ਬਜਰ ਗ਼ਲਤੀ ਕਰ ਗਏ ਪ੍ਰਧਾਨ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਈ ਭਾਜਪਾ ਆਗੂਆਂ ਨੇ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿਤੇ ਹਨ ਤੇ ਮੁਸ਼ਕਿਲ ਵਧਦੀ ਜਾ ਰਹੀ ਹੈ।

PM Modi

 ਨਵੀਂ ਦਿੱਲੀ: ਭਾਰਤ ਉਹ ਦੇਸ਼ ਹੈ ਜਿੱਥੇ ਅਨੇਕ ਧਰਮਾਂ, ਜਾਤਾਂ ਤੇ ਕਿੱਤਿਆਂ ਨਾਲ ਜੁੜੇ ਲੋਕ ਰਹਿੰਦੇ ਹਨ ਜਿਨ੍ਹਾਂ ਵਿਚੋਂ ਖੇਤੀ ਕਿੱਤੇ ’ਤੇ ਕਾਫ਼ੀ ਜ਼ਿਆਦਾ ਲੋਕ ਨਿਰਭਰ ਹਨ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਭਾਰਤ ਦੇਸ਼ ਦਾ ਅਰਥਚਾਰਾ ਖੇਤੀ ਦੇ ਦੁਆਲੇ ਘੁੰਮਦਾ ਹੈ। ਇਤਿਹਾਸ ਦਸਦਾ ਹੈ ਕਿ ਕਿਸੇ ਸਮੇਂ ਭਾਰਤ ਦੇਸ਼ ਹੋਰ ਦੇਸ਼ਾਂ ਤੋਂ ਕਣਕ ਅਤੇ ਚੌਲ ਮੰਗਾ ਕੇ ਭਾਰਤੀ ਲੋਕਾਂ ਲਈ ਅੰਨ ਦਾ ਜੁਗਾੜ ਕਰਦਾ ਸੀ। ਇਥੋਂ ਦੇ ਮਿਹਨਤੀ ਲੋਕਾਂ ਨੇ ਬੰਜਰ ਜ਼ਮੀਨਾਂ ਨੂੰ ਵਾਹ ਕੇ ਅੰਨ ਪੈਦਾ ਕੀਤਾ, ਹਰੀ¬ਕ੍ਰਾਂਤੀ ਲਿਆਂਦੀ ਤੇ ਦੇਸ਼ ਅੰਨ ਦੇ ਮਸਲੇ ਵਿਚ ਆਤਮ ਨਿਰਭਰ ਹੋ ਗਿਆ। ਅੱਜ ਉਸੇ ਖੇਤੀ ਤੇ ਕਿਸਾਨ ਨੂੰ ਖ਼ਤਮ ਕਰਨ ਅਤੇ ਕੁੱਝ ਗਿਣਤੀ ਦੇ ਵਪਾਰੀ ਲੋਕਾਂ ਦਾ ਗ਼ੁਲਾਮ ਬਣਾਉਣ ਲਈ ਕਾਲੇ ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨੂੰ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਨੇ ਫਿਲਹਾਲ ਰੋਕ ਦਿਤੈ ਪਰ ਅੱਗੇ ਕੀ ਬਣਦੈ, ਇਹ ਵੇਖਣ ਵਾਲੀ ਗੱਲ ਹੋਵੇਗੀ।

ਅਸਲ ਵਿਚ ਖੇਤੀ ਕਾਨੂੰਨਾਂ ਦੇ ਨਾਂ ਉਤੇ ਇਹ ਮਸਲਾ ਖੜਾ ਕਰ ਕੇ ਦੇਸ਼ ਦੇ ਪ੍ਰਧਾਨ ਮੰਤਰੀ ਵੱਡੀ ਤੇ ਬਜਰ ਗ਼ਲਤੀ ਕਰ ਗਏ ਹਨ। ਹੁਣ ਤਕ ਵਿਧਾਨ ਸਭਾ ਚੋਣਾਂ ਜਿੱਤ ਕੇ ਉਨ੍ਹਾਂ ਵਲੋਂ ਕਾਇਮ ਕੀਤੀ ਵਿਕਾਸਪੁਰਸ਼ ਵਾਲੀ ਛਵੀ ਨੂੰ ਵੀ ਇਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ਨੇ ਭਾਰੀ ਸੱਟ ਮਾਰੀ ਹੈ। ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਗੁੱਸੇ ਦਾ ਲਗਾਤਾਰ ਸ਼ਿਕਾਰ ਹੋਣਾ ਪੈ ਰਿਹਾ ਹੈ, ਦਿੱਲੀ ਦੇ ਬਾਰਡਰ ਉਤੇ ਕਿਸਾਨਾਂ ਦੇ ਲੱਗੇ ਧਰਨੇ ਨੇ ਸਰਕਾਰ ਲਈ ਹਾਲਾਤ ਚਿੰਤਾਜਨਕ ਬਣਾ ਦਿਤੇ ਹਨ।
ਪ੍ਰਧਾਨ ਮੰਤਰੀ ਚਾਹੁੰਦੇ ਸਨ ਕਿ ਕਿਸਾਨਾਂ ਨੂੰ ਆੜ੍ਹਤੀਆਂ ਦੇ ਚੱਕਰ ਵਿਚੋਂ ਕੱਢ ਕੇ ਖੇਤੀ ਜਿਨਸ ਦੀ ਵੇਚ ਦਾ ਪੈਸਾ ਸਿੱਧਾ ਕਿਸਾਨਾਂ ਦੇ ਖਾਤਿਆਂ ਵਿਚ ਭੇਜਿਆ ਜਾਵੇ। ਉਨ੍ਹਾਂ ਦੇ ਇਸ ਕਦਮ ਦੀ ਕਾਫੀ ਸ਼ਲਾਘਾ ਹੋਈ ਕਿਉਂਕਿ ਕਰਜ਼ ਵਿਚੋਂ ਕਿਸਾਨ ਨੂੰ ਕੱਢਣ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ ਪਰ ਮੰਡੀਕਰਨ ਨੂੰ ਖ਼ਤਮ ਕਰਨ ਵਾਲੀ ਗੱਲ ਨੇ ਸਾਰਾ ਮਸਲਾ ਹੀ ਉਲਝਾ ਦਿਤਾ।

ਵੱਡੇ ਵਪਾਰੀਆਂ ਦੀ ਸ਼ਮੂਲੀਅਤ ਨੇ ਸਥਿਤੀ ਹੋਰ ਵੀ ਖ਼ਤਰਨਾਕ ਬਣਾ ਦਿਤੀ। ਪਾਸ ਕੀਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਕਿਸਾਨ ਦੋ ਮਹੀਨੇ ਰੇਲ ਲਾਈਨਾਂ ਜਾਮ ਕਰਨ ਤੋਂ ਬਾਅਦ ਜਦੋਂ ਦਿੱਲੀ ਵਲ ਨੂੰ ਸਿੱਧੇ ਹੋਏ ਤਾਂ ਕੇਂਦਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਦਿੱਲੀ ਨੇੜਲੇ  ਬਾਰਡਰ ਉਤੇ ਧਰਨਾ ਲਗਤਾਰ ਚੱਲ ਰਿਹਾ ਹੈ ਪਰ ਸਰਕਾਰ ਨਾਲ ਮੀਟਿੰਗਾਂ ਦਾ ਸਿਲਸਿਲਾ ਵੀ ਹੁਣ ਟੁਟ ਗਿਐ ਤੇ ਮਸਲਾ ਛੇਤੀ ਸੁਲਝਣ ਦੀ ਆਸ ਵੀ ਖ਼ਤਮ ਹੋ ਗਈ ਹੈ। ਲੋਕ ਸਭਾ ਚੋਣਾਂ ਦੌਰਾਨ ਵੱਡੀਆਂ ਸਟੇਜਾਂ ਤੋਂ ਵੱਡੇ ਦਾਅਵੇ ਕਰ ਕੇ ਪੂਰਨ ਬਹੁਮਤ ਲੈ ਕੇ ਸੱਤਾ ਵਿਚ ਆਏ ਪ੍ਰਧਾਨ ਮੰਤਰੀ ਵਲੋਂ ਕਿਸਾਨਾਂ ਨਾਲ ਖੇਡਿਆ ਦਾਅ ਉਨ੍ਹਾਂ ਨੂੰ ਹੀ ਪੁੱਠਾ ਪੈ ਗਿਆ। ਸ਼ਾਇਦ ਇਸ ਦਾ ਅਨੁਮਾਨ ਉਨ੍ਹਾਂ ਨੂੰ ਵੀ ਨਹੀਂ ਸੀ। ਇਸ ਸੱਭ ਤੋਂ ਭਾਜਪਾ ਦੇ ਵੀ ਕਈ ਵੱਡੇ ਆਗੂ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਅਪਣੇ ਹਲਕਿਆਂ ਵਿਚ ਕਿਸਾਨਾਂ ਦੇ ਵਿਰੋਧ ਦਾ ਭਾਰੀ ਸਾਹਮਣਾ ਕਰਨਾ ਪੈ ਰਿਹਾ ਹੈ।

ਕਈ ਭਾਜਪਾ ਆਗੂਆਂ ਨੇ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿਤੇ ਹਨ ਤੇ ਮੁਸ਼ਕਿਲ ਵਧਦੀ ਜਾ ਰਹੀ ਹੈ। ਸੁਣਨ ਵਿਚ ਆਇਆ ਹੈ ਕਿ ਕੇਂਦਰ ਨੂੰ ਭੁਲੇਖਾ ਸੀ ਕਿ ਪੰਜਾਬ ਦੇ ਜ਼ਿਆਦਾਤਰ ਨੌਜੁਆਨ ਪ੍ਰਵਾਰਾਂ ਸਮੇਤ ਵਿਦੇਸ਼ ਜਾ ਵੱਸੇ ਹਨ ਤੇ ਜੋ ਇਥੇ ਰਹਿੰਦੇ ਹਨ, ਉਹ ਨਸ਼ੇ ਨੇ ਝੰਭੇ ਹੋਏ ਹਨ। ਜਿਹੜਾ ਮਰਜ਼ੀ ਕਾਨੂੰਨ ਬਣਾਈ ਜਾਉ ਇਥੇ ਕੋਈ ਵਿਦਰੋਹ ਕਰਨ ਵਾਲਾ ਨਹੀਂ ਬਚਿਆ। ਪਰ ਉਨ੍ਹਾਂ ਨੂੰ ਕੀ ਪਤਾ ਸੀ, ਜਦੋਂ ਗੱਲ ਹੱਕਾਂ ਦੀ ਆ ਜਾਵੇ ਅਣਖ ਤੇ ਜ਼ਮੀਰ ਨੂੰ ਉੱਚਾ ਰੱਖਣ ਵਾਲਾ ਪੰਜਾਬੀ ਖ਼ਾਮੋਸ਼ ਨਹੀਂ ਰਹਿੰਦਾ, ਉਹ ਸ਼ੇਰ ਗਰਜ ਨਾਲ ਜ਼ੁਲਮ ਵਿਰੁਧ ਆਵਾਜ਼ ਚੁਕਦਾ ਹੈ ਤੇ ਉਹੀ ਹੋਇਆ। 2006 ਵਿਚ ਬਿਹਾਰ ਸੂਬੇ ਦੇ ਗ਼ਰੀਬ ਲੋਕਾਂ ਉਤੇ ਨਵੇਂ ਖੇਤੀ ਕਾਨੂੰਨ ਥੋਪਣ ਤੋਂ ਬਾਅਦ ਹੋਰਨਾਂ ਸੂਬਿਆਂ ਦੇ ਕਿਸਾਨਾਂ ’ਤੇ ਮਨਮਰਜ਼ੀ ਕਰਨ ਵਾਲੇ  ਬੇਕਾਬੂ ਪ੍ਰਧਾਨ ਮੰਤਰੀ ਨੂੰ ਆਖ਼ਰ ਪੰਜਾਬੀਆਂ ਨੇ ਡਕਿਆ ਹੈ।

ਅੰਦਰਲੀਆਂ ਗੱਲਾਂ ਜਾਣਨ ਵਾਲੇ ਦਸਦੇ ਹਨ ਕਿ ਇਹ ਕੇਂਦਰ ਦੀ ਭਾਜਪਾ ਸਰਕਾਰ ਦੀ ਸੱਭ ਤੋਂ ਵੱਡੀ ਗ਼ਲਤੀ ਹੈ ਜਿਸ ਦੀ ਭਰਪਾਈ ਕਰ ਪਾਉਣਾ ਹੁਣ ਮੁਸ਼ਕਲ ਹੋਵੇਗਾ। ਸਿਆਣਾ ਉਹ ਹੈ ਜੋ ਸੱਭ ਦਾ ਭਲਾ ਸੋਚਦਾ ਹੈ ਤੇ ਵਿਗੜਨ ਕੁੱਝ ਨਹੀਂ ਦਿੰਦਾ। ਉਹ ਸਿਆਣਾ ਨਹੀਂ ਅਖਵਾਉਂਦਾ, ਜੋ ਕੁੱਝ ਲੋਕਾਂ ਦਾ ਕੰਮ ਸਵਾਰ ਕੇ, ਬਾਕੀਆਂ ਨੂੰ ਡੋਬ ਦੇਵੇ। ਗੱਲ ਹੱਕਾਂ ਦੀ ਹੈ, ਇਸ ਲਈ ਇਕ ਨਵੀਂ ¬ਕ੍ਰਾਂਤੀ ਤੇ ਨਵਾਂ ਇਤਿਹਾਸ ਸਿਰਜਣ ਲਈ ਪੰਜਾਬ ਦਾ ਜੁਝਾਰੂ ਕਿਸਾਨ ਦਿੱਲੀ ਬਾਰਡਰ ਉਤੇ ਡਟਿਆ ਹੈ, ਪ੍ਰਮਾਤਮਾ ਫਤਹਿ ਬਖ਼ਸ਼ੇ। 
ਪ੍ਰੋ. ਧਰਮਜੀਤ ਸਿੰਘ ਜਲਵੇੜਾ, ਸ੍ਰੀ ਫਤਿਹਗੜ੍ਹ ਸਾਹਿਬ।
ਸੰਪਰਕ : 94784-60084