ ਹਨ। ਟੋਭੇ ਦੇ ਨੇੜੇ ਸ਼ਾਮਲਾਤ ਜ਼ਮੀਨ ਜੋ ਖ਼ਾਲੀ ਪਈ ਸੀ, ਇਥੇ ਹੀ ਤੀਆਂ ਦਾ ਗਿੱਧਾ ਪਾਉਣ ਲਈ ਕੁੜੀਆਂ ਇਕੱਠੀਆਂ ਹੁੰਦੀਆਂ। ਜਦੋਂ ਤੀਆਂ ਦਾ ਤਿਉਹਾਰ ਆਉਂਦਾ ਤਾਂ ਸਾਰੀਆਂ ਨੂੰਹਾਂ-ਧੀਆਂ, ਕੁੜੀਆਂ-ਚਿੜੀਆਂ ਹੱਥਾਂ ’ਤੇ ਮਹਿੰਦੀ ਲਾਉਂਦੀਆਂ। ਸਾਡੇ ਵਰਗੇ ਜੁਆਕਾਂ ਨੂੰ ਵੀ ਮਹਿੰਦੀ ਲਗਵਾਉਣ ਦਾ ਬੜਾ ਚਾਅ ਹੁੰਦਾ ਸੀ ਬੇਸ਼ੱਕ ਮੁੰਡਿਆਂ ਦੇ ਹਥੇਲੀ ਦੇ ਵਿਚਕਾਰ ਇਕ ਟਿੱਕਾ ਲਗਾ ਕੇ ਕਿਹਾ ਜਾਂਦਾ, ‘‘ਮੁੰਡੇ ਨਹੀਂ ਮਹਿੰਦੀ ਲਾਉਂਦੇ।”

ਸਾਉਣ ਦੇ ਮਹੀਨੇ ਹਰ ਘਰ ’ਚੋਂ ਖੀਰ-ਪੁੂੜਿਆਂ ਤੇ ਗੁਲਗੁਲਿਆਂ, ਪਕੌੜਿਆਂ ਦੀਆਂ ਮਹਿਕਾਂ ਆਉਂਦੀਆਂ। ਸਾਰੇ ਨਿਆਣੇ, ਸਿਆਣੇ ਤੇ ਬੁੱਢੇ ਬੜੇ ਚਾਵਾਂ ਨਾਲ ਖਾਂਦੇ। ਇਸ ਮਹੀਨੇ ਮੀਂਹ ਬੜਾ ਪੈਂਦਾ ਤੇ ਬਹੁਤੀ ਵਾਰ ਝੜੀਆਂ ਆਮ ਹੀ ਲਗਦੀਆਂ ਸਨ ਪਰ ਅੱਜ ਅਸੀਂ ਕੁਦਰਤ ਤੋਂ ਇੰਨੇ ਦੂਰ ਤੇ ਕੁਦਰਤੀ ਨਿਆਮਤਾਂ ਨਾਲ ਅਪਣੇ ਲਾਭ ਲਈ ਨਿਰੰਤਰ ਖਿਲਵਾੜ ਕਰ ਰਹੇ ਹਾਂ। ਰੁੱਖਾਂ ਦੀ ਕਟਾਈ, ਮਸ਼ੀਨਰੀ ਆਦਿ ਦੇ ਵਧਣ ਕਾਰਨ ਰੁੱਤਾਂ ’ਚ ਵੀ ਤਬਦੀਲੀ ਆ ਗਈ ਹੈ। ਗੱਲ ਕਰ ਰਹੇ ਸੀ ਮੌਸਮ ਦੀ। ਲਗਦੀਆਂ ਝੜੀਆਂ ਕਾਰਨ ਮੌਸਮ ਠੰਢਾ ਹੋ ਜਾਂਦਾ ਤੇ ਸਰ੍ਹੋਂ ਦੇ ਤੇਲ ’ਚ ਸ਼ੁੱਧ ਤਰੀਕੇ ਨਾਲ ਪਕਾਏ ਪਕਵਾਨ ਸੱਭ ਦੇ ਹਜ਼ਮ ਵੀ ਹੋ ਜਾਂਦੇ ਕਿਉਂਕਿ ਉਨ੍ਹਾਂ ਸਮਿਆਂ ’ਚ ਅੰਦਰਲੇ ਬਾਹਰਲੇ ਸਾਰੇ ਕੰਮ ਹੱਥੀਂ ਹੋਣ ਕਰ ਕੇ ਇਨ੍ਹਾਂ ਨੂੰ ਪਚਾਉਣ ਦੀ ਕੋਈ ਸਮੱਸਿਆ ਨਹੀਂ ਸੀ ਹੁੰਦੀ। ਅੱਜਕਲ ਪਹਿਲਾਂ ਤਾਂ ਬਣਾਉਣ ਦੀ ਹੀ ਖੇਚਲ ਮੰਨੀ ਜਾਂਦੀ ਹੈ ਫਿਰ ਇਹ ਪਕਵਾਨਾਂ ਨੂੰ ਪਚਾਉਣ ਦੀ ਦਿੱਕਤ ਤੇ ਦੂਜੀ ਗੱਲ ਬਹੁਤੇ ਲੋਕਾਂ ਨੂੰ ਡਾਕਟਰਾਂ ਨੇ ਤਲੀਆਂ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰਨ ਲਈ ਹਦਾਇਤ ਕੀਤੀ ਹੁੰਦੀ ਹੈ। ਸਾਰਾ ਕੁੱਝ ਸਮੇਂ ਦਾ ਗੇੜ ਹੈ।

ਸਰੀਰ ਸੋਹਲ ਹੋ ਗਏ ਇੱਥੇ ਇਹ ਕਹਿਣਾ ਬਣਦਾ ਹੈ ਕਿ ਅਸੀਂ ਖ਼ੁਦ ਅਪਣੇ ਸਰੀਰ ਨੂੰ ਸੁੱਖ ਦੀ ਆਦਤ ਪਾ ਦਿਤੀ ਹੈ। ਚਲੋ ਖ਼ੈਰ! ਗੱਲ ਚਲ ਰਹੀ ਸੀ ਤੀਆਂ ਦੇ ਤਿਉਹਾਰ ਦੀ। ਪਿੰਡ ਦੇ ਬਾਹਰ ਇਸ ਸ਼ਾਮਲਾਤ ਵਾਲੀ ਥਾਂ ’ਤੇ ਆਥਣ ਵੇਲੇ ਤੀਆਂ ਲਈ ਕੁੜੀਆਂ ਇਕੱਠੀਆਂ ਹੁੰਦੀਆਂ। ਵੱਡੇ ਦਰੱਖ਼ਤਾਂ ਦੇ ਵੱਡੇ ਵੱਡੇ ਟਾਹਣਿਆਂ ’ਤੇ ਪੀਂਘਾਂ ਪਾਈਆਂ ਜਾਂਦੀਆਂ, ਕੁੜੀਆਂ ਮਸਤੀ ’ਚ ਪੀਂਘਾਂ ਝੂਟਦੀਆਂ ਤੇ ਗਿੱਧਾ ਪਾਉਂਦੀਆਂ। ਨਵੀਆਂ ਵਿਆਹੀਆਂ ਕੁੜੀਆਂ ਸਾਉਣ ਦਾ ਮਹੀਨਾ ਅਪਣੇ ਪੇਕੇ ਪਿੰਡ ਹੀ ਰਹਿੰਦੀਆਂ। ਇਹ ਕਿਹਾ ਜਾਂਦਾ ਹੈ ਕਿ ਸਾਉਣ ਦੇ ਮਹੀਨੇ ਸੱਸ-ਨੂੰਹ ਨੇ ਇਕ ਦੂਜੇ ਦਾ ਮੂੰਹ ਨਹੀਂ ਦੇਖਣਾ ਹੁੰਦਾ। ਇਸ ਲਈ ਇਹ ਮਹੀਨਾ ਕੁੜੀਆਂ ਅਪਣੇ ਪੇਕੇ ਪਿੰਡ ਹੀ ਰਹਿੰਦੀਆਂ। ਅਸਲ ’ਚ ਉਸ ਸਮੇਂ ਦੇ ਸਾਡੇ ਬਹੁਤ ਹੀ ਸਿਆਣੇ ਬਜ਼ੁਰਗਾਂ ਨੇ ਇਹ ਵਹਿਮ ਜਾਣਬੁੱਝ ਕੇ ਪਾਇਆ ਹੋਵੇਗਾ ਤਾਕਿ ਕੁੜੀਆਂ ਬਹਾਨੇ ਨਾਲ ਕੁੱਝ ਸਮੇਂ ਲਈ ਕੰਮਾਂ ਕਾਰਾਂ ਦੇ ਬੋਝ ਤੋਂ ਅਪਣੇ ਪੇਕੇ ਪਿੰਡ ਆ ਥੋੜ੍ਹੇ ਦਿਨ ਆਰਾਮ ਕਰ ਲੈਣ ਤੇ ਅਪਣੀਆਂ ਸਹੇਲੀਆਂ ਨੂੰ ਮਿਲ ਲੈਣ। ਕੁੜੀਆਂ ਨੂੰ ਅਪਣੇ ਕਪੜੇ, ਗਹਿਣੇ ਦਿਖਾਉਣ ਦਾ ਬਹੁਤ ਸ਼ੌਕ ਹੁੰਦਾ ਹੈ।

ਤੀਆਂ ’ਚ ਇਹ ਨਵੇਂ ਤੋਂ ਨਵਾਂ ਵਧੀਆ ਸੂਟ ਤੇ ਵੱਧ ਤੋਂ ਵੱਧ ਗਹਿਣੇ ਪਹਿਨ ਕੇ ਤੀਆਂ ’ਚ ਜਾਣਾ ਤਾਕਿ ਸਹੇਲੀਆਂ  ਉਸ ਦੇ ਗਹਿਣਿਆਂ ਦੀ ਤਾਰੀਫ਼ ਕਰਨ ਤੇ ਨਾਲੇ ਇਹ ਕਹਿਣ ਕਿ ਇਸ ਨੂੰ ਤਕੜਾ ਘਰ ਮਿਲਿਆ ਹੈ। ਬਸ ਇੰਨੀ ਕੁ ਪ੍ਰਸ਼ੰਸਾ ਨਾਲ ਮਨ ਉਡੂੰ-ਉਡੂੰ ਕਰਨ ਲਗਦਾ। ਕਿੰਨੇ ਭਲੇ ਦਿਨ ਹੁੰਦੇ ਸੀ ਉਹ। ਕੁੜੀਆਂ ਨੂੰ ਇਕੱਲੇ ਜਾਣ ’ਚ ਕੋਈ ਡਰ ਭੈਅ ਨਹੀਂ ਸੀ ਹੁੰਦਾ।  ਲੁੱਟ ਖੋਹ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਪਿੰਡ ਦੀਆਂ ਕੁੜੀਆਂ ਨੂੰ ਸਾਰੇ ਧੀਆਂ ਭੈਣਾਂ ਵਾਂਗ ਸਮਝਦੇ ਸਨ। ਸਾਰੀਆਂ ਇਕ ਖੁਲ੍ਹੀ ਥਾਂ ’ਤੇ ਵੱਡਾ ਗੋਲ ਚੱਕਰ ਬਣਾ ਕੇ ਖੜ ਜਾਂਦੀਆਂ ਤੇ ਫਿਰ ਵਾਰੋ ਵਾਰੀ ਬੋਲੀਆਂ ਪਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਔਰਤਾਂ ਵਲੋਂ ਅਪਣੇ ਮਨ ਦੇ ਵਲਵਲੇ, ਭਾਵ, ਰੋਸੇ, ਗੁੱਸੇ-ਗਿਲੇ ਆਦਿ ਇਨ੍ਹਾਂ ਬੋਲੀਆਂ ਰਾਹੀਂ ਪ੍ਰਗਟ ਕਰ ਕੇ ਅਪਣੇ ਮਨਾਂ ਨੂੰ ਹੌਲਾ ਕਰ ਲਿਆ ਜਾਂਦਾ ਸੀ।
ਪਾਈਆਂ ਜਾਂਦੀਆਂ ਬੋਲੀਆਂ ’ਚ ਸਮੇਂ ਦੀਆਂ ਪ੍ਰਸਥਿਤੀਆਂ ਦਾ ਜ਼ਿਕਰ ਕੀਤਾ ਹੋਇਆ ਮਿਲਦਾ ਹੈ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੋਣ ਕਰ ਕੇ ਸਭ ਦੇ ਮਨਾਂ ’ਚ ਅਪਣੇ ਗੁਰੂਆਂ ਲਈ ਪਿਆਰ ਤੇ ਸਤਿਕਾਰ ਹੈ। ਇਸੇ ਲਈ ਕੁੜੀਆਂ ਇਸ ਤਰ੍ਹਾਂ ਦੇ ਮਨੋਭਾਵ ਵਾਲੀਆਂ ਬੋਲੀਆਂ ਪਾਉਂਦੀਆਂ : 

ਹੋਰਾਂ ਦੇ ਤਾਂ ਦੋ ਦੋ ਵੀਰੇ,
ਮੇਰਾ ਵੀਰਾ ਇਕ ਕੁੜੀਉ,
ਉਹ ਵੀ ਦਸਵੇਂ ਗੁਰਾਂ ਦਾ ਸਿੱਖ ਕੁੜੀਉ।
ਅਪਣੇ ਪੇਕਿਆਂ ਨੂੰ ਵੱਡੇ ਦਰਸਾਉਣ ਲਈ ਇਸ ਤਰ੍ਹਾਂ ਦੀ ਬੋਲੀ ਵੀ ਪਾਈ ਜਾਂਦੀ:
ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ 
ਇਕੋ ਤਵੀਤ ਉਹਦੇ ਘਰ ਦਾ ਨੀ, 
 ਜਦੋਂ ਲੜਦਾ ਤਾਂ ਲਾਹਦੇ ਲਾਹਦੇ ਕਰਦਾ ਨੀ
ਇਸ ਤੋਂ ਇਲਾਵਾ ਅਪਣੇ ਪੜ੍ਹਨ ਦੀ ਰੀਝ ਨੂੰ ਇਸ ਤਰ੍ਹਾਂ ਪ੍ਰਗਟ ਕਰਦੀਆਂ ਹਨ:- 
ਛੈਣੇ ਛੈਣੇ ਛੈਣੇ 
ਵਿਦਿਆ ਪੜ੍ਹਾ ਦੇ ਬਾਬਲਾ,
ਭਾਵੇਂ ਦੇਈਂ ਨਾ ਦਾਜ ਵਿਚ ਗਹਿਣੇ।
ਅੱਜ ਇਹ ਤਿਉਹਾਰ ਸਿਰਫ਼ ਇਕ ਰਸਮੀ ਬਣ ਕੇ ਇਕ ਦੋ ਦਿਨਾਂ ਤਕ ਹੀ ਸਿਮਟ ਕੇ ਰਹਿ ਗਿਆ ਹੈ। ਨਵੀਂ ਪੀੜ੍ਹੀ ਦੀਆਂ ਕੁੜੀਆਂ ਨੂੰ ਬੋਲੀਆਂ ਵੀ ਵਿਸਰਦੀਆਂ ਜਾ ਰਹੀਆਂ ਹਨ, ਹੁਣ ਸੱਭ ਕੁੱਝ ਡੀਜੇ ਦੀ ਭੇਂਟ ਚੜ੍ਹਦਾ ਜਾ ਰਿਹੈ। ਨਵੇਂ ਜ਼ਮਾਨੇ ਦੇ ਤੌਰ ਤਰੀਕੇ ਅਪਣਾਉਣਾ ਮਾੜੀ ਗੱਲ ਨਹੀਂ ਪਰ ਅਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਵੀ ਬਹੁਤ ਜ਼ਰੂਰੀ ਹੈ ਤਾਕਿ ਸਾਡੇ ਸਭਿਆਚਾਰ ਦੀ ਅਮੀਰੀ ਹਮੇਸ਼ਾ ਕਾਇਮ ਰਹੇ।