ਕਿਸਾਨਾਂ ਵਲੋਂ ਘੇਰੇ ਸਿੰਘੂ ਬਾਰਡਰ ਦਾ ਅੱਖੀਂ ਡਿੱਠਾ ਹਾਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਟਰੈਕਟਰਾਂ ’ਤੇ ਜੋਸ਼ ਭਰਨ ਵਾਲੇ ਗੀਤ ਤੇ ਢਾਡੀ ਵਾਰਾਂ ਗੂੰਜ ਰਹੀਆਂ

Farmer protest

ਨਵੀਂ ਦਿੱਲੀ: ਮੈਂ  ਪਿਛਲੇ 2-3 ਦਿਨਾਂ ਤੋਂ ਦਿੱਲੀ ਦੇ ਸਿੰਘੂ ਬਾਰਡਰ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਸਾਂ। ਦਿੱਲੀ ਦੀ ਜਰਨੈਲੀ ਸੜਕ ਉਤੇ ਮੇਲੇ ਵਰਗਾ ਮਾਹੌਲ ਸੀ। ਤੜਕੇ ਢਾਈ ਵਜੇ ਦੇ ਕਰੀਬ ਸੰਘਣੀ ਧੁੰਦ ਵਿਚ ਅੰਦੋਲਨ ਵਾਲੀ ਥਾਂ ਉਤੇ ਪਹੁੰਚ ਕੇ ਗੱਡੀ ਖੜੀ ਕਰਦੇ ਸਾਰ ਹੀ 4-5 ਨੌਜੁਆਨਾਂ ਨੇ ਬੜੇ ਸਤਿਕਾਰ ਸਹਿਤ ਚਾਹ ਦੇ ਕੱਪਾਂ ਨਾਲ ਸਾਡਾ ਸਵਾਗਤ ਕੀਤਾ। ਚਾਹ ਪੀ ਕੇ ਥੋੜੀ ਦੇਰ ਉਥੇ ਘੁੰਮਣ ਉਪਰੰਤ ਸੌਣ ਲਈ ਥਾਂ ਲੱਭਣ ਲੱਗੇ।  ਮੋਦੀ ਸਰਕਾਰ ਵਿਰੁਧ ਤੇ ਕਿਸਾਨੀ ਸੰਘਰਸ਼ ਦੇ ਹੱਕ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲਿਖੇ ਸ਼ਲੋਗਨਾਂ ਨਾਲ ਭਰੀਆਂ ਟਰੈਕਟਰ-ਟਰਾਲੀਆਂ, ਕਾਰਾਂ, ਸਕੂਟਰ-ਮੋਟਰ ਸਾਈਕਲਾਂ ਨਾਲ ਸੜਕ ਭਰੀ ਪਈ ਸੀ।

ਥੋੜਾ ਅੱਗੇ ਜਾ ਕੇ ਵੇਖਿਆ ਕਿ ਨਿਹੰਗ ਸਿੰਘਾਂ ਦੇ ਇਕ ਜਥੇ ਨੇ ਇਕ ਪਾਰਕ ਵਿਚ ਅਪਣੇ ਘੋੜਿਆਂ ਸਮੇਤ ਡੇਰੇ ਲਗਾਏ ਹੋਏ ਸਨ, ਜਿਥੇ ਸਵੇਰੇ-ਸਵੇਰੇ ਇਲਾਹੀ ਬਾਣੀ ਦਾ ਕੀਰਤਨ ਹੋ ਰਿਹਾ ਸੀ। ਉਥੇ ਹੀ ਟੀ.ਡੀ.ਆਈ. ਨਾਮਕ ਇਕ ਬਹੁਤ ਵੱਡਾ ਮਾਲ ਹੈ, ਅੰਦਰ ਜਾ ਕੇ ਵੇਖਿਆ ਤਾਂ ਬਹੁਤ ਸਾਰੇ ਕਿਸਾਨ ਉਥੇ ਸੌਂ ਰਹੇ ਸਨ। ਅਸੀ ਵੀ 3 ਵਜੇ ਦੇ ਕਰੀਬ ਇਕ ਕੰਬਲ ਵਿਛਾ, ਉਤੇ ਖੇਸ ਲੈ ਕੇ ਉਥੇ ਹੀ ਸੌਂ ਗਏ। ਕਮਾਲ ਦੀ ਗੱਲ ਹੈ ਕਿ ਇਥੇ ਬੰਦ ਪਏ ਸ਼ੋਅਰੂਮਾਂ ਦੇ ਸਿਰਫ਼ ਸ਼ੀਸ਼ਿਆਂ ਦੇ ਦਰਵਾਜ਼ੇ ਹੀ ਲਾਕ ਹਨ ਪਰ ਇਥੇ ਚੋਰੀ ਜਾਂ ਕਿਸੇ ਤਰ੍ਹਾਂ ਦੀ ਕੋਈ ਘਟਨਾ ਦੀ ਖ਼ਬਰ ਨਹੀਂ ਮਿਲੀ। 

ਅਸੀ ਸਵੇਰੇ 7 ਵਜੇ ਉੱਠ ਕੇ ਅੱਗੇ ਚਾਲੇ ਪਾ ਦਿਤੇ। ਇਸ ਸਮੇਂ ਤਕ ਵੀ ਪੂਰੀ ਧੁੰਦ ਛਾਈ ਹੋਈ ਸੀ। ਰਸਤੇ ਵਿਚ ਹਰ ਫ਼ਰਲਾਂਗ ਉਤੇ ਚਾਹ, ਬਰੈੱਡ ਪਕੌੜਿਆਂ, ਪਿੰਨੀਆਂ, ਮਿੱਸੀਆਂ ਰੋਟੀਆਂ, ਸਾਗ, ਬਦਾਮ, ਖੀਰ, ਜਲੇਬੀਆਂ, ਦਵਾਈਆਂ, ਕਿਤਾਬਾਂ, ਰਜ਼ਾਈਆਂ ਆਦਿ ਦੇ ਢੇਰ ਲੱਗੇ ਹੋਏ ਹਨ। ਇਸ ਤੋਂ ਇਲਾਵਾ ਮੋਬਾਈਲ ਚਾਰਜ ਕਰਨ ਤੇ ਕਪੜੇ ਧੋਣ ਦੀ ਸੇਵਾ ਵੀ ਨਿਭਾਈ ਜਾ ਰਹੀ ਸੀ। ਉਥੇ ਮੌਜੂਦ ਹਰ ਨੌਜੁਆਨ, ਬਜ਼ੁਰਗ, ਔਰਤ ਤੇ ਬੱਚਾ ਉਤਸ਼ਾਹ ਨਾਲ ਭਰਿਆ ਪਿਆ ਸੀ, ਜਿਵੇਂ ਉਹ ਕਿਸੇ ਮੇਲੇ ਵਿਚ ਆਇਆ ਹੋਵੇ। 

ਟਰੈਕਟਰਾਂ ’ਤੇ ਜੋਸ਼ ਭਰਨ ਵਾਲੇ ਗੀਤ ਤੇ ਢਾਡੀ ਵਾਰਾਂ ਗੂੰਜ ਰਹੀਆਂ ਸਨ। ਪੰਜਾਬੀਆਂ ਤੋਂ ਇਲਾਵਾ ਇਥੇ ਹਰਿਆਣੇ ਦੇ ਕਿਸਾਨ ਅਪਣੇ ਹੁੱਕੇ ਭਖਾ ਕੇ ਧਰਨੇ ਉਤੇ ਬੈਠੇ ਸਨ। ਇਨ੍ਹਾਂ ਤੋਂ ਇਲਾਵਾ ਇਥੇ ਰਾਜਸਥਾਨ, ਤਾਮਿਲਨਾਡੂ, ਮੱਧ-ਪ੍ਰਦੇਸ਼ ਤੇ ਹੋਰ ਸੂਬਿਆਂ ਦੇ ਕਿਸਾਨ ਵੀ ਆਪੋ-ਅਪਣੇ ਢੰਗ ਨਾਲ ਖੇਤੀ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ। ਭਾਰਤੀ ਕਿਸਾਨ ਹੁਣ ਪੜ੍ਹ ਲਿਖ ਕੇ ਸੂਝਵਾਨ ਹੋ ਚੁਕਿਆ ਹੈ। ਮੈਂ ਉਥੇ ਇਕ ਕਮਾਲ ਦੀ ਚੀਜ਼ ਇਹ ਵੇਖੀ ਕਿ ਇਸ ਅੰਦੋਲਨ ਵਿਚ ਜੋਸ਼ ਦੇ ਨਾਲ-ਨਾਲ ਹੋਸ਼ ਤੋਂ ਵੀ ਕੰਮ ਲਿਆ ਜਾ ਰਿਹਾ ਸੀ। ਨੌਜੁਆਨ, ਬਜ਼ੁਰਗਾਂ ਦਾ ਖ਼ਿਆਲ ਰੱਖ ਰਹੇ ਸਨ।

ਹਰ ਕੋਈ ਇਕ ਦੂਜੇ ਦੀ ਸਹਾਇਤਾ ਲਈ ਪੱਬਾਂ ਭਾਰ ਬੈਠਾ ਸੀ। ਇਥੇ ਲੱਗੀਆਂ ਸੱਥਾਂ ਵਿਚ ਕਈ ਰਾਜਨੀਤਕ ਨੇਤਾਵਾਂ ਵਲੋਂ ਚਲਾਈ ‘ਵੰਡੋ ਤੇ ਰਾਜ ਕਰੋ’ ਦੀ ਨੀਤੀ ਤੇ ਕੋਈ ਆਪਸੀ ਭਾਈਚਾਰੇ ਦੀਆਂ ਗੱਲਾਂ ਕਰ ਰਿਹਾ ਹੈ। ਕੋਈ ਹੋਰ ਹੀ ਜਜ਼ਬਾਤੀ ਜਿਹਾ ਮਾਹੌਲ ਸਿਰਜਿਆ ਹੋਇਆ ਹੈ ਜਿਵੇਂ ਸੱਭ ਵੈਰ-ਵਿਰੋਧ ਖ਼ਤਮ ਹੋ ਗਏ ਹੋਣ। ਕਿਸੇ ਪੁਰਾਣੀ ਫ਼ਿਲਮ ਦੀ ਕਹਾਣੀ ਵਾਂਗ ਲਗਦਾ ਹੈ ਜਿਵੇਂ ਕੁੱਲ ਕਾਇਨਾਤ ’ਚ ਪਿਆਰ ਦੀ ਫ਼ਿਜ਼ਾ ਘੁਲ ਗਈ ਹੋਵੇ। ਸਾਰੇ ਇਕ-ਦੂਜੇ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਅੰਦੋਲਨ ਦੀ ਸਫ਼ਲਤਾ ਦੀ ਦੁਆ ਕਰ ਰਹੇ ਸਨ।

ਵਿਹਲੇ ਪਲਾਂ ’ਚ ਨੌਜੁਆਨ ਤਾਸ਼ ਵੀ ਖੇਡ ਰਹੇ ਸਨ। ਸੜਕ ਦੇ ਆਰ-ਪਾਰ ਰੱਸੀਆਂ ਬੰਨ੍ਹ ਕੇ ਕਿਸਾਨਾਂ ਨੇ ਕਪੜੇ ਸੁਕਣੇ ਪਾਏ ਹੋਏ ਸਨ। ਲੰਗਰ ਵਿਚ ਨੌਜੁਆਨ ਮੁੰਡੇ ਪ੍ਰਸ਼ਾਦੇ ਬਣਾ ਰਹੇ ਸਨ ਤੇ ਸਬਜ਼ੀਆਂ ਕੱਟ ਰਹੇ ਸਨ। ਕਿਧਰੇ ਕੋਈ ਦਵਾਈਆਂ ਦੀ ਸੇਵਾ ਨਿਭਾਅ ਰਿਹਾ ਸੀ। ਦਿਨ ਚੜ੍ਹਦੇ ਤਕ ਹੋਰ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ ਸਨ। ਇਕ ਥਾਂ ’ਤੇ ਪ੍ਰਾਜੈਕਟਰ ਲਗਾ ਕੇ ਫ਼ਿਲਮ ਚੱਲ ਰਹੀ ਹੈ ਤੇ ਕਿਸ ਨੇ ਟਰਾਲੀ ਵਿਚ ਡਿਸ਼ ਵੀ ਲਗਾ ਰੱਖੀ ਹੈ। ਚਾਰੇ ਪਾਸੇ ਖੇਤੀ ਕਾਨੂੰਨ ਰੱਦ ਕਰਨ ਦੀ ਚਰਚਾ ਹੈ। 

ਇਕ ਨੌਜੁਆਨ ਅਖਬਾਰ ਵੰਡਣ ਦੀ ਸੇਵਾ ਨਿਭਾਅ ਰਿਹਾ ਸੀ। ਉਂਜ ਉਥੇ ਪੰਜਾਬੀ ਦੇ ਸਾਰੇ ਅਖ਼ਬਾਰ ਮੌਜੂਦ ਸਨ ਪਰ ਉਥੇ ਮੌਜੂਦ ਕਿਸਾਨਾਂ ਦੀ ਪਹਿਲੀ ਪਸੰਦ ‘ਰੋਜ਼ਾਨਾ ਸਪੋਕਸਮੈਨ’ ਹੀ ਸੀ। ਇਥੇ ਕੁੱਝ ਕੁ ਨੈਸ਼ਨਲ ਚੈਨਲਾਂ ਦਾ ਬਾਈਕਾਟ ਕੀਤਾ ਹੋਇਆ ਸੀ ਜਿਸ ਸਦਕਾ ਸਥਾਨਕ ਮੀਡੀਆ ਸੁਰਖ਼ੀਆਂ ਵਿਚ ਹੈ। ਇਸ ਅੰਦੋਲਨ ਵਿਚ ਮੈਂ ਵੇਖਿਆ ਕਿ ਲੋਕਲ ਚੈਨਲਾਂ ਦੀ ਭਰਮਾਰ ਸੀ। ਮੀਡੀਆ ਵਾਲੇ ਸਵੇਰ ਤੋਂ ਲੈ ਕੇ ਰਾਤ ਤਕ ਇਥੇ ਹੀ ਰੀਪੋਰਟਿੰਗ ਕਰ ਰਹੇ ਸਨ ਤੇ ਪਲ ਪਲ ਦੀ ਜਾਣਕਾਰੀ ਲੋਕਾਂ ਤਕ ਪਹੁੰਚਾ ਰਹੇ ਸਨ। ਉਂਜ ਨੈਸ਼ਨਲ ਚੈਨਲਾਂ ਲਈ ਇਹ ਬਹੁਤ ਵੱਡੀ ਕਵਰੇਜ ਕਰਨ ਦਾ ਮੌਕਾ ਸੀ ਜੇਕਰ ਉਹ ਈਮਾਨਦਾਰੀ ਨਾਲ ਸਾਰੀ ਤਸਵੀਰ ਪੇਸ਼ ਕਰ ਵਿਖਾਉਂਦੇ। ਕੇਂਦਰ ਸਰਕਾਰ ਦੇ ਇਸ਼ਾਰੇ ਉਤੇ ਅਖੌਤੀ ਗੋਦੀ ਮੀਡੀਆ ਕਿਸਾਨਾਂ ਨੂੰ ਅਤਿਵਾਦੀ ਦੱਸ ਰਿਹਾ ਹੈ ਪਰ ਉਥੇ ਪੰਜਾਬ ਦੇ ਹਰ ਪਿੰਡ ਦਾ ਕਿਸਾਨ ਬੈਠਾ ਹੈ। ਹਰਿਆਣੇ ਦੇ ਮੁੱਖ ਮੰਤਰੀ ਖੱਟੜ ਨੇ ਵੀ ਕਿਸਾਨਾਂ ਨੂੰ ਅਤਿਵਾਦੀ ਕਹਿਣ ਤੋਂ ਗ਼ੁਰੇਜ਼ ਨਾ ਕੀਤਾ ਤੇ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਰਾਹ ਵਿਚ ਹੀ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।

ਧਰਨੇ ਦੇ ਅਖ਼ੀਰ ਵਿਚ ਕਿਸਾਨ ਯੂਨੀਅਨ ਦੀ ਸਟੇਜ ਲੱਗੀ ਹੋਈ ਹੈ, ਜਿਥੇ ਬੁਲਾਰੇ ਜੋਸ਼ ਭਰੀਆਂ ਤਕਰੀਰਾਂ ਨਾਲ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਸਨ। ਇਥੇ ਅੰਤਾਂ ਦਾ ਇਕੱਠ ਹੈ। ਕਲਾਕਾਰ, ਲੇਖਕ, ਬੁਧੀਜੀਵੀ ਤੇ ਕਿਸਾਨੀ ਨਾਲ ਸਬੰਧਤ ਹੋਰ ਲੋਕ ਸੰਬੋਧਨ ਕਰ ਰਹੇ ਸਨ। ਭਾਜਪਾ ਤੋਂ ਬਿਨਾਂ ਸਾਰੀਆਂ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਆਗੂਆਂ ਦੀ ਕਿਸਾਨੀ ਸੰਘਰਸ਼ ਨੂੰ ਹਮਾਇਤ ਹੈ। ਇਹ ਕਹਿਣ ਵਿਚ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਕਿਸਾਨਾਂ ਦੀ ਹਮਾਇਤ ਕਰਨਾ ਉਨ੍ਹਾਂ ਦੀ ਸਿਆਸੀ ਮਜਬੂਰੀ ਵੀ ਹੋ ਸਕਦੀ ਹੈ ਕਿਉਂਕਿ ਇਥੇ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਸਟੇਜ ਉਤੇ ਚੜ੍ਹਨ ਦੀ ਮਨਾਹੀ ਹੈ। ਹਾਂ ਉਹ ਚਾਹੇ ਤਾਂ ਕਿਸਾਨੀ ਦੇ ਝੰਡੇ ਹੇਠ ਕਿਸਾਨੀ ਦੀ ਗੱਲ ਕਰ ਸਕਦਾ ਹੈ। ਕਿਸਾਨ ਯੂਨੀਅਨਾਂ ਨੇ ਏਨਾ ਵੱਡਾ ਅੰਦੋਲਨ ਅਪਣੇ ਦਮ ਉਤੇ ਖੜਾ ਕੀਤਾ ਹੈ ਜਿਸ ਕਾਰਨ ਕਿਤੇ ਨਾ ਕਿਤੇ ਸਿਆਸੀ ਆਗੂ ਤੇ  ਸਿਆਸੀ ਪਾਰਟੀਆਂ ਅਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਇਸ ਅੰਦੋਲਨ ’ਚੋਂ ਨਿਕਲੀ ਲਹਿਰ ਨੇ ਅੱਗੇ ਚੱਲ ਕੇ ਕਿਹੜਾ ਰੂਪ ਲੈਣਾ ਹੈ, ਇਸ ਬਾਬਤ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ। 

ਸਟੇਜ ਵਾਲੀ ਥਾਂ ਲੰਘਣ ਉਪਰੰਤ ਨਿਹੰਗ ਸਿੰਘ ਤੰਬੂ ਲਗਾ ਕੇ ਬੈਠੇ ਸਨ। ਸੋਸ਼ਲ ਮੀਡੀਆ ਤੇ ਖ਼ਬਰਾਂ ਵਿਚ ਚਰਚਿਤ ਬਾਜ਼ ਵੀ ਇਸ ਥਾਂ ਉਤੇ ਹੀ ਬੈਠਾ ਸੀ। ਇਸ ਦੇ ਨਾਲ ਹੀ ਅੱਗੇ ਸੜਕ ਉਤੇ ਰੇਤ ਨਾਲ ਭਰੇ ਹੋਏ ਟਿੱਪਰ ਖੜੇ ਕੀਤੇ ਗਏ ਹਨ ਤਾਕਿ ਕਿਸਾਨ ਜਥੇਬੰਦੀਆਂ ਇਸ ਥਾਂ ਤੋਂ ਅੱਗੇ ਨਾ ਜਾ ਸਕਣ। ਟਿੱਪਰ ਤੋਂ ਇਲਾਵਾ ਇਥੇ ਸੀਮਿੰਟ ਦੇ ਵੱਡੇ-ਵੱਡੇ ਬੈਰੀਕੇਡ ਤੇ ਕੰਡਿਆਲੀ ਤਾਰ ਲਗਾਈ ਗਈ ਹੈ ਜਿਹੜੀ ਭਾਰਤ-ਪਾਕਿ ਸਰਹੱਦ ਦਾ ਭੁਲੇਖਾ ਪਾਉਂਦੀ ਹੈ। ਬੈਰੀਕੇਡਾਂ ਤੋਂ ਦੂਜੇ ਪਾਸੇ ਭਾਰੀ ਫ਼ੋਰਸ ਤਾਇਨਾਤ ਕੀਤੀ ਗਈ ਹੈ। ਸਿਰਫ਼ ਪੈਦਲ ਲੰਘਣ ਵਾਲਿਆਂ ਲਈ ਥੋੜਾ ਜਿਹਾ ਰਸਤਾ ਛੱਡਿਆ ਗਿਆ ਹੈ, ਇਸ ਤੋਂ ਅੱਗੇ ਸੜਕ ਬਿਲਕੁਲ ਖ਼ਾਲੀ ਹੈ। ਨੇੜਲੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਵੀ ਕਿਸਾਨ ਤੇ ਮਜ਼ਦੂਰ ਹੀ ਹਨ, ਜੇਕਰ ਕੁੱਝ ਦਿਨਾਂ ਦਾ ਨੁਕਸਾਨ ਸਹਿ ਕੇ ਇਸ ਦਾ ਸਾਰਥਕ ਹੱਲ ਨਿਕਲਦਾ ਹੈ ਤਾਂ ਸੌਦਾ ਸਸਤਾ ਹੀ ਹੈ। ਦੇਸ਼ ਦੇ ਹੋਰ ਹਿੱਸਿਆਂ ਦੇ ਕਿਸਾਨ ਇਸ ਪਾਸਿਉਂ ਵੀ ਆ ਰਹੇ ਹਨ ਪਰ ਉਹ ਜ਼ਿਆਦਾਤਰ ਦੂਜੇ ਬਾਰਡਰਾਂ ਉਤੇ ਬੈਠੇ ਹਨ। ਹੋਰ ਅੱਗੇ ਜਾਂਦਿਆਂ ਜੀ.ਟੀ. ਰੋਡ ’ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਲਈ ਮੋਬਾਈਲ ਪਖ਼ਾਨਿਆਂ ਦੀ ਵਿਵਸਥਾ ਕੀਤੀ ਹੋਈ ਹੈ, ਜੋ ਕਿ ਚੰਗੀ ਗੱਲ ਹੈ ਪਰ ਹੋਰ ਚੰਗਾ ਹੁੰਦਾ ਜੇਕਰ ਇਹ ਸਹੂਲਤ ਬੈਰੀਕੇਡਾਂ ਤੋਂ ਪਹਿਲਾਂ ਧਰਨੇ ਵਾਲੇ ਪਾਸੇ ਹੁੰਦੀ। 

ਇਸ ਅੰਦੋਲਨ ਦਾ ਨਤੀਜਾ ਭਾਵੇਂ ਜੋ ਵੀ ਹੋਵੇ ਪਰ ਯਕੀਨਨ ਕਿਸਾਨਾਂ ਦਾ ਇਹ ਸੰਘਰਸ਼ ਇਤਿਹਾਸ ਦੇ ਪੰਨਿਆਂ ਵਿਚ ਸੁਨਿਹਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਕਿਸਾਨਾਂ ਦੇ ਜਨੂੰਨ, ਠਰ੍ਹੰਮੇ, ਹੌਂਸਲੇ ਤੇ ਸੂਝ-ਬੂਝ ਤੋਂ ਲਗਦਾ ਹੈ ਕਿ ਉਨ੍ਹਾਂ ਦੀ ਜਿੱਤ ਲਾਜ਼ਮੀ ਹੈ ਬਸ਼ਰਤੇ ਏਕਾ ਬਣਿਆ ਰਹੇ, ਕੋਈ ਨੇਤਾ ਅਪਣਾ ਇਮਾਨ ਨਾ ਵੇਚੇ ਕਿਉਂਕਿ ਸੰਘਰਸ਼ਾਂ ਦੀ ਮੁੱਢ ਤੋਂ ਤ੍ਰਾਸਦੀ ਰਹੀ ਕਿ ਨੇਤਾ ਅਪਣੀ ਜ਼ਮੀਰ ਮਾਰ ਕੇ ਅੰਦੋਲਨ ਨੂੰ ਵੇਚ ਦਿੰਦੇ ਹਨ ਤੇ ਜਿੱਤ ਦੇ ਨੇੜੇ ਹੋਣ ਦੇ ਬਾਵਜੂਦ ਹਾਰ ਕੇ ਪਰਤਣਾ ਪੈਂਦਾ ਹੈ। ਜਿਵੇਂ ਬਰਗਾਡੀ ਮੋਰਚੇ ਵਿਚ ਅਸੀ ਵੇਖ ਹੀ ਚੁਕੇ ਹਾਂ। ਸਰਕਾਰ ਨੂੰ ਫ਼ੋਕੀ ਹੈਂਕੜ ਭਰੀ ਨੀਤੀ ਛੱਡ ਕੇ ਆਪਾ ਝਾਤ ਮਾਰਨ ਦੀ ਲੋੜ ਹੈ ਤਾਕਿ ਦੇਸ਼ ਦਾ ਅੰਨਦਾਤਾ ਹੋਰ ਸੜਕਾਂ ਉਤੇ ਨਾ ਰੁਲੇ। ਸੱਚੀਂ, ਸਲਾਮ ਐ ਕਿਸਾਨ ਦੇ ਜਜ਼ਬੇ ਤੇ ਹੌਂਸਲੇ ਨੂੰ।
                                                                                                    ਅਮਰਬੀਰ ਸਿੰਘ ਚੀਮਾ,ਸੰਪਰਕ : 98889-40211