ਬੇਟੀ ਬਚਾਉ, ਬੇਟੀ ਪੜ੍ਰਾਉ ਸਿਰਫ਼ ਨਾਅਰਾ ਹੀ ਨਾ ਰਹਿ ਜਾਵੇ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਾਲਜ ਤੇ ਯੂਨੀਵਰਸਟੀ ਖੇਤਰ ਦੀਆਂ ਖੇਡਾਂ ਵਿਚ ਵੀ ਬਲਜੀਤ ਨੇ ਮਚਾਈ ਪੂਰੀ ਧੂਮ

Beti Bachao, Beti Padhao

 20  ਕੁ ਸਾਲ ਪਹਿਲਾਂ ਜਦੋਂ ਅਸੀ ਪੜ੍ਹਦੇ ਹੁੰਦੇ ਸੀ ਤਾਂ ਸਾਡੇ ਅਧਿਆਪਕਾਂ ਵਲੋਂ ਅਕਸਰ ਹੀ ਇਹ ਸਵਾਲ ਪੁਛਿਆ ਜਾਂਦਾ ਸੀ ਕਿ ਭਵਿੱਖ ਵਿਚ ਤੁਸੀ ਕੀ ਬਣੋਗੇ ਤੇ ਕੁੜੀਆਂ ਦਾ ਵਧੇਰੇ ਕਰ ਕੇ ਜਵਾਬ ਅਧਿਆਪਕਾ, ਡਾਕਟਰ ਜਾਂ ਵਕੀਲ ਬਣਨ ਦਾ ਹੁੰਦਾ ਤੇ ਮੁੰਡਿਆਂ ਦਾ ਪੁਲਿਸ ਅਫ਼ਸਰ ਜਾਂ ਫ਼ੌਜੀ ਬਣਨ ਦਾ ਹੁੰਦਾ। ਪਰ ਅੱਜ ਤੁਸੀ ਕਿਸੇ ਵੀ ਬੱਚੇ ਨੂੰ ਇਹ ਸਵਾਲ ਪੁੱਛ ਲਉ, ਜਵਾਬ ਇਕ ਹੀ ਹੋਵੇਗਾ, 'ਬਾਹਰ ਜਾਣਾ ਹੈ'। ਨੌਜੁਆਨੀ ਨੇ ਹੀ ਅੱਗੇ ਦੇਸ਼ ਸਾਂਭਣਾ ਤੇ ਚਲਾਉਣਾ ਹੁੰਦਾ ਹੈ ਪਰ ਸਾਡੀਆਂ ਸਰਕਾਰਾਂ ਇਸ ਪਾਸੇ ਜ਼ਰਾ ਵੀ ਗੰਭੀਰ ਨਹੀਂ ਹਨ। ਜਿਹੜੇ ਬੱਚੇ ਇਥੇ ਰਹਿ ਕੇ ਕੁੱਝ ਕਰਨਾ ਜਾਂ ਬਣਨਾ ਚਾਹੁੰਦੇ ਨੇ, ਉਨ੍ਹਾਂ ਨੂੰ ਅਪਣਾ ਭਵਿੱਖ ਧੁੰਦਲਾ ਨਜ਼ਰ ਆਉਂਦਾ ਹੈ ਜਿਸ ਕਾਰਨ ਉਹ ਨਸ਼ਿਆਂ ਵਲ ਭੱਜਣ ਲਗਦੇ ਹਨ।

ਉਦਾਸੀਨਤਾ, ਨਿਰਾਸ਼ਤਾ ਘੇਰ ਲੈਂਦੀ ਹੈ। ਕੁੱਝ ਇਹੋ ਜਹੀ ਕਹਾਣੀ ਹੈ, ਅੱਤ ਦੀ ਸੋਹਣੀ ਸੁਨੱਖੀ ਕੱਦ 5 ਫੁੱਟ 7 ਇੰਚ ਲੰਮੀ ਬਲਜੀਤ ਕੌਰ ਸੈਣੀ ਦੀ। ਪਰ ਜ਼ਰਾ ਗਹੁ ਉਸ ਦਾ ਚੇਹਰਾ ਵੇਖੀਏ ਤੇ ਗੱਲਾਂ ਸੁਣੀਏ ਤਾਂ ਪਤਾ ਲਗਦਾ ਹੈ ਕਿ ਜ਼ਿੰਮੇਵਾਰੀਆਂ, ਪ੍ਰੇਸ਼ਾਨੀਆਂ ਤੇ ਸੋਚਾਂ ਨੇ ਉਸ ਦਾ ਬਚਪਨ ਤੇ ਜਵਾਨੀ ਮਧੋਲ ਕੇ ਰੱਖ ਦਿਤੇ ਹਨ। ਬਹੁਤ ਛੋਟੀ ਸੀ, ਮਹਿਜ਼ ਪੰਜ ਸਾਲ ਦੀ, ਜਦੋਂ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। ਹੋਰ ਕੋਈ ਭੈਣ ਭਰਾ ਨਹੀਂ ਸੀ ਪਰ ਮਾਂ ਨੇ ਧੀ ਦੇ ਸਿਰ ਤੇ ਹੀ ਜ਼ਿੰਦਗੀ ਕੱਟਣ ਦਾ ਫ਼ੈਸਲਾ ਕਰ ਲਿਆ। ਦਾਦਾ ਫ਼ੌਜ ਵਿਚੋਂ ਰਿਟਾਇਰ ਸੀ, ਸੋ ਉਸ ਨੇ ਨੂੰਹ ਤੇ ਪੋਤੀ ਦਾ ਸਾਰਾ ਖ਼ਰਚਾ ਚੁਕਣ ਦਾ ਤਹੀਆ ਕੀਤਾ।

ਪਰ ਪੁੱਤਰ ਦੀ ਮੌਤ ਦਾ ਸਦਮਾ ਬਜ਼ੁਰਗ ਅਵੱਸਥਾ ਵਿਚ ਸਹਾਰਨਾ ਸੌਖਾ ਨਹੀਂ ਹੁੰਦਾ। ਸੋ ਛੇਤੀ ਹੀ ਦੁਨੀਆਂ ਨੂੰ ਅਲਵਿਦਾ ਆਖ ਗਿਆ ਤੇ ਉਥੋਂ ਹੀ ਸ਼ੁਰੂ ਹੋਇਆ ਬਲਜੀਤ ਤੇ ਉਸ ਦੀ ਮਾਂ ਦੀਆਂ ਮੁਸ਼ਕਲਾਂ ਦਾ ਸਫ਼ਰ। ਪਰ ਸ੍ਰੀਰ ਪਖੋਂ ਖੁੱਲ੍ਹੀ ਬਲਜੀਤ ਉਪਰ ਸਕੂਲ ਦੀ ਕੋਚ ਦੀ ਜਦੋਂ ਨਜ਼ਰ ਪਈ ਤੇ ਉਸ ਨੇ ਬਲਜੀਤ ਨੂੰ ਖੇਡਾਂ ਵਲ ਆਉਣ ਲਈ ਪ੍ਰੇਰਿਤ ਕੀਤਾ। ਬਲਜੀਤ ਵਿਚ ਮਿਹਨਤ, ਲਗਨ ਤੇ ਕੁੱਝ ਕਰ ਗੁਜ਼ਰਨ ਦਾ ਜਜ਼ਬਾ ਤਾਂ ਪਹਿਲਾਂ ਹੀ ਸੀ, ਸੋ ਉਹ ਅੱਗੇ ਵਧਦੀ ਗਈ। ਪੜ੍ਹਾਈ ਦਾ ਖ਼ਰਚ ਖੇਡਾਂ ਦੇ ਕੋਟੇ ਵਿਚੋਂ ਹੀ ਪੂਰਾ ਹੋਣ ਲੱਗਾ। ਅੱਖਾਂ ਅੱਗੇ ਤੋਂ ਅੱਗੇ ਵੱਧਣ ਦੇ ਸੁਪਨੇ ਤੱਕਣ ਲਗੀਆਂ। ਨਿੱਤ ਨਵੀਆਂ ਪੈੜਾਂ ਸਿਰਜਦੀ ਬਲਜੀਤ ਨੇ ਬਹੁਤ ਘਾਲਣਾ ਘਾਲੀ। ਉਹ ਹੈਂਡਬਾਲ ਦੀ ਚੰਗੀ ਖਿਡਾਰਨ ਸੀ।

ਛੇਵੀਂ ਜਮਾਤ ਤੋਂ ਖੇਡਾਂ ਖੇਡਣੀਆਂ ਸ਼ੁਰੂ ਕੀਤੀਆਂ ਤੇ ਪਹਿਲੀਆਂ ਹੀ ਸਕੂਲ ਸਟੇਟ ਖੇਡਾਂ ਜੋ 'ਸ੍ਰੀ ਫ਼ਤਿਹਗੜ੍ਹ ਸਾਹਿਬ' ਵਿਖੇ ਹੋਈਆਂ ਸਨ, ਵਿਚ ਸੋਨੇ ਦਾ ਤਮਗਾ ਅਪਣੇ ਨਾਮ ਕੀਤਾ। ਦੂਜੀ ਵਾਰ ਇਹ ਖੇਡਾਂ ਸੰਗਰੂਰ ਵਿਖੇ 6-10-2007 ਤੋਂ 10.10.2007 ਤਕ ਹੋਈਆਂ ਜਿਨ੍ਹਾਂ ਵਿਚ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ। ਪੰਜਾਬ ਸਰਕਾਰ ਵਲੋਂ 8-11-2011 ਵਿਚ ਲੁਧਿਆਣਾ ਵਿਖੇ ਹੋਏ ਟੂਰਨਾਮੈਂਟਾਂ ਵਿਚ ਸੋਨੇ ਦੇ ਤਮਗੇ ਨੂੰ ਚੁੰਮਿਆ। ਇਹ ਤਾਂ ਸਾਰੇ  ਸਕੂਲ ਖੇਤਰ ਦੀਆਂ ਉਪਲੱਭਦੀਆਂ ਸਨ। ਇਸੇ ਤਰ੍ਹਾਂ ਪ੍ਰਾਪਤੀਆਂ ਵਲ ਅੱਗੇ ਵਧਦੀ ਬਲਜੀਤ ਕੌਰ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਇਸ ਤੋਂ ਬਾਅਦ ਕਾਲਜ ਤੇ ਯੂਨੀਵਰਸਟੀ ਖੇਤਰ ਦੀਆਂ ਖੇਡਾਂ ਵਿਚ ਵੀ ਬਲਜੀਤ ਨੇ ਪੂਰੀ ਧੂਮ ਮਚਾਈ।

ਸੀਨੀਅਰ ਪੱਧਰ ਦੀਆਂ ਖੇਡਾਂ ਵਿਚ ਹੁਣ ਤਕ ਉਸ ਨੇ 7 ਸੋਨੇ ਦੇ, 5 ਚਾਂਦੀ ਦੇ ਤੇ ਤਿੰਨ ਤਾਂਬੇ ਦੇ ਮੈਡਲ ਅਪਣੀ ਝੋਲੀ ਪੁਆਏ। ਇਸ ਤੋਂ ਇਲਾਵਾ ਓਪਨ ਵਿਚ ਖੇਡੀਆਂ ਖੇਡਾਂ ਦੇ ਮੈਡਲ ਵਖਰੇ ਹਨ। ਜਿੰਨੀ ਉਹ ਮਿਹਨਤੀ ਤੇ ਦ੍ਰਿੜ ਨਿਸ਼ਚੇ ਵਾਲੀ ਸੀ, ਸ਼ਾਇਦ ਕਿਸਮਤ ਨੇ ਉਸ ਨੂੰ ਉਨਾ ਸਾਥ ਨਾ ਦਿਤਾ। ਇਕ ਵਾਰ ਤਾਮਿਲਨਾਡੂ ਵਿਖੇ ਭਾਰਤ ਲਈ ਖੇਡਣ ਜਾਣ ਵਾਸਤੇ ਕੈਂਪ ਲਗਾਉਣ ਗਈ ਸੀ ਪਰ ਅੱਡੀ ਉਤੇ ਅਜਿਹੀ ਸੱਟ ਲੱਗੀ ਕਿ ਕੈਂਪ ਵਿਚਕਾਰ ਹੀ ਛੱਡ ਕੇ ਆਉਣਾ ਪਿਆ। ਵਿਦੇਸ਼ ਖੇਡਣ ਜਾਣ ਦਾ ਸੁਪਨਾ ਵੀ ਕਿਸਮਤ ਕਰ ਕੇ ਬਲਜੀਤ ਦਾ ਵਿਚਕਾਰ ਹੀ ਰਹਿ ਗਿਆ। ਪਾਸਪੋਰਟ ਸਮੇਂ ਸਿਰ ਨਾ ਮਿਲਣ ਕਰ ਕੇ ਬਲਜੀਤ ਦੀ ਥਾਂ ਉਸ  ਕੁੜੀ ਨੂੰ ਭੇਜ ਦਿਤਾ ਗਿਆ ਜਿਸ ਦੀ ਕੋਈ ਉਮੀਦ ਵੀ ਨਹੀਂ ਸੀ।

ਇਸੇ ਤਰ੍ਹਾਂ ਬਲਜੀਤ ਨੇ ਪੁਲਿਸ ਵਿਚ ਨੌਕਰੀ ਲੈਣ ਲਈ ਬਹੁਤ ਹੱਥ ਪੈਰ ਮਾਰੇ। ਕਈ ਵਾਰ ਅਪਲਾਈ ਕੀਤਾ। ਸਪੋਰਟਸ ਕੋਟੇ ਵਿਚ ਪੰਜਾਬ ਪੁਲਿਸ ਲਈ ਪੋਸਟ ਭਰੀ ਪਰ ਗੱਲ ਨਾ ਬਣੀ। ਫਿਰ ਸ੍ਰੀਰਕ ਸਿਖਿਆ ਦੇ ਅਧਿਆਪਕ ਲਈ ਪੋਸਟ ਭਰੀ ਜਿਸ ਦਾ ਪੇਪਰ ਅੰਮ੍ਰਿਤਸਰ ਵਿਖੇ ਹੋਇਆ ਸੀ, ਜੋ ਬਾਅਦ ਵਿਚ ਰੱਦ ਕਰ ਦਿਤਾ ਗਿਆ। ਹੁਣ ਇਹ ਪੇਪਰ ਦੁਬਾਰਾ ਇਸੇ ਸਾਲ ਹੋਇਆ ਸੀ ਜਿਸ ਵਿਚ ਬਲਜੀਤ ਦਾ ਨਾਮ ਮੈਰਿਟ ਲਿਸਟ ਵਿਚ ਹੈ ਪਰ ਸਪੋਰਟਸ ਕੋਟੇ ਵਾਲੇ ਫਿਰ ਵੀ ਨਹੀਂ ਰੱਖੇ ਗਏ।

ਮਾਵਾਂ ਧੀਆਂ ਇਕ ਦੂਜੇ ਨੂੰ ਵੇਖ ਕੇ ਹੀ ਜਿਊਂਦੀਆਂ ਨੇ। ਮਾਂ ਨੇ ਅਪਣੀ ਧੀ ਦੇ ਪਿਆਰ ਵਿਚ ਸਾਰੀ ਜ਼ਿੰਦਗੀ ਉਸ ਦੇ ਨਾਮ ਦੇ ਲਗਾ ਦਿਤੀ ਤੇ ਹੁਣ ਧੀ ਦੀਆਂ ਪ੍ਰੇਸ਼ਾਨੀਆਂ ਵੇਖ ਕੇ ਮਾਂ ਵੀ ਦਿਲ ਦੀ ਮਰੀਜ਼ ਬਣ ਗਈ ਹੈ ਜਿਸ ਦਾ ਇਲਾਜ ਪੀ.ਜੀ.ਆਈ ਚੰਡੀਗੜ੍ਹ ਤੋਂ ਚੱਲ ਰਿਹਾ ਹੈ। ਹਰ ਮਹੀਨੇ ਕਈ ਹਜ਼ਾਰ ਦੀ ਦਵਾਈ ਆਉਂਦੀ ਹੈ ਤੇ ਹੋਰ ਖਾਣ ਪੀਣ ਦਾ ਸਾਰਾ ਖ਼ਰਚ ਪੂਰਾ ਕਰਨ ਲਈ ਬਲਜੀਤ ਹੁਣ ਇਕ ਨਿਜੀ ਸਕੂਲ ਵਿਚ ਪੀ.ਟੀ. ਟੀਚਰ ਲੱਗੀ ਹੋਈ ਹੈ। ਸੋ ਸਰਕਾਰ ਨੂੰ ਵੀ ਅਜਿਹੀਆਂ ਹੋਣਹਾਰ ਤੇ ਲੋੜਵੰਦ ਧੀਆਂ ਦੀ ਬਾਂਹ ਫੜਨੀ ਚਾਹੀਦੀ ਹੈ ਤਾਕਿ ਬੇਟੀ ਬਚਾਉ ਤੇ ਬੇਟੀ ਪੜ੍ਹਾਈ ਸਿਰਫ਼ ਇਕ ਨਾਅਰਾ ਹੀ ਨਾ ਬਣ ਕੇ ਰਹਿ ਜਾਵੇ।
                                                                                       ਸੁਖਜੀਵਨ ਕੁਲਬੀਰ ਸਿੰਘ,ਸੰਪਰਕ : 73409-23044