ਗੋਆ ਦੇ ਦਰਸ਼ਨੀ ਸਥਾਨ ਜਿਨ੍ਹਾਂ ਦੀ ਸੈਰ ਕਰ ਕੇ ਸਾਰੀ ਚਿੰਤਾ ਹੋ ਜਾਵੇਗੀ ਦੂਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਗੋਆ ਅਰਬ ਸਾਗਰ ਦੇ ਕੰਢੇ ਬੰਬਈ ਹਾਤੇ ਨਾਲ ਲਗਦਾ ਮਾਲਾਬਾਰ ਦੇ ਪੱਛਮ 'ਚ ਇਕ ਪਹਾੜੀ ਇਲਾਕਾ ਹੈ, ਜੋ 62 ਮੀਲ ਲੰਮਾ ਅਤੇ ਜ਼ਿਆਦਾ ਤੋਂ ਜ਼ਿਆਦਾ 40 ਮੀਲ ਚੌੜਾ ਹੈ.

Goa sightseeing Those whose walks will get all the worry away

ਦੇਸ਼ ਦੇ ਸੱਭ ਤੋਂ ਪਸੰਦੀਦਾ ਸੈਲਾਨੀ ਕੇਂਦਰਾਂ ਵਿਚ ਗੋਆ ਹਮੇਸ਼ਾ ਸਿਖਰ 'ਤੇ ਰਿਹਾ ਹੈ। ਦਸੰਬਰ ਵਿਚ ਗੋਆ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਵੱਧ ਜਾਂਦੀ ਹੈ ਕਿਉਂਕਿ ਇਸ ਸਮੇਂ ਮੌਸਮ ਕਾਫ਼ੀ ਸੁਹਾਵਣਾ ਹੁੰਦਾ ਹੈ ਅਤੇ ਕ੍ਰਿਸਮਸ-ਨਵਾਂ ਸਾਲ ਮਨਾਉਣ ਲਈ ਲੋਕ ਪਹੁੰਚਦੇ ਹਨ। ਇਥੇ ਅਸੀਂ ਗੋਆ ਦੀਆਂ ਅਜਿਹੀਆਂ ਥਾਵਾਂ ਬਾਰੇ ਦਸ ਰਹੇ ਹਾਂ ਜਿਥੇ ਤੁਸੀਂ ਘੁੰਮ ਸਕਦੇ ਹੋ। ਕ੍ਰਿਸਮਸ ਗੋਆ ਘੁੰਮਣ ਦਾ ਸੱਭ ਤੋਂ ਵਧੀਆ ਸਮਾਂ ਹੈ।

ਗੋਆ ਅਰਬ ਸਾਗਰ ਦੇ ਕੰਢੇ ਬੰਬਈ ਹਾਤੇ ਨਾਲ ਲਗਦਾ ਮਾਲਾਬਾਰ ਦੇ ਪੱਛਮ 'ਚ ਇਕ ਪਹਾੜੀ ਇਲਾਕਾ ਹੈ, ਜੋ 62 ਮੀਲ ਲੰਮਾ ਅਤੇ ਜ਼ਿਆਦਾ ਤੋਂ ਜ਼ਿਆਦਾ 40 ਮੀਲ ਚੌੜਾ ਹੈ. ਇਸ ਪੁਰ ਸੰਨ 1510 ਵਿਚ ਪੁਰਤਗਾਲੀਆਂ ਨੇ ਕਬਜ਼ਾ ਕੀਤਾ ਅਤੇ ਹੁਣ ਵੀ ਉਨ੍ਹਾਂ ਦੇ ਹੀ ਰਾਜ ਵਿਚ ਹੈ। ਪਛਮੀ ਘਾਟ ਅਤੇ ਅਰਬ ਸਾਗਰ ਵਿਚਕਾਰ ਧਰਤੀ ਦਾ ਇਹ ਛੋਟਾ ਜਿਹਾ ਟੁਕੜਾ ਅਪਣੇ ਚਿੱਟੇ ਗੁੰਬਦੀ ਗਿਰਜਿਆਂ, ਸੁਨਹਿਰੀ ਬੀਚਾਂ ਅਤੇ ਰੰਗ-ਬਰੰਗੇ ਜਿਹੇ ਲੋਕਾਂ ਕਰ ਕੇ ਦੁਨੀਆਂ ਭਰ ਵਿਚ ਮਸ਼ਹੂਰ ਹੈ ।

ਕ੍ਰਿਸਮਸ ਦੌਰਾਨ ਪੂਰਾ ਗੋਆ ਰੌਸ਼ਨੀ ਨਾਲ ਜਗਮਗਾਉਂਦਾ ਹੈ। ਪਰ ਪੁਰਾਣੇ ਗੋਆ ਦੀ ਸਜਾਵਟ ਵੇਖਣ ਵਾਲੀ ਹੁੰਦੀ ਹੈ। ਪੁਰਾਣੇ ਗੋਆ ਵਿਚ ਬਹੁਤ ਜ਼ਿਆਦਾ ਚਰਚ ਸਜੇ ਹੁੰਦੇ ਹਨ। ਨਾਲ ਹੀ ਇਥੋਂ ਦੀ ਆਤਿਸ਼ਬਾਜ਼ੀ ਨੂੰ ਵੇਖਣਾ ਕਿਸੇ ਸੁਪਨੇ ਵਰਗਾ ਹੁੰਦਾ ਹੈ। ਕ੍ਰਿਸਮਸ ਅਤੇ ਨਵੇਂ ਸਾਲ ਦੌਰਾਨ ਅੰਜੁਨਾ ਬੀਚ 'ਤੇ ਰਾਤ ਤੋਂ ਲੈ ਕੇ ਸਵੇਰੇ ਤਕ ਪਾਰਟੀ ਚਲਦੀ ਰਹਿੰਦੀ ਹੈ। ਇਸ ਨਾਲ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨ ਦਾ ਮਜ਼ਾ ਦੁਗਣਾ ਹੋ ਜਾਂਦਾ ਹੈ।

ਗੋਆ ਵਿਚ ਜੇ ਖ਼ਰੀਦਦਾਰੀ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਅੰਜੁਨਾ ਵਿਚ ਫਲੀ ਬਜ਼ਾਰ ਪਹੁੰਚੋ। ਇਹ ਬਜ਼ਾਰ ਹਰ ਬੁਧਵਾਰ ਨੂੰ ਲਗਦਾ ਹੈ। ਇਥੇ ਤੁਸੀਂ ਯਾਦਗਾਰ ਵਾਸਤੇ ਕਿਸੇ ਵੀ ਤਰ੍ਹਾਂ ਦੀ ਖ਼ਰੀਦਦਾਰੀ ਕਰ ਸਕਦੇ ਹੋ। ਗੋਆ ਵਿਚ ਕਈ ਬਜ਼ਾਰ ਅਤੇ ਰਾਤ ਦੇ ਬਾਜ਼ਾਰ ਹਨ। ਉੱਤਰੀ ਗੋਆ ਦੇ ਅਰਪੋਰਾ ਦੀ ਨਾਈਟ ਮਾਰਕੀਟ ਵੀ ਅਜਿਹੀ ਹੀ ਹੈ। ਦਸੰਬਰ ਦੇ ਅੰਤ ਤੋਂ ਲੈ ਕੇ ਅਪ੍ਰੈਲ ਤਕ ਖੁੱਲ੍ਹਣ ਵਾਲੇ ਇਸ ਬਜ਼ਾਰ ਵਿਚ ਖ਼ਰੀਦਦਾਰੀ ਲਈ ਕਈ ਚੀਜ਼ਾਂ ਹੁੰਦੀਆਂ ਹਨ।

ਉੱਤਰ ਗੋਆ ਦੇ ਜ਼ਿਆਦਾਤਰ ਲੋਕਾਂ ਦੀ ਮਾਤ ਭਾਸ਼ਾ ਕੋਂਕਣੀ ਹੈ, ਜਦਕਿ ਮਹਾਰਾਸ਼ਟਰ ਅਤੇ ਕਰਨਾਟਕ ਨਾਲ ਲਗਦੇ ਇਲਾਕੀਆਂ ਵਿਚ ਮਰਾਠੀ ਅਤੇ ਕੰਨੜ ਭਾਸ਼ਾ ਬੋਲੀ ਜਾਂਦੀ ਹੈ। ਗੋਆ ਰਾਜ ਦੀ ਸਾਰੀ ਸਿਖਿਅਤ ਜਨਤਾ ਅੰਗਰੇਜ਼ੀ ਭਾਸ਼ਾ ਅਤੇ ਲਗਭਗ ਸਾਰੀ ਜਨਤਾ ਹਿੰਦੀ ਭਾਸ਼ਾ ਦਾ ਗਿਆਨ ਰਖਦੀ ਹੈ। ਅਬਾਦੀ ਦਾ ਇਕ ਛੋਟਾ ਹਿੱਸਾ ਪੁਰਤਗਾਲੀ ਭਾਸ਼ਾ ਦਾ ਗਿਆਨ ਵੀ ਰਖਦਾ ਹੈ, ਪਰ ਇਹ ਗਿਣਤੀ ਲਗਾਤਾਰ ਘੱਟ ਹੋ ਰਹੀ ਹੈ।

ਖਾਣੇ ਦੇ ਮਾਮਲੇ ਵਿਚ ਇੱਥੇ ਹਰ ਤਰ੍ਹਾਂ ਦੇ ਪਕਵਾਨ ਮਿਲ ਜਾਣਗੇ। ਨਾਲ ਹੀ ਇਥੇ ਸੰਗੀਤਕ ਸ਼ੋਅ ਵੀ ਹੁੰਦੇ ਹਨ। ਅਗੁਆੜਾ ਕਿਲ੍ਹਾ 1612 ਵਿਚ ਮਰਾਠਾ ਅਤੇ ਡੱਚ ਹਮਲੇ ਵਿਰੁਧ ਸੁਰੱਖਿਆ ਲਈ ਬਣਾਇਆ ਗਿਆ ਸੀ। ਇਹ ਕਿਲ੍ਹਾ ਬਹੁਤ ਵਿਸ਼ਾਲ ਹੈ ਅਤੇ ਇਸ ਦੇ ਅੰਦਰ ਪਾਣੀ ਦਾ ਇਕ ਵੱਡਾ ਝਰਨਾ ਹੈ। ਸਥਾਨਕ ਭਾਸ਼ਾ ਵਿਚ ਪਾਣੀ ਨੂੰ ਅਗੁਆ ਕਹਿੰਦੇ ਹਨ, ਇਸ ਕਾਰਨ ਇਸ ਦਾ ਨਾਂ ਅਗੁਆੜਾ ਪਿਆ।

ਇਹ ਏਸ਼ੀਆ ਦਾ ਸੱਭ ਤੋਂ ਪੁਰਾਣਾ ਲਾਈਟ ਹਾਊਸ ਹੈ ਜੋ ਇਕ 4 ਮੰਜ਼ਿਲਾ ਇਮਾਰਤ ਹੈ। ਇੱਥੇ ਅਗੁਆੜਾ ਜੇਲ ਵੀ ਵੇਖ ਸਕਦੇ ਹੋ। ਚਾਪੋਰਾ ਸਥਿਤ ਕਿਲ੍ਹੇ ਦਾ ਇਤਿਹਾਸ ਬਹੁਤ ਪ੍ਰਸਿੱਧ ਹੈ ਅਤੇ ਅੱਜ ਵੀ ਇਹ ਕਿਲ੍ਹਾ ਸੁੰਦਰ ਅਤੇ ਸ਼ਾਂਤ ਹੈ। ਕਈ ਹਮਲਿਆਂ ਅਤੇ ਸ਼ਾਸਕਾਂ ਦਾ ਗਵਾਹ ਹੈ ਇਹ ਕਿਲ੍ਹਾ। ਇਸ ਦੀ ਸੁੰਦਰਤਾ ਅਤੇ ਸਾਮਰਿਕ ਮਹੱਤਵ ਨੇ ਅਕਬਰ ਨੂੰ ਵੀ ਅਪਣਾ ਦਿਵਾਨਾ ਬਣਾ ਲਿਆ ਸੀ। ਫਿਰ ਉਸ ਨੇ ਇਸ 'ਤੇ ਹਮਲਾ ਕਰ ਇਸ ਨੂੰ ਅਪਣਾ ਬੇਸ ਕੈਂਪ ਬਣਾਇਆ ਸੀ।

ਚਾਪੋਰਾ ਨਦੀ ਦੇ ਕਿਨਾਰੇ ਵਸੇ ਇਸ ਕਿਲ੍ਹੇ ਤੋਂ ਸੂਰਜ ਨੂੰ ਚੜ੍ਹਦੇ ਅਤੇ ਸੂਰਜ ਨੂੰ ਡੁਬਦੇ ਵੇਖਣ ਦਾ ਬਹੁਤ ਸੁੰਦਰ ਨਜ਼ਾਰਾ ਹੁੰਦਾ ਹੈ। ਭਾਰਤ ਦੇ ਪ੍ਰਸਿੱਧ ਪੰਛੀ ਮਾਹਰ ਡਾ. ਸਲੀਮ ਅਲੀ ਦੇ ਨਾਂ 'ਤੇ ਇੱਥੇ ਇਕ ਬਰਡ ਸੈਂਚੁਰੀ ਹੈ। ਇੱਥੇ ਤੁਸੀਂ ਸੈਂਕੜਿਆਂ ਦੀ ਗਿਣਤੀ ਵਿਚ ਅਲੱਗ-ਅਲੱਗ ਪ੍ਰਜਾਤੀਆਂ ਦੇ ਪੰਛੀਆਂ ਨੂੰ ਵੇਖ ਸਕਦੇ ਹੋ। ਉਨ੍ਹਾਂ ਦੀ ਅਵਾਜ਼ ਸੁਣਨ ਦਾ ਲੁਤਫ਼ ਲੈ ਸਕਦੇ ਹੋ। ਬੋਰਡ ਸੈਂਚੁਰੀ ਕੋਲ ਹੀ ਵਾਇਸਰਾਏ ਮੀਨਾਰ ਹੈ ਜੋ ਕਾਲੇ ਪੱਥਰਾਂ ਨਾਲ ਬਣੀ ਹੋਈ ਹੈ ਅਤੇ ਇਸ ਦਾ ਨਿਰਮਾਣ 16ਵੀਂ ਸ਼ਤਾਬਦੀ ਦਾ ਦਸਿਆ ਜਾਂਦਾ ਹੈ। ਇਹ ਵੀ ਦਰਸ਼ਨੀ ਸਥਾਨ ਹੈ।