ਸਾਰਾਗੜ੍ਹੀ ਸਿੱਖਾਂ ਵੱਲੋਂ ਲੜੀ ਗਈ ਅਦੁਤੀ ਜੰਗ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਿੱਖਾਂ ਦੀ ਬਹਾਦਰੀ ਦੀਆਂ ਗੱਲਾਂ ਫ਼ਰਾਂਸ ਵਿਚ ਅੱਜ ਵੀ ਉਥੋਂ ਦੇ ਸਕੂਲਾਂ ਦੇ ਸਿਲੇਬਸ ਵਿਚ ਬੱਚਿਆਂ ਨੂੰ ਪੜ੍ਹਾਈਆਂ ਜਾਂਦੀਆਂ

The only battle fought by the Saragarhi Sikhs

ਕਿਸੇ ਮਹਾਨ ਯੋਧੇ ਦੀ ਮਹਾਨਤਾ ਦਾ ਅੰਦਾਜ਼ਾ ਉਸ ਵਲੋਂ ਜਿੱਤੀਆਂ ਗਈਆਂ ਜੰਗਾਂ ਨੂੰ ਸਾਹਮਣੇ ਰੱਖ ਕੇ ਲਾਇਆ ਜਾਂਦਾ ਹੈ। ਜੰਗਾਂ ਤਾਂ ਭਾਵੇਂ ਹਿਟਲਰ ਨੇ ਵੀ ਬਹੁਤ ਜਿੱਤੀਆਂ ਪਰ ਉਸ ਦੀ ਮਨਸ਼ਾ  ਕੁੱਝ ਹੋਰ ਸੀ ਤੇ ਜਿਹੜਾ ਬੰਦਾ ਕੁਲ ਦੁਨੀਆਂ ਨੂੰ ਜਿੱਤਣ ਤੁਰਿਆ ਸੀ ਉਹ ਆਪ ਖੁਦਕੁਸ਼ੀ ਕਰ ਕੇ ਇਕ ਬਦਨਾਮ ਮੌਤ ਮਰ ਗਿਆ ਸੀ। ਸੰਸਾਰ ਵਿਚ ਕਈ ਯੋਧਿਆਂ ਵਲੋਂ ਲੜੀਆਂ ਗਈਆਂ ਜੰਗਾਂ ਦੇ ਕਿੱਸੇ ਅੱਜ ਵੀ ਸੁਣਾਏ ਜਾਂਦੇ ਹਨ। ਇਤਿਹਾਸ ਵਿਚ ਕੁੱਝ ਅਜਿਹੀਆਂ ਜੰਗਾਂ ਦਾ ਵੀ ਜ਼ਿਕਰ ਮਿਲਦਾ ਹੈ ਜੋ ਬੇਹੱਦ ਅਸਾਵੀਆਂ ਸਨ। ਭਾਵੇਂ ਉਨ੍ਹਾਂ ਲੜਾਈਆਂ ਵਿਚ ਸਾਰੇ ਹੀ ਕਿਉਂ ਨਾ ਮਾਰੇ ਗਏ ਹੋਣ ਪਰ ਲੋਕ ਉਨ੍ਹਾਂ ਨੂੰ ਹਾਰੇ ਹੋਏ ਮੰਨਣ ਨੂੰ ਤਿਆਰ ਨਹੀਂ ਹਨ। ਉਹ ਉਨ੍ਹਾਂ ਨੂੰ ਜਿੱਤੇ ਹੋਏ ਯੋਧੇ ਹੀ ਪ੍ਰਵਾਨ ਕਰਦੇ ਹਨ। ਇਨ੍ਹਾਂ ਬਹਾਦਰ ਯੋਧਿਆਂ ਵਿਚ ਸਿੱਖ ਯੋਧੇ ਵੀ ਸ਼ਾਮਲ ਹਨ ਜਿਨ੍ਹਾਂ ਦੀ ਬਹਾਦਰੀ ਤੇ ਕੁਰਬਾਨੀ ਉਤੇ ਅੱਜ ਵੀ ਮਾਣ ਕੀਤਾ ਜਾਂਦਾ ਹੈ।  ਫਿਰ ਭਾਵੇਂ ਇਨ੍ਹਾਂ ਯੋਧਿਆਂ ਵਲੋਂ ਜੰਗ ਅਪਣੇ ਦੇਸ਼ ਲਈ ਲੜੀ ਗਈ ਹੋਵੇ ਜਾਂ ਵਿਦੇਸ਼ ਲਈ, ਇਸ ਨਾਲ ਸੂਰਬੀਰਾਂ ਦੇ ਸਤਿਕਾਰ ਵਿਚ ਕੋਈ ਫ਼ਰਕ ਨਹੀਂ ਪੈਂਦਾ।

ਫ਼ਰਾਂਸ ਦੀ ਜੰਗ ਵਿਚ ਸਿੱਖ ਸੂਰਬੀਰਾਂ ਦੀ ਸ਼ਮੂਲੀਅਤ ਹੋਣ ਕਾਰਨ ਗੋਰੇ ਸੈਨਿਕਾਂ ਦਾ ਦਬਦਬਾ ਬਣਿਆ ਹੋਇਆ ਸੀ। ਇਸ ਲਈ ਫ਼ਿਰੰਗੀ ਭੁਲੇਖਾ ਪਾਉਣ ਲਈ ਉਨ੍ਹਾਂ ਦੇ ਗੋਰੇ ਸੈਨਿਕ ਸਿੱਖਾਂ ਕੋਲੋਂ ਪਗੜੀ ਬੰਨ੍ਹਵਾ ਕੇ ਯੁੱਧ ਦੇ ਮੈਦਾਨ ਵਿਚ ਜਾਂਦੇ ਸਨ। ਸਿੱਖਾਂ ਦੀ ਬਹਾਦਰੀ ਦੀਆਂ ਗੱਲਾਂ ਫ਼ਰਾਂਸ ਵਿਚ ਅੱਜ ਵੀ ਉਥੋਂ ਦੇ ਸਕੂਲਾਂ ਦੇ ਸਿਲੇਬਸ ਵਿਚ ਬੱਚਿਆਂ ਨੂੰ ਪੜ੍ਹਾਈਆਂ ਜਾਂਦੀਆਂ ਹਨ। ਇੰਗਲੈਂਡ ਦੀ ਮਿਊਜ਼ੀਅਮ ਗੈਲਰੀ ਵਿਚ ਅਸੀ ਸਿੱਖਾਂ ਦੀ ਬਹਾਦਰੀ ਦੀਆਂ ਬਹੁਤ ਸਾਰੀਆਂ ਤਸਵੀਰਾਂ ਵੇਖ ਸਕਦੇ ਹਾਂ। ਕਈ ਬਹਾਦਰ ਸਿੱਖਾਂ ਦੇ ਬੁੱਤ ਵੀ ਚੌਂਕਾਂ ਵਿਚ ਲੱਗੇ ਹੋਏ ਮਿਲਦੇ ਹਨ।

ਸਿੰਘਾਪੁਰ ਵਿਚ ਸਿੱਖਾਂ ਦੇ ਬਹਾਦਰੀ ਵਾਲੇ ਕਾਰਨਾਮਿਆਂ ਨੂੰ ਯਾਦ ਕਰਦਿਆਂ ਉਥੋਂ ਦੀਆਂ ਕਬਰਾਂ ਤੇ ਸਮਾਧੀਆਂ ਦੇ ਬਾਹਰ ਬਣੇ ਸਿੱਖਾਂ ਦੇ ਬੁੱਤ ਲਗਾਏ ਗਏ ਹਨ ਜੋ ਦਸਦੇ ਹਨ ਕਿ ਉਨ੍ਹਾਂ ਦਾ ਦੇਸ਼ ਸਿੱਖਾਂ ਦੀ ਨਿਗਰਾਨੀ ਵਿਚ ਸੱਭ ਤੋਂ ਵੱਧ ਸੁਰਖਿਅਤ ਸਮਝਿਆ ਜਾਂਦਾ ਸੀ। ਆਸਟ੍ਰੇਲੀਆ ਵਰਗੇ ਦੇਸ਼ ਦੇ ‘ਆਸਟ੍ਰੇਲਿਆ-ਬਿਲੀਨੇਅਰ’ ਵਲੋਂ ਕਰਵਾਏ ਇਕ ਸਰਵੇ ਰਾਹੀਂ ਹਰੀ ਸਿੰਘ ਨਲਵਾ ਨੂੰ ਦੁਨੀਆਂ ਦਾ ਮਹਾਨ ਯੋਧਾ ਦਸਿਆ ਗਿਆ ਹੈ। ਸਿੱਖ ਯੋਧੇ ਜੰਗ ਵਿਚ ਜਾਣ ਤੋਂ ਪਹਿਲਾਂ ‘ਸਵਾ ਲਾਖ ਸੇ ਏਕ ਲੜਾਉ’ ਵਾਲੀ ਸੋਚ ਨੂੰ ਯਾਦ ਕਰ ਕੇ ਉਂਗਲਾਂ ਉਤੇ ਗਿਣੇ ਜਾਣ ਵਾਲੇ ਸਿੱਖ, ਲੱਖਾਂ ਦੁਸ਼ਮਣਾਂ ਨੂੰ ਵੀ ਟੱਕਰ ਦੇਣ ਦੀ ਜੁਰਅਤ ਰਖਦੇ ਰਹੇ ਹਨ। ਸਿੱਖਾਂ ਨੂੰ ਜਿਹੜੀ ਲੜਾਈ ਵਿਚ ਅਪਣੀ ਮੌਤ ਸਾਹਮਣੇ ਅਟੱਲ ਦਿਸਦੀ ਹੋਵੇ ਤਾਂ ‘ਅਤਿ ਹੀ ਰਣ ਮੇਂ ਤਬ ਜੂਝ ਮਰੋਂ’ ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਬੋਲਾਂ ਨੂੰ ਨਿਭਾਉਂਦਿਆਂ ਸਿੱਖ ਖ਼ੁਸ਼ੀ ਖ਼ੁਸ਼ੀ ਸ਼ਹੀਦੀ ਦਾ ਜਾਮ ਪੀ ਲੈਂਦੇ ਹਨ।

ਇਨ੍ਹਾਂ ਜੰਗਾਂ ਵਿਚ ‘ਚਮਕੌਰ ਸਾਹਿਬ ਦੀ ਜੰਗ’ ਤੇ ‘ਸਾਰਾਗੜ੍ਹੀ ਦੀ ਲੜਾਈ’ ਦਾ ਨਾਮ ਲੈ ਸਕਦੇ ਹਾਂ। ਇਨ੍ਹਾਂ ਦੋਹਾਂ ਅਸਾਵੀਆਂ ਜੰਗਾਂ ਵਿਚੋਂ ਅੱਜ ਅਸੀ ‘ਸਾਰਾਗੜ੍ਹੀ ਦੀ ਜੰਗ’ ਬਾਰੇ ਜਾਣਕਾਰੀ ਹਾਸਲ ਕਰਨ ਦਾ ਯਤਨ ਕਰਾਂਗੇ। ‘ਸਾਰਾਗੜ੍ਹੀ’ ਇਕ ਛੋਟੇ ਜਿਹੇ ਪਿੰਡ ਦਾ ਨਾਮ ਹੈ ਜੋ ਸਮਾਨਾ ਘਾਟੀ ਦੇ ਕੁਹਾਟ ਜ਼ਿਲ੍ਹੇ ਵਿਚ ਪੈਂਦਾ ਹੈ। ਇਹ ਕੁਹਾਟ ਤੋਂ 35 ਮੀਲ ਤੇ ਪਿਸ਼ਾਵਰ ਤੋਂ 50 ਮੀਲ ਦੀ ਦੂਰੀ ’ਤੇ ਹੈ। ਭਾਰਤ ਉਤੇ ਬਰਤਾਨਵੀ ਰਾਜ ਹੋਣ ਤੇ ਇਹ ਇਲਾਕਾ ਵੀ ਬਰਤਾਨੀਆ ਦੇ ਕਬਜ਼ੇ ਵਿਚ ਆ ਗਿਆ ਤਾਂ ਅਫ਼ਗਾਨਿਸਤਾਨ ਦੇ ਕੁੱਝ ਕਬਾਇਲੀ ਗਰੁੱਪਾਂ ਨੇ ਅੰਗਰੇਜ਼ਾਂ ਦੀ ਅਧੀਨਗੀ ਸਵੀਕਾਰ ਨਾ ਕੀਤੀ ਤੇ ਬਾਗ਼ੀਆਨਾ ਕਾਰਵਾਈਆਂ ਕਰਨ ਲੱਗੇ। ਉਨ੍ਹਾਂ ਦੀ ਬਗਾਵਤ ਅੰਗਰੇਜ਼ਾਂ ਦੀ ਗੁਲਾਮੀ ਵਿਰੁਧ ਘੱਟ ਸੀ, ਬਲਕਿ ਉਨ੍ਹਾਂ ਦਾ ਧਿਆਨ ਤਾਂ ਲੋਕਾਂ ਦੀ ਲੁੱਟ ਵਲ ਜ਼ਿਆਦਾ ਸੀ।

ਅਫ਼ਗਾਨਿਸਤਾਨ ਦੇ ਔਰਕਜ਼ਈ ਤੇ ਅਫਰੀਦੀ ਦੋ ਗਰੁੱਪਾਂ ਵਲੋਂ ਇਸ ਪਿੰਡ ਵਿਚੋਂ ਲੰਘਣ ਵਾਲੇ ਵਪਾਰੀ ਵਰਗ ਤੇ ਹੋਰ ਰਾਹਗੀਰਾਂ ਨੂੰ ਰਸਤੇ ਵਿਚ ਰੋਕ ਕੇ ਲੁੱਟ ਲਿਆ ਜਾਂਦਾ ਸੀ। ਕਦੇ ਕਦੇ ਉਹ ਫ਼ੌਜੀ ਰਸਦ ਵੀ ਲੁੱਟ ਲੈਂਦੇ ਸਨ, ਜਿਸ ਨਾਲ ‘ਕੁਰਮ ਘਾਟੀ’ ਵੀ ਖ਼ਤਰੇ ਵਿਚ ਪੈ ਗਈ ਸੀ ਤੇ ਕਾਬਲ ਨਾਲ ਹੋ ਰਹੇ ਵਪਾਰ ਉਤੇ ਬਹੁਤ ਮਾੜਾ ਅਸਰ ਪੈ ਰਿਹਾ ਸੀ। ਇਨ੍ਹਾਂ ਬਾਗ਼ੀ ਕਬੀਲਿਆਂ ਦਾ ਹੌਸਲਾ ਏਨਾ ਵਧ ਗਿਆ ਸੀ ਕਿ ਉਹ ਪਿੰਡ ਦੇ ਵਸਨੀਕਾਂ ਨੂੰ ਵੀ ਅਪਣੀ ਲੁੱਟ ਦਾ ਸ਼ਿਕਾਰ ਬਣਾਉਣ ਲਗ ਪਏ ਸਨ। ਸਮਾਨਾ ਘਾਟੀ ਦੀ ਇਸ ਚੋਟੀ ਉਤੇ 5 ਸਾਲ ਤੋਂ ਅੰਗਰੇਜ਼ ਫ਼ੌਜਾਂ ਦਾ ਕਬਜ਼ਾ ਸੀ। ਪਿੰਡ ਦੇ ਲੋਕਾਂ ਦੀ ਸੁਰਖਿਆ ਨੂੰ ਸਾਹਮਣੇ ਰੱਖ ਕੇ ਇਸ ਫ਼ੌਜੀ ਚੌਂਕੀ ਉਤੇ ਅੰਗਰੇਜ਼ਾਂ ਦੀ ਫ਼ੌਜ 31-12-1896 ਨੂੰ ਕੁਹਾਟ ਪਹੁੰਚੀ ਸੀ। ਉਨ੍ਹਾਂ ਇਸ ਘਾਟੀ ਦੀ ਰਖਿਆ ਲਈ 36ਵੀਂ ਸਿੱਖ ਰੈਜ਼ੀਮੈਂਟ ਨੂੰ ਇਥੇ ਭੇਜਿਆ ਤਾਕਿ ਇਸ ਚੋਟੀ ਉਤੇ ਕਬਜ਼ਾ ਕਾਇਮ ਰਖਿਆ ਜਾ ਸਕੇ।

ਪਹਾੜੀ ਖੇਤਰ ਹੋਣ ਕਰ ਕੇ ਇਸ ਦੇ ਵਿੰਗੇ ਟੇਢੇ ਰਸਤਿਆਂ ਉਤੇ ਸੁਰੱਖਿਆ ਕਾਇਮ ਰਖਣਾ ਕੋਈ ਸੌਖਾ ਕੰਮ ਨਹੀਂ ਸੀ। ਇਸ ਵੱਡੇ ਖ਼ਤਰੇ ਨੂੰ ਸਾਮਹਣੇ ਰਖਦਿਆਂ 20 ਅਪ੍ਰੈਲ 1894 ਨੂੰ ਇੰਡੀਅਨ ਬਰਤਾਨਵੀ ਫ਼ੌਜ ਦੇ ਕਰਨਲ ਜੇ ਕੁੱਕ ਦੀ ਅਗਵਾਈ ਵਿਚ ਜਲੰਧਰ ਵਿਖੇ ਇਹ 36ਵੀਂ ਸਿੱਖ ਰੈਜੀਮੈਂਟ ਕਾਇਮ ਕੀਤੀ ਗਈ ਸੀ ਜਿਸ ਵਿਚ ਕੇਵਲ ਸਿੱਖਾਂ ਨੂੰ ਹੀ ਭਰਤੀ ਕੀਤਾ ਜਾਂਦਾ ਸੀ। ਅੰਗਰੇਜ਼ ਫ਼ੌਜਾਂ ਨੇ ਬਟਾਲੀਅਨ ਨੂੰ ਦੋ ਭਾਗਾਂ ਵਿਚ ਵੰਡ ਦਿਤਾ ਸੀ। ਸੱਜੇ ਹੱਥ ਦੀ ਕਮਾਂਡ ਲੈਫ਼ਟੀਨੈਂਟ ਕਰਨਲ ਮਿਸਟਰ ਹੈਗਟਨ ਨੂੰ ਸੌਂਪੀ ਗਈ ਜਿਸ ਨੇ 2 ਜਨਵਰੀ 1897 ਨੂੰ ਲੋਕਹਾਰਟ ਦੇ ਕਿਲ੍ਹੇ ਉਤੇ ਕਬਜ਼ਾ ਕਰ ਲਿਆ ਸੀ। ਇਸ ਪਲਟਨ ਦੀਆਂ ਟੁਕੜੀਆਂ ਕਿਲ੍ਹੇ ਦੇ 5 ਮੀਲ ਦੇ ਘੇਰੇ ਵਿਚ ਤਾਇਨਾਤ ਸਨ। 8 ਜਨਵਰੀ ਨੂੰ ਖੱਬੇ ਵਾਲੇ ਪਾਸੇ ਜੋ ਕੈਪਟਨ ਡਬਲਿਊ ਵੀ ਗਾਰਡਨ ਦੇ ਅਧੀਨ ਸੀ, ਉਸ ਨੇ ਪਰਿਚਿਨਾਰ ਉਤੇ ਕਬਜ਼ਾ ਕਰ ਲਿਆ ਸੀ। ਇਸ ਦੇ ਨਾਲ ਹੀ ਸਾਦਾ ਨਾਮਕ ਚੌਕੀ ਉਤੇ ਵੀ ਬਜ਼ਾ ਹੋ ਗਿਆ ਸੀ। ਇਸ ਤੋਂ ਇਲਾਵਾ ਉਸ ਨੇ ਕੁੱਝ ਫ਼ੌਜ ਸੁਰਖਿਅਤ ਵੀ ਰਖ ਲਈ ਸੀ ਤਾਕਿ ਲੋੜ ਪੈਣ ’ਤੇ ਵਰਤੀ ਜਾ ਸਕੇ।

27 ਅਗੱਸਤ ਤੋਂ 8 ਸਤੰਬਰ 1897 ਦੇ ਸਮੇਂ ਦੌਰਾਨ ਔਰਕਜ਼ਈ ਕਬਾਇਲੀਆਂ ਨੇ ਖੱਬੇ ਵਾਲੇ ਪਾਸੇ ਇਕ ਵੱਡਾ ਹਮਲਾ ਕਰ ਦਿਤਾ ਜਿਸ ਨੂੰ 10 ਸਤੰਬਰ ਨੂੰ ਦੂਜੀ ਘਾਟੀ ਵਾਲੇ ਪਾਸੇ ਮੋੜ ਦਿਤਾ ਗਿਆ ਸੀ ਜਦੋਂ ਕਿ ਉਨ੍ਹਾਂ ਨੇ ਸਮਾਨਾ ਚੌਕੀ ਉਤੇ 10 ਹਜ਼ਾਰ ਕਬਾਇਲੀ ਸੈਨਕਾਂ ਸਮੇਤ ਹੋਰ ਹਮਲੇ ਕਰਨੇ ਸ਼ੁਰੂ ਕਰ ਦਿਤੇ, ਜਿਨ੍ਹਾਂ ਨੂੰ ਇੰਡੀਅਨ ਬਰਾਤਨਵੀ ਫ਼ੌਜਾਂ ਨੇ ਅਸਫ਼ਲ ਬਣਾ ਦਿਤਾ ਸੀ। ਫਿਰ ਦੋਵੇਂ ਕਬੀਲੇ ਸਲਾਹ ਕਰ ਕੇ ਸਾਰਾਗੜ੍ਹੀ ਚੌਕੀ ਉਤੇ ਹਮਲਾ ਕਰਨ ਦੀ ਸੋਚਣ ਲੱਗੇ ਕਿਉਂਕਿ ਇਸ ਚੌਕੀ ਤੇ ਬਹੁਤ ਘੱਟ ਫ਼ੌਜੀ ਤੈਨਾਤ ਸਨ, ਜਿਨ੍ਹਾਂ ਦੀ ਗਿਣਤੀ ਕੇਵਲ 21 ਹੀ ਸੀ। ਸਾਰਾਗੜ੍ਹੀ ਦੇ ਦੋਵੇਂ ਪਾਸੇ ਗੁਲਿਸਤਾਨ ਤੇ ਲੋਕਹਾਰਟ ਨਾਮ ਦੇ ਦੋ ਕਿਲ੍ਹੇ ਸਨ। ਇਨ੍ਹਾਂ ਕਿਲ੍ਹਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ ਤਾਕਿ ਅਫ਼ਗਾਨੀ ਫ਼ੌਜਾਂ ਦੀ ਘੁਸਪੈਠ ਨੂੰ ਰੋਕਿਆ ਜਾ ਸਕੇ। ਕਿਸੇ ਸਮੇਂ ਹਰੀ ਸਿੰਘ ਨਲਵਾ ਇਨ੍ਹਾਂ ਕਿਲ੍ਹਿਆਂ ਨੂੰ ਸੁਰਖਿਆ ਵਜੋਂ ਵਰਤਿਆ ਕਰਦੇ ਸਨ। ਬਾਗ਼ੀ ਕਬੀਲਿਆਂ ਦੇ ਇਨ੍ਹਾਂ ਦੋਹਾਂ ਗਰੁਪਾਂ ਦੀ ਕੁਲ ਸੰਖਿਆ 12 ਹਜ਼ਾਰ ਤੋਂ 24 ਹਜ਼ਾਰ ਤਕ ਸੀ ਪਰ ਲੈਫ਼ਟੀਨੈਂਟ ਕਰਨਲ ਹਾਊਟਨ ਅਨੁਸਾਰ ਲੜਨ ਵਾਲੇ ਸੈਨਿਕਾਂ ਦੀ ਗਿਣਤੀ  6 ਹਜ਼ਾਰ ਤੋਂ 10 ਹਜ਼ਾਰ ਤਕ ਸੀ।

ਇਕ ਦਿਨ ਪਤਾ ਲੱਗਾ ਕਿ ਕਬੀਲੇ ਗੁਲਸਤਾਨ ਕਿਲ੍ਹੇ ਦੀ ਕੰਧ ਤੋੜ ਰਹੇ ਹਨ ਤਾਕਿ ਉਨ੍ਹਾਂ ਦਾ ਲੋਕਹਾਰਟ ਕਿਲ੍ਹੇ ਤਕ ਪਹੁੰਚਣਾ ਆਸਾਨ ਹੋ ਜਾਵੇ। ਇਹ ਜਾਣਦਿਆਂ ਹੀ ਸਮਾਨਾ ਰਿੱਜ ਉਤੇ ਗੋਲੀਬਾਰੀ ਸ਼ੁਰੂ ਹੋ ਗਈ ਜਿਸ ਵਿਚ ਭਾਰਤੀ ਤੇ ਅਫ਼ਗਾਨੀ ਕਬੀਲਿਆਂ ਦਾ ਵੀ ਕਾਫ਼ੀ ਜਾਨੀ ਤੇ ਮਾਲੀ ਨੁਕਸਾਨ ਹੋਇਆ। ਮਗਰੋਂ ਉਨ੍ਹਾਂ ਨੇ ਸਾਰਾਗੜ੍ਹੀ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਸਾਰਾਗ੍ਹੜੀ ਵਿਚ ਗਿਣਤੀ ਦੇ ਸਿੱਖ ਫ਼ੌਜੀ ਹੀ ਸਨ। ਸਾਰਾਗੜ੍ਹੀ ਚਾਰੇ ਪਾਸੇ ਤੋਂ ਘਿਰ ਚੁਕੀ ਸੀ। ਸਿੱਖ ਫ਼ੌਜੀਆਂ ਨੇ ਅਪਣੇ ਫ਼ਰਜ਼ ਦੀ ਪੂਰਤੀ ਲਈ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਵਿਚ ਇਕ ਪ੍ਰਣ ਲਿਆ ਕਿ ਉਹ ਇਸ ਚੌਕੀ ਦੀ ਰਖਵਾਲੀ ਲਈ ਅਪਣੇ ਆਖਰੀ ਸਾਹਾਂ ਤਕ ਲੜਦੇ ਰਹਿਣਗੇ।

ਇਹ ਜੰਗ 12 ਸਤੰਬਰ 1897 ਨੂੰ ਸ਼ੁਰੂ ਹੋਈ। ਇਹ ਲੜਾਈ ਸਵੇਰੇ ਸਾਢੇ ਨੌਂ ਵਜੇ ਸ਼ੁਰੂ ਹੋਈ ਤੇ ਛੇ ਘੰਟੇ ਤਕ ਚਲਦੀ ਰਹੀ। ਇਸ ਲੜਾਈ ਵਿਚ ਦੁਸ਼ਮਣ ਧਿਰ ਦੀ ਅਗਵਾਈ ਇਕ ਕਬੀਲਾ ਸਰਦਾਰ ਗੁਲਬਾਦਸ਼ਾਹ ਕਰ ਰਿਹਾ ਸੀ। ਇਸ ਲੜਾਈ ਵਿਚ ਭਗਵਾਨ ਸਿੰਘ ਨਾਮ ਦਾ ਪਹਿਲਾ ਸਿੱਖ ਸੈਨਿਕ ਸ਼ਹੀਦ ਹੋਇਆ ਤੇ ਨਾਇਕ ਲਾਲ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਸਿੱਖ ਸੈਨਿਕਾਂ ਨੂੰ ਘੇਰ ਕੇ ਬਾਗ਼ੀ ਕਬੀਲਿਆਂ ਨੇ ਈਸ਼ਰ ਸਿੰਘ ਨੂੰ ਇਥੋਂ ਚਲੇ ਜਾਣ ਲਈ ਸੁਰੱਖਿਅਤ ਲਾਂਘਾ ਦੇਣ ਦੀ ਪੇਸ਼ਕਸ਼ ਕੀਤੀ ਪਰ ਉਸ ਅਣਖੀਲੇ ਯੋਧੇ ਨੇ ਦੁਸ਼ਮਣਾਂ ਨਾਲ ਕਾਇਰਾਂ ਵਾਂਗੂ ਭੱਜ ਜਾਣ ਦੇ ਸਮਝੌਤੇ ਦੀ ਬਜਾਏ ਉਨ੍ਹਾਂ ਲੜ ਕੇ ਮਰਨ ਦਾ ਪ੍ਰਣ ਲਿਆ। ਕਰਨਲ ਹਾਊਟਨ ਜੋ ਲੋਕਹਾਰਟ ਕਿਲ੍ਹੇ ਤੋਂ ਸੱਭ ਕੁੱਝ ਵੇਖ ਰਿਹਾ ਸੀ ਨੇ ਸਿੱਖਾਂ ਕੋਲ ਸੰਦੇਸ਼ ਭੇਜਣ ਦਾ ਯਤਨ ਕੀਤਾ ਪਰ ਸਫ਼ਲ ਨਾ ਸਕਿਆ। ਉਧਰ ਸਿੱਖਾਂ ਕੋਲ ਹੁਣ ਗੋਲੀ ਬਾਰੂਦ ਖ਼ਤਮ ਹੋਣ  ਕਿਨਾਰੇ ਸੀ। ਜਦੋਂ ਦੋਵੇਂ ਫ਼ੌਜਾਂ ਲੜਦੀਆਂ ਲੜਦੀਆਂ ਇਕ ਦੂਜੇ ਸਾਹਮਣੇ ਆਈਆਂ ਤਾਂ ਸਿੱਖਾਂ ਨੇ ਦੁਸ਼ਮਣਾਂ ਨੂੰ ਉਲਝਾਉਣ ਲਈ ਉਥੇ ਲੱਗੇ ਹੋਏ ਘਾਹ ਫੂਸ ਨੂੰ ਅੱਗ ਲਾ ਦਿਤੀ। ਕਾਫ਼ੀ ਧੂੰਆਂ ਹੋਣ ਕਾਰਨ ਸਿੱਖ ਯੋਧੇ ਦੁਸ਼ਮਣਾਂ ਨਾਲ ਹੱਥੋ-ਹੱਥੀ ਬੰਦੂਕ ਦੇ ਬੋਨਟਾਂ (ਬੰਦੂਕ ਦਾ ਪਿਛਲਾ ਹਿੱਸਾ) ਨਾਲ ਹੀ ਲੜਦੇ ਰਹੇ ਕਿਉਂਕਿ ਉਨ੍ਹਾਂ ਕੋਲ ਗੋਲੀ ਸਿੱਕਾ ਖ਼ਤਮ ਹੋ ਚੁਕਾ ਸੀ।

ਸਿੱਖ ਫ਼ੌਜੀ ਬੜੀ ਦ੍ਰਿੜਤਾ ਤੇ ਬਹਾਦਰੀ ਨਾਲ ਇਕ ਇਕ ਕਰ ਕੇ ਦੁਸ਼ਮਣਾਂ ਨਾਲ ਲੜਦਿਆਂ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ। ਦੁਸ਼ਮਣ ਫ਼ੌਜਾਂ ਦਾ ਵੀ ਕਾਫ਼ੀ ਜਾਨੀ ਨੁਕਸਾਨ ਹੋ ਚੁਕਾ ਸੀ। ਸਿੱਖ ਫੌਜਾਂ ਨੇ ਅਪਣੀ ਬਹਾਦਰੀ ਨਾਲ ਦੁਸ਼ਮਣਾਂ ਵਿਚ ਘਬਰਾਹਟ ਪੈਦਾ ਕਰ ਦਿਤੀ ਸੀ। ਸਿੱਖ ਫ਼ੌਜੀਆਂ ਵਿਚੋਂ ਜਦੋਂ ਇਕ ਹੱਥ ਦੀਆਂ ਉਂਗਲਾਂ ਦੀ ਗਿਣਤੀ ਤੋਂ ਵੀ ਘੱਟ ਯੋਧੇ ਰਹਿ ਗਏ ਤਾਂ ਹੈਲੀਗਰਾਫ਼ ਰਾਹੀਂ ਸੰਦੇਸ਼ ਦੇਣ ਵਾਲੇ (ਸ਼ੀਸ਼ੇ ਉਤੇ ਧੁੱਪ ਦੀ ਚਮਕ ਨਾਲ ਸੁਨੇਹਾ ਦੇਣ ਵਾਲਾ ਯੰਤਰ) ਰਾਹੀਂ ਗੁਰਮੁਖ ਸਿੰਘ ਨੇ ਅਪਣੇ ਅੰਗਰੇਜ਼ ਅਫ਼ਸਰ ਨੂੰ ਸੰਦੇਸ਼ ਦਿਤਾ ਕਿ ਇਸ ਮਗਰੋਂ ਸ਼ਾਇਦ ਸਾਡੇ ਵਿਚੋਂ ਕੋਈ ਵੀ ਜ਼ਿੰਦਾ ਨਾ ਰਹੇ, ਇਸ ਲਈ ਮੇਰੇ ਇਸ ਸੰਦੇਸ਼ ਨੂੰ ਆਖਰੀ ਸੰਦੇਸ਼ ਸਮਝਿਆ ਜਾਵੇ।

ਅਖੀਰ ਵਿਚ ਗੁਰਮੁਖ ਸਿੰਘ ਸਿਗਨਲਮੈਨ  ਨੇ ਇਕੱਲੇ ਹੀ ਲੜਦਿਆਂ ਬੰਦੂਕ ਦੀ ਬੱਟ ਨਾਲ ਹੀ ਵੀਹ ਦੁਸ਼ਮਣਾਂ ਨੂੰ ਢੇਰ ਕਰ ਦਿਤਾ ਅਤੇ ਖ਼ੁਦ ਵੀ ਸ਼ਹੀਦੀ ਪ੍ਰਾਪਤ ਕਰ ਗਿਆ। ਦੁਸ਼ਮਣ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਰ ਕੁੱਝ ਕੁ ਸਿੱਖ ਫ਼ੌਜੀਆਂ ਨੇ ਉਨ੍ਹਾਂ ਦੇ ਸੈਂਕੜੇ ਸੈਨਿਕਾਂ ਨੂੰ ਮੌਤ ਦੇ ਘਾਟ ਕਿਵੇਂ ਉਤਾਰ ਦਿਤਾ ਸੀ। ਉਨ੍ਹਾਂ ਨੇ ਘਬਰਾਹਟ ਵਿਚ ਆ ਕੇ ਸਾਰਾਗੜ੍ਹੀ ਨੂੰ ਅੱਗ ਲਗਾ ਦਿਤੀ। ਸਾਰਾਗੜ੍ਹੀ ਜੰਗ ਵਰਗੀ ਅਦੁਤੀ ਘਟਨਾ ਸ਼ਾਇਦ ਹੀ ਕੋਈ ਹੋਰ ਵਿਸ਼ਵ ਇਤਿਹਾਸ ਵਿਚ ਮਿਲਦੀ ਹੋਵੇ। ਸਿੱਖ ਫ਼ੌਜੀਆਂ ਨੇ ਦੁਸ਼ਮਣ ਨੂੰ ਅਪਣੇ ਜੀਉਂਦੇ ਜੀਅ ਸਾਰਾਗੜ੍ਹੀ ਦੀ ਚੌਕੀ ਲਾਗੇ ਨਹੀਂ ਸੀ ਫਟਕਣ ਦਿਤਾ। ਦੁਸ਼ਮਣ ਵੀ ਹੈਰਾਨ ਸੀ ਕਿ ਏਨੀ ਘੱਟ ਗਿਣਤੀ ਦੇ ਸਿੱਖਾਂ ਨੇ ਉਨ੍ਹਾਂ ਦੀ ਫ਼ੌਜ ਦੇ ਨੱਕ ਵਿਚ ਦਮ ਕਰੀ ਰਖਿਆ। ਇਨ੍ਹਾਂ ਸਿਰਲੱਥ ਸੂਰਬੀਰਾਂ ਦੇ ਨਾਵਾਂ ਵਿਚ ਹਵਲਦਾਰ ਈਸ਼ਰ ਸਿੰਘ, ਲਾਲ ਸਿੰਘ ਨਾਇਕ, ਚੰਦਾ ਸਿੰਘ ਲਾਂਸ ਨਾਇਕ, ਸੁੰਦਰ ਸਿੰਘ, ਉਤਮ ਸਿੰਘ, ਹੀਰਾ ਸਿੰਘ, ਰਾਮ ਸਿੰਘ, ਜੀਵਾ ਸਿੰਘ, ਜੀਵਨ ਸਿੰਘ, ਗੁਰਮੁਖ ਸਿੰਘ ਸਿਗਨਲਮੈਨ, ਭੋਲਾ ਸਿੰਘ, ਬੂਟਾ ਸਿੰਘ, ਨੰਦ ਸਿੰਘ, ਸਾਹਿਬ ਸਿੰਘ, ਦਿਆ ਸਿੰਘ, ਭਗਵਾਨ ਸਿੰਘ, ਨਰੈਣ ਸਿੰਘ, ਗੁਰਮੁਖ ਸਿੰਘ ਮਿੰਦਰ ਸਿੰਘ (ਸਿਪਾਹੀ), ਸੇਵਾਦਾਰ ਦਾਉ ਸਿੰਘ ਤੇ ਦਾਦ ਸਿੰਘ ਸ਼ਾਮਲ ਸਨ।
ਦੂਜੇ ਪਾਸੇ ਇਸ ਲੜਾਈ ਵਿਚ ਸਮਾਨਾ ਰਿੱਜ ਉਤੇ ਮਾਰੇ ਜਾਣ ਵਾਲੇ ਕਬੀਲਾ ਸੈਨਿਕਾਂ ਦੀ ਗਿਣਤੀ 600 ਸੀ ਤੇ 400 ਜਖ਼ਮੀ ਹੋਏ ਸਨ ਅਤੇ ਸਾਰਾਗੜ੍ਹੀ ਚੌਕੀ ਉਤੇ ਹਮਲਾ ਕਰਨ ਵਾਲੇ ਦੁਸਮਣਾਂ ਦੇ ਮਰਨ ਵਾਲਿਆਂ ਦੀ ਗਿਣਤੀ 180 ਸੀ।

ਜਿਉਂ ਹੀ ਸਾਰਾਗ੍ਹੜੀ ਵਿਚ ਵਾਪਰੀ ਇਸ ਘਟਨਾ ਦੀ ਸੂਚਨਾ ਲੰਡਨ ਪੁੱਜੀ ਤਾਂ ਬ੍ਰਿਟਿਸ਼ ਪਾਰਲੀਮੈਂਟ ਦੇ ਦੋਹਾਂ ਸਦਨਾਂ ਦੇ ਸਾਰੇ ਮੈਂਬਰਾਂ ਨੇ ਖੜ੍ਹੇ ਹੋ ਕੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਨਮਾਨ ਅਤੇ ਸ਼ਰਧਾਂਜਲੀ ਭੇਂਟ ਕੀਤੀ। ਸੰਸਾਰ ਵਿਚ ਇਸ ਲਾਮਿਸਾਲ ਅਸਾਵੀਂ ਜੰਗ ਦੀ ਚਰਚਾ ਹੋਈ ਤੇ ਬਰਤਾਨਵੀ ਸਰਕਾਰ ਨੇ ਸ਼ਹੀਦਾਂ ਦੇ ਸਨਮਾਨ ਵਿਚ ਇੰਡੀਅਨ ਆਰਡਰ ਆਫ਼ ਮੈਰਿਟ ਨਾਲ ਹਰ ਸ਼ਹੀਦ ਸਿੱਖ ਨੂੰ ਨਿਵਾਜਿਆ। ਇਨ੍ਹਾਂ ਸ਼ਹੀਦਾਂ ਦੇ ਪ੍ਰਵਾਰਾਂ ਨੂੰ ਦੋ-ਦੋ ਮੁਰੱਬਾ ਜ਼ਮੀਨ ਤੇ 500 ਰੁਪਏ ਪ੍ਰਤੀ ਫ਼ੌਜੀ ਮਾਲੀ ਸਹਾਇਤਾ ਵੀ ਦਿਤੀ। ਇਹ ਸਨਮਾਨ ਭਾਰਤ ਦੇ ਪਰਮਵੀਰ ਚੱਕਰ ਦੇ ਬਰਾਬਰ ਹੈ। ਇਹ ਘਟਨਾ ਸਿੱਖਾਂ ਦੀ ਦਲੇਰੀ ਅਤੇ ਰੌਂਗਟੇ ਖੜੇ ਕਰਨ ਵਾਲੀ ਘਟਨਾ ਹੈ। ਅਤੇ ਇਹ ਲੜਾਈ ਸਿੱਖਾਂ ਦੇ ਮਾਣ ਨੂੰ ਹੋਰ ਉੱਚਾ ਕਰਦੀ ਹੈ।
- ਨਵੀਂ ਅਫ਼ਸਰ ਕਲੋਨੀ ਸਰਹਿੰਦ
ਗੁਰਬਚਨ ਸਿੰਘ ਵਿਰਦੀ,ਮੋਬਾਈਲ : 98760-21122