ਗਲਾਸੀ ਜੰਕਸ਼ਨ (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਵੱਖੋ ਵੱਖ ਪਾਸਿਆਂ ਤੋਂ ਆਉਣ ਵਾਲੇ ਲੋਕ ਮੁਖ਼ਤਲਿਫ਼ ਦਿਸ਼ਾਵਾਂ ਨੂੰ ਜਾਣ ਲਈ ਦੋ ਘੜੀਆਂ ਵਾਸਤੇ ਇਕ ਜੰਕਸ਼ਨ 'ਤੇ ਇਕੱਠੇ ਹੁੰਦੇ ਹਨ। ਇਨ੍ਹਾਂ ਮੁਸਾਫ਼ਰਾਂ ਦੀ ਮੰਜ਼ਲ ਤਾਂ ...

Amin Malik

ਵੱਖੋ ਵੱਖ ਪਾਸਿਆਂ ਤੋਂ ਆਉਣ ਵਾਲੇ ਲੋਕ ਮੁਖ਼ਤਲਿਫ਼ ਦਿਸ਼ਾਵਾਂ ਨੂੰ ਜਾਣ ਲਈ ਦੋ ਘੜੀਆਂ ਵਾਸਤੇ ਇਕ ਜੰਕਸ਼ਨ 'ਤੇ ਇਕੱਠੇ ਹੁੰਦੇ ਹਨ। ਇਨ੍ਹਾਂ ਮੁਸਾਫ਼ਰਾਂ ਦੀ ਮੰਜ਼ਲ ਤਾਂ ਕੋਈ ਵੀ ਨਹੀਂ, ਪਰ ਫਿਰ ਵੀ ਸਫ਼ਰ ਜ਼ਰੂਰ ਕਰਦੇ ਨੇ। ਇੰਜ ਕਰਦਿਆਂ-ਕਰਦਿਆਂ, ਇਕ ਦਿਹਾੜੇ ਉਹ ਕਿਸੇ ਬੰਦ ਗਲੀ ਵਿਚ ਵੜ ਕੇ ਤੇ ਕਿਸੇ ਕੰਧ ਨਾਲ ਟੱਕਰ ਮਾਰ ਕੇ ਅਪਣੇ ਸਫ਼ਰ ਦੀ ਅਖ਼ੀਰ ਕਰ ਲੈਂਦੇ ਨੇ।

ਪੂਰਬ ਦੀ ਭੁੱਖ ਤੇ ਦੁਖਾਂ ਤੋਂ ਪੱਲਾ ਛੁਡਾ ਕੇ ਦੋ ਵੇਲੇ ਦਾ ਟੁੱਕਰ ਤੇ ਸੁੱਖ ਚੈਨ ਦੀ ਜ਼ਿੰਦਗੀ ਗੁਜ਼ਾਰਨ ਦੀ ਆਸ ਵਿਚ ਲੋਕ ਅਪਣੀ ਜੰਮਣ ਭੋਇੰ ਨੂੰ ਛੱਡ ਕੇ ਪੱਛਮ ਦਾ ਇਸ ਲਈ ਰੁਖ਼ ਕਰਦੇ ਨੇ ਕਿ ਖੱਟੀ ਕਮਾਈ ਤੋਂ ਬਾਅਦ ਇਕ ਦਿਨ ਵਤਨਾਂ ਨੂੰ ਜ਼ਰੂਰ ਪਰਤਾਂਗੇ। ਪਰ ਕੁਦਰਤ ਦਾ ਜ਼ੁਲਮ ਇਹ ਹੈ ਕਿ ਨਾ ਹੀ ਪਰਤਣ ਦਾ ਦਿਹਾੜਾ ਕਦੀ ਆਇਆ ਤੇ ਨਾ ਹੀ ਇਕ ਝੂਠੀ ਜਹੀ ਆਸ ਨੇ ਖਹਿੜਾ ਛਡਿਆ... ਫਿਰ ਕੀ ਹੁੰਦਾ ਏ?

ਫਿਰ ਹੁੰਦਿਆਂ-ਹੁੰਦਿਆਂ ਅਡੋਲ ਹੀ ਇਕ ਅਣਹੋਣੀ ਉਨ੍ਹਾਂ ਦੇ ਖੰਭ ਖੋਹ ਲੈਂਦੀ ਏ। ਵੇਖਦਿਆਂ-ਵੇਖਦਿਆਂ ਉਨ੍ਹਾਂ ਸਾਹਮਣੇ ਇਕ ਤਮਾਸ਼ਾ ਹੋਣ ਲੱਗ ਪੈਂਦਾ ਹੈ। ਤਮਾਸ਼ਾ ਵੇਖਦੇ-ਵੇਖਦੇ ਇਕ ਦਿਨ ਉਹ ਆਪ ਹੀ ਤਮਾਸ਼ਾ ਬਣ ਜਾਂਦੇ ਨੇ। ਵਤਨ ਛੱਡ ਕੇ ਆਉਣ ਵਾਲਾ ਹਰ ਨਵਾਂ ਬੰਦਾ ਇੰਜ ਦਾ ਤਮਾਸ਼ਾ ਵੇਖ ਕੇ ਹਸਦਾ ਤੇ ਮੁਸਤਕਬਿਲ (ਭਵਿੱਖ) ਸੋਚੇ ਬਿਨਾਂ ਪੌਂਡਾਂ ਦੇ ਪਿਆਰ ਵਿਚ ਗੁੰਮ ਹੋ ਜਾਂਦਾ ਹੈ।

ਉਸ ਨੂੰ ਨਹੀਂ ਪਤਾ ਕਿ ਹਰ ਤਮਾਸ਼ਬੀਨ ਨੇ ਕਲ ਨੂੰ ਇੰਜ ਦਾ ਹੀ ਤਮਾਸ਼ਾ ਬਣ ਕੇ ਏਸੇ ਹੀ ਮੁਕਾਮ ਤੇ ਅਪੜਨਾ ਹੈ। ਪਛਮੀ ਪਛਤਾਵੇ ਹੱਥੋਂ ਲੁੱਟੇ ਹੋਏ ਇੰਜ ਦੇ ਮੁਸਾਫ਼ਰਾਂ ਲਈ ਇਸ ਦੇਸ਼ ਵਿਚ ਬੜੇ ਹੀ ਜੰਕਸ਼ਨ ਹਨ ਜਿਵੇਂ ਓਲਡ ਹੋਮ, ਕਮਿਊਨਿਟੀ ਸੈਂਟਰ, ਡਿਸਏਬਲਡ ਸੈਂਟਰ ਤੇ ਸ਼ਰਾਬਖ਼ਾਨੇ। ਕਦੀ-ਕਦੀ ਕੋਈ ਮੁਸਾਫ਼ਰ ਚਾਰੇ ਪਾਸਿਉਂ ਹਾਰ ਕੇ ਅਪਣੇ ਵਰਗੇ ਦੋ ਚਾਰ ਸੰਗੀ ਫੜ ਕੇ, ਮਿਊਂਸੀਪਲ ਕਮੇਟੀ ਦੇ ਬੈਂਚਾਂ ਉਪਰ ਵੇਲਾ ਕੱਟ ਲੈਂਦਾ ਹੈ।

ਇਹ ਸੱਭ ਤੋਂ ਘਟੀਆ ਜੰਕਸ਼ਨ ਹੁੰਦਾ ਹੈ, ਜਿਥੇ ਪਛਤਾਵਾ ਭੁਲਾਉਣ ਲਈ ਬੋਝੇ ਵਿਚ ਦੋ ਗਲਾਸੀਆਂ ਦੇ ਪੈਸੇ ਵੀ ਨਹੀਂ ਹੁੰਦੇ। ਉਹ ਮੂੰਹ ਜ਼ਬਾਨੀ ਅਪਣੇ ਧੀਆਂ ਪੁੱਤਰਾਂ ਤੇ ਬੀਵੀ ਨੂੰ ਦੋ ਚਾਰ ਮੋਟੀਆਂ-ਮੋਟੀਆਂ ਗਾਲ੍ਹਾਂ ਕੱਢ ਕੇ ਦਿਲ ਦਾ ਗੁਬਾਰ ਕੱਢ ਲੈਂਦੇ ਨੇ। ਕੋਈ ਕੋਈ ਅਪਣੇ ਦੇਸ਼ ਨੂੰ ਫੱਕੜ ਤੋਲ ਕੇ ਵੀ ਕਲੇਜਾ ਠੰਢਾ ਕਰ ਲੈਂਦਾ ਹੈ। ਇਹ ਸਾਰੇ ਉਹ ਲੋਕ ਨੇ ਜਿਨ੍ਹਾਂ ਨੇ ਅਪਣੀ ਹਯਾਤੀ ਦਾ ਬੜਾ ਹੀ ਔਖਾ ਤੇ ਬੜਾ ਹੀ ਲੰਮਾ ਪੈਂਡਾ ਕੀਤਾ ਹੁੰਦਾ ਹੈ, ਬੜੇ ਪਾਪੜ ਵੇਲੇ ਹੁੰਦੇ ਨੇ ਤੇ ਅਪਣੇ ਉਨ੍ਹਾਂ ਬਾਲਾਂ ਲਈ ਵੇਲ ਵੀ ਕੀਤੇ ਜਿਹੜੇ ਬਾਲ ਅੱਜ ਕੋਲ ਬੈਠਣ ਵੀ ਨਹੀਂ ਦਿੰਦੇ।

ਅਖੇ, ''ਬੁਝਾ ਕਰ ਅਪਨੀ ਸ਼ਮਾ,  ਐ ਜ਼ਿੰਦਗੀ ਤੇਰਾ ਨਾਮ ਰੌਸ਼ਨ ਕਰ ਰਹਾ ਹੂੰ ਮੈਂ।'' ਇਹ ਐਸੇ ਮਾਪੇ ਹਨ, ਜਿਨ੍ਹਾਂ ਨੇ ਅਪਣੇ ਆਪ ਵੀ ਪਾਲੇ ਤੇ ਇਸ ਦੇਸ਼ ਵਿਚ ਉੱਗਣ ਵਾਲੀ ਸੂਲਾਂ ਵਰਗੀ ਔਲਾਦ ਵੀ ਜਵਾਨ ਕੀਤੀ। ਲੰਦਨ ਸ਼ਹਿਰ ਵਿਚ ਇੰਜ ਦੇ ਰਾਹੀਆਂ ਨੂੰ ਵੇਖਣਾ ਹੋਵੇ ਤਾਂ ਦੋ ਹੀ ਵੱਡੇ ਜੰਕਸ਼ਨ ਹਨ। ਪਾਕਿਸਤਾਨ ਅਤੇ ਮੀਰਪੁਰ ਕਸ਼ਮੀਰੀਆਂ ਦਾ ਅੱਡਾ, ਵਾਲਥਮ ਸਟੋਅ (Waltham Stow) ਅਤੇ ਭਾਰਤੀ ਪੰਜਾਬ ਦਾ ਗੜ੍ਹ ਸਾਊਥਾਲ।

ਇਨ੍ਹਾਂ ਰਾਹ ਭੁੱਲੇ ਹੋਏ ਮੁਸਾਫ਼ਰਾਂ ਨਾਲ ਖੁੱਲ੍ਹ ਡੁੱਲ੍ਹ ਕੇ ਖੁਲ੍ਹੀਆਂ-ਖੁਲ੍ਹੀਆਂ ਗੱਲਾਂ ਕਰਨੀਆਂ ਹੋਣ ਜਾਂ ਸਾਰਾ ਕੁੱਝ ਖੋਲ੍ਹ ਕੇ ਅੱਗੇ ਰੱਖ ਦੇਣ ਵਾਲਾ ਨਜ਼ਾਰਾ ਲੈਣਾ ਹੋਵੇ ਤਾਂ ਬਿਹਤਰੀਨ ਜੰਕਸ਼ਨ, ਪੱਬ ਜਾਂ ਸ਼ਰਾਬਖ਼ਾਨਾ ਹੈ। ਵੈਸੇ ਤਾਂ ਪੰਜਾਬੀਆਂ ਦਾ ਸੁਭਾਅ ਟੁੱਟੇ ਭਾਂਡੇ ਵਰਗਾ ਹੈ। ਕਾਹਦਾ ਲੁਕ ਲੁਕਾਅ ਤੇ ਕਾਹਦੇ ਪੜਦੇ? ਪਰ ਜੇ ਦੋ ਕੁ ਘੁੱਟ ਕੰਗਨੀ ਜਾਂ ਸਵਾਂਕੀ ਬਣ ਕੇ ਸੰਘ ਤੋਂ ਥੱਲੇ ਉਤਰ ਜਾਣ ਤਾਂ ਵਿਸਾਖ ਦੀ ਫ਼ਸਲ ਵਿਚੋਂ ਬਟੇਰਾ ਬਣ ਕੇ ਪਟਾਕਦੇ ਨੇ। ਹੂੜਮਤ ਪੰਜਾਬੀਆਂ ਦੀ ਮੱਤ ਤਾਂ ਉਂਜ ਵੀ ਬੜੀ ਮਸ਼ਹੂਰ ਹੈ, ਪਰ ਜੇ ਮੱਤ ਦੀ ਮੌਤ ''ਸ਼ਰਾਬ'' ਦੇ ਦੋ ਘੁੱਟ ਪੀ ਲਈਏ ਤਾਂ ਫਿਰ ਬੇ-ਅਕਲੀ ਨੂੰ ਸੱਤੇ ਈ ਖ਼ੈਰਾਂ ਨੇ।

ਮੇਰਾ ਅਪਣਾ ਵੈਸੇ ਇਹ ਜੀਅ ਕਰਦੈ ਕਿ ਇਸ ਬੇ-ਅਕਲੀ ਨੂੰ ਮਾਸੂਮੀਅਤ ਵਰਗਾ ਖ਼ੁਸ਼ਗਵਾਰ ਜਿਹਾ ਨਾਂ ਦੇਵਾਂ ਕਿਉਂਕਿ ਬਹੁਤੀ ਅਕਲ ਵਾਲੇ ਵੀ ਤਾਂ ਚੁੱਪ ਚੁਪੀਤੇ ਉਸ ਮਾਈਨਜ਼ (Mines) ਜਾਂ ਬਾਰੂਦੀ ਸੁਰੰਗਾਂ ਵਰਗੇ ਹੁੰਦੇ ਨੇ, ਜਿਹਦੇ ਉਪਰ ਗ਼ਲਤੀ ਨਾਲ ਕਿਸੇ ਜਨੌਰ ਦਾ ਪੈਰ ਵੀ ਆ ਜਾਵੇ ਤਾਂ ਫੁੜਕ ਜਾਂਦਾ ਹੈ। ਸੋ, ਜਦੋਂ ਮੈਂ ਜ਼ਿੰਦਗੀ ਦੇ ਦੁਖਦੇ ਧੁਖਦੇ ਦਰਦਨਾਕ ਪੱਖ ਜਾਂ ਪਹਿਲੂ ਵੇਖਣੇ ਹੋਣ ਤਾਂ ਪੱਬ ਵਾਲੇ ਜੰਕਸ਼ਨ ਦਾ ਰੁਖ਼ ਕਰਦਾ ਹਾਂ, ਜਿਥੇ ਵਣ-ਵਣ ਦੀ ਲਕੜੀ ਤੇ ਭਾਂਤ-ਭਾਂਤ ਦੀ ਬੋਲੀ ਬੋਲਣ ਵਾਲੇ ਲੋਕ ਪੀ ਕੇ ਸੱਭ ਪਰਦੇਦਾਰੀਆਂ ਤੋਂ ਬੇ-ਨਿਆਜ਼ ਹੋ ਕੇ ਖੁਲ੍ਹੀ ਕਿਤਾਬ ਬਣੇ ਬੈਠੇ ਹੁੰਦੇ ਹਨ।

ਸਾਊਥਾਲ ਦੇ ਰੇਲਵੇ ਸਟੇਸ਼ਨ 'ਤੇ ਬਣੇ ਪੁਲ ਦੀ ਉਤਰਾਈ ਉਤਰਦਿਆਂ ਹੀ ਇਕ ਇਮਾਰਤ ਉਪਰ ਬਿਜਲੀ ਦੇ ਬਲਬ ਨਾਲ ਚਿਲਕਦਾ ਲਿਸ਼ਕਦਾ ਇਕ ਨਾਂ ''ਗਲਾਸੀ ਜੰਕਸ਼ਨ'' ਨਜ਼ਰ ਆਉਂਦਾ ਹੈ। ਇਸ ਨਾਂ ਨੂੰ ਵੇਖਦੇ ਹੀ ਅੱਖਾਂ ਨਸ਼ਿਆ ਜਾਂਦੀਆਂ ਨੇ। ਜ਼ਿੰਦਗੀ ਦੀ ਪਟੜੀ ਤੋਂ ਲਹਿ ਗਿਆ ਜਾਂ ਹਯਾਤੀ ਦੀ ਗੱਡੀ ਤੋਂ ਪਛੜ ਗਿਆ ਹੋਇਆ ਹਰ ਮੁਸਾਫ਼ਰ ਦੋ ਘੜੀਆਂ ਲਈ ਇਸ ਜੰਕਸ਼ਨ 'ਤੇ ਹੂਟਾ ਲੈਣ ਜ਼ਰੂਰ ਆਉਂਦਾ ਏ। ਇਸ ਟੇਸ਼ਨ ਤੋਂ ਸਕੂਨ ਨਜ਼ਰ, ਆਰਾਮ ਪੁਰਾ, ਫ਼ਰਾਮੋਸ਼ ਪੁਰ ਤੇ ਮੁਸੱਰਤ ਆਬਾਦੀ ਨੂੰ ਜਾਣ ਵਾਲੀ ਗੱਡੀ ਦਾ ਟਿਕਟ ਗਲਾਸ ਵਿਚ ਪਾ ਕੇ ਮਿਲਦਾ ਹੈ।

ਇਸ 'ਟੇਸ਼ਨ ਦਾ ਕਮਾਲ ਇਹ ਹੈ ਕਿ ਹਰ ਰੋਜ਼ ਸਫ਼ਰ ਕਰਨ ਵਾਲੇ ਨੂੰ ਮੰਜ਼ਲ ਕਦੀ ਵੀ ਨਹੀਂ ਮਿਲਦੀ ਤੇ ਭਉਂ ਚਉਂ ਕੇ ਹਰ ਸ਼ਾਮ ਗਲਾਸੀ ਜੰਕਸ਼ਨ ਦੀ ਖਿੜਕੀ ਵਿਚ ਹੀ ਗਲਾਸ ਫੜ ਕੇ ਟਿਕਟ ਮੰਗ ਰਿਹਾ ਹੁੰਦਾ ਹੈ। ਮੇਰੀ ਜਾਤ ਨੂੰ ਨੇੜਿਉਂ ਜਾਣਨ ਵਾਲੇ ਜਾਣਦੇ ਹੀ ਹੋਣਗੇ ਕਿ ਸੱਚ ਦੀ ਅਦਾਲਤ ਵਿਚ ਮੈਂ ਅਪਣੇ ਆਪ ਨੂੰ ਵੀ ਕਦੀ ਮੁਆਫ਼ ਨਹੀਂ ਕੀਤਾ, ਨਾ ਹੀ ਰੱਬ ਦੀ ਬਜਾਏ ਕਿਸੇ ਧਰਮ ਕੋਲੋਂ ਡਰ ਕੇ, ਅਪਣੇ ਗਲਾਸ ਵਿਚ ਪਏ ਦਾਰੂ ਨੂੰ ਕਦੀ ਕੋਕਾ ਕੋਲਾ ਆਖ ਕੇ ਸਚਾਈ ਦਾ ਮੂੰਹ ਕਾਲਾ ਕੀਤਾ ਹੈ।

ਮੈਨੂੰ ਪਤਾ ਹੈ ਕਿ ਮੇਰੇ ਬਹੁਤ ਸਾਰੇ ਧਰਮੀ ਵੀਰ ਇਸ ਜੰਕਸ਼ਨ 'ਚੋਂ ਮੂੰਹ ਉਪਰ ਮਫ਼ਲਰ ਦੀ ਬੁੱਕਲ ਮਾਰ ਕੇ ਨਿਕਲਦੇ ਹਨ... ਵਿਚਾਰੇ ਬੁੱਕਲ 'ਚ ਮੂੰਹ ਨਹੀਂ ਪਾਉਂਦੇ।ਸੋ ਮੈਂ ਪੁਲ ਦੀ ਉਤਰਾਈ ਉਤਰ ਰਿਹਾ ਸਾਂ ਕਿ ਹਵਾ ਦੇ ਘੋੜੇ ਚੜ੍ਹਨ ਲਈ ਗਲਾਸੀ ਜੰਕਸ਼ਨ ਵਿਚ ਵੜ ਗਿਆ। ਬੜੀ ਭੀੜ ਅਤੇ ਬੜੀਆਂ ਰੌਣਕਾਂ ਸਨ। ਅਖੇ, ''ਰਿੰਦਾਂ ਤੋਂ ਪੁਛੋ ਜ਼ਿੰਦਗੀ ਸ਼ਰਾਬਖ਼ਾਨੇ ਦੀ ਗ਼ਮ ਦੇ ਹਜੂਮ ਆਏ ਤੇ ਸ਼ਰਮਾ ਕੇ ਚਲੇ ਗਏ।''  (ਚਲਦਾ )

-43 ਆਕਲੈਂਡ ਰੋਡ, 
ਲੰਡਨ-ਈ 15-2ਏਐਨ,  
ਫ਼ੋਨ : 0208-519 21 39