ਇਨਸਾਨ ਨੂੰ ਜ਼ਿੰਦਗੀ ਵਿਚ ਹਸਣਾ ਜ਼ਰੂਰ ਚਾਹੀਦੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਇਨਸਾਨ ਦੀ ਜ਼ਿੰਦਗੀ ਵਿਚ ਹਸਣਾ ਬਹੁਤ ਜ਼ਰੂਰੀ ਹੈ...............

Laughing

ਇਨਸਾਨ ਦੀ ਜ਼ਿੰਦਗੀ ਵਿਚ ਹਸਣਾ ਬਹੁਤ ਜ਼ਰੂਰੀ ਹੈ। ਸੁਣਿਆ ਹੈ ਮਨੁੱਖ ਨੂੰ ਜਨਮ 84 ਲੱਖ ਜੂਨਾਂ ਭੋਗਣ ਮਗਰੋਂ ਪ੍ਰਾਪਤ ਹੁੰਦਾ ਹੈ। ਹਸਣਾ ਸਿਰਫ਼ ਮਨੁੱਖ ਦੇ ਨਸੀਬ ਵਿਚ ਹੀ ਆਇਆ ਹੈ, ਤੁਸੀ ਕਦੇ ਕਿਸੇ ਗਧੇ ਨੂੰ ਹਸਦੇ ਹੋਏ ਨਹੀਂ ਵੇਖਿਆ ਹੋਵੇਗਾ। ਅਜਕਲ ਇਨਸਾਨ ਨੇ ਅਪਣੀ ਜ਼ਿੰਦਗੀ ਨੂੰ ਏਨਾ ਮਸਰੂਫ਼ ਤੇ ਰੁਝੇਵੇਂ ਭਰਿਆ ਬਣਾ ਰਖਿਆ ਹੈ ਕਿ ਕਿਸੇ ਕੋਲ ਹੱਸਣ ਲਈ ਸਮਾਂ ਹੀ ਨਹੀਂ ਰਿਹਾ। ਚਾਰੇ ਪਾਸੇ ਪੈਸੇ ਦੀ ਦੌੜ ਲੱਗੀ ਹੈ। ਤੁਸੀ ਕਿਸੇ ਨੂੰ ਮਾਰ-ਮਾਰ ਕੇ ਰੁਆ ਤਾਂ ਸਕਦੇ ਹੈ, ਪਰ ਹਸਾ ਨਹੀਂ ਸਕਦੇ ਕਿਉਂਕਿ ਹਾਸਾ ਇਨਸਾਨ ਦੇ ਅੰਦਰੋਂ ਫੁਟਦਾ ਹੁੰਦਾ ਹੈ।

ਆਮ ਵੇਖਿਆ ਗਿਆ ਹੈ ਕਿ ਯੋਗਾ ਕਰਾਉਣ ਵਾਲੇ ਇਨਸਾਨ ਨੂੰ ਨਕਲੀ ਹਾਸਾ ਹੱਸਣ ਲਈ ਉਕਸਾਉਂਦੇ ਹਨ, ਜੋ ਕਿ ਏਨਾ ਕਾਰਗਰ ਸਾਬਤ ਨਹੀਂ ਹੁੰਦਾ, ਜਿੰਨਾ ਕਿ ਕੁਦਰਤੀ ਹਾਸਾ। ਹੱਸਣ ਨਾਲ ਸ੍ਰੀਰ ਦੇ ਸਾਰੇ ਅੰਗ ਹਰਕਤ ਵਿਚ ਆਉਂਦੇ ਹਨ, ਬਹੁਤਾਤ ਮਾਤਰਾ ਵਿਚ ਆਕਸੀਜਨ ਸਾਡੇ ਸ੍ਰੀਰ ਵਿਚ ਦਾਖ਼ਲ ਹੁੰਦੀ ਹੈ ਜਿਸ ਨਾਲ ਫੇਫੜੇ, ਦਿਲ ਅਤੇ ਬਾਕੀ ਅੰਗਾਂ ਦੀ ਕਸਰਤ ਹੁੰਦੀ ਹੈ। ਆਦਮੀ ਨੂੰ ਖੁੱਲ੍ਹ ਕੇ ਹਸਣਾ ਚਾਹੀਦਾ ਹੈ। ਹਾਸ ਰਸ ਦੀਆਂ ਕਿਤਾਬਾਂ ਅਤੇ ਵਧੀਆ ਲੇਖਕਾਂ ਦੀ ਸਾਹਿਤ ਪੜ੍ਹਨਾ ਚਾਹੀਦਾ ਹੈ। ਹੱਸਣ ਲਈ ਅਪਣੇ ਬੱਚਿਆਂ ਵਿਚ ਅਤੇ ਅਪਣੇ ਦੋਸਤਾਂ-ਮਿੱਤਰਾਂ ਵਿਚ ਵਿਚਰਨਾ ਚਾਹੀਦਾ ਹੈ।

ਕੁੱਝ ਦਿਨ ਪਹਿਲਾਂ ਮੈਨੂੰ ਇਕ ਦਿਲ ਦੇ ਮਰੀਜ਼ ਨੂੰ ਹਸਪਤਾਲ ਲਿਜਾਣਾ ਪਿਆ। ਉਥੇ ਓਪਨ-ਹਾਰਟ ਸਰਜਰੀ ਦੇ ਕਮਰੇ ਦੇ ਦਰਵਾਜ਼ੇ ਉਤੇ ਲਿਖਿਆ ਸੀ : 
ਖੋਲ ਲੇਤੇ ਦਿਲ ਅਗਰ, ਹੱਸ ਬੋਲ ਕਰ ਯਾਰੋ ਕੇ ਸਾਥ,
ਹਮੇ ਨਾ ਖੋਲ੍ਹਨਾ ਪੜ੍ਹਤਾ ਫਿਰ ਯੂੰ ਔਜ਼ਾਰੋਂ ਕੇ ਸਾਥ।

ਇਕ ਹਸੂ ਹਸੂ ਕਰਦਾ ਮੁਖੜਾ ਸੱਭ ਦਾ ਮਨ ਮੋਹ ਲੈਂਦਾ ਹੈ। ਗੁੱਸੇ ਅਤੇ ਤਿਊੜੀਆਂ ਭਰਿਆ ਚਿਹਰਾ ਕਿਸੇ ਨੂੰ ਵੀ ਚੰਗਾ ਨਹੀਂ ਲਗਦਾ। ਜੋ ਆਦਮੀ ਅਪਣੇ ਜੀਵਨ ਵਿਚ ਕਦੇ ਨਹੀਂ ਹਸਦਾ ਉਹ ਇਕ ਮਾਨਸਕ ਰੋਗੀ ਬਣ ਕੇ ਰਹਿ ਜਾਂਦਾ ਹੈ। ਜੇ ਇਕ ਡਾਕਟਰ ਹਸਮੁਖ ਹੋਵੇ ਤਾਂ ਮਰੀਜ਼ ਦੀ ਅੱਧੀ ਬਿਮਾਰੀ ਤਾਂ ਉੁਸ ਦੇ ਖ਼ੁਸ਼ੀ ਭਰੇ ਵਿਵਹਾਰ ਅਤੇ ਦਿਲਾਸੇ ਨਾਲ ਹੀ ਕੱਟੀ ਜਾਂਦੀ ਹੈ। ਇਹ ਉਸ ਦੀ ਦਵਾਈ ਨਾਲੋਂ ਵੱਧ ਉਪਯੋਗੀ ਅਤੇ ਕਾਰਗਰ ਸਿੱਧ ਹੁੰਦੀ ਹੈ। ਅਜਿਹੀ ਗੱਲ ਨਹੀਂ ਕਿ ਇਹ ਲੋਕ ਬਿਲਕੁਲ ਨਹੀਂ ਹਸਦੇ, ਕਈ ਵਾਰ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਕਿ ਇਨ੍ਹਾਂ ਨੂੰ ਵੀ ਹਸਣਾ ਨਸੀਬ ਹੋ ਜਾਂਦਾ ਹੈ।

ਇਕ ਵਾਰ ਹਰਿਆਣੇ ਦੀ ਇਕ ਅਦਾਲਤ ਵਿਚ ਮੁਕੱਦਮਾ ਚਲ ਰਿਹਾ ਸੀ। ਦੋਵੇਂ ਧਿਰਾਂ ਦੇ ਵਕੀਲ ਮੁਲਜ਼ਮਾਂ ਤਾਈ ਦੀ ਜਾਣ ਪਛਾਣ ਵਾਲੇ ਸਨ। ਇਕ ਵਕੀਲ ਨੇ ਕਿਹਾ ਕਿ ''ਤਾਈ ਤੂੰ ਮੰਨੈ ਜਾਣੈ ਸੈ?'' ਉਸ ਨੇ ਕਿਹਾ, ''ਹਾਂ ਜਾਣੂ ਸੈ, ਤੂੰ ਕਰਨੈਲ ਕਾਣੈ ਕਾ ਛੋਰਾ ਸੈ। ਤੇਰੀ ਲੁਗਾਈ ਤੰਨੇ ਛੋੜ ਕੇ ਭਾਗ ਗਈ ਸੈ।'' ਦੂਜੇ ਵਕੀਲ ਨੇ ਭਾਈ ਨੂੰ ਪੁਛਿਆ, ''ਤਾਈ ਤੂੰ ਮੰਨੈ ਵੀ ਜਾਣੈ ਸੈ?'' ਉਸ ਨੇ ਜਵਾਬ ਦਿਤਾ, ''ਹਾਂ ਜਾਣੂ ਤੂੰ ਗ਼ੁਲਾਬ ਸਿੰਘ ਦਾ ਛੋਰਾ ਸੈ, ਤੇਰੀ ਲੁਗਾਈ ਕਾ ਇਸ ਵਕੀਲ ਕੇ ਸਾਥ ਚੱਕਰ ਸੈ।''

ਇਹ ਸੁਣ ਕੇ ਜੱਜ ਨੇ ਤੁਰੰਤ ਅਦਾਲਤੀ ਕਾਰਵਾਈ ਉਤੇ ਰੋਕ ਲਗਾ ਦਿਤੀ ਅਤੇ ਦੋਹਾਂ ਵਕੀਲਾਂ ਨੂੰ ਅਪਣੇ ਕੈਬਿਨ ਵਿਚ ਬੁਲਾਇਆ ਤੇ ਕਿਹਾ, ''ਖ਼ਬਰਦਾਰ, ਜੇ ਕਿਸੇ ਨੇ ਤਾਈ ਤੋਂ ਮੇਰੇ ਬਾਰੇ ਕੁੱਝ ਪੁਛਿਆ ਤਾਂ।'' ਗੱਲ ਕੀ ਹਾਸਾ ਸਾਡੇ ਆਲੇ ਦੁਆਲੇ ਤੇ ਅੰਗ ਸੰਗ ਹੀ ਹੁੰਦਾ ਹੈ। ਇਸ ਨੂੰ ਕਿਤੇ ਲੱਭਣ ਜਾਣ ਦੀ ਜ਼ਰੂਰਤ ਨਹੀਂ। ਵਾਤਾਵਰਣ ਵਿਚੋਂ ਹੀ ਚੁਟਕਲੇ, ਹਾਸਰਸ ਅਤੇ ਕਹਾਣੀਆਂ ਨਿਕਲਦੀਆਂ ਹਨ। ਹਾਲੇ ਪਰਸੋਂ ਦੀ ਗੱਲ ਹੈ, ਮੇਰੀ ਧਰਮ ਪਤਨੀ ਪੈਸਿਆਂ ਪਿਛੇ ਮੇਰੇ ਨਾਲ ਲੜ ਰਹੀ ਸੀ। ਲੜਦੇ-ਲੜਦੇ ਉਸ ਨੇ ਦੁਖੀ ਹੋ ਕੇ ਕਿਹਾ, ''ਤੇਰੇ ਨਾਲੋਂ ਤਾਂ ਮੈਂ ਕਿਸੇ ਮੰਗਤੇ ਨਾਲ ਵਿਆਹੀ ਹੁੰਦੀ ਤਾਂ ਜ਼ਿਆਦਾ ਖ਼ੁਸ਼ ਰਹਿਣਾ ਸੀ।'' 

ਕੁਦਰਤੀ ਹੀ ਉਸ ਸਮੇਂ ਘਰ ਦੇ ਬੂਹੇ ਕੋਲੋਂ ਇਕ ਮੰਗਤਾ ਲੰਘ ਰਿਹਾ ਸੀ, ਸ਼ਾਇਦ ਉਸ ਨੇ ਸੁਣ ਲਿਆ ਹੋਵੇਗਾ। ਉਹ ਘੰਟੀ ਮਾਰ ਕੇ ਕਹਿਣ ਲੱਗਾ, ''ਮੈਡਮ ਜੀ, ਮੈਂ ਜਾਵਾਂ ਕਿ ਰੁਕਾਂ?'' ਇਕ ਹਾਸਾ ਹੀ ਇਨਸਾਨ ਦੀ ਚੰਗੀ ਸਿਹਤ ਤੇ ਤੰਦਰੁਸਤੀ ਦਾ ਰਾਜ਼ ਹੈ। ਇਨਸਾਨ ਦੀ ਜ਼ਿੰਦਗੀ ਬੜੀ ਛੋਟੀ ਤੇ ਕੀਮਤੀ ਹੈ, ਇਸ ਨੂੰ ਸ਼ਾਨਦਾਰ ਤਰੀਕੇ ਨਾਲ ਜਿਊਣਾ ਚਾਹੀਦੈ। ਲੋਕ ਐਵੇਂ ਮੇਰੀ-ਮੇਰੀ ਕਰਦੇ ਰਹਿੰਦੇ ਹਨ। ਇਥੇ ਪਲ ਦਾ ਭਰੋਸਾ ਨਹੀਂ ਕਦੋਂ ਚਾਦਰ ਕਫ਼ਨ ਬਣ ਜਾਵੇ।
 

ਮੈਂ ਅਕਸਰ ਵੇਖਿਆ ਕਿ ਤੇਲ ਹੁੰਦਿਆਂ ਸੁੰਦਿਆਂ ਦੀਵੇ, 
ਹਵਾ ਕਈ ਵਾਰ ਦਿਲ ਦੀ ਮੋਜ ਖ਼ਾਤਰ ਹੈ ਬੁਝਾ ਦੇਂਦੀ।

ਅਜਕਲ ਮੌਤ ਲਈ ਉਮਰ ਦੀ ਕੋਈ ਸੀਮਾ ਨਹੀਂ ਹੈ। ਇਸ ਕਰ ਕੇ ਸੱਭ ਨੂੰ ਅਪਣੀ ਜ਼ਿੰਦਗੀ ਵਿਚ ਕੁੱਝ ਪਲ ਹਸਣਾ ਖੇਡਣਾ ਜ਼ਰੂਰ ਚਾਹੀਦਾ ਹੈ।
ਕੋਈ ਕਾਮਯਾਬ ਇਨਸਾਨ ਖ਼ੁਸ਼ ਰਹੇ ਨਾ ਰਹੇ ਇਹ ਅਲੱਗ ਗੱਲ ਹੈ, ਪਰ ਇਕ ਖ਼ੁਸ਼ ਮਿਜਾਜ਼ ਅਤੇ ਹਸਮੁਖ ਆਦਮੀ ਕਾਮਯਾਬ ਜ਼ਰੂਰ ਹੋ ਸਕਦੈ।

ਸੰਪਰਕ : 99888-73637