ਕੀ ਚੀਨ ਭਰੋਸੇਮੰਦ ਦੋਸਤ ਸਾਬਤ ਹੋਵੇਗਾ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪ੍ਰ ਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲ ਹੀ ਵਿਚ ਹੋਈ ਚੀਨ ਯਾਤਰਾ ਤੋਂ ਬਾਅਦ ਮੀਡੀਆ ਵਿਚ ਅਜਿਹੀਆਂ ਖ਼ਬਰਾਂ ਆਈਆਂ ਜਿਵੇਂ ਚੀਨ ਅਤੇ ਭਾਰਤ ਦੇ ਰਿਸ਼ਤੇ ਬਹੁਤ...

Narendra Modi & Jin Ping

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲ ਹੀ ਵਿਚ ਹੋਈ ਚੀਨ ਯਾਤਰਾ ਤੋਂ ਬਾਅਦ ਮੀਡੀਆ ਵਿਚ ਅਜਿਹੀਆਂ ਖ਼ਬਰਾਂ ਆਈਆਂ ਜਿਵੇਂ ਚੀਨ ਅਤੇ ਭਾਰਤ ਦੇ ਰਿਸ਼ਤੇ ਬਹੁਤ ਸੁਖਾਂਵੇਂ ਅਤੇ ਪੱਕੇ ਹੋ ਗਏ ਹੋਣ। ਪ੍ਰਧਾਨ ਮੰਤਰੀ ਦੀ ਚੌਥੀ ਚੀਨ ਯਾਤਰਾ ਵਿਚ ਜਿਸ ਗਰਮਜੋਸ਼ੀ ਨਾਲ ਉਨ੍ਹਾਂ ਦਾ ਆਦਰ ਸਤਿਕਾਰ ਕੀਤਾ ਗਿਆ, ਉਸ ਤੋਂ ਦੇਸ਼ਵਾਸੀ ਹੈਰਾਨ ਹਨ। ਜ਼ੀ ਜਿਨਪਿੰਗ ਨੇ ਗਰਮਜੋਸ਼ੀ ਨਾਲ ਆਮ ਪ੍ਰੋਟੋਕੋਲ ਛੱਡ ਕੇ ਮੋਦੀ ਦਾ ਸਵਾਗਤ ਕਰਦੇ ਹੋਏ ਜਿਸ ਤਰ੍ਹਾਂ ਨਾਲ ਦੋਸਤੀ ਦੀਆਂ ਸਹੁੰਆਂ ਖਾਧੀਆਂ ਅਤੇ ਭਾਰਤ ਦਾ ਗੁਣਗਾਣ ਕੀਤਾ, ਉਹ ਹਾਲੀਆ ਅਤੀਤ ਵਿਚ ਉਨ੍ਹਾਂ ਦੇ ਅਪਣੇ ਅਤੇ ਚੀਨੀ ਸਫ਼ੀਰਾਂ ਦੇ ਬਿਆਨਾਂ ਤੋਂ ਬਿਲਕੁਲ ਉਲਟ ਹੈ।

 ਖ਼ਬਰਾਂ ਅਤੇ ਸਰਕਾਰੀ ਤੰਤਰ ਰਾਹੀਂ ਦੇਸ਼ ਭਰ ਵਿਚ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਚੀਨ ਹੁਣ ਸਾਡਾ ਸੱਭ ਤੋਂ ਵੱਡਾ ਦੋਸਤ ਹੈ। ਪਰ ਸੱਚਾਈ ਇਹ ਨਹੀਂ ਹੈ, ਸਗੋਂ ਇਹ ਤਸਵੀਰ ਦਾ ਸਿਰਫ਼ ਇਕ ਪਹਿਲੂ ਹੈ। ਇਤਿਹਾਸ ਗਵਾਹ ਹੈ ਕਿ ਚੀਨ ਨੇ ਸਾਡੇ ਨਾਲ ਮਿੱਤਰਤਾ ਨਾਲੋਂ ਜ਼ਿਆਦਾ ਦੁਸ਼ਮਣੀ ਨਿਭਾਈ ਹੈ। ਅਜਿਹੇ ਵਿਚ ਪ੍ਰਧਾਨ ਮੰਤਰੀ ਦੀ ਹਾਲੀਆ ਯਾਤਰਾ ਤੋਂ ਕਿਸੇ ਤਰ੍ਹਾਂ ਦੀ ਖ਼ੁਸ਼ਫ਼ਹਿਮੀ ਪਾਲਣ ਦੀ ਕੋਈ ਜ਼ਰੂਰਤ ਨਹੀਂ। ਭਾਰਤ ਅਤੇ ਚੀਨ ਵਿਚਕਾਰ ਪਿਛਲੇ ਕਾਫ਼ੀ ਸਮੇਂ ਤੋਂ ਤਣਾਅਪੂਰਨ ਰਿਸ਼ਤੇ ਜਾਰੀ ਹਨ। ਡੋਕਲਾਮ ਵਿਵਾਦ ਵਿਚ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਦੇ ਆਹਮੋ-ਸਾਹਮਣੇ ਆ ਕੇ ਖੜੇ ਹੋਣਾ ਕੋਈ ਮਾਮੂਲੀ ਗੱਲ ਨਹੀਂ ਸੀ।

ਕਈ ਵਾਰ ਤਾਂ ਅਜਿਹਾ ਮਹਿਸੂਸ ਹੋਇਆ ਕਿ ਹੁਣੇ ਜੰਗ ਛਿੜ ਜਾਵੇਗੀ। ਪ੍ਰਮਾਤਮਾ ਦੀ ਕ੍ਰਿਪਾ ਨਾਲ ਅਜਿਹੀ ਨੌਬਤ ਨਹੀਂ ਆਈ। ਪਰ ਚੀਨ ਵਲੋਂ ਉਸ ਪਾਰ ਸੜਕ ਬਣਾਉਣ ਦਾ ਕੰਮ ਜਾਰੀ ਹੈ ਅਤੇ ਹੁਣ ਵੀ ਉਸ ਨੇ ਡੋਕਲਾਮ ਦੇ ਇਕ ਵੱਡੇ ਹਿੱਸੇ ਉਤੇ ਕਬਜ਼ਾ ਜਮਾਉਣ ਦੇ ਮਨਸੂਬੇ ਪਾਲੇ ਹੋਏ ਹਨ। ਪਾਕਿਸਤਾਨ ਸਮੇਤ  ਦਖਣੀ ਏਸ਼ੀਆ ਦੇ ਹੋਰ ਦੇਸ਼ਾਂ ਅਤੇ ਹਿੰਦ ਮਹਾਂਸਾਗਰ ਵਿਚ ਚੀਨੀ ਅਸਰ ਦੇ ਹਮਲਾਵਰ ਵਿਸਤਾਰ ਭਾਰਤੀ ਹਿਤ ਲਈ ਨੁਕਸਾਨਦੇਹ ਹਨ।

ਭਾਰਤ ਨੇ ਸਮੇਂ-ਸਮੇਂ ਤੇ ਚੀਨ ਨੂੰ ਵੀ ਅਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਹੈ। ਇਹ ਭਾਰਤੀ ਕੂਟਨੀਤੀ ਅਤੇ ਉਸ ਦੇ ਸੰਜਮ ਦਾ ਨਤੀਜਾ ਹੈ ਕਿ ਚੀਨ ਵੀ ਆਪਸੀ ਤਣਾਅ ਨੂੰ ਵਧਾਉਣ ਦੀ ਚਾਲ ਨੂੰ ਸਮਝ ਗਿਆ ਹੈ।ਇਹ ਚੰਗੀ ਗੱਲ ਹੈ ਕਿ ਚੀਨ ਇਸ ਵਾਰ ਭਾਰਤ ਨੂੰ ਪਾਕਿਸਤਾਨ ਦੇ ਨਜ਼ਰੀਏ ਨਾਲ ਨਹੀਂ ਵੇਖ ਰਿਹਾ। ਦੂਜਾ, ਅਸੀ ਡੋਕਲਾਮ ਵਿਚ ਪੈਦਾ ਹੋਏ ਹਾਲਾਤ ਤੋਂ ਮੁਕਤ ਹੋ ਕੇ ਅੱਗੇ ਵਧਣ ਦੀ ਦਿਸ਼ਾ ਵਿਚ ਜਾ ਰਹੇ ਹਾਂ।

ਭਾਵੇਂ ਭਾਰਤ ਅਤੇ ਚੀਨ ਤਮਾਮ ਆਧੁਨਿਕ ਹਥਿਆਰਾਂ ਨਾਲ ਲੈਸ ਪ੍ਰਮਾਣੂ ਸ਼ਕਤੀਆਂ ਹਨ, ਪਰ ਜੋ ਗੱਲ ਸਭਿਅਕ ਤਰੀਕੇ ਨਾਲ ਬੈਠ ਕੇ ਹੱਲ ਹੋ ਸਕਦੀ ਹੈ, ਜ਼ਰੂਰੀ ਨਹੀਂ ਕਿ ਉਸ ਲਈ ਹਥਿਆਰਾਂ  ਦਾ ਸਹਾਰਾ ਲਿਆ ਜਾਵੇ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਚੀਨ ਦੇ ਹਾਲੀਆ ਰਵਈਏ ਵਿਚ ਬਦਲਾਅ ਅਮਰੀਕਾ ਦੀਆਂ ਆਰਥਕ ਨੀਤੀਆਂ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਉਤੇ ਰਾਸ਼ਟਰਵਾਦੀ ਸੋਚ ਹਾਵੀ  ਹੋਣ ਦੇ ਚਲਦਿਆਂ ਹੀ ਆਇਆ ਹੈ, ਜਿਸ ਦੇ ਚਲਦਿਆਂ ਚੀਨ ਨੂੰ ਭਾਰਤ ਦੀ ਉਭਰਦੀ ਅਰਥਵਿਵਸਥਾ ਇਕ ਸਹਾਰਾ ਦੇ ਸਕਦੀ ਹੈ।

ਵੈਸੇ ਵੀ ਬਦਲਦੇ ਸਮੀਕਰਨਾਂ ਵਿਚ ਕਈ ਅਰਥਾਂ ਵਿਚ ਚੀਨ ਨਾਲ ਚੰਗੇ ਰਿਸ਼ਤੇ ਬਣਾਉਣਾ ਭਾਰਤ ਦੇ ਹਿਤ ਵਿਚ ਹੀ ਹੈ।ਭਾਰਤੀ ਪ੍ਰਧਾਨ ਮੰਤਰੀ ਦੀ ਚੀਨ ਯਾਤਰਾ ਜਿਸ ਮਾਹੌਲ ਵਿਚ ਸ਼ੁਰੂ ਹੋਈ ਉਸ ਨੂੰ ਕੂਟਨੀਤਕ ਪੱਖੋਂ ਸਹੀ ਨਹੀਂ ਮੰਨਿਆ ਜਾ ਰਿਹਾ ਸੀ। ਵਿਦੇਸ਼ ਨੀਤੀ ਦੇ ਕਈ ਜਾਣਕਾਰਾਂ ਮੁਤਾਬਕ ਚੀਨ ਅਤੇ ਅਮਰੀਕਾ ਵਿਚਕਾਰ ਆਰਥਕ ਮਾਮਲਿਆਂ ਨੂੰ ਲੈ ਕੇ ਪੈਦਾ ਹੋਏ ਜ਼ਬਰਦਸਤ ਤਣਾਅ ਕਾਰਨ ਵੀ ਹਾਲਾਤ ਸਹੀ ਨਹੀਂ ਲੱਗ ਰਹੇ ਸਨ।

ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਯੋਂਗ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਕ-ਦੂਜੇ ਨੂੰ ਘੁਰਕੀ ਵੱਟਣ ਦਾ ਕੋਈ ਮੌਕਾ ਨਹੀਂ ਛੱਡ ਰਹੇ ਸਨ। ਭਾਰਤ ਕਿਉਂਕਿ ਅਮਰੀਕਾ ਦੇ ਕਾਫ਼ੀ ਕਰੀਬ ਮੰਨਿਆ ਜਾਂਦਾ ਹੈ, ਇਸ ਲਈ ਵੀ ਚੀਨ ਮਨ ਹੀ ਮਨ ਗੁੱਸਾ ਖਾਈ ਬੈਠਾ ਸੀ। ਜਾਪਾਨ ਨਾਲ ਵੀ ਉਸ ਦਾ ਝਗੜਾ ਜਾਰੀ ਹੈ ਜਿਸ ਨਾਲ ਮੋਦੀ ਨੇ ਕਾਫ਼ੀ ਦੋਸਤਾਨਾ ਬਣਾ ਲਿਆ ਹੈ। ਰਾਸ਼ਟਰਪਤੀ ਜਿਨਪਿੰਗ ਦੀ 'ਵਨ ਰੋਡ ਵਨ ਬੈਲਟ' ਯੋਜਨਾ ਤੋਂ ਦੂਰੀ ਬਣਾ ਕੇ ਵੀ ਭਾਰਤ ਨੇ ਚੀਨ ਨੂੰ ਖਿਝਾਉਣ ਦੀ ਜੋ ਹਿੰਮਤ ਵਿਖਾਈ ਉਸ ਕਾਰਨ ਹੀ ਬਾਕੀ ਦੇ ਤਣਾਅ ਪੈਦਾ ਹੋਏ।

ਅਰੁਣਾਂਚਲ ਅਤੇ ਤਿੱਬਤ ਦੇ ਧਾਰਮਕ ਆਗੂ ਦਲਾਈ ਲਾਮਾ ਨੂੰ ਲੈ ਕੇ ਵੀ ਬੀਜਿੰਗ ਵਿਚ ਬੈਠੇ ਹੁਕਮਾਰਨ ਭਾਰਤ ਪ੍ਰਤੀ ਅਪਣੀ ਨਾਰਾਜ਼ਗੀ ਜ਼ਾਹਰ ਕਰਦੇ ਰਹੇ ਹਨ।ਇਹ ਵੀ ਹਕੀਕਤ ਹੈ ਕਿ ਭਾਰਤ ਨੇ ਦਲਾਈ ਲਾਮਾ ਦੇ ਭਾਰਤ ਆਉਣ ਦੇ 60 ਸਾਲ ਪੂਰੇ ਹੋ ਜਾਣ ਮੌਕੇ ਕੀਤੇ ਗਏ ਪ੍ਰੋਗਰਾਮਾਂ ਨੂੰ ਤਰਜੀਹ ਨਹੀਂ ਦਿਤੀ ਅਤੇ ਚੀਨ ਨੂੰ ਬਿਹਤਰ ਰਿਸ਼ਤੇ ਬਣਾਉਣ ਦੀ ਦਿਸ਼ਾ ਵਿਚ ਸਾਕਾਰਾਤਾਮਕ ਸੰਕੇਤ ਦਿਤਾ। ਦੋਵੇਂ ਦੇਸ਼ ਦੁਨੀਆਂ ਦੇ ਪੁਰਾਣੇ ਸਭਿਆਚਾਰਕ ਵਿਰਾਸਤ ਵਾਲੇ ਜ਼ਿੰਮੇਵਾਰ ਦੇਸ਼ ਹਨ ਅਤੇ ਮਿਲ-ਬੈਠ ਕੇ ਅੱਗੇ ਵਧਣ ਦੀ ਕੋਸ਼ਿਸ਼ ਦੋਹਾਂ ਦੇਸ਼ਾਂ ਲਈ ਫ਼ਾਇਦੇਮੰਦ ਹੈ।

ਵੈਸੇ ਵੀ ਅੱਜ ਚੀਨ ਦੀ ਸਿਆਸਤ ਵਿਚ ਜਿਨਪਿੰਗ, ਮਾਉ ਤਸੇ ਤੁੰਗ ਤੋਂ ਬਾਅਦ ਸੱਭ ਤੋਂ ਸ਼ਕਤੀਸ਼ਾਲੀ ਰਾਜਨੇਤਾ ਹੈ। ਅਜਿਹੇ ਵਿਚ ਦੋਹਾਂ ਨੇਤਾਵਾਂ ਦੀ ਬਿਹਤਰ ਰਿਸ਼ਤਿਆਂ ਦੀ ਪਹਿਲ ਦੇ ਸਿੱਟੇ ਭਵਿੱਖ ਵਿਚ ਹੀ ਨਿਕਲਣਗੇ। ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਸ ਗੱਲਬਾਤ ਦੇ ਕਿੰਨੇ ਠੋਸ ਨਤੀਜੇ ਸਾਹਮਣੇ ਆ ਸਕਦੇ ਹਨ, ਪਰ ਆਏ ਦਿਨ ਸਰਹੱਦ ਉਤੇ ਉਭਰ ਰਹੇ ਤਣਾਅ ਨੂੰ ਜ਼ਰੂਰ ਟਾਲਿਆ ਜਾਣਾ ਚਾਹੀਦਾ ਹੈ। ਇਹ ਇਸ ਲਈ ਵੀ ਜ਼ਰੂਰੀ ਹੈ ਕਿ ਅਗਲੇ ਸਾਲ ਜਦੋਂ ਦੇਸ਼ ਆਮ ਚੋਣਾਂ ਵਿਚ ਰੁਝਿਆ ਹੋਵੇ ਤਾਂ ਸਰਹੱਦਾਂ ਉਤੇ ਸ਼ਾਂਤੀ ਬਣੀ ਰਹੇ।

ਉਮੀਦ ਹੈ ਕਿ ਇਸ ਗੱਲਬਾਤ ਤੋਂ ਬਾਅਦ ਦੋਹਾਂ ਦੇਸ਼ਾਂ ਵਿਚ ਵਪਾਰ ਦਾ ਅਸੰਤੁਲਨ ਦੂਰ ਹੋਵੇਗਾ ਅਤੇ ਬਿਹਤਰ ਰਿਸ਼ਤਿਆਂ ਲਈ ਜ਼ਮੀਨ ਤਿਆਰ ਹੋਵੇਗੀ। ਚੀਨ ਨੇ ਦੁਵੱਲੇ ਸਹਿਯੋਗ ਦੇ ਸਾਰੇ ਵਿਸ਼ੇ ਇਸ ਦੌਰਾਨ ਚੁਕਦੇ ਹੋਏ ਭਾਰਤ ਨਾਲ ਮਿਲ ਕੇ ਵਿਸ਼ਵ ਰੰਗਮੰਚ ਉਤੇ ਸਾਂਝਾ ਰੋਲ ਅਦਾ ਕਰਨ ਦੀ ਜੋ ਗੱਲ ਕਹੀ ਉਹ ਸੁਣਨ ਵਿਚ ਤਾਂ ਚੰਗੀ ਲਗਦੀ ਹੈ। ਪਰ ਦੋਹਾਂ ਦੇਸ਼ਾਂ ਵਿਚ ਵਿਵਾਦਾਂ ਦੇ ਜੋ ਮੁੱਖ ਕਾਰਨ  ਹਨ, ਉਨ੍ਹਾਂ ਉਤੇ ਜਿਨਪਿੰਗ ਨੇ ਨਾ ਤਾਂ ਕੋਈ ਖ਼ਾਸ ਦਿਲਾਸਾ ਦਿਤਾ ਅਤੇ ਨਾ ਹੀ ਅਪਣੀ ਨੀਤੀ ਉਤੇ ਕੋਈ ਬਦਲਾਅ ਦੇ ਸੰਕੇਤ ਦਿਤੇ ਹਨ।

ਇਨ੍ਹਾਂ ਵਿਚ ਪਹਿਲਾ ਸਰਹੱਦੀ ਵਿਵਾਦ ਅਤੇ ਦੂਜਾ  ਪਾਕਿਸਤਾਨ ਨੂੰ ਬੀਜਿੰਗ ਦਾ ਸਥਾਈ ਸਮਰਥਨ, ਜਦੋਂ ਤਕ ਇਹ ਦੋਵੇਂ ਮੁੱਦੇ ਨਹੀਂ ਸੁਲਝਦੇ ਉਦੋਂ ਤਕ  ਚੀਨ ਨਾਲ ਭਾਵੇਂ ਕਿੰਨੀ ਵੀ ਚੰਗੀ ਗੱਲਬਾਤ ਹੋਵੇ, ਉਸ ਦਾ ਰੱਤੀ ਭਰ ਵੀ ਫ਼ਾਇਦਾ ਨਹੀਂ ਹੋਣ ਵਾਲਾ। ਉਨ੍ਹਾਂ ਦੀ ਹਾਲੀਆ ਯੂਰੋਪ ਯਾਤਰਾ ਵੀ ਕਾਫ਼ੀ ਸਫ਼ਲ ਦੱਸੀ ਜਾ ਰਹੀ ਹੈ। ਸਾਰੀਆਂ ਵਿਸ਼ਵ ਸ਼ਕਤੀਆਂ ਨਾਲ ਜਿਸ ਆਤਮਵਿਸ਼ਵਾਸ ਨਾਲ ਗੱਲ ਕਰਦੇ ਹਨ, ਉਸ ਨਾਲ ਉਨ੍ਹਾਂ ਦਾ ਅਤੇ ਭਾਰਤ ਦੋਹਾਂ ਦਾ ਅਕਸ ਬਹੁਤ ਚੰਗਾ ਬਣ ਸਕਦਾ ਹੈ। ਪਰ ਚੀਨ ਸੱਭ ਤੋਂ ਅਲੱਗ ਹੀ ਨਹੀਂ ਸਗੋਂ ਦੁਸ਼ਟ ਅਤੇ ਕਪਟੀ ਵੀ ਹੈ।

ਭਾਰਤ-ਚੀਨ ਵਿਚਕਾਰ ਵਿਵਾਦ ਵੀ ਅਜਿਹੇ ਹੀ ਹਨ, ਪਰ ਮੋਦੀ-ਜਿਨਪਿੰਗ ਨੇ ਸਿਧਾਂਤਕ ਰੂਪ ਵਿਚ ਤੈਅ ਕੀਤਾ ਹੈ ਕਿ ਸਰਹੱਦਾਂ ਉਤੇ ਸ਼ਾਂਤੀ ਰੱਖੀ ਜਾਵੇਗੀ ਅਤੇ ਸਥਿਰਤਾ ਬਰਕਰਾਰ ਰਹੇਗੀ। ਬੇਸ਼ੱਕ ਇਹ ਸਿਖਰ-ਸੰਵਾਦ ਗ਼ੈਰਰਸਮੀ ਸੀ। ਕੋਈ ਸਾਂਝਾ ਬਿਆਨ ਜਾਰੀ ਨਹੀਂ ਕੀਤਾ ਗਿਆ, ਕਿਸੇ ਲਿਖਤੀ ਸਮਝੌਤੇ ਉਤੇ ਹਸਤਾਖ਼ਰ ਨਹੀਂ ਕੀਤੇ ਗਏ, ਇਹ ਸਿਰਫ਼ ਆਪਸੀ ਭਰੋਸੇ  ਵਾਲੀ ਮਿਲਣੀ ਸੀ।

ਸਿਰਫ਼ ਇਹੀ ਨਹੀਂ, ਵਪਾਰ, ਖੇਤੀ, ਸੈਰ-ਸਪਾਟਾ, ਊਰਜਾ, ਤਕਨੀਕ  ਆਦਿ ਪਹਿਲੂਆਂ ਤੇ  ਵੀ ਵਿਚਾਰ ਕੀਤੇ ਗਏ। ਬੇਸ਼ੱਕ ਦੁਨੀਆਂ ਦੀ 40 ਫ਼ੀ ਸਦੀ ਤੋਂ ਜ਼ਿਆਦਾ ਆਬਾਦੀ ਦੋਹਾਂ ਦੇਸ਼ਾਂ ਵਿਚ ਰਹਿੰਦੀ ਹੈ, ਦੋਹਾਂ ਦੇਸ਼ਾਂ ਦੀ ਜੀ.ਡੀ.ਪੀ. ਦੁਨੀਆਂ ਦੀ ਕਰੀਬ 15 ਫ਼ੀ ਸਦੀ ਹੈ। ਜੇਕਰ ਦੋਵੇਂ ਦੇਸ਼ ਮਿਲ ਕੇ ਕੰਮ ਕਰਨ, ਤਾਂ 21ਵੀਂ ਸਦੀ ਏਸ਼ੀਆ ਦੀ ਹੀ ਹੋਵੇਗੀ। ਦੋਹਾਂ ਨੇਤਾਵਾਂ ਨੇ ਅਜਿਹੀ ਇੱਛਾ ਜ਼ਰੂਰ ਜ਼ਾਹਰ ਕੀਤੀ ਹੈ।

ਇਸ ਵਿਚ ਕੋਈ ਦੋ ਰਾਏ ਨਹੀਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨ ਯਾਤਰਾ ਨਾਲ ਦੋਹਾਂ ਦੇਸ਼ਾਂ ਦੇ ਆਪਸੀ ਰਿਸ਼ਤੇ ਅੱਗੇ ਵਧਣਗੇ ਅਤੇ ਉਨ੍ਹਾਂ ਵਿਚ ਮਜ਼ਬੂਤੀ ਆਵੇਗੀ, ਪਰ ਇਤਿਹਾਸ ਤੋਂ ਸਬਕ ਲੈਣ ਦੀ ਜ਼ਰੂਰਤ ਹੈ। ਸਾਲ 1954 ਵਿਚ ਵੀ ਇਹੀ ਕੋਸ਼ਿਸ਼ ਪ੍ਰਧਾਨ ਮੰਤਰੀ ਨਹਿਰੂ ਅਤੇ ਚੀਨੀ ਪ੍ਰਧਾਨ ਮੰਤਰੀ ਵਲੋਂ ਕੀਤੀ ਗਈ ਸੀ, ਪਰ ਇਸ ਦਾ ਕੋਈ ਖ਼ਾਸ ਫ਼ਾਇਦਾ ਜਾਂ ਅਸਰ ਨਹੀਂ ਨਜ਼ਰ ਆਇਆ ਸਗੋਂ ਸਾਲ 1961 ਵਿਚ ਜੰਗ ਹੀ ਛਿੜ ਗਈ। ਖ਼ੈਰ, ਇਸ ਤੋਂ ਬਾਅਦ ਰਿਸ਼ਤਿਆਂ ਵਿਚ ਕੁੜੱਤਣ ਅਤੇ ਮਿਠਾਸ ਦਾ ਸਿਲਸਿਲਾ ਲੰਮੇ ਸਮੇਂ ਤਕ ਚਲਦਾ ਆ ਰਿਹਾ ਹੈ।

2017 ਵਿਚ ਗੁਜਰਾਤ ਵਿਚ ਸਾਬਰਮਤੀ ਦੇ ਸਭਿਆਚਾਰਕ ਪ੍ਰੋਗਰਾਮ ਵਿਚ ਚੀਨੀ ਰਾਸ਼ਟਰਪਤੀ ਜਿਨਪਿੰਗ ਆਏ ਸਨ, ਪਰ ਉਸ ਦਾ ਵੀ ਕੋਈ ਖ਼ਾਸ ਫ਼ਾਇਦਾ ਨਹੀਂ ਹੋਇਆ। ਚੀਨ-ਭਾਰਤ ਦਾ ਡੋਕਲਾਮ ਵਿਵਾਦ, ਅਰੁਣਾਂਚਲ ਪ੍ਰਦੇਸ਼ ਦੇ ਸਰਹੱਦੀ ਖੇਤਰਾਂ ਵਿਚ ਵੀ ਕਈ ਵਿਵਾਦ ਵਧਦੇ ਜਾ ਰਹੇ ਹਨ। ਹੁਣ ਇਸ ਯਾਤਰਾ ਨਾਲ ਸਾਨੂੰ ਪੁਰਾਣੀਆਂ ਗ਼ਲਤੀਆਂ ਤੋਂ ਸਬਕ ਲੈਂਦੇ ਹੋਏ ਰਿਸ਼ਤਿਆਂ ਨੂੰ ਨਵੀਂ ਮੰਜ਼ਿਲ ਉਤੇ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਇਤਿਹਾਸ ਵੇਖਦੇ ਹੋਏ ਮੋਦੀ ਨੂੰ ਬੀਜਿੰਗ ਵਿਚ ਮਿਲੇ ਸਵਾਗਤ ਤੋਂ ਕਿਸੇ ਖ਼ੁਸ਼ਫ਼ਹਿਮੀ ਵਿਚ ਨਹੀਂ ਆਉਣਾ ਚਾਹੀਦਾ ਕਿਉਂਕਿ ਧੋਖੇਬਾਜ਼ੀ ਚੀਨ ਦੇ ਡੀ.ਐਨ.ਏ. ਵਿਚ ਹੈ ਅਤੇ ਉਸ ਦੀ ਵਿਦੇਸ਼ ਨੀਤੀ ਵਿਚ ਭਲਮਾਣਸੀ ਦੀ ਸਖ਼ਤ ਕਮੀ ਹੈ। ਜਿਨਪਿੰਗ ਭਾਵੇਂ ਹੀ ਉਪਰ ਤੋਂ  ਕਿੰਨੇ ਵੀ ਆਧੁਨਿਕ ਅਤੇ ਹਸਮੁਖ ਵਿਖਾਈ ਦਿੰਦੇ ਹੋਣ ਪਰ ਉਨ੍ਹਾਂ ਦਾ ਦਿਲ ਵੀ ਮਾਉ ਯੁੱਗ ਦੀ ਕੁੜੱਤਣ ਨਾਲ ਭਰਿਆ ਹੋਇਆ ਹੈ। ਜੇਕਰ ਨਰਿੰਦਰ ਮੋਦੀ ਇਸ ਨੂੰ ਨਹੀਂ ਸਮਝਦੇ ਤਾਂ ਫਿਰ ਉਨ੍ਹਾਂ ਨੂੰ ਵੀ ਪਛਤਾਵਾ ਝਲਣਾ ਪਵੇਗਾ। 

-ਸਾਬਕਾ ਡੀ ਓ, 174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ, ਬਠਿੰਡਾ
ਈ-ਮੇਲ : harpreet9936@gmail.com