Bhai Kahn Singh Nabha: ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਭਾਵੇਂ ਸਰੀਰਕ ਤੌਰ ’ਤੇ ਭਾਈ ਸਾਹਿਬ ਸਾਡੇ ਵਿਚਕਾਰ ਤਾਂ ਨਹੀਂ ਰਹੇ ਪਰ ਉਨ੍ਹਾਂ ਦੀਆਂ ਮਹਾਨ ਰਚਨਾਵਾਂ ਰਹਿੰਦੀ ਦੁਨੀਆਂ ਤਕ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰਖਣਗੀਆਂ।

Bhai Kahn Singh Nabha

Bhai Kahn Singh Nabha: ਲੇਖਕ ਸਮਾਜ ਦਾ ਸ਼ੀਸ਼ਾ ਹੁੰਦਾ ਹੈ, ਜਿਥੋਂ ਸਮਾਜ ਅਪਣਾ ਅਕਸ ਵੇਖਦਾ ਹੈ। ਸੁੱਤੇ ਲੋਕਾਂ ਨੂੰ ਕਲਮ ਹੋਕਰੇ ਮਾਰ-ਮਾਰ, ਹਲੂਣ ਕੇ ਵਾਰ-ਵਾਰ ਉਠਾਉਂਦੀ ਹੈ। ਹਰ ਖ਼ੁਸ਼ੀ-ਗ਼ਮੀ ’ਚ ਸਾਹਿਤਕਾਰਾਂ ਦੀ ਕਲਮ ਸਰੀਕ ਬਣ ਕੇ ਖਲੋ੍ਹਦੀ ਹੈ। ਭਾਵੇਂ ਸਾਹਿਤਕਾਰ ਨੂੰ ਲੈਣਾ ਘੱਟ ਤੇ ਦੇਣਾ ਵੱਧ ਪੈਂਦਾ ਹੈ ਕਿਉਂਕਿ ਲੇਖਕ ਸਿਰ ਸਮਾਜ ਦਾ ਕਰਜ਼ਾ ਹੁੰਦਾ ਹੈ ਜੋ ਉਹ ਸਾਰੀ ਉਮਰ ਹੌਲੀ-ਹੌਲੀ ਉਤਾਰਦਾ ਰਹਿੰਦਾ ਹੈ। ਹਰ ਸਾਹਿਤਕਾਰ ਨੂੰ ਅਕਾਸ਼ ਤੇ ਉਡਾਰੀਆਂ ਤੇ ਸਮੁੰਦਰ ’ਚ ਤਾਰੀਆਂ ਲਾਉਣੀਆਂ ਪੈਂਦੀਆਂ ਹਨ ਕੱੁਝ ਲੱਭਣ ਲਈ। ਤਪਦੇ ਮਾਰੂਥਲਾਂ ਵਿਚ ਸੜਨਾ ਪੈਂਦਾ ਹੈ, ਜੱਗ ਸੁੱਤਾ ਹੁੰਦਾ ਹੈ ਤਾਂ ਲੇਖਕ ਨੂੰ ਜਾਗਣਾ ਪੈਂਦਾ ਹੈ। ਲੇਖਕ ਸਿਰ ਸਮਾਜ ਦੀ ਜ਼ਿੰਮੇਵਾਰੀ ਹੁੰਦੀ ਹੈ। ਜਿਨ੍ਹਾਂ ਦਾ ਲਿਖਿਆ ਇਕ-ਇਕ ਸ਼ਬਦ ਰਹਿੰਦੀ ਦੁਨੀਆਂ ਤਕ ਅਮਰ ਰਹੇਗਾ। ਉਹ ਨਾਮ ਹੈ ਪੰਜਾਬੀਅਤ ਦਾ ਮਾਣ ਭਾਈ ਕਾਨ੍ਹ ਸਿੰਘ ਨਾਭਾ।

ਭਾਈ ਕਾਨ੍ਹ ਸਿੰਘ ਦਾ ਜਨਮ 30 ਅਗੱਸਤ, 1861 ਈ: ਨੂੰ, ਮਾਤਾ ਹਰਿ ਕੌਰ ਦੀ ਕੁੱਖੋਂ, ਪਿਤਾ ਭਾਈ ਨਰਾਇਣ ਸਿੰਘ ਦੇ ਘਰ, ਦਾਦਾ ਸਰੂਪ ਸਿੰਘ ਦੇ ਵਿਹੜੇ, ਪੜਦਾਦਾ ਨੌਧ ਸਿੰਘ ਦੇ ਖੇੜੇ, ਪਿੰਡ ਸਬਜ਼ ਬਨੇਰਾ, ਰਿਆਸਤ ਪਟਿਆਲੇ ਵਿਚ ਹੋਇਆ। ਭਾਈ ਕਾਨ੍ਹ ਸਿੰਘ ਦੇ ਪਿਤਾ ਬਾਬਾ ਨਾਰਾਇਣ ਸਿੰਘ ਨਾਭੇ ਦੇ ਪ੍ਰਸਿੱਧ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਦੇ ਮਹੰਤ ਸਨ ਤੇ ਉਨ੍ਹਾਂ ਦੇ ਪੜਦਾਦਾ ਨੌਧ ਸਿੰਘ ਪਿੰਡ ਪਿੱਥੋ ਵਿਚ ਰਹਿੰਦੇ ਸਨ ਜੋ ਰਿਆਸਤ ਨਾਭਾ ਦੇ ਚੌਧਰੀ ਸਨ। ਪਿੰਡ ਪਿੱਥੋ ਬਠਿੰਡਾ ਜ਼ਿਲ੍ਹੇ ’ਚ ਸਥਿਤ ਹੈ। ਭਾਈ ਕਾਨ੍ਹ ਸਿੰਘ ਦੇ ਦੋ ਭਰਾ ਭਾਈ ਮੀਹਾਂ ਸਿੰਘ ਤੇ ਭਾਈ ਬਿਸ਼ਨ ਸਿੰਘ ਸਨ ਅਤੇ ਇਕ ਭੈਣ ਬੀਬੀ ਕਾਨ੍ਹ ਕੌਰ ਸੀ ਜੋ ਛੋਟੀ ਉਮਰ ’ਚ ਹੀ ਗੁਜ਼ਰ ਗਈ। ਆਪ ਦੀ 24 ਸਾਲ ਦੀ ਉਮਰ ਵਿਚ ਪਹਿਲਾ ਵਿਆਹ ਪਿੰਡ ਧੂਰੇ ਰਿਆਸਤ ਪਟਿਆਲੇ ਵਿਚ ਤੇ ਦੂਜਾ ਵਿਆਹ ਮੁਕਤਸਰ ਹੋਇਆ। ਥੋੜ੍ਹੇ ਸਮੇਂ ’ਚ ਦੋਹਾਂ ਸੁਪਤਨੀਆਂ ਗੁਜ਼ਰ ਗਈਆਂ। ਤੀਜਾ ਵਿਆਹ ਪਿੰਡ ਰਾਮਗੜ੍ਹ ਪਟਿਆਲੇ ਵਿਚ ਹਰਦਮ ਸਿੰਘ ਦੀ ਲੜਕੀ ਬੀਬੀ ਸੰਤ ਕੌਰ ਨਾਲ ਹੋਇਆ ਜਿਨ੍ਹਾਂ ਦੀ ਕੁੱਖੋਂ ਸਪੁੱਤਰ ਭਾਈ ਭਗਵੰਤ ਸਿੰਘ (ਹਰੀ) ਦਾ ਜਨਮ ਹੋਇਆ ਜੋ ਭਾਈ ਕਾਨ੍ਹ ਸਿੰਘ ਦੇ ਇਕਲੌਤੇ ਸਪੁੱਤਰ ਹਨ।

ਭਾਈ ਕਾਨ੍ਹ ਸਿੰਘ ਨੂੂੰ ਛੋਟੀ ਉਮਰ ’ਚ ਹੀ ਅੰਮ੍ਰਿਤਪਾਨ ਕਰਵਾ ਦਿਤਾ ਸੀ ਅਤੇ ਭਾਈ ਰੂਪ ਸਿੰਘ ਕੋਲ ਗੁਰਮੁਖੀ ਦਾ ਗਿਆਨ ਦਿਤਾ ਗਿਆ। ਜਦ ਉਨ੍ਹਾਂ ਦੀ ਉਮਰ ਪੰਜ ਸਾਲ ਦੀ ਹੋਈ ਤਾਂ ਉਨ੍ਹਾਂ ਦੇ ਪਿਤਾ ਭਾਈ ਨਰਾਇਣ ਸਿੰਘ ਨੇ ਪਾਠ ਕਰਵਾਉਣਾ ਸ਼ੁਰੂ ਕਰ ਦਿਤਾ। ਭਾਈ ਸਾਹਿਬ ਬਹੁਤ ਹੀ ਛੋਟੀ ਉਮਰ ਸਿਰਫ਼ ਸੱਤ ਸਾਲ  ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲੱਗ ਪਏ ਸਨ। ਉਨ੍ਹਾਂ ਦੇ ਪਿਤਾ ਦੀ ਦਿਲੀ ਇੱਛਾ ਸੰਸਕ੍ਰਿਤ ਸਿਖਾਉਣ ਦੀ ਸੀ ਜਿਸ ਕਰ ਕੇ ਬਾਬਾ ਕਲਿਆਣ ਦਾਸ, ਪੰਡਤ ਸ੍ਰੀ ਬੰਸੀ ਧਰ, ਭਾਈ ਵੀਰ ਸਿੰਘ ਜਲਾਲ ਕੇ, ਬਾਬਾ ਪਰਮਾਨੰਦ ਤੇ ਭਾਈ ਰਾਮ ਸਿੰਘ ਤੋਂ ਸਾਹਿਤ, ਵਿਆਕਰਨ ਤੇ ਵੇਦਾਂਤ ਪੜਿ੍ਹਆ ਤੇ ਹਿੰਦੀ ਕਵਿਤਾ ਰਚਨਾ ਦਾ ਅਭਿਆਸ ਵੀ ਕੀਤਾ। ਮਹੰਤ ਰਾਜਾ ਸਿੰਘ ਤੋਂ ਸੰਗੀਤ ਦੀ ਸਿਖਿਆ ਵੀ ਲਈ।

ਭਾਈ ਸਾਹਿਬ ਨੂੰ 20 ਸਾਲ ਦੀ ਉਮਰ ’ਚ ਫ਼ਾਰਸੀ ਤੇ ਅੰਗਰੇਜ਼ੀ ਪੜ੍ਹਨ ਦਾ ਸ਼ੌਂਕ ਜਾਗਿਆ ਤੇ ਦਿੱਲੀ ਜਾ ਕੇ ਫ਼ਾਰਸੀ ਪੜ੍ਹੀ ਅਤੇ 22 ਕੁ ਸਾਲ ਦੀ ਉਮਰ ’ਚ ਲਾਹੌਰ ਜਾ ਕੇ ਭਾਈ ਸੰਤ ਸਿੰਘ ਗਿਆਨੀ ਦੇਹਰਾ ਸਾਹਿਬ ਵਾਲਿਆ ਦੇ ਸੰਪਰਕ ’ਚ ਆ ਕੇ ਜਫ਼ਰਨਾਮਾ, ਦੀਵਾਨ, ਸਿੱਖ-ਸਾਹਿਤ ਨਾਲ ਸਬੰਧ ਰੱਖਣ ਵਾਲੀਆਂ ਕਿਤਾਬਾਂ ਨਿੱਠ ਕੇ ਪੜ੍ਹੀਆਂ, ਭਾਈ ਸਾਹਿਬ, ਭਾਈ ਗੁਰਮੁਖ ਸਿੰਘ ਦੇ ਸੰਪਰਕ ’ਚ ਆਏ। ਉਨ੍ਹਾਂ ਨੇ ਧਰਮ ਪ੍ਰਚਾਰ ਲਈ ਸ੍ਰੀ ਗੁਰੂ ਸਿੰਘ ਸਭਾ ਲਾਹੌਰ ਵਲੋਂ ਕੁੱਝ ਪ੍ਰੋਗਰਾਮ ਬਣਾਏ ਜੋ ਪੰਜਾਬੀ ਗ੍ਰੰਥ, ਗੁਰਮਤਿ ਨਾਲ ਸਬੰਧਤ ਸਨ, ਉਨ੍ਹਾਂ ਦੇ ਸੰਪਾਦਨ ਤੇ ਪ੍ਰਕਾਸ਼ਨ ਦੀ ਇਕ ਮੁਹਿੰਮ ਸ਼ੁਰੂ ਕੀਤੀ। ਦੋ ਕੁ ਸਾਲ ਦੇ ਅਰਸੇ ਬਾਅਦ ਭਾਈ ਸਾਹਿਬ ਨਾਭੇ ਆ ਗਏ।

ਭਾਈ ਕਾਨ੍ਹ ਸਿੰਘ  ਮਹਾਰਾਜਾ ਹੀਰਾ ਸਿੰਘ ਨਾਭਾ ਪਾਸ ਬਤੌਰ ਮੁਸਾਹਿਬ ਮੁਲਾਜ਼ਮ ਲੱਗੇ। ਹੀਰਾ ਸਿੰਘ ਵਿਦਵਾਨਾਂ ਦੇ ਕਦਰਦਾਨ ਸਨ ਇਸ ਕਰ ਕੇ ਭਾਈ ਕਾਨ੍ਹ ਸਿੰਘ ਨੂੰ ਉਨ੍ਹਾਂ ਅਪਣੇ ਪ੍ਰਾਈਵੇਟ ਸਕੱਤਰ ਬਣਾ ਦਿਤਾ। ਇਸ ਤੋਂ ਥੋੜ੍ਹਾ ਸਮਾਂ ਬਾਅਦ ਭਾਈ ਸਾਹਿਬ ਸਿਟੀ ਮੈਜਿਸਟ੍ਰੇਟ ਨਹਿਰ ਨਾਜ਼ਿਮ ਤੇ ਨਾਜ਼ਿਮ (ਡਿਪਟੀ ਕਮਿਸ਼ਨਰ) ਜ਼ਿਲ੍ਹਾ ਧਨੌਲਾ ਤੇ ਬਾਵਲ ਬਣੇ ਮਤਲਬ ਇਹ ਸੀ ਕਿ ਮਹਾਰਾਜਾ ਹੀਰਾ ਸਿੰਘ, ਭਾਈ ਸਾਹਿਬ ਦੇ ਕਾਰਜ ਤੋਂ ਬਲਹਾਰੇ ਜਾਂਦੇ ਸਨ। ਇਸ ਕਰ ਕੇ ਭਾਈ ਸਾਹਿਬ ਨੂੰ ਰਿਆਸਤ ਵਲੋਂ ਫੂਲਕੀਆਂ ਰਿਆਸਤਾਂ ਦੇ ਏਜੰਟ ਪਾਸ ਵਕੀਲ ਬਣਾ ਕੇ ਭੇਜਿਆ ਅਤੇ ਮੀਰ ਮੁਨਸ਼ੀ ਵੀ ਬਣਾਇਆ।

ਰਿਆਸਤ ਨਾਭਾ ਦੀ ਨੌਕਰੀ ਤੋਂ ਹਟ ਕੇ ਭਾਈ ਕਾਨ੍ਹ ਸਿੰਘ ਨਾਭਾ ਕਸ਼ਮੀਰ ਜਾ ਕੇ ਸਿੱਖ-ਸਾਹਿਤ ਦੇ ਆਧਾਰ ’ਤੇ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਲਿਖਣਾ ਸ਼ੁਰੂ ਕਰ ਦਿਤਾ। ਭਾਈ ਸਾਹਿਬ ਦੇ ਸਾਹਿਤਕ ਕੰਮਾਂ ’ਤੇ ਅਸਲ ਵਿਚ ਸਿੰਘ ਸਭਾ ਲਹਿਰ ਦਾ ਪ੍ਰਭਾਵ ਪਿਆ। ਭਾਈ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਕਠਿਨ ਸ਼ਬਦਾਂ ਦੇ ਪਰਯਾਯ ਲਿਖੇ। ‘ਰਾਜ-ਧਰਮ’, ‘ਨਾਟਕ ਭਾਵਾਰਥ ਦੀਪਿਕਾ’, ‘ਹਮ ਹਿੰਦੂ ਨਹੀਂ’, ‘ਗੁਰਮਤਿ ਪ੍ਰਭਾਕਰ’, ‘ਗੁਰਮਤਿ ਸਧਾਕਰ’, ‘ਗੁਰ ਗਿਰਾ ਕਸੌਟੀ’, ‘ਪਹਾੜ-ਯਾਤ੍ਰਾ’, ‘ਵਿਲਾਇਤ-ਯਾਤਰਾ’, ‘ਸ਼ਰਾਬ ਨਿਖੇਧ ਤੇ ਇਕ ਜੋਤਿਸ਼ ਗ੍ਰੰਥ ਇਨ੍ਹਾਂ ਕਿਤਾਬਾਂ ਵਿਚ ਕਈ ਕਿਤਾਬਾਂ ਪਹਿਲਾ ਹਿੰਦੀ ਵਿਚ ਪ੍ਰਕਾਸ਼ਤ ਤੇ ਫਿਰ ਪੰਜਾਬੀ ਵਿਚ ਅਤੇ 4 ਕੁ ਕਿਤਾਬਾਂ ਇਨ੍ਹਾਂ ਵਿਚੋਂ ਅਣ ਪ੍ਰਕਾਸ਼ਤ ਹੀ ਰਹਿ ਗਈਆਂ ਹਨ। ‘ਸਦ ਪਰਮਾਰਥ’, ‘ਗੁਰਛੰਦ ਦਿਵਾਕਰ’, ‘ਗੁਰ ਸ਼ਬਦਾ ਲੰਕਾਰ’, ‘ਰੂਪ ਦੀਪ ਪਿੰਗਲ’ ਤੇ ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਆਦਿ।

ਭਾਈ ਕਾਨ੍ਹ ਸਿੰਘ ਨਾਭਾ ਨੇ ਅਪਣੀ ਜ਼ਿੰਦਗੀ ਦੇ ਅਖ਼ੀਰਲੇ ਸਮੇਂ ਕਈ ਹੋਰ ਪੁਸਤਕਾਂ ਰਚੀਆ ਜਿਵੇਂ ‘ਗੁਰਮਤਿ ਮਾਰਕੰਡ’, ‘ਗੁਰਮਤਿ ਪ੍ਰਭਾਕਰ’, ‘ਗੁਰਮਤਿ ਸੁਧਾਰਕ’ ਤੇ ‘ਗੁਰ ਗਿਰਾ ਕਸੌਟੀ’, ‘ਗੁਰ ਮਹਿਮਾ’, ‘ਅਨੇਕਾਰਥ ਕੋਸ਼’ ਆਦਿ। ਭਾਈ ਕਾਨ੍ਹ ਸਿੰਘ ਨਾਭਾ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਮੋਢੀ ਰੋਲ ਨਿਭਾਇਆ। ਚੀਫ਼ ਖ਼ਾਲਸਾ ਦੀਵਾਨ, ਅੰਮ੍ਰਿਤਸਰ ਵਲੋਂ ਭਾਈ ਸਾਹਿਬ ਨੂੰ 3 ਅਪ੍ਰੈਲ, 1931 ਈ: ਨੂੰ ਅੰਮ੍ਰਿਤਸਰ ਕਾਨਫ਼ਰੰਸ ਦੇ ਪ੍ਰਧਾਨ ਬਣਾ ਦਿਤਾ। ਭਾਈ ਕਾਨ੍ਹ ਸਿੰਘ ਨੇ ਥਾਂ-ਥਾਂ ਦੀ ਸੈਰ ਕੀਤੀ, ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਇੰਗਲੈਂਡ, ਅਫ਼ਗ਼ਾਨਿਸਤਾਨ, ਕਾਬੁਲ ਵੀ ਘੁੰਮੇ।

ਭਾਈ ਕਾਨ੍ਹ ਸਿੰਘ ਨਾਭਾ 23 ਨਵੰਬਰ, 1938 ਈ: ਨੂੰ ਸਵਰਗ ਸੁਧਾਰ ਗਏ। ਆਪ ਦੀ ਮੌਤ ਨਾਲ ਇਕੱਲੇ ਪੰਜਾਬ ਨੂੰ ਹੀ ਨਹੀਂ ਸਗੋਂ ਪੂਰੇ ਆਲਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਭਾਵੇਂ ਸਰੀਰਕ ਤੌਰ ’ਤੇ ਭਾਈ ਸਾਹਿਬ ਸਾਡੇ ਵਿਚਕਾਰ ਤਾਂ ਨਹੀਂ ਰਹੇ ਪਰ ਉਨ੍ਹਾਂ ਦੀਆਂ ਮਹਾਨ ਰਚਨਾਵਾਂ (ਕਿਤਾਬਾਂ) ਰਹਿੰਦੀ ਦੁਨੀਆਂ ਤਕ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰਖਣਗੀਆਂ। ਸਾਡਾ ਉਸ ਲਾਸਾਨੀ, ਯੁੱਗ ਪੁਰਸ ਨੂੰ ਲੱਖ-ਲੱਖ ਵਾਰ ਪ੍ਰਣਾਮ।
-ਦਰਸ਼ਨ ਸਿੰਘ ਪ੍ਰੀਤੀਮਾਨ, ਰਾਮਪੁਰਾ। ਮੋ: 98786-06963