ਕਿੱਸੇ ਸਿੱਖਾਂ ਦੇ
ਕਿੱਸੇ ਸਿੱਖਾਂ ਦੇ
ਮੈਂ ਅਤੇ ਮੇਰਾ ਸਾਥੀ ਭਾਈ ਜਗਰੂਪ ਸਿੰਘ ਪਿਛਲੇ ਪੰਜ ਸਾਲ ਤੋਂ ਸਵੇਰੇ-ਸ਼ਾਮ ਇਕੱਠੇ ਸੈਰ ਕਰਨ ਜਾਂਦੇ ਹਾਂ। ਪਿੰਡ ਵਲੋਂ ਵੀ ਅਸੀ ਗਰਾਈਂ ਹਾਂ। ਪਟਿਆਲੇ ਵੀ ਇਕੋ ਕਾਲੋਨੀ ਵਿਚ ਨੇੜੇ ਨੇੜੇ ਰਹਿੰਦੇ ਹਾਂ। ਉਹ ਪੋਸਟ ਗਰੈਜੂਏਟ ਸਮਝਦਾਰ ਪੁਰਖ ਹੈ। ਪਹਿਲੇ ਦਰਜੇ ਦੀ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋਇਆ ਹੈ। ਜਦੋਂ 17-10-2010 ਨੂੰ ਦੋ ਸਿਰਫਿਰੇ ਮੁੰਡੇ ਘਰ ਆ ਕੇ ਮੈਨੂੰ ਸੱਟਾਂ ਮਾਰ ਗਏ ਸਨ, ਉਦੋਂ ਅਖ਼ਬਾਰਾਂ ਵਿਚ ਖ਼ਬਰਾਂ ਛਪਣ ਕਰ ਕੇ ਭਾਈ ਜਗਰੂਪ ਸਿੰਘ ਵੀ ਪਤਾ ਲੈਣ ਘਰ ਆਇਆ।
ਹੌਲੀ ਹੌਲੀ ਨੇੜਤਾ ਵਧਦੀ ਗਈ ਅਤੇ ਲਗਭਗ ਵਿਚਾਰ ਵੀ ਮਿਲਦੇ-ਜੁਲਦੇ ਹੀ ਨਿਕਲੇ। ਇਸ ਤਰ੍ਹਾਂ ਘਰਾਂ ਵਿਚ ਆਉਣਾ-ਜਾਣਾ ਤਾਂ ਸ਼ੁਰੂ ਹੋਇਆ ਹੀ ਸੀ, ਬਲਕਿ ਤਰੀਕਾਂ ਭੁਗਤਣ ਵੀ ਮੇਰੇ ਨਾਲ ਜਗਰੂਪ ਸਿੰਘ ਜਾਣ ਲੱਗ ਪਿਆ। ਹਰ ਰੋਜ਼ ਕੁੱਝ ਨਵੀਆਂ-ਪੁਰਾਣੀਆਂ ਗੱਲਾਂ ਸਾਂਝੀਆਂ ਕਰਦਾ, ਕੁੱਝ ਮੈਂ ਅਪਣੀ ਜ਼ਿੰਦਗੀ ਦੇ ਤਜਰਬੇ ਅਤੇ ਗੁਰਬਾਣੀ ਦੇ ਉਪਦੇਸ਼ ਸਾਂਝੇ ਕਰਦਾ ਰਹਿੰਦਾ। ਸਾਡੇ ਵਰਗੇ ਵਖਰੇ ਸੁਭਾਅ ਵਾਲੇ ਬੰਦਿਆਂ ਨਾਲ ਤਾਂ ਬਹੁਤੀ ਵਾਰੀ ਘਰਦਿਆਂ ਦੀ ਵੀ ਸੁਰ-ਤਾਲ ਨਹੀਂ ਰਲਦੀ, ਬੇਗਾਨਿਆਂ ਨਾਲ ਸਾਂਝ ਬਣਨੀ ਤਾਂ ਬਹੁਤ ਔਖੀ ਗੱਲ ਹੈ।
30 ਅਗੱਸਤ, 2014 ਨੂੰ ਸਵੇਰੇ ਵੇਲੇ ਅਸੀ ਸੈਰ ਕਰਨ ਜਾ ਰਹੇ ਸਾਂ ਕਿ ਦੋ ਸਾਧ ਨਵੇਕਲੇ ਜਹੇ ਅੰਦਾਜ਼ ਵਿਚ ਭੀਖ ਮੰਗਦੇ ਫਿਰ ਰਹੇ ਸਨ। ਗੁਰੂ ਸਾਹਿਬਾਨ ਦੇ ਗੁਰਪੁਰਬ ਵਾਲੇ ਦਿਨਾਂ ਵਿਚ ਇਨ੍ਹਾਂ ਦਾ ਵਾਹਵਾ ਰੋਜ਼ਗਾਰ ਜਿਹਾ ਹੋ ਨਿਬੜਦਾ ਹੈ। ਗੁਰਬਾਣੀ ਦੀ ਕੋਈ ਅਧੂਰੀ ਜਹੀ ਪੰਕਤੀ ਲੈ ਕੇ ਉੱਚੀ-ਉੱਚੀ ਗਾਉਂਦੇ ਹਨ, ਨਾਲ ਢੋਲਕੀ ਜਹੀ ਵਜਾਉਂਦੇ ਹਨ। ਇਕ ਉੱਚੀ ਆਵਾਜ਼ ਕਢਦਾ ਸਿੰਗ ਜਿਹਾ ਜ਼ੋਰ ਨਾਲ ਫੂਕ ਮਾਰ ਕੇ ਵਜਾਉਂਦੇ ਹਨ।
ਇਉਂ ਸਵੇਰੇ ਜਲਦੀ ਸੁੱਤਿਆਂ ਨੂੰ ਉਠਾ ਕੇ, ਬਾਬਾ ਨਾਨਕ ਦੇ ਨਾਂ ਤੇ ਭੀਖ ਮੰਗਦੇ ਹਨ। ਅਸੀ ਇਨ੍ਹਾਂ ਸਾਧਾਂ ਨੂੰ ਰੋਕ ਲਿਆ। ਜੋ ਸਵਾਲ-ਜਵਾਬ ਉਨ੍ਹਾਂ ਨਾਲ ਹੋਏ, ਸੰਖੇਪ ਵਿਚ ਇਉਂ ਹਨ:
ਮੈਂ- ਬਾਬਿਉ, ਵਿਹਲੜਪੁਣਾ ਤਿਆਗੋ, ਕੋਈ ਕੰਮ ਕਰਿਆ ਕਰੋ।
ਸਾਧ- ਕੰਮ ਹੀ ਤਾਂ ਕਰ ਰਹੇ ਹਾਂ। ਲੋਕ ਦਿਨੇ ਕੰਮ ਤੇ ਜਾਂਦੇ ਹਨ। ਅਸੀ ਤਾਂ ਅੰਮ੍ਰਿਤ ਵੇਲੇ ਹੀ ਅਪਣਾ ਕੰਮ ਸ਼ੁਰੂ ਕਰ ਦਿੰਦੇ ਹਾਂ।
ਮੈਂ- ਕੀ ਭੀਖ ਮੰਗਣ ਨੂੰ ਤੁਸੀ ਕੰਮ ਕਹਿੰਦੇ ਹੋ?
ਸਾਧ- ਵੇਖੋ ਗਿਆਨੀ ਜੀ! ਤੁਸੀ ਸਿਰਫ਼ ਸੈਰ ਕਰਨ ਜਾਂਦੇ ਹੋ। ਬਿਨਾਂ ਕੁੱਝ ਕੀਤੇ ਲੱਤਾਂ-ਬਾਹਾਂ ਹਿਲਾ ਕੇ ਵਾਪਸ ਆ ਜਾਂਦੇ ਹੋ। ਅਸੀ ਸਵੇਰੇ ਦੀ ਸੈਰ ਵੀ ਕਰਦੇ ਹਾਂ, ਨਾਲ ਹੀ ਚੰਗੀ ਕਮਾਈ ਕਰ ਕੇ ਘਰ ਵੜਦੇ ਹਾਂ। ਰਹੀ ਗੱਲ ਭੀਖ ਸ਼ਬਦ ਦੀ। ਸਾਰੀ ਦੁਨੀਆਂ ਭਿਖਾਰੀਆਂ ਨਾਲ ਭਰੀ ਪਈ ਹੈ। ਰਾਜਸੀ ਨੇਤਾ ਵੋਟਾਂ ਦੀ ਭੀਖ ਮੰਗਦੇ ਹਨ,
ਨੌਜੁਆਨ ਰੋਜ਼ਗਾਰ ਦੀ ਭੀਖ ਮੰਗਦੇ ਹਨ, ਛੜੇ ਵਿਆਹ ਕਰਾਉਣ ਲਈ ਔਰਤ ਪ੍ਰਾਪਤੀ ਦੀ ਭੀਖ ਮੰਗਦੇ ਹਨ, ਰੱਜੇ-ਪੁੱਜੇ ਨੌਜੁਆਨ ਲੜਕੀ ਦੇ ਨਾਲ ਲੱਖਾਂ ਰੁਪਏ ਦਾਜ ਦੀ ਭੀਖ ਮੰਗਦੇ ਹਨ, ਬੇ-ਔਲਾਦ ਜੋੜੇ ਪੁੱਤਰ ਪ੍ਰਾਪਤੀ ਦੀ ਭੀਖ ਮੰਗਦੇ ਹਨ, ਬਿਮਾਰ ਤੰਦਰੁਸਤੀ ਦੀ ਭੀਖ ਮੰਗਦੇ ਹਨ, ਗ਼ਰੀਬ ਲੋਕ ਅੰਨ-ਧੰਨ ਦੀ ਭੀਖ ਮੰਗਦੇ ਹਨ, ਧਰਮ ਅਸਥਾਨਾਂ ਵਿਚ ਬੈਠੇ ਪੁਜਾਰੀ 'ਦਾਨ' ਦੇ ਬਹਾਨੇ ਭੀਖ ਮੰਗਦੇ ਹਨ, ਕੋਈ ਰਾਜਗੱਦੀ ਲੈਣ ਲਈ ਤਰਲੇ ਕਰ ਰਿਹਾ ਹੈ, ਕੋਈ ਧਰਮ ਦੀ ਵੱਡੀ ਕੁਰਸੀ ਖੋਹਣ ਲਈ ਪਾਪੜ ਵੇਲਦਾ ਹੈ, ਇਥੇ ਚੋਰ, ਠੱਗ, ਕਾਤਲ ਜਾਨਬਖ਼ਸ਼ੀ ਦੀ ਭੀਖ ਮੰਗਦੇ ਹਨ
ਅਤੇ ਸਰਕਾਰੀ ਮੁਲਾਜ਼ਮ ਜਨਤਾ ਨੂੰ ਲੁੱਟ ਕੇ ਅਪਣੀਆਂ ਤਿਜੋਰੀਆਂ ਭਰ ਰਹੇ ਹਨ। ਨਾਲੇ ਬਾਬੇ ਨਾਨਕ ਨੇ ਸਾਡੇ ਵੱਡੇ-ਵਡੇਰਿਆਂ ਨੂੰ 'ਸੱਚਾ ਸੌਦਾ' ਸਾਖੀ ਮੁਤਾਬਕ ਖਾਣਾ ਖੁਆਇਆ ਸੀ। ਜੇ ਅੱਜ ਅਸੀ ਘਰ ਘਰ ਜਾ ਕੇ ਸਿੱਖਾਂ ਤੋਂ ਅੰਨ-ਦਾਣਾ ਲੈ ਲੈਨੇਂ ਹਾਂ, ਤੁਹਾਨੂੰ ਕਿਉਂ ਸੂਲ ਹੋਣ ਲੱਗ ਪਿਐ?
ਮੈਂ- ਪਰ ਗੁਰਬਾਣੀ ਤਾਂ ਭੀਖ ਮੰਗਣ ਦੇ ਵਿਰੁਧ ਹੈ?
ਸਾਧ-ਪਿਆਰਿਉ! ਗੁਰਬਾਣੀ ਕੀਹਨੇ ਪੜ੍ਹੀ ਹੈ? ਸਾਰੇ ਬੰਨੇ ਸਾਖੀਆਂ ਹੀ ਪ੍ਰਧਾਨ ਹਨ। ਸਾਰੇ ਗੁਰਦਵਾਰਿਆਂ ਵਿਚ ਇਹੀ ਸਾਖੀਆਂ ਚੱਲ ਰਹੀਆਂ ਹਨ।
ਮੈਂ- ਹੁਣ ਸਿੱਖ ਸਮਾਜ ਸੁਚੇਤ ਹੋ ਰਿਹੈ। ਗੁਰਬਾਣੀ ਦੀ ਸਮਝ ਆ ਰਹੀ ਹੈ। ਛੇਤੀ ਹੀ ਤੁਹਾਡੀ ਦੁਕਾਨਦਾਰੀ ਬੰਦ ਹੋ ਜਾਵੇਗੀ। ਗੁਰਬਾਣੀ ਪੜ੍ਹੋ:
ਨਿਰੰਕਾਰਿ ਜੋ ਰਹੈ ਸਮਾਇ£ ਕਾਹੇ ਭੀਖਿਆ ਮੰਗਣਿ ਜਾਇ£ (953)
ਸਾਧ- ਹੋਣਗੇ ਦੋ-ਚਾਰ ਸਿਰਫਿਰੇ ਤੁਹਾਡੇ ਵਰਗੇ, ਜੋ ਗੁਰਬਾਣੀ ਸਮਝਦੇ ਹਨ। ਬਾਕੀ ਤਾਂ ਸਾਰਾ ਲਾਣਾ ਉਸੇ ਲੀਹ ਤੇ ਚਲਦਾ ਆ ਰਿਹਾ ਹੈ। ਤੁਸੀ ਜਿੰਨਾ ਮਰਜ਼ੀ ਜ਼ੋਰ ਲਾ ਲਉ, ਪੰਜਾਹ ਸਾਲ ਤਕ ਸਾਡਾ ਰੋਜ਼ਗਾਰ ਬੰਦ ਨਹੀਂ ਹੋਣ ਵਾਲਾ। ਤੁਹਾਡੇ ਵਰਗੇ ਦੋ ਬੰਦਿਆਂ ਕਾਰਨ ਅਸੀ ਭੁੱਖੇ ਨਹੀਂ ਮਰਨ ਲੱਗੇ। ਬਾਬੇ ਨਾਨਕ ਦੇ ਵੀਹ ਰੁਪਏ ਬੜਾ ਕੰਮ ਕਰ ਰਹੇ ਹਨ...।
ਅਸੀ ਦੋਵੇਂ ਸਾਧ ਦੀਆਂ ਖਰੀਆਂ ਖਰੀਆਂ ਅਤੇ ਸੱਚੀਆਂ ਗੱਲਾਂ ਸੁਣ ਕੇ ਹੱਕੇ-ਬੱਕੇ ਰਹਿ ਗਏ ਕਿ ਇਹ ਸਾਧ ਟੋਲਾ ਏਨਾ ਭੋਲਾ ਨਹੀਂ ਹੈ, ਬੜਾ ਚਲਾਕ ਹੈ। ਲੋਕਾਂ ਨੂੰ ਕਿਵੇਂ ਲੁਟਣਾ ਹੈ, ਚੰਗੀ ਤਰ੍ਹਾਂ ਜਾਣਦਾ ਹੈ। ਭਿਖਾਰੀ ਟੋਲੇ ਬੇਅੰਤ ਰੂਪ ਧਾਰਨ ਕਰੀ ਫਿਰਦੇ ਹਨ। ਇਨ੍ਹਾਂ ਤੋਂ ਬਚਣ ਵਾਸਤੇ ਬਹੁਤ ਗਿਆਨਵਾਨ ਹੋਣਾ ਪਵੇਗਾ। ਵਰਨਾ ਕਿਸੇ ਨਾ ਕਿਸੇ ਦੇ ਜਾਲ ਵਿਚ ਫਸੇ ਹੀ ਪਏ ਹੋ।
ਪੰਜਾਬ ਵਿਚ 40-50 ਲੱਖ ਉੱਚੀਆਂ ਡਿਗਰੀਆਂ ਕਰ ਚੁੱਕੇ ਨੌਜੁਆਨ ਕੰਮ ਨਾ ਮਿਲਣ ਕਾਰਨ ਠੋਕਰਾਂ ਖਾ ਰਹੇ ਹਨ। ਨੌਕਰੀ ਨਾ ਮਿਲਣ ਕਾਰਨ ਆਤਮਹਤਿਆਵਾਂ ਕਰ ਰਹੇ ਹਨ। ਨਸ਼ਿਆਂ ਨਾਲ ਜ਼ਿੰਦਗੀ ਤਬਾਹ ਕਰ ਰਹੇ ਹਨ। ਦੂਜੇ ਪਾਸੇ, ਜੇਕਰ ਘੋਖਵੀਂ ਨਜ਼ਰ ਨਾਲ ਵੇਖਿਆ ਜਾਵੇ ਤਾਂ ਰੋਜ਼ਗਾਰ ਦੇ ਮੌਕੇ ਬੇਅੰਤ ਹਨ, ਪਰ ਨੌਜੁਆਨ ਕੰਮ ਕਰਨ ਨੂੰ ਤਿਆਰ ਨਹੀਂ ਹਨ। ਖ਼ੁਸ਼ਹਾਲੀ ਵਿਚ ਦਾਖ਼ਲ ਹੋਣ ਵਾਸਤੇ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਜਿਨ੍ਹਾਂ ਨਹਿਰਾਂ ਨੇ ਸਾਡੇ ਖੇਤ ਹਰੇ ਭਰੇ ਤੇ ਆਬਾਦ ਕੀਤੇ ਹਨ,
ਉਨ੍ਹਾਂ ਨੂੰ ਸਾਡੇ ਖੇਤਾਂ ਤਕ ਪੁਜਦੀਆਂ ਕਰਨ ਲਈ ਪਹਾੜ ਚੀਰਨੇ ਪਏ ਹਨ। ਦਰਿਆਵਾਂ ਦੇ ਮੁਹਾਣ ਬਦਲਣੇ ਪਏ ਹਨ। ਜਿਨ੍ਹਾਂ ਚੀਜ਼ਾਂ ਰਾਹੀਂ ਅਸੀ ਅੱਜ ਸੁੱਖ ਸਹੂਲਤਾਂ ਪ੍ਰਾਪਤ ਕਰ ਰਹੇ ਹਾਂ, ਇਨ੍ਹਾਂ ਦੇ ਪਿੱਛੇ ਸਿਰੇ ਦੀ ਅਕਲ ਅਤੇ ਕਠੋਰ ਮਿਹਨਤ ਦਾ ਕਿਆਸ ਹੀ ਕੀਤਾ ਜਾ ਸਕਦਾ ਹੈ। ਸਾਡੇ ਦੇਸ਼ ਵਿਚ ਚਿੱਟਕਪੜੀਆ ਸਭਿਆਚਾਰ ਵਿਕਸਤ ਹੋ ਗਿਆ ਹੈ।
ਭਾਵ ਕਿ ਸਰੀਰ ਨੂੰ ਔਖਿਆਈ ਝੱਲਣ ਤੋਂ ਬਿਨਾਂ, ਪ੍ਰੇਸ਼ਾਨੀਆਂ ਤੋਂ ਬਿਨਾਂ, ਮਿੱਟੀ-ਘੱਟਾ ਕਪੜਿਆਂ ਤੇ ਪੈਣ ਤੋਂ ਬਗ਼ੈਰ, ਬਹੁਤ ਸਾਰਾ ਪੈਸਾ ਤਾਂ ਆਵੇ, ਪਰ ਕਰਨਾ ਕੁੱਝ ਨਾ ਪਵੇ। ਇਹ ਪੰਜਾਬ, ਭਾਰਤ ਜਾਂ ਦੁਨੀਆਂ ਜਿੰਨੀ ਚੰਗੀ ਕਿਤੇ ਹੈ ਤਾਂ ਉਥੋਂ ਦੇ ਲੋਕਾਂ ਦੀ ਅਕਲ ਅਤੇ ਮਿਹਨਤ ਸਦਕਾ ਹੈ। ਦਰਿਆਵਾਂ ਵਿਚ ਪਾਣੀ ਸਦੀਆਂ ਤੋਂ ਬੇਕਾਰ ਵਹਿੰਦਾ ਹੋਇਆ ਲੰਘਦਾ ਰਿਹਾ। ਪਰ ਅਕਲਮੰਦ ਲੋਕਾਂ ਨੇ ਕਰੜੀ ਘਾਲਣਾ ਘਾਲ ਕੇ, ਦਰਿਆਵਾਂ ਨੂੰ ਬੰਨ੍ਹ ਮਾਰ ਲਏ, ਨਹਿਰਾਂ ਕਢੀਆਂ, ਬਿਜਲੀ ਪੈਦਾ ਕੀਤੀ, ਕਾਰਖ਼ਾਨੇ ਚੱਲੇ....।
ਮੇਰੇ ਕੋਲ ਇਕ ਨੌਜੁਆਨ ਸਿੱਖ ਦਾ ਫ਼ੋਨ ਆਇਆ। ਆਖਣ ਲਗਿਆ, ''ਬਾਬਾ ਜੀ, ਮੈਂ ਜਮ੍ਹਾਂ ਦੋ ਦੀ ਪੜ੍ਹਾਈ ਕੀਤੀ ਹੋਈ ਹੈ। ਕਾਰਾਂ ਮੁਰੰਮਤ ਕਰਨ ਦੀ ਵਰਕਸ਼ਾਪ ਵਿਚ ਮਕੈਨਿਕ ਦਾ ਕੰਮ ਕਰਦਾ ਹਾਂ। ਮਾਹਰ ਮਿਸਤਰੀ ਤਾਂ ਅਜੇ ਨਹੀਂ ਬਣਿਆ, ਪਰ ਕਾਫ਼ੀ ਸਾਰਾ ਕੰਮ ਸਿਖ ਗਿਆ ਹਾਂ। ਮੈਂ ਖੰਡੇ ਕੀ ਪਾਹੁਲ ਲੈ ਕੇ ਸਿੰਘ ਸਜਿਆ ਹੋਇਆ ਹਾਂ।
ਜਿਸ ਵਰਕਸ਼ਾਪ ਵਿਚ ਮੈਂ ਕੰਮ ਕਰਦਾ ਹਾਂ, ਇਹ ਵੀ ਇਕ ਸਰਦਾਰ ਦੀ ਹੈ। ਇਕ ਦਿਨ ਵਿਗੜੀ ਹੋਈ ਕਾਰ ਆਈ। ਮਾਲਕ ਨੇ ਕਿਹਾ ਕਿ ਕਾਰ ਦੇ ਗੇਅਰ ਵਿਚ ਨੁਕਸ ਹੈ, ਠੀਕ ਕਰ ਦਿਉ। ਉਹ ਕਾਰ ਛੱਡ ਕੇ ਚਲਾ ਗਿਆ। ਮੈਂ ਕਾਰ ਦੀ ਮੁਰੰਮਤ ਕੀਤੀ। ਕੁੱਝ ਨੱਟ-ਬੋਲਟ ਪਾਏ, ਸੈਟਿੰਗ ਕੀਤੀ। ਮਜ਼ਦੂਰੀ ਸਮੇਤ ਪੰਜ ਸੌ ਰੁਪਿਆ ਬਣਦਾ ਸੀ। ਜਦੋਂ ਗੱਡੀ ਦਾ ਮਾਲਕ ਆਇਆ ਤਾਂ ਸਾਡੇ ਵਾਲੇ ਸਰਕਾਰ ਨੇ ਕਈ ਤਰ੍ਹਾਂ ਦੀਆਂ ਚਲਾਕੀਆਂ ਕਰ ਕੇ ਝੂਠ ਬੋਲ ਕੇ ਪੰਜ ਹਜ਼ਾਰ ਰੁਪਏ ਵਸੂਲ ਕਰ ਲਏ। ਮੇਰੇ ਮਨ ਨੂੰ ਬਹੁਤ ਧੱਕਾ ਲਗਿਆ। ਮੇਰਾ ਇਥੇ ਕੰਮ ਕਰਨ ਨੂੰ ਮਨ ਨਹੀਂ ਮੰਨਦਾ। ਤੁਸੀ ਦੱਸੋ, ਮੈਂ ਕੀ ਕਰਾਂ?''
ਮੈਂ ਜਵਾਬ ਦਿਤਾ, ''ਪੁੱਤਰ ਕਾਹਲਾ ਨਾ ਪੈ। ਇਥੇ ਕੰਮ ਸਿਖ ਲੈ। ਬਿਨਾਂ ਕੰਮ ਸਿਖੇ ਪ੍ਰਵਾਰ ਰੁਲ ਜਾਵੇਗਾ। ਚੰਗਾ ਮਿਸਤਰੀ ਬਣ ਕੇ ਤੂੰ ਭਾਵੇਂ ਸੜਕ ਦੇ ਕਿਨਾਰੇ ਖੋਖਾ ਰੱਖ ਕੇ ਵਰਕਸ਼ਾਪ ਚਾਲੂ ਕਰ ਲਵੀਂ। ਉਥੇ ਤੂੰ ਈਮਾਨਦਾਰੀ ਨਾਲ ਵਧੀਆ ਕੰਮ ਕਰੀਂ। ਚੰਗਾ ਕੰਮ ਕਰ ਕੇ ਵਾਜਬ ਪੈਸੇ ਲਵੀਂ। ਲੋਕ ਖ਼ੁਦ ਤੇਰੀ ਵਡਿਆਈ ਕਰਨਗੇ। ਦੂਜਿਆਂ ਨੂੰ ਤੇਰੇ ਕੋਲ ਆਉਣ ਦੀ ਪ੍ਰੇਰਨਾ ਕਰਨਗੇ। ਤੂੰ ਉਥੇ ਸਿੱਧ ਕਰੀਂ ਕਿ ਸਿੱਖ ਦਾ ਕਿਰਦਾਰ ਅਤੇ ਵਿਹਾਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਉਸ ਨੇ ਮੇਰੇ ਇਸ ਸੁਝਾਅ ਨੂੰ ਪ੍ਰਵਾਨ ਕਰ ਲਿਆ।
ਦੂਜੇ ਬੰਨੇ ਇਕ ਹੋਰ ਅਜੀਬ ਮਸਲਾ ਆ ਪਿਆ। ਖੰਨਾ ਮੰਡੀ ਤੋਂ ਇਕ ਸਿੱਖ ਨੌਜੁਆਨ ਦਾ ਫ਼ੋਨ ਆਇਆ। ਕਹਿਣ ਲਗਿਆ, ''ਬਾਬਾ ਜੀ, ਮੈਂ ਐਮ.ਏ. ਪਾਸ ਹਾਂ। ਪ੍ਰਵਾਰਕ ਹਾਲਤ ਕਮਜ਼ੋਰ ਹੈ। 25 ਸਾਲ ਦੀ ਉਮਰ ਹੋ ਚੁੱਕੀ ਹੈ। ਰੁਜ਼ਗਾਰ ਦਾ ਕੋਈ ਪ੍ਰਬੰਧ ਕਰਵਾਉ। ਤੁਹਾਡਾ ਧੰਨਵਾਦੀ ਹੋਵਾਂਗਾ।''
ਮੈਂ ਪੁਛਿਆ, ''ਪੁੱਤਰ, 16 ਜਮਾਤਾਂ ਪੜ੍ਹ ਲਈਆਂ, ਚੰਗਾ ਕੀਤਾ। ਮੈਂ ਹਾਂ ਧਾਰਮਕ ਖੇਤਰ ਵਿਚ ਕੰਮ ਕਰਨ ਵਾਲਾ ਬੰਦਾ। ਤੇਰੇ ਵਾਸਤੇ ਇਸ ਪਾਸੇ ਕੋਈ ਰੁਜ਼ਗਾਰ ਦਾ ਪ੍ਰਬੰਧ ਕਰਵਾ ਦਿਆਂਗਾ। ਹੁਣ ਤੂੰ ਇਹ ਦੱਸ ਪਈ ਕੀਰਤਨ ਕਰਨਾ ਜਾਣਦਾ ਹੈਂ?''
ਅਖੇ, ''ਨਹੀਂ।''
''ਕਥਾ ਕਰਨੀ ਜਾਣਦਾ ਹੈਂ?''
ਅਖੇ, ''ਨਹੀਂ।''
''ਅਰਦਾਸ ਤੇ ਪਾਠ (ਰੌਲਾਂ ਲਾਉਣ) ਕਰਨਾ ਜਾਣਦਾ ਹੈਂ?''
ਅਖੇ, ''ਨਹੀਂ।''
ਡਰਾਇਵਰੀ ਲਈ ਲਾਇਸੈਂਸ ਬਣਵਾਇਆ ਹੋਇਆ ਹੈ ਤਾਂ ਕਿਤੇ ਡਰਾਈਵਰ ਲਗਵਾ ਦਿਆਂ?
ਅਖੇ, ''ਨਹੀਂ।''
ਮੈਂ ਫਿਰ ਇਹੀ ਕਿਹਾ, ''ਤੇਰੀ ਐਮ.ਏ. ਕਿਸੇ ਨੇ ਰਗੜ ਕੇ ਫੋੜੇ ਤੇ ਲਾਉਣੀ ਹੈ? ਤੈਨੂੰ ਕੰਮ ਤਾਂ ਕੋਈ ਵੀ ਨਹੀਂ ਆਉਂਦਾ। ਤੇਰੇ ਵਰਗੇ ਬੇਰੁਜ਼ਗਾਰ ਸਿੱਖ ਨੌਜੁਆਨ ਜੇਕਰ ਥੋੜੀ ਜਿੰਨੀ ਧਰਮ ਵਿਦਿਆ ਪੜ੍ਹ ਲੈਣ, ਗੁਰਬਾਣੀ ਉਚਾਰਣ ਸਿਖ ਲੈਣ, ਕਥਾ ਕਰਨੀ ਸਿਖ ਲੈਣ ਤਾਂ ਸੌਖਿਆਂ ਹੀ ਪ੍ਰਵਾਰਕ ਲੋੜਾਂ ਪੂਰੀਆਂ ਕਰ ਸਕਦੇ ਹਨ। ਜੇਕਰ ਚੰਗੀ ਤਿਆਰੀ ਕਰਦੇ ਰਹਿਣ ਤਾਂ ਕਥਾਵਾਚਕ ਜਾਂ ਕੀਰਤਨੀਏ ਬਣ ਕੇ ਵਿਦੇਸ਼ਾਂ ਵਿਚ ਜਾ ਸਕਦੇ ਹਨ।
ਚੰਗੇ ਪ੍ਰਚਾਰਕ ਸੰਗਤ ਨੂੰ ਗੁਰਮਤਿ ਦਾ ਵਧੀਆ ਢੰਗ ਨਾਲ ਉਪਦੇਸ਼ ਸਮਝਾ ਸਕਦੇ ਹਨ। ਅਪਣੀ ਵਿਗੜੀ ਘਰੇਲੂ ਹਾਲਤ ਨੂੰ ਸੁਧਾਰ ਸਕਦੇ ਹਨ ਅਤੇ ਮਾਣ-ਸਨਮਾਨ ਨਾਲ ਜ਼ਿੰਦਗੀ ਬਤੀਤ ਕਰ ਸਕਦੇ ਹਨ।'' ਅਫ਼ਸੋਸ ਕਿ ਸਿਖਣਾ ਕੁੱਝ ਨਹੀਂ, ਕੰਮ ਕੋਈ ਨਹੀਂ ਕਰਨਾ। ਨੋਟਾਂ ਦੀਆਂ ਪੰਡਾਂ ਕੋਈ ਮੁਫ਼ਤ ਵਿਚ ਦੇਂਦਾ ਰਹੇ। ਅਸੀ ਬਿਨਾਂ ਅੰਗ ਹਿਲਾਏ ਗੋਗੜਾਂ ਵਧਾਉਂਦੇ ਰਹੀਏ ਜਾਂ ਬੇਰੁਜ਼ਗਾਰੀ ਦਾ ਹੋਣਾ ਰੋਂਦੇ ਰਹੀਏ। ਹੈ ਨਾ?
ਸੰਨ, 1982 ਵਿਚ ਮੈਂ ਬਠਿੰਡੇ ਕੰਮ ਕਰਦਾ ਸੀ। ਇਥੇ ਲਗਾਤਾਰ 1980 ਤੋਂ 1990 ਤਕ ਸਰਕਾਰੀ ਡਿਊਟੀ ਕਰਨ ਦਾ ਸਬੱਬ ਬਣਿਆ ਰਿਹਾ। ਮਿਸ਼ਨਰੀ ਕਾਲਜ ਵਲੋਂ ਅਸੀ ਸਿੰਘ ਸਭਾ ਗੁਰਦੁਆਰੇ ਦੇ ਇਕ ਸਕੂਲ ਦੇ ਵਿਹੜੇ ਵਿਚ, ਕਿਲ੍ਹੇ ਦੇ ਨੇੜੇ ਗੁਰਮਤਿ ਦੀਆਂ ਕਲਾਸਾਂ ਲਾਉਂਦੇ ਸੀ। 30-40 ਭੈਣ-ਭਰਾ ਗੁਰਮਤਿ ਸਿਖਣ ਵਾਸਤੇ ਆ ਜਾਂਦੇ ਸਨ।
ਇਹ ਕਲਾਸ ਤਾਂ ਸਿਰਫ਼ ਐਤਵਾਰ ਨੂੰ ਲਗਦੀ ਸੀ। ਬੁੱਧਵਾਰ ਨੂੰ ਅਸੀ ਕਿਸੇ ਪ੍ਰੇਮੀ ਸਿੱਖ ਦੇ ਘਰ ਰਾਤ ਨੂੰ ਕੀਰਤਨ ਸਮਾਗਮ ਕਰ ਲੈਂਦੇ ਸਾਂ। ਕੀਰਤਨ ਵਿਚ ਪੌਣਾ ਘੰਟਾ ਮੇਰੀ ਕਥਾ ਹੋਇਆ ਕਰਦੀ ਸੀ। ਭਾਵੇਂ ਤੀਹ-ਪੈਂਤੀ ਸਾਲ ਪਹਿਲਾਂ ਮੇਰਾ ਏਨਾ ਤਜਰਬਾ ਨਹੀਂ ਸੀ, ਲੋਕਾਂ ਦਾ ਮਾਨਸਕ ਪੱਧਰ ਵੀ ਕਾਫ਼ੀ ਨੀਵਾਂ ਸੀ, ਫਿਰ ਵੀ ਸਾਡੀ ਜਥੇਬੰਦੀ ਏਨੀ ਮਜ਼ਬੂਤ ਹੋ ਚੁੱਕੀ ਸੀ ਕਿ ਕੋਈ ਚੂੰ-ਚਾਂ ਕਰਨ ਦੀ ਹਿੰਮਤ ਨਹੀਂ ਸੀ ਕਰਦਾ, ਪਿੱਠ ਪਿੱਛੇ ਕੋਈ ਜੋ ਮਰਜ਼ੀ ਗੱਲਾਂ ਕਰੀ ਜਾਵੇ।
ਅਸੀ ਆਲੇ-ਦੁਆਲੇ ਦੇ ਪਿੰਡਾਂ ਵਿਚ ਕਥਾ ਕੀਰਤਨ ਲਈ ਵੀ ਅਕਸਰ ਜਾਂਦੇ ਰਹਿੰਦੇ ਸਾਂ। ਪੰਜ ਜੂਨ, 1984 ਨੂੰ ਮੈਨੂੰ ਗੋਨਿਆਣਾ ਮੰਡੀ ਤੋਂ ਜਦੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਸਮੇਂ ਮੈਂ ਉਥੇ ਕਥਾ ਵਾਸਤੇ ਹੀ ਗਿਆ ਹੋਇਆ ਸੀ। ਬਠਿੰਡੇ ਦੇ ਸਿੱਖ ਭਰਾਵਾਂ ਨੇ ਔਖੇ ਵੇਲੇ ਬਹੁਤ ਮਦਦ ਕੀਤੀ। ਮੇਰੀ ਸ਼ਹਿਰ ਵਿਚ ਅਤੇ ਆਲੇ-ਦੁਆਲੇ ਵਿਚ ਚੰਗੀ ਪਛਾਣ ਬਣ ਗਈ ਸੀ।
ਮੇਰਾ ਸੁਭਾਅ ਤਾਂ ਅਵੱਲਾ ਜਿਹਾ ਹੈ ਹੀ। ਇਕ ਸਿੱਖ ਪ੍ਰਵਾਰ ਦੇ ਘਰ ਕੀਰਤਨ ਦੀ ਸਮਾਪਤੀ ਮਗਰੋਂ ਅਸੀ ਕਮਰੇ ਵਿਚ ਬੈਠੇ ਪ੍ਰਸ਼ਾਦਾ ਛਕ ਰਹੇ ਸਾਂ। ਮੇਰੀ ਨਜ਼ਰ ਇਕ ਫ਼ੋਟੋ ਤੇ ਪੈ ਗਈ। ਫ਼ੋਟੋ ਕੀ ਸੀ, ਮੇਰੇ ਅੰਦਰ ਤਕ ਉਸ ਦੀ ਭਾਵਨਾ ਧਸਦੀ ਚਲੀ ਗਈ। ਮੇਰੀ ਨਜ਼ਰ ਹੀ ਉਸ ਤੋਂ ਪਾਸੇ ਨਾ ਹੋਵੇ। ਖਾਣਾ ਖਾ ਕੇ ਬੈਠੇ ਸਾਂ। ਮੈਂ ਗੱਲਾਂ ਵੀ ਕਰਦਾ ਜਾਵਾਂ ਤੇ ਫ਼ੋਟੋ ਵਲ ਵੀ ਵੇਖੀ ਜਾਵਾਂ। ਵਿਦਾ ਹੋਣ ਵੇਲੇ ਘਰ ਦੇ ਮੁਖੀ ਨੇ ਸਾਨੂੰ ਕੁੱਝ ਮਾਇਆ ਲਿਫ਼ਾਫ਼ੇ ਵਿਚ ਪਾ ਕੇ ਦਿਤੀ।
ਉਸ ਨੇ ਸਹਿਜ ਸੁਭਾਅ ਪੁੱਛ ਲਿਆ ਕਿ ਹੋਰ ਕੋਈ ਸੇਵਾ ਹੈ ਤਾਂ ਦੱਸੋ? ਮੈਥੋਂ ਰਹਿ ਨਾ ਹੋਇਆ ਅਤੇ ਤੁਰਤ ਕਹਿ ਦਿਤਾ, ''ਜੇ ਬੁਰਾ ਨਾ ਮਨਾਉ, ਤਾਂ ਇਹ ਫ਼ੋਟੋ ਮੈਨੂੰ ਬਖ਼ਸ਼ ਦਿਉ।''
ਘਰ ਦਾ ਮੁਖੀ ਹੈਰਾਨ ਜਿਹਾ ਹੋ ਕੇ ਆਖਣਾ ਲਗਿਆ, ''ਗਿਆਨੀ ਜੀ, ਇਹ ਕਿਹੜੀ ਗੱਲਾਂ ਵਿਚੋਂ ਗੱਲ ਹੈ?'' ਉਸ ਨੇ ਤਸਵੀਰ ਉਤਾਰ ਕੇ ਮੈਨੂੰ ਦੇ ਦਿਤੀ। ਨਾਲ ਹੀ ਕਿਹਾ, ''ਹੋਰ ਸੇਵਾ ਦੱਸੋ?''
ਅਸੀ ਧੰਨਵਾਦ ਕਰ ਕੇ ਵਾਪਸ ਆ ਗਏ। ਸਿਰੋਪੇ ਵਿਚ ਵਲੇਟ ਕੇ ਫ਼ੋਟੋ ਨਾਲ ਲੈ ਆਏ। ਸਾਥੀਆਂ ਨੇ ਵੀ ਮੈਨੂੰ ਕਾਫ਼ੀ ਮਜ਼ਾਕ ਕੀਤਾ ਕਿ ਤਸਵੀਰ ਮੰਗਣ ਦੀ ਭੁੱਖ ਕਿਉਂ ਵਿਖਾਈ? ਇਹੋ ਜਹੀ ਨਿਕੰਮੀ ਤਸਵੀਰ ਲੈ ਕੇ ਤੂੰ ਕਿਹੜਾ ਸ਼ਾਹੂਕਾਰ ਬਣ ਜਾਣਾ ਹੈ? ਖ਼ੈਰ ਤਦੋਂ ਥੱਕੇ ਹੋਏ ਸਾਂ। ਅੱਧੀ ਰਾਤ ਲੰਘ ਚੁੱਕੀ ਸੀ, ਘਰੋ-ਘਰੀ ਜਾ ਕੇ ਸੌਂ ਗਏ। ਕੁੱਝ ਦਿਨਾਂ ਤੋਂ ਮਗਰੋਂ ਮੈਂ ਅਪਣੇ ਘਰ ਘੱਗੇ ਗਿਆ। ਤਸਵੀਰ ਨਾਲ ਲੈ ਗਿਆ।
ਸਰਦਾਰਨੀ ਨੇ ਅਤੇ ਹੋਰ ਵੇਖਣ ਵਾਲਿਆਂ ਨੇ ਵੀ ਤਸਵੀਰ ਵੇਖ ਕੇ ਮੱਥੇ ਤਿਊੜੀ ਪਾਈ। ਨੱਕ-ਬੁੱਲ੍ਹ ਚਿੜਾਇਆ। ਪਰ ਮੈਂ ਤਸਵੀਰ ਬਣਾ ਸੰਵਾਰ ਕੇ ਡਰਾਇੰਗ ਰੂਮ ਵਿਚ ਸਜਾ ਦਿਤੀ। ਇਕ ਦਿਨ ਕਈ ਸਾਰੇ ਰਿਸ਼ਤੇਦਾਰ ਅਤੇ ਦੋਸਤ ਇਕ ਸਮਾਗਮ ਤੇ ਆਏ ਸਾਡੇ ਘਰ ਡਰਾਇੰਗ ਰੂਮ ਵਿਚ ਬੈਠੇ ਸਨ। ਫਿਰ ਮੇਰੇ ਨਾਲ ਛੇੜਖਾਨੀ ਕਰਨ ਲੱਗ ਪਏ ਕਿ ਇਸ ਤਸਵੀਰ ਨਾਲ ਅਪਣੀ ਅਕਲ ਦਾ ਦਿਵਾਲਾ ਕਿਉਂ ਕਢਦਾ ਹੈਂ? ਘਰ ਨੂੰ ਕਿਉਂ ਮਜ਼ਾਕ ਬਣਾਇਆ ਹੋਇਐ? ਜਾਂ ਤੂੰ ਦੱਸ ਇਸ ਤਸਵੀਰ ਵਿਚ ਖ਼ਾਸ ਕੀ ਖ਼ੂਬੀ ਹੈ?
ਅਸਲ ਵਿਚ ਮੇਰੀ ਮਨਪਸੰਦ ਤਸਵੀਰ ਇਕ ਬਾਂਦਰ ਦੀ ਸੀ। ਬਾਂਦਰ ਨੇ ਕੋਟ, ਪੈਂਟ, ਟਾਈ ਆਦਿ ਸੂਟ ਪਹਿਨਿਆ ਹੋਇਆ ਸੀ। ਐਨਕਾਂ ਲੱਗੀਆਂ ਹੋਈਆਂ ਸਨ। ਕੁਰਸੀ ਤੇ ਬਿਰਾਜਮਾਨ ਸੀ। ਮੇਜ ਤੇ ਬੈੱਲ ਰੱਖੀ ਹੋਈ, ਤਿੰਨ ਚਾਰ ਪੈਨ, ਦਵਾਤ ਆਦਿ ਸਮਾਨ ਪਿਆ ਸੀ। ਫ਼ੋਟੋ ਦੇ ਹੇਠਾਂ ਇਉਂ ਲਿਖਿਆ ਹੋਇਆ ਸੀ, ''ਮਾਲਕ ਹਮੇਸ਼ਾ ਠੀਕ ਹੁੰਦਾ ਹੈ।'' (2oss is always right)। ਪਿਆਰੇ ਵੀਰੋ! ਇਸ ਦਾ ਭਾਵ ਹੈ ਕਿ ਹਾਕਮ ਧਿਰ, ਹਮੇਸ਼ਾ ਸਹੀ ਮੰਨੀ ਜਾਵੇਗੀ।
ਮੇਰੀ ਮਨਪਸੰਦ ਤਸਵੀਰ ਇਕ ਬਾਂਦਰ ਦੀ ਸੀ। ਬਾਂਦਰ ਨੇ ਕੋਟ, ਪੈਂਟ, ਟਾਈ ਆਦਿ ਸੂਟ ਪਹਿਨਿਆ ਹੋਇਆ ਸੀ। ਐਨਕਾਂ ਲੱਗੀਆਂ ਹੋਈਆਂ ਸਨ। ਕੁਰਸੀ ਤੇ ਬਿਰਾਜਮਾਨ ਸੀ। ਮੇਜ਼ ਤੇ ਬੈੱਲ ਰੱਖੀ ਹੋਈ, ਤਿੰਨ ਚਾਰ ਪੈੱਨ, ਦਵਾਤ ਆਦਿ ਸਮਾਨ ਪਿਆ ਸੀ। ਫ਼ੋਟੋ ਦੇ ਹੇਠਾਂ ਇਉਂ ਲਿਖਿਆ ਹੋਇਆ ਸੀ, ''ਮਾਲਕ ਹਮੇਸ਼ਾ ਠੀਕ ਹੁੰਦਾ ਹੈ।'' (2oss is always right)। ਪਿਆਰੇ ਵੀਰੋ! ਇਸ ਦਾ ਭਾਵ ਹੈ ਕਿ ਹਾਕਮ ਧਿਰ, ਹਮੇਸ਼ਾ ਸਹੀ ਮੰਨੀ ਜਾਵੇਗੀ।
ਤਾਕਤਵਰ ਧਿਰ ਦੀ ਆਲੋਚਨਾ ਕਰਨ ਦੀ ਕੋਈ ਇਨਸਾਨ ਹਿੰਮਤ ਨਾ ਕਰੇ, ਵਰਨਾ ਪਛਤਾਏਗਾ। ਦਫ਼ਤਰਾਂ ਵਿਚ ਬੋਸ, ਜੰਗਲ ਵਿਚ ਸ਼ੇਰ, ਕਬੀਲੇ ਵਿਚ ਸਰਦਾਰ, ਦੇਸ਼ ਵਿਚ ਰਾਜਾ, ਜਿਹੋ ਜਿਹਾ ਮਰਜ਼ੀ ਹੋਵੇ, ਉਸ ਨੂੰ ਕੋਈ ਬੁਰਾ ਨਹੀਂ ਕਹਿ ਸਕਦਾ ਕਿਉਂਕਿ ਉਹ ਤਾਕਤਵਰ ਹੈ, ਕਮਜ਼ੋਰਾਂ ਦਾ ਨੁਕਸਾਨ ਕਰ ਦੇਵੇਗਾ। ਇਥੇ ਇਸ ਤਸਵੀਰ ਦਾ ਭਾਵ ਇਹੀ ਹੈ ਕਿ ਤੁਹਾਡਾ ਮਾਲਕ (ਹਾਕਮ ਧਿਰ) ਭਾਵੇਂ ਬਾਂਦਰ ਹੀ ਕਿਉਂ ਨਾ ਹੋਵੇ, ਉਸ ਦਾ ਹੁਕਮ ਮੰਨਣਾ ਪਵੇਗਾ।
ਜਾਂ ਤਾਂ ਉਹ ਤਰੀਕੇ ਲੱਭੋ, ਜਿਨ੍ਹਾਂ ਰਾਹੀਂ ਬੁਰੇ ਹਾਕਮ ਨੂੰ ਗੱਦੀ ਤੋਂ ਉਤਾਰਿਆ ਜਾ ਸਕੇ ਜਾਂ ਫਿਰ ਨੀਵੀਂ ਪਾ ਕੇ ਕਹਿੰਦੇ ਰਹੋ, 2oss is always right ਭਾਵ ਕਿ ਤਾਕਤਵਰ ਹਮੇਸ਼ਾ ਠੀਕ ਹੁੰਦਾ ਹੈ। ਤਕੜੇ ਦਾ ਸੱਤੀਂ ਵੀਹੀ ਸੌ ਹੁੰਦਾ ਹੈ।
(ਚਲਦਾ)
ਸੰਪਰਕ : 98551-51699