ਜੇਕਰ ਚੁੱਪ ਰਹਿ ਕੇ ਸਰਦਾ ਹੋਵੇ..

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਾਡੀ ਹਊਮੈ ਨੇ ਸਾਡੀ ਸਹਿਣਸ਼ਕਤੀ ਦੇ ਸੈੱਲ ਕਮਜ਼ੋਰ ਕਰ ਦਿਤੇ ਹਨ। ਛੋਟੇ-ਛੋਟੇ ਮੁੱਦਿਆਂ ਨੂੰ ਲੈ ਕੇ ਅਸੀ ਸਿੰਙ ਭਿੜਨ ਲਈ ਤਿਆਰ ਹੋ ਜਾਂਦੇ ਹਾਂ। ਅਸੀ ਆਪ ਦੂਜਿਆਂ...

Angry Boy

ਸਾਡੀ ਹਊਮੈ ਨੇ ਸਾਡੀ ਸਹਿਣਸ਼ਕਤੀ ਦੇ ਸੈੱਲ ਕਮਜ਼ੋਰ ਕਰ ਦਿਤੇ ਹਨ। ਛੋਟੇ-ਛੋਟੇ ਮੁੱਦਿਆਂ ਨੂੰ ਲੈ ਕੇ ਅਸੀ ਸਿੰਙ ਭਿੜਨ ਲਈ ਤਿਆਰ ਹੋ ਜਾਂਦੇ ਹਾਂ। ਅਸੀ ਆਪ ਦੂਜਿਆਂ ਬਾਰੇ ਜੋ ਮਰਜ਼ੀ ਕਹਿ ਲਈਏ ਪਰ ਜੇਕਰ ਕੋਈ ਸਾਨੂੰ ਰਤਾ ਮਾਸਾ ਵੀ ਕਹਿ ਦੇਵੇ ਤਾਂ ਸਾਨੂੰ ਉਦੋਂ ਤਕ ਚੈਨ ਨਹੀਂ ਆਉਂਦੀ, ਜਦੋਂ ਤਕ ਅਸੀ ਉਸ ਨੂੰ ਇਕ ਦੀਆਂ ਚਾਰ ਨਾ ਸੁਣਾ ਦੇਈਏ। ਗੱਲ ਵਧਦੀ-ਵਧਦੀ ਬਹੁਤ ਵੱਧ ਜਾਂਦੀ ਹੈ।

ਸਾਡੀ ਆਪਸੀ ਬੋਲਚਾਲ ਖ਼ਤਮ ਹੋ ਜਾਂਦੀ ਹੈ। ਕਈ ਵਾਰ ਤਾਂ ਨੌਬਤ ਤੂੰ-ਤੂੰ, ਮੈਂ-ਮੈਂ, ਪੰਚਾਇਤਾਂ, ਕਚਿਹਰੀਆਂ ਤਕ ਵੀ ਪਹੁੰਚ ਜਾਂਦੀ ਹੈ। ਆਂਢ-ਗੁਆਂਢ, ਜਾਣ ਪਛਾਣ ਦੇ ਲੋਕ ਇਕ ਦੀਆਂ ਤਿੰਨ ਬਣਾ ਕੇ ਉਮਰਾਂ ਤਕ ਬੋਲਚਾਲ ਬੰਦ ਕਰਵਾ ਦਿੰਦੇ ਹਨ। ਸਮਝਦਾਰ ਮਨੁੱਖ ਸਮਾਂ ਲੰਘਾਉਣ ਵਿਚ ਵਿਸ਼ਵਾਸ ਰਖਦੇ ਹਨ। ਅਜਿਹੇ ਮਨੁੱਖ ਉਹ ਗ਼ਲਤੀ ਖ਼ੁਦ ਨਹੀਂ ਕਰਦੇ, ਜਿਹੜੀ ਉਨ੍ਹਾਂ ਵਿਰੁਧ ਬੋਲਣ ਵਾਲੇ ਨੇ ਕੀਤੀ ਹੁੰਦੀ ਹੈ। 

ਬੈਂਕ ਵਿਚ ਇਕ ਵਿਅਕਤੀ ਕਰਜ਼ ਲੈਣ ਲਈ ਆਇਆ ਸੀ। ਉਸ ਨੂੰ ਬੈਂਕ ਦੇ ਚੱਕਰ ਲਗਾਉਂਦਿਆਂ ਕਾਫ਼ੀ ਦਿਨ ਹੋ ਗਏ ਸਨ। ਬੈਂਕ ਮੈਨੇਜਰ ਉਸ ਦਾ ਕਰਜ਼ ਪਾਸ ਨਹੀਂ ਸੀ ਕਰ ਰਿਹਾ। ਇਕ ਦਿਨ ਉਹ ਬੈਂਕ ਮੈਨੇਜਰ ਨਾਲ ਕਾਫ਼ੀ ਔਖਾ ਭਾਰਾ ਹੋ ਗਿਆ। ਉਸ ਨੇ ਉਸ ਦੀ ਸ਼ਾਨ ਵਿਰੁਧ ਕਾਫ਼ੀ ਮੰਦੇ ਸ਼ਬਦ ਵੀ ਬੋਲ ਦਿਤੇ। ਬੈਂਕ ਮੈਨੇਜਰ ਅਪਣੀ ਕੁਰਸੀ ਤੋਂ ਉਠ ਕੇ ਬਾਹਰ ਚਲਾ ਗਿਆ।

ਉਸ ਨੇ ਬੈਂਕ ਤੋਂ ਬਾਹਰ ਖੜੀ ਰੇਹੜੀ ਉਤੇ ਚਾਹ ਪੀਤੀ ਤੇ ਮੁੜ ਅਪਣੀ ਕੁਰਸੀ ਉਤੇ ਆ ਕੇ ਬਹਿ ਗਿਆ। ਉਸ ਨੇ ਕਰਜ਼ ਲੈਣ ਵਾਲੇ ਸੱਜਣ ਨੂੰ ਕਿਹਾ, ''ਭਰਾ ਜੀ, ਆਪ ਜੀ ਨੂੰ ਕਰਜ਼ਾ ਮੈਂ ਨਹੀਂ ਸਗੋਂ ਬੈਂਕ ਨੇ ਦੇਣਾ ਹੈ। ਤੁਸੀ ਜਦੋਂ ਤਕ ਕਰਜ਼ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰੋਗੇ, ਉਦੋਂ ਤਕ ਬੈਂਕ ਤੁਹਾਨੂੰ ਕਰਜ਼ ਨਹੀਂ ਦੇਵੇਗਾ। ਤੁਸੀ ਅਪਣੀ ਗ਼ਲਤੀ ਕਾਰਨ ਹੀ ਬੈਂਕ ਦੇ ਚੱਕਰ ਲਗਾ ਰਹੇ ਹੋ। ਤੁਸੀ ਬੈਂਕ ਦੀਆਂ ਸ਼ਰਤਾਂ ਪੂਰੀਆਂ ਕਰ ਦਿਉ, ਮੈਥੋਂ ਅੱਜ ਹੀ ਚੈੱਕ ਲੈ ਜਾਉ।'' 

ਵਿਅਕਤੀ ਦੇ ਜਾਣ ਤੋਂ ਬਾਅਦ ਮੈਂ ਬੈਂਕ ਮੈਨੇਜਰ ਨੂੰ ਸਵਾਲ ਕੀਤਾ, ''ਮੈਨੇਜਰ ਜੀ, ਇਹ ਗੱਲ ਤਾਂ ਤੁਸੀ ਪਹਿਲਾਂ ਵੀ ਕਹਿ ਸਕਦੇ ਸੀ। ਤੁਸੀ ਬਾਹਰ ਕਿਉਂ ਚਲੇ ਗਏ ਸੀ?'' ਬੈਂਕ ਮੈਨੇਜਰ ਦਾ ਜਵਾਬ ਸੁਣਨ ਵਾਲਾ ਸੀ। ਉਸ ਨੇ ਕਿਹਾ, ''ਸਰ, ਉਸ ਦੇ ਗੁੱਸੇ ਸਾਹਮਣੇ ਮੇਰਾ ਚੁੱਪ ਰਹਿਣਾ ਹੀ ਬਿਹਤਰ ਸੀ। ਜੇਕਰ ਮੈਂ ਬਾਹਰ ਨਾ ਜਾਂਦਾ ਤਾਂ ਸਾਡੀ ਗੱਲ ਵੱਧ ਜਾਣੀ ਸੀ ਜਿਸ ਦਾ ਨਤੀਜਾ ਕੁੱਝ ਵੀ ਹੋ ਸਕਦਾ ਸੀ। ਜਦੋਂ ਵੀ ਮੇਰਾ ਇਹੋ ਜਹੇ ਲੋਕਾਂ ਨਾਲ ਵਾਹ ਪੈਂਦਾ ਹੈ, ਉਦੋਂ ਮੈਂ ਚੁੱਪ ਰਹਿ ਕੇ ਵਕਤ ਲੰਘਾ ਦਿੰਦਾ ਹਾਂ। ਵਕਤ ਟਲ ਜਾਂਦਾ ਹੈ। ਗੱਲ ਆਈ ਗਈ ਹੋ ਜਾਂਦੀ ਹੈ।'' 

ਕਿਸੇ ਦੀ ਜ਼ਿਆਦਤੀ, ਬੇਇਨਸਾਫ਼ੀ, ਹੈਂਕੜਬਾਜ਼ੀ ਅਤੇ ਦੂਸ਼ਣਬਾਜ਼ੀ ਨੂੰ ਕੁੱਝ ਸਮੇਂ ਤਕ ਬਰਦਾਸ਼ਤ ਕਰ ਕੇ ਉਸ ਪ੍ਰਤੀ ਚੁੱਪ ਰਹਿਣ ਵਿਚ ਹੀ ਭਲਾਈ ਹੁੰਦੀ ਹੈ। ਹੋ ਸਕਦੈ ਕਿ ਦੋਸ਼ੀ ਵਿਅਕਤੀ ਨੂੰ ਅਪਣੀ ਗ਼ਲਤੀ ਦਾ ਅਹਿਸਾਸ ਹੋ ਜਾਵੇ। ਉਸ ਦੇ ਵਰਤਾਉ ਵਿਚ ਸਮੇਂ ਨਾਲ ਬਦਲਾਅ ਆ ਜਾਵੇ। ਇਸੇ ਤਰ੍ਹਾਂ ਇਕ ਨੂੰਹ ਨੇ ਅਪਣੀ ਸੱਸ ਦੀ ਸਖ਼ਤੀ ਨੂੰ ਕਾਫ਼ੀ ਸਾਲਾਂ ਤਕ ਸਾਹਿਣ ਕੀਤਾ। ਸਮੇਂ ਨਾਲ ਸੱਸ ਦਾ ਉਸ ਪ੍ਰਤੀ ਵਰਤਾਉ ਬਦਲ ਗਿਆ। ਨੂੰਹ ਦੀ ਚੁੱਪ ਨੇ ਉਸ ਨੂੰ ਸਾਰੇ ਨਗਰ ਵਿਚ ਖ਼ਾਨਦਾਨੀ ਨੂੰਹ ਸਿੱਧ ਕਰ ਦਿਤਾ।

ਸੱਸ ਆਂਢ ਗੁਆਂਢ ਨੂੰ ਕਹਿੰਦੀ ਫਿਰੇ ਕਿ ਅਜਿਹੀ ਨੂੰਹ ਘਰ-ਘਰ ਆਵੇ। ਜੇਕਰ ਨੂੰਹ ਵੀ ਸੱਸ ਦਾ ਮੁਕਾਬਲਾ ਕਰਨ ਲੱਗ ਪੈਂਦੀ ਤਾਂ ਪ੍ਰਵਾਰ ਵਿਚ ਮਹਾਂਭਾਰਤ ਸ਼ੁਰੂ ਹੋ ਜਾਣੀ ਸੀ। ਸਾਊ, ਠੰਢੇ ਸੁਭਾਅ ਵਾਲੇ, ਬੜੇ ਦਿਲ ਵਾਲੇ, ਦੂਰ ਅੰਦੇਸ਼ੀ ਅਤੇ ਗੰਭੀਰ ਸੁਭਾਅ ਵਾਲੇ ਲੋਕ ਕਿਸੇ ਦੀਆਂ ਮੂਰਖਤਾ ਭਰੀਆਂ ਗੱਲਾਂ ਨੂੰ ਮੋੜਵਾਂ ਜਵਾਬ ਨਹੀਂ ਦਿੰਦੇ। ਉਨ੍ਹਾਂ ਨੂੰ ਚੁੱਪ ਰਹਿਣ ਵਿਚ ਹੀ ਅਪਣੀ ਬਿਹਤਰੀ ਲਗਦੀ ਹੈ। 

ਇਕ ਦਰਜਾ ਚਾਰ ਕਰਮਚਾਰੀ ਹਰ ਅਫ਼ਸਰ ਦੇ ਅੱਗੇ ਬੋਲ ਪੈਂਦਾ ਸੀ। ਕੋਈ ਵੀ ਉਸ ਦੇ ਮੂੰਹ ਨਹੀਂ ਸੀ ਲਗਦਾ। ਉਸ ਦਰਜਾ ਚਾਰ ਕਰਮਚਾਰੀ ਨੂੰ ਅਪਣੇ ਬਾਰੇ ਗ਼ਲਤ ਫ਼ਹਿਮੀ ਸੀ ਕਿ ਅਫ਼ਸਰ ਉਸ ਦੇ ਭੈੜੇ ਵਰਤਾਉ ਕਾਰਨ ਉਸ ਤੋਂ ਡਰਦੇ ਹਨ। ਪਰ ਇਕ ਸਮਾਂ ਅਜਿਹਾ ਆਇਆ ਕਿ ਇਕ ਪਹੁੰਚ ਵਾਲੇ ਅਧਿਕਾਰੀ ਨੇ ਉਸ ਦੀ ਬਦਲੀ ਏਨੀ ਦੂਰ ਕਰਵਾਈ ਕਿ ਉਹ ਉੱਚੀ ਬੋਲਣਾ ਹੀ ਭੁੱਲ ਗਿਆ।

ਚੁੱਪ ਦੀ ਅਪਣੀ ਪ੍ਰੀਭਾਸ਼ਾ ਹੁੰਦੀ ਹੈ। ਲੜਾਕਾ ਤੇ ਪੰਗੇਬਾਜ਼ ਵਿਅਕਤੀ ਉੱਚੀ ਉੱਚੀ ਅਤੇ ਬਤਮੀਜ਼ੀ ਨਾਲ ਬੋਲ ਕੇ ਅਪਣਾ ਪ੍ਰਭਾਵ ਗਵਾ ਦਿੰਦਾ ਹੈ। ਪਰ ਚੁੱਪ ਰਹਿ ਕੇ ਬਰਦਾਸ਼ਤ ਕਰਨ ਵਾਲੇ ਲੋਕ ਅਪਣੀ ਫ਼ਰਾਖ਼ਦਿਲੀ ਸਿੱਧ ਕਰ ਦਿੰਦੇ ਹਨ। ਚੁੱਪ ਦੀ ਬਾਦਸ਼ਾਹਤ ਨੂੰ ਸਲਾਮ ਕਰਦੇ ਹਨ। ਉਸ ਦੀ ਦਾਦ ਦਿਤੀ ਜਾਂਦੀ ਹੈ। ਉਸ ਦੀਆਂ ਉਦਾਹਰਣਾਂ ਦਿੰਦੇ ਹਨ। ਮੇਰੇ ਪਿੰਡ ਵਿਚ ਇਕ ਅਜਿਹਾ ਪ੍ਰਵਾਰ ਸੀ ਜਿਸ ਦੇ ਬਜ਼ੁਰਗ ਨੇ ਕਿਸੇ ਨਾਲ ਜ਼ਿੰਦਗੀ ਵਿਚ ਉੱਚੀ ਬੋਲ ਕੇ ਨਹੀਂ ਵੇਖਿਆ ਸੀ। ਲੋਕ ਉਸ ਦੀ ਨਿਮਰਤਾ, ਚੁੱਪ ਅਤੇ ਇਨਸਾਨੀਅਤ ਦੀ ਸ਼ਲਾਘਾ ਕਰਦੇ ਸਨ।

ਪਰ ਉਸ ਦੇ ਪੁੱਤਰਾਂ ਨੇ ਆਂਢ-ਗੁਆਂਢ ਵਿਚ ਕੋਈ ਅਜਿਹਾ ਘਰ ਨਹੀਂ ਛਡਿਆ ਜਿਸ ਨਾਲ ਵਿਗਾੜੀ ਨਾ ਹੋਵੇ। ਪਿੰਡ ਦੇ ਲੋਕ ਉਸ ਬਜ਼ੁਰਗ ਦੀ ਮੌਤ ਤੋਂ ਬਾਅਦ ਵੀ ਇਹ ਕਹਿੰਦੇ ਕਿ ਬਜ਼ੁਰਗ ਤਾਂ ਨਿਰਾ ਦੇਵਤਾ ਸੀ, ਪੁਤਰਾਂ ਨੇ ਤਾਂ ਉਸ ਦਾ ਨਾਂ ਹੀ ਬਦਨਾਮ ਕਰ ਦਿਤੈ। ਸਾਡੇ ਗੁੱਸੇ ਦਾ ਤਾਪਮਾਨ ਵਧਣ ਲਗਿਆਂ ਦੇਰ ਨਹੀਂ ਲਗਦੀ। ਬਦਲਾ ਲੈਣ, ਮੋੜਵਾਂ ਜਵਾਬ ਦੇਣ ਤੇ ਇਕ ਦੀਆਂ ਦੋ ਸੁਣਾਉਣ ਵਿਚ ਲੋਕਾਂ ਦਾ ਵਿਸ਼ਵਾਸ ਵਧਦਾ ਜਾ ਰਿਹਾ ਹੈ।

ਮੈਨੂੰ ਇਕ ਸੂਝਵਾਨ ਵਿਅਕਤੀ ਦੀ ਗੱਲ ਅਕਸਰ ਯਾਦ ਆਉਂਦੀ ਹੈ ਕਿ ਜਿਥੇ ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ, ਉਥੇ ਹੀ ਦੂਜੇ ਪਾਸੇ ਜ਼ਿੰਦਗੀ ਜਿਊਣ ਦੇ ਸਲੀਕੇ ਤੋਂ ਵਿਹੂਣੇ ਹੁੰਦੇ ਜਾ ਰਹੇ ਲੋਕਾਂ ਦੀ ਗਿਣਤੀ ਵਿਚ ਵੀ ਚੌਖਾ ਵਾਧਾ ਹੋਇਆ ਹੈ।
ਸੰਪਰਕ : 98726-27136