Special article : ਸ. ਜੋਗਿੰਦਰ ਸਿੰਘ ਨੇ ਕਿਣਕਾ-ਕਿਣਕਾ ਜੋੜ ਕੇ ਸਪੋਕਸਮੈਨ ਤੇ ‘ਉੱਚਾ ਦਰ’ ਵਰਗੀਆਂ ਸੰਸਥਾਵਾਂ ਸਿੱਖ ਕੌਮ ਦੀ ਝੋਲੀ ਪਾਈਆਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

Special article : ਰੋਜ਼ਾਨਾ ਸਪੋਕਸਮੈਨ ਬਹੁਤ ਵੱਡੇ ਸੰਘਰਸ਼ ਮਿਹਨਤ ਤੇ ਸਰਦਾਰ ਜੀ ਦੀ ਦਿੜ੍ਹਤਾ ਦਾ ਨਤੀਜਾ ਸੀ।

ਸ੍ਰ.ਜੋਗਿੰਦਰ ਸਿੰਘ ਅਤੇ ਬੀਬੀ ਜਗਜੀਤ ਕੌਰ ਨਾਲ ਆਪਣੇ ਪ੍ਰਵਾਰ ਸਮੇਤ ਮੁਲਾਕਾਤ ਕਰਦੇ ਹੋਏ ਲੇਖਕ ਕਸ਼ਮੀਰ ਸਿੰਘ

Special article : ਸ. ਜੋਗਿੰਦਰ ਸਿੰਘ ਮਿਤੀ 4 ਅਗੱਸਤ 2024 ਨੂੰ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ। ਉਮਰ ਭਾਵੇਂ ਉਨ੍ਹਾਂ ਦੀ 83 ਸਾਲ ਦੀ ਹੋ ਚੁੱਕੀ ਸੀ ਪਰ ਬਾਬੇ ਨਾਨਕ ਦੇ ਪੰਥ ਨੂੰ ਉਨ੍ਹਾਂ ਦੀ ਹਾਲੇ ਬਹੁਤ ਲੋੜ ਸੀ। ਬਾਬੇ ਨਾਨਕ ਪ੍ਰਤੀ ਉਨ੍ਹਾਂ ਦੇ ਮਨ ’ਚ ਅਥਾਹ ਸ਼ਰਧਾ ਸੀ। ਅਜੇ ਉਹ ਬਹੁਤ ਕੁੱਝ ਕਰਨਾ ਲੋਚਦੇ ਸਨ ਪਰ ਕੁਦਰਤ ਨੂੰ ਸ਼ਾਇਦ ਕੁੱਝ ਹੋਰ ਹੀ ਮਨਜ਼ੂਰ ਸੀ। ‘ਉੱਚਾ ਦਰ ਬਾਬੇ ਨਾਨਕ ਦਾ’ ਬਾਬੇ ਨਾਨਕ ਨੂੰ ਉਨ੍ਹਾਂ ਦੀ ਪਿਆਰ ਭਰੀ ਸ਼ਰਧਾਂਜਲੀ ਸੀ। ਸ. ਜੋਗਿੰਦਰ ਸਿੰਘ ਇਤਿਹਾਸ ਦੀ ਉਹ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਭਾਈ ਲਾਲੋਆਂ ਦਾ ਕਿਣਕਾ-ਕਿਣਕਾ ਸਵੀਕਾਰ ਕਰ ਕੇ ‘ਰੋਜ਼ਾਨਾ ਸਪੋਕਸਮੈਨ’ ਤੇ ‘ਉੱਚਾ ਦਰ’ ਵਰਗੀਆਂ ਵਿਸ਼ੇਸ਼ ਸੰਸਥਾਵਾਂ ਖੜੀਆਂ ਕੀਤੀਆਂ। 
ਮੈਂ ਸਾਲ 1988 ’ਚ ਮੁਕਤਸਰ ਤੋਂ ਮਸਤੂਆਣਾ ਸਾਹਿਬ ਵਿਖੇ ਫ਼ਾਰਮੇਸੀ ਕਰਨ ਚਲਾ ਗਿਆ ਸੀ। ਪਹਿਲੀ ਵਾਰ ਮੈਂ ਸੰਗਰੂਰ ਬੱਸ ਅੱਡੇ ’ਤੇ ‘ਸਪੋਕਸਮੈਨ’ ਰਸਾਲਾ ਖ਼ਰੀਦਿਆ ਸੀ। ਉਸ ਦਿਨ ਤੋਂ ਲੈ ਕੇ ਅੱਜ ਤਕ ਸਪੋਕਸਮੈਨ ਨਾਲ ਰਿਸ਼ਤਾ ਬਣਿਆ ਹੋਇਆ ਹੈ। ਰਸਾਲੇ ਦੀਆਂ ਲਿਖਤਾਂ ਬਹੁਤ ਅੱਵਲ ਦਰਜੇ ਦੀਆਂ ਹੁੰਦੀਆਂ ਸਨ, ਖ਼ਾਸ ਕਰ ਕੇ ਸਰਦਾਰ ਜੀ ਦੇ ਲੇਖ। ਜਦੋਂ ਤੁਹਾਨੂੰ ਕੋਈ ਜਾਣਕਾਰੀ ਬਹੁਤ ਵਧੀਆ ਲਗਦੀ ਹੈ ਤਾਂ ਦਿਲ ਮੱਲੋ-ਮੱਲੀ ਦੂਜਿਆਂ ਨਾਲ ਉਹ ਜਾਣਕਾਰੀ ਸਾਂਝੀ ਕਰਨ ਨੂੰ ਕਰਦਾ ਹੈ। ਮੈਂ ਪੁਰਾਣੇ ਰਸਾਲੇ ਅਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਵੰਡ ਦੇਣੇ, ਫਿਰ ਉਨ੍ਹਾਂ ਨੂੰ ਪੁਛਣਾ ਕਿ ਕਿਵੇਂ ਲਗਿਆ ਰਸਾਲਾ। ਜਿਸ ਨੇ ਹਾਂ ਪੱਖੀ ਜਵਾਬ ਦੇਣਾ, ਮੈਂ ਉਸ ਦਾ ਸਾਲ ਦਾ ਚੰਦਾ ਭਰ ਦੇਣਾ। ਹਰ ਮਹੀਨੇ ਮੈਂ 15-20 ਰਸਾਲਿਆਂ ਦਾ ਸਾਲਾਨਾ ਚੰਦਾ  ਭਰਦਾ ਸੀ। ਮੇਰਾ ਵਿਉਹਾਰ ਉਨ੍ਹਾਂ ਦਿਨਾਂ ’ਚ ਬਾਵਲਿਆਂ ਵਰਗਾ ਹੋ ਗਿਆ ਸੀ, ਹਰ ਸਮੇਂ ਹਰ ਕਿਸੇ ਨਾਲ ਸਪੋਕਸਮੈਨ ਦਾ ਜ਼ਿਕਰ ਕਰਨਾ। ਸਰਦਾਰ ਜੀ ਦੀਆਂ ਲਿਖਤਾਂ ਪੜ੍ਹ ਪੜ੍ਹ ਕੇ ਉਨ੍ਹਾਂ ਨਾਲ ਦਿਲੀ ਪਿਆਰ ਵਧਦਾ ਗਿਆ। ਸਾਲ 1990 ਤੋਂ ਮੈਂ ਸਰਦਾਰ ਜੀ ਦੇ ਘਰ ਜਾਣ ਆਉਣ ਲੱਗ ਪਿਆ ਸੀ। ਮੈਂ ਸਰਦਾਰ ਜੀ ਦੇ ਘਰੋਂ ਪਿਛਲੇ ਮਹੀਨਿਆਂ ਦੇ ਰਸਾਲੇ ਲੈ ਆਉਣੇ ਤਾਕਿ ਵੱਧ ਤੋਂ ਵੱਧ ਲੋਕਾਂ ਨੂੰ ਵੰਡ ਸਕਾਂ। ਜਦੋਂ ਵੀ ਸਰਦਾਰ ਜੀ ਨਾਲ ਗੱਲਬਾਤ ਹੋਣੀ ਤਾਂ ਉਨ੍ਹਾਂ ਦੇ ਦਿਲ ਦੀ ਚੀਸ ਮਹਿਸੂਸ ਹੋਣੀ, ਸਪੋਕਸਮੈਨ ਰਸਾਲੇ ਨੂੰ ਕਿਵੇਂ ਨਾ ਕਿਵੇਂ ਰੋਜ਼ਾਨਾ ਸਪੋਕਸਮੈਨ ਅਖ਼ਬਾਰ ’ਚ ਬਦਲਿਆ ਜਾਵੇ। ਇਸ ਲਈ ਰਲ ਮਿਲ ਕੇ ਸਿਰ ਤੋੜ ਯਤਨ ਲੰਮਾ ਸਮਾਂ ਚਲਦਾ ਰਿਹਾ। ਡਬਲ ਮਨੀ ਸਕੀਮਾਂ, ਵਿਆਜ ਦੀਆਂ ਸਕੀਮਾਂ ਵੱਖ-ਵੱਖ ਤਰ੍ਹਾਂ ਦੀ ਮੈਂਬਰਸ਼ਿਪ। ਸਰਦਾਰ ਜੀ ਦੀ ਇੱਛਾ ਸੀ ਕਿ ਰੋਜ਼ਾਨਾ ਅਖ਼ਬਾਰ ਲਈ ਜਲਦ ਤੋਂ ਜਲਦ ਰਕਮ ਦਾ ਪ੍ਰਬੰਧ ਕੀਤਾ ਜਾ ਸਕੇ। ਮੈਨੂੰ ਯਾਦ ਹੈ ਕਿ ਸੰਨ 2000 ’ਚ ਮੇਰੇ ਪ੍ਰਵਾਰ ਨੇ 35000 ਰੁਪਏ ਮੇਰੇ ਪਿਤਾ ਸ. ਬਲਵੰਤ ਸਿੰਘ ਦੇ ਨਾਂ ’ਤੇ ਡਬਲ ਮਨੀ ਸਕੀਮ ਵਿਚ ਲਾਏ ਸਨ। ਉਸ ਤੋਂ ਬਾਅਦ ਮੇਰੇ ਪਿਤਾ ਤੇ ਮਾਤਾ ਬਲਵੰਤ ਕੌਰ ਦੇ ਨਾਂ ਤੇ ਪ੍ਰਵਾਰ ਨੇ ‘ਲੱਖ ਦਾਤਾ’ ਸਕੀਮ ਅਧੀਨ ਇਕ-ਇਕ ਲੱਖ ਰੁਪਈਆ ਅਦਾਰੇ ਨੂੰ ਦਿਤਾ ਤਾਕਿ ਉਨ੍ਹਾਂ ਦੀ ਯਾਦ ਹਮੇਸ਼ਾ ਬਣੀ ਰਹੇ। 
ਅਸੀ ਮੁਕਤਸਰ ’ਚ ਸਪੋਕਸਮੈਨ ਪ੍ਰੇਮੀਆਂ ਦੀ ਇਕ ਟੀਮ ਬਣਾ ਲਈ ਸੀ। ਸਾਡੀ ਟੀਮ ਨੇ ਰਲ ਕੇ ‘ਰੋਜ਼ਾਨਾ ਸਪੋਕਸਮੈਨ’ ਦੀ ਸ਼ੁਰੂਆਤ ਲਈ ਬਹੁਤ ਯਤਨ ਕੀਤੇ। ਉਸ ਸਮੇਂ ‘ਡਬਲ ਮਨੀ’ ਸਕੀਮ ਜਾਂ ਵਿਆਜ ’ਤੇ ਰੁਪਏ ਲੈ ਲੈਣਾ ਵੀ ‘ਰੋਜ਼ਾਨਾ ਸਪੋਕਸਮੈਨ’ ਲਈ ਇਕ ਵੱਡਾ ਯੋਗਦਾਨ ਸਾਬਤ ਹੋਇਆ। ਜਿਵੇਂ ਜਿਵੇਂ ਸਮਾਂ ਲੰਘਦਾ ਗਿਆ, ਅਦਾਰੇ ਵਲੋਂ ਰੁਪਏ ਵੀ ਵਾਪਸ ਕਰ ਦਿਤੇ ਗਏ। ‘ਸਪੋਕਸਮੈਨ’ ਰਸਾਲੇ ਤੋਂ ‘ਰੋਜ਼ਾਨਾ ਸਪੋਕਸਮੈਨ’ ਦਾ ਸਫ਼ਰ ਮੈਂ ਅਪਣੇ ਪਿੰਡੇ ’ਤੇ ਹੰਢਾਇਆ ਹੈ। 
ਇਕ ਦਸੰਬਰ 2005 ਦਾ ਦਿਨ ਸਾਡੇ ਸਾਰਿਆਂ ਲਈ ਖ਼ੁਸ਼ੀਆਂ ਭਰਿਆ ਦਿਨ ਸੀ ਜਦੋਂ ‘ਰੋਜ਼ਾਨਾ ਸਪੋਕਸਮੈਨ’ ਅਖ਼ਬਾਰ ਦਾ ਪਹਿਲਾਂ ਅੰਕ ਸਾਡੇ ਹੱਥਾਂ ’ਚ ਸੀ ਤੇ ਮੇਰੀਆਂ ਅੱਖਾਂ ’ਚੋਂ ਹੰਝੂ ਰੁਕਣ ਦਾ ਨਾਂ ਨਹੀਂ ਸਨ ਲੈ ਰਹੇ। ਪਹਿਲੇ ਅੰਕ ਨੂੰ ਹੱਥ ’ਚ ਲੈ ਕੇ ਜੋ ਸਕੂਨ ਮਿਲਿਆ, ਉਸ ਦਾ ਅਨੁਭਵ ਸ਼ਬਦਾਂ ਤੋਂ ਪਰੇ ਸੀ। ਪੰਜਾਬੀ ਦੇ ਬਾਕੀ ਅਖ਼ਬਾਰ ਕਿਵੇਂ ਸ਼ੁਰੂ ਹੋਏ ਮੈਨੂੰ ਜਾਣਕਾਰੀ ਨਹੀਂ ਪਰ ਰੋਜ਼ਾਨਾ ਸਪੋਕਸਮੈਨ ਬਹੁਤ ਵੱਡੇ ਸੰਘਰਸ਼ ਮਿਹਨਤ ਤੇ ਸਰਦਾਰ ਜੀ ਦੀ ਦਿ੍ਰੜ੍ਹਤਾ ਦਾ ਨਤੀਜਾ ਸੀ।
ਰੋਜ਼ਾਨਾ ਸਪੋਕਸਮੈਨ ਦੀ ਸਥਾਪਤੀ ਏਨੀ ਭੈਭੀਤ ਕਰ ਦੇਣ ਵਾਲੀ ਸੀ ਕਿ ਪਹਿਲੇ ਦਿਨ ਹੀ ਤਖ਼ਤਾਂ ਦੇ ਜਥੇਦਾਰਾਂ ਤੋਂ ਅਖ਼ਬਾਰ ਵਿਰੁਧ ਹੁਕਮਨਾਮਾ ਜਾਰੀ ਕਰਵਾ ਦਿਤਾ ਗਿਆ ਕਿ ਇਸ ਨੂੰ ਕੋਈ ਵੀ ਸਿੱਖ ਨਾ ਪੜ੍ਹੇ, ਨਾ ਇਸ ਅਖ਼ਬਾਰ ਵਿਚ ਕੋਈ ਸਿੱਖ ਨੌਕਰੀ ਕਰੇ। 
ਭਾਈ ਲਾਲੋਆਂ ਨੂੰ ਛੱਡ ਕੇ ਬਹੁਤੇ ਅਖ਼ਬਾਰ ਦੇ ਉਲਟ ਸੀ ਤੇ ਅਜਿਹੇ ਹਾਲਾਤ ’ਚ ਚਲਦੇ ਰਹਿਣਾ ਕਿੰਨਾ ਮੁਸ਼ਕਲ ਹੋਵੇਗਾ, ਤੁਸੀ ਆਪ ਤਸੱਵੁਰ ਕਰ ਸਕਦੇ ਹੋ। ਸ. ਜੋਗਿੰਦਰ ਸਿੰਘ ਦੀਆਂ ਸੰਪਾਦਕੀਆਂ ਤੇ ‘ਨਿੱਜੀ ਡਾਇਰੀ ਦੇ ਪੰਨਿਆਂ’ ਨੇ ਅਖ਼ਬਾਰ ’ਚ ਅਜਿਹੀ ਰੂਹ ਫੂਕੀ ਕਿ ਰੋਜ਼ਾਨਾ ਸਪੋਕਸਮੈਨ ਇੰਟਰਨੈੱਟ ’ਤੇ ਸੱਭ ਤੋਂ ਵੱਧ ਪੜਿ੍ਹਆ ਜਾਣ ਵਾਲਾ ਅਖ਼ਬਾਰ ਬਣ ਗਿਆ। ਸਾਧੂ ਸਿੰਘ ਹਮਦਰਦ ਦੇ ਅਕਾਲ ਚਲਾਣੇ ਤੋਂ ਲੈ ਕੇ ਰੋਜ਼ਾਨਾ ਸਪੋਕਸਮੈਨ ਦੇ ਸ਼ੁਰੂ ਹੋਣ ਤਕ ਪੰਜਾਬੀ ਅਖ਼ਬਾਰਾਂ ਕੇਵਲ ਵੇਖਣ ਦੀ ਚੀਜ਼ ਬਣ ਕੇ ਰਹਿ ਗਈਆਂ ਸਨ। ਫ਼ਿਲਮੀ ਐਕਟਰਾਂ ਤੇ ਮਾਡਲਾਂ ਦੀਆਂ ਵੱਡੀਆਂ ਵੱਡੀਆਂ ਫ਼ੋਟੋਆਂ ਨਾਲ ਅਖ਼ਬਾਰ ਭਰੇ ਹੁੰਦੇ ਸਨ। ਸਰਦਾਰ ਜੀ ਦੀਆਂ ਲਿਖਤਾਂ ਨੇ ਪੜ੍ਹਨ ਦੇ ਆਸ਼ਕਾਂ ਨੂੰ ਉਨ੍ਹਾਂ ਦੇ ਰੂਹ ਦੀ ਭਰਪੂਰ ਖ਼ੁਰਾਕ ਦਿਤੀ। ਸਰਦਾਰ ਜੀ ਵਲੋਂ ਸੰਪਾਦਕੀ ਪੰਨੇ ਦੇ ਲੇਖਾਂ ਦੀ ਚੋਣ, ਸੰਪਾਦਕੀ ਤੇ ‘ਮੇਰੀ ਨਿੱਜੀ ਡਾਇਰੀ ਦੇ ਪੰਨਿਆਂ’ ਨੇ ਰੋਜ਼ਾਨਾ ਸਪੋਕਸਮੈਨ ਨੂੰ ਬੁਲੰਦੀਆਂ ’ਤੇ ਪਹੁੰਚਾ ਦਿਤਾ। ਹੁਣ ਮੈਡਮ ਨਿਮਰਤ ਕੌਰ ਯਤਨ ਕਰ ਰਹੇ ਹਨ ਕਿ ਸਪੋਕਸਮੈਨ ਪੰਨੇ ਦੀ ਅਹਿਮੀਅਤ ਬਰਕਰਾਰ ਰਹੇ। 
ਇਕੋ ਸਮੇਂ ’ਤੇ ਸਪੋਕਸਮੈਨ ਨੂੰ ਕਈ ਫ਼ਰੰਟਾਂ ’ਤੇ ਲੜਾਈ ਲੜਨੀ ਪੈ ਰਹੀ ਸੀ। ਅਕਾਲੀ ਸਰਕਾਰ ਨੇ ਕੋਈ ਵੀ ਸਰਕਾਰੀ ਇਸ਼ਤਿਹਾਰ ਤਾਂ ਕੀ ਦੇਣਾ ਸੀ ਸਗੋਂ ਜੋ ਪ੍ਰਾਈਵੇਟ ਅਦਾਰੇ ਇਸ਼ਤਿਹਾਰ ਦਿੰਦੇ ਸਨ ਉਨ੍ਹਾਂ ਨੂੰ ਵੀ ਡਰਾਇਆ ਧਮਕਾਇਆ ਜਾਂਦਾ ਸੀ। ਆਰਐਸਐਸ ਸਪੋਕਸਮੈਨ ਤੋਂ ਬਹੁਤ ਦੁਖੀ ਸੀ, ਸਾਰੇ ਡੇਰੇਦਾਰਾਂ ਦੀਆਂ ਅੱਖਾਂ ’ਚ ਸਪੋਕਸਮੈਨ ਚੁਭਦਾ ਸੀ। ਸਤੰਬਰ 2007 ’ਚ ਨੂਰ ਮਹਿਲੀਆਂ ਵਲੋਂ ਅਖ਼ਬਾਰ ਦੇ ਸੱਤ ਦਫ਼ਤਰ ਤਬਾਹ ਕਰ ਦਿਤੇ ਗਏ। ਮੁਕਤਸਰ ’ਚ ਮੇਰੀ ਆੜਤ ਦੀ ਦੁਕਾਨ ’ਤੇ ਸਪੋਕਸਮੈਨ ਦਾ ਦਫ਼ਤਰ ਬਣਾਇਆ ਸੀ, ਜਦੋਂ ਭੀੜ ਆਈ ਤਾਂ ਮਿੰਟਾਂ ’ਚ ਸਾਰਾ ਫ਼ਰਨੀਚਰ ਕੰਪਿਊਟਰ, ਦੁਕਾਨ ਦਾ  ਰਿਕਾਰਡ ਤਬਾਹ ਕਰ ਦਿਤਾ ਗਿਆ। ਜਦੋਂ ਸਪੋਕਸਮੈਨ ਸ਼ੁਰੂ ਹੋਇਆ ਅਸੀਂ ਆਪ ਮੋਟਰਸਾਈਕਲਾਂ ’ਤੇ ਅਖ਼ਬਾਰ ਲੋਕਾਂ ਤਕ ਪਹੁੰਚਦੇ ਕੀਤੇ। ਸੌਦਾ ਸਾਧ ਵਿਰੁਧ ਸਪੋਕਸਮੈਨ ਅੱਜ ਤਕ ਲੜਾਈ ਲੜ ਰਿਹਾ ਹੈ। ਸਪੋਕਸਮੈਨ ਦੇ ਜਨਮ ਤੋਂ ਲੈ ਕੇ ਸਰਦਾਰ ਜੀ ਨੇ ਅੰਤਲੇ ਸਮੇਂ ਤਕ ਦਲੇਰੀ ਨਾਲ ਹਰ ਮੁਸ਼ਕਲ ਦਾ ਸਾਹਮਣਾ ਕੀਤਾ। ਅਖ਼ਬਾਰ ਦੇ ਸ਼ੁਰੂ ਹੋਣ ਤੋਂ ਸਾਲ ਦੋ ਸਾਲ ਦੇ ਵਿਚ ਹੀ ਵੱਖ ਵੱਖ ਥਾਣਿਆਂ, ਅਦਾਲਤਾਂ ’ਚ ਸਰਦਾਰ ਜੀ ਨੂੰ ਕੇਸਾਂ ਦਾ ਸਾਹਮਣਾ ਕਰਨਾ ਪਿਆ। ਅੰਮ੍ਰਿਤਸਰ ਦੇ ਪੁਲਿਸ ਵਿਭਾਗ ਵਿਚ ਕਈ ਵਾਰ ਪੇਸ਼ੀਆਂ ਪਈਆਂ। ਅਸੀਂ ਮੁਕਤਸਰ ਤੋਂ ਸਾਰੇ ਵੀਰ ਰਣਜੀਤ ਸਿੰਘ, ਗੁਰਦੇਵ ਸਿੰਘ, ਇਕਬਾਲ ਸਿੰਘ, ਨਿਸ਼ਾਨ ਸਿੰਘ, ਇਕਓਕਾਰ ਸਿੰਘ ਸਮੇਤ ਪੇਸ਼ੀਆਂ ’ਤੇ ਸਰਦਾਰ ਜੀ ਦਾ ਸਮਰਥਨ ਕਰਨ ਲਈ ਜਾਂਦੇ ਰਹੇ। ਸਾਲ 2021 ’ਚ ਮੁਕਤਸਰ ਦੀ ਇਕ ਅਦਾਲਤ ’ਚ ਵੀ ਸਰਦਾਰ ਜੀ ਤੇ ਇਕ ਕੇਸ ਦਾਇਰ ਹੋਇਆ ਜਿਸ ਸਬੰਧੀ ਛੇ-ਸੱਤ ਵਾਰ ਸਰਦਾਰ ਜੀ ਨੂੰ ਮੁਕਤਸਰ ਆਉਣਾ ਪਿਆ। ਅਦਾਲਤ ’ਚ ਤਰੀਕ ’ਤੇ ਬਹੁਤ ਲੰਮਾ ਸਮਾਂ ਲਗਦਾ ਤੇ ਅਸੀ ਸਾਰੇ ਇਸ ਸਮੇਂ ਦੌਰਾਨ ਵਕੀਲ ਦੇ ਚੈਂਬਰ ’ਚ ਬੈਠੇ ਸਰਦਾਰ ਜੀ ਨਾਲ ਕਿੰਨੇ ਹੀ ਵਿਸ਼ਿਆਂ ’ਤੇ ਡੂੰਘੀਆਂ ਗੱਲਾਂ ਕਰਦੇ ਰਹੇ। ਇਸੇ ਦੌਰਾਨ ਸਰਦਾਰ ਜੀ ਇਕ ਦਿਨ ਮੇਰੇ ਸਕੂਲ ਨਿਸ਼ਾਨ ਅਕੈਡਮੀ ਗਏ ਤੇ ਸਕੂਲ ਵੇਖ ਕੇ ਸਰਦਾਰ ਜੀ ਬਹੁਤ ਖ਼ੁਸ਼ ਹੋਏ ਤੇ ਕਹਿੰਦੇ ਕਿ ਮੈਂ ਤਾਂ ਸੋਚਦਾ ਸੀ ਕਿ ਕੋਈ ਨਿੱਕਾ ਮੋਟਾ ਸਕੂਲ ਹੋਵੇਗਾ ਪਰ ਤੁਸੀ ਤਾਂ ਪੂਰੀ ਰੌਣਕ ਲਾਈ ਹੋਈ ਹੈ।
ਮੇਰੇ ਨੌਜਵਾਨ ਬੇਟੇ ਅਵਲਪ੍ਰੀਤ ਦੇ ਤੁਰ ਜਾਣ ਤੋਂ ਬਾਅਦ ਸਰਦਾਰ ਜੀ ਮੇਰੇ ਨਾਲ ਦੁੱਖ ਸਾਂਝਾ ਕਰਨ ਲਈ ਮੇਰੇ ਘਰ ਵੀ ਆਏ। ਪਿਛਲੇ 30 ਸਾਲਾਂ ਦੇ ਅਰਸੇ ਦੌਰਾਨ ਅਸੀਂ ਪਤਾ ਨਹੀਂ ਕਿੰਨੀ ਕੁ ਵਾਰ ਸਰਦਾਰ ਜੀ ਦੇ ਘਰ ਗਏ ਹੋਵਾਂਗੇ, ਕੋਈ ਗਿਣਤੀ ਨਹੀਂ। ਅਸੀਂ ਮੁਕਤਸਰ ਤੋਂ ਸਵੇਰੇ ਪੰਜ ਵਜੇ ਚਲਣਾ ਤੇ ਦਸ ਵਜੇ ਤਕ ਸਰਦਾਰ ਜੀ ਕੋਲ ਪਹੁੰਚ ਜਾਣਾ। ਗੱਲਾਂ ਦੀ ਅਜਿਹੀ ਲੜੀ ਚਲਣੀ ਕਿ ਪਤਾ ਹੀ ਨਾ ਲਗਣਾ ਕਦੋਂ ਦੋ ਵੱਜ ਗਏ। ਸਰਦਾਰ ਜੀ ਦੇ ਡਾਇਨਿੰਗ ਟੇਬਲ ’ਤੇ ਇਕਠਿਆਂ ਨੇ ਰੋਟੀ ਖਾਣੀ। ਸਰਦਾਰ ਜੀ ਦੇ ਖਾਣੇ ’ਚ ਹਮੇਸ਼ਾ ਦੋ-ਤਿੰਨ ਸਬਜ਼ੀਆਂ ਜ਼ਰੂਰ ਹੁੰਦੀਆਂ ਸਨ। ਮੈਡਮ ਜਗਜੀਤ ਕੌਰ ਨੇ ਸਾਨੂੰ ਦਸਿਆ ਸੀ ਕਿ ਸਰਦਾਰ ਜੀ ਇਕ ਸਬਜ਼ੀ ਨਾਲ ਰੋਟੀ ਨਹੀਂ ਖਾਂਦੇ। ਡਾਇਨਿੰਗ ਟੇਬਲ ਤੋਂ ਬਾਅਦ ਫਿਰ ਡਰਾਇੰਗ ਰੂਮ ’ਚ ਕਦੋਂ ਚਾਰ ਵੱਜ ਜਾਣੇ ਗੱਲਾਂ ਕਰਦਿਆਂ ਪਤਾ ਹੀ ਨਾ ਲੱਗਣਾ। ਸਾਡੀਆਂ ਗੱਲਾਂ ਦਾ ਵਿਸ਼ਾ ਹਮੇਸ਼ਾ ਸਿੱਖ ਮਸਲੇ ਤੇ ਗੁਰਬਾਣੀ ਹੀ ਹੁੰਦੇ ਸਨ। ਅਸੀ ਵਾਪਸ ਆਉਣ ਲਈ ਉਠਣਾ ਕਿਉਂਕਿ ਚੰਡੀਗੜ੍ਹ ਤੋਂ ਮੁਕਤਸਰ ਦਾ ਸਾਡਾ ਸਫ਼ਰ ਪੰਜ-ਛੇ ਘੰਟਿਆਂ ਦਾ ਹੁੰਦਾ ਸੀ। ਸਿੱਧਾ ਮੁਕਤਸਰ ਤੋਂ ਸਰਦਾਰ ਜੀ ਦੇ ਘਰ ਤੇ ਸਰਦਾਰ ਜੀ ਦੇ ਘਰ ਤੋਂ ਮੁਕਤਸਰ, ਹੋਰ ਕੋਈ ਕੰਮ ਨਹੀਂ ਸੀ ਹੁੰਦਾ। ਅਸੀ ਸਿਰਫ਼ ਸਰਦਾਰ ਜੀ ਨਾਲ ਵਿਚਾਰ ਚਰਚਾ ਕਰਨ ਤੇ ਮਨ ’ਚ ਉਠਦੇ ਸਵਾਲਾਂ ਨੂੰ ਸ਼ਾਂਤ ਕਰਨ ਲਈ ਸਰਦਾਰ ਜੀ ਕੋਲ ਜਾਂਦੇ ਸੀ। ਉਨ੍ਹਾਂ ਨਾਲ ਵਿਚਾਰ ਚਰਚਾ ਕਰ ਕੇ ਰੂਹ ਤਿ੍ਰਪਤ ਹੋ ਜਾਂਦੀ ਸੀ। ਸਕਿਉਰਟੀ ਵਾਲੇ ਵੀ ਹੈਰਾਨ ਹੁੰਦੇ ਸਨ ਕਿ ਸਰਦਾਰ ਜੀ ਕਿਸੇ ਲੀਡਰ ਨੂੰ ਤਾਂ ਅੱਧੇ ਘੰਟੇ ਤੋਂ ਵੱਧ ਸਮਾਂ ਨਹੀਂ ਸੀ ਦਿੰਦੇ ਤੇ ਆਹ ਮੁਕਤਸਰ ਵਾਲੇ ਸ਼ਾਮ ਵਾਲੀ ਚਾਹ ਪੀਤੇ ਤੋਂ ਬਿਨਾਂ ਮੁੜਦੇ ਹੀ ਨਹੀਂ। ਰੋਜ਼ਾਨਾ ਸਪੋਕਸਮੈਨ ਦੇ ਸ਼ੁਰੂਆਤ ਦੇ ਕੁੱਝ ਮਹੀਨਿਆਂ ਦਾ ਸਫ਼ਰ ਸੀ ਜਦੋਂ ਸਰਦਾਰ ਜੀ ਪੱਤਰਕਾਰਾਂ ਨਾਲ ਮੀਟਿੰਗਾਂ ਕਰਦੇ ਜਾਂ ਹੋਰ ਪ੍ਰਬੰਧਕੀ ਕੰਮ ਵੇਖਦੇ ਸਨ। ਇਸ ਸਬੰਧੀ ਉਨ੍ਹਾਂ ਨੂੰ ਕੁੱਝ ਮਹੀਨੇ ਲਗਾਤਾਰ ਆਫ਼ਿਸ ਜਾਣਾ ਪਿਆ, ਨਹੀਂ ਤਾਂ ਉਸ ਤੋਂ ਪਹਿਲਾਂ ਤਾਂ ਸਰਦਾਰ ਜੀ ਦਸਦੇ ਹੁੰਦੇ ਸੀ ਕਿ ‘‘ਮੈਂ ਦੋ-ਦੋ, ਤਿੰਨ-ਤਿੰਨ ਮਹੀਨੇ ਕਦੇ ਘਰੋਂ ਹੀ ਨਹੀਂ ਨਿਕਲਿਆ।’’ ਸਰਦਾਰ ਜੀ ਦਾ ਰਹਿਣ ਸਹਿਣ ਬਹੁਤ ਸਾਦਾ ਸੀ। ਜਦ ਵੀ ਸਰਦਾਰ ਜੀ ਨੂੰ ਅਸੀਂ ਮਿਲਣਾ ਤਾਂ ਸਿਰ ਤੇ ਨਾਭੀ ਜਾਂ ਨੀਲਾ ਮਫ਼ਲਰ ਹੋਣਾ, ਪੈਰਾਂ ’ਚ ਬੂਟ ਜਿਨ੍ਹਾਂ ਦੀਆਂ ਅੱਡੀਆਂ ਦੱਬੀਆਂ ਹੋਈਆਂ ਹੁੰਦੀਆਂ ਸਨ। ਸਰਦਾਰ ਜੀ ਸਾਡੇ ਨਾਲ ਗੱਲਾਂ ਕਰਦੇ ਹੁੰਦੇ ਸੀ ਕਿ ਮੈਂ ਕਦੇ ਆਪ ਕੋਈ ਖ਼ਰੀਦਦਾਰੀ ਨਹੀਂ ਕੀਤੀ। ਸਰਦਾਰ ਜੀ ਤਾਂ ਬਸ ਸਾਰਾ ਦਿਨ ਲਿਖਣਾ ਤੇ ਪੜ੍ਹਨਾ, ਇਸ ਤੋਂ ਬਿਨਾਂ ਹੋਰ ਸਰਦਾਰ ਜੀ ਦੀ ਕੋਈ ਪਹਿਲ ਨਹੀਂ ਸੀ ਹੁੰਦੀ। ਜਦੋਂ ਮੈਡਮ ਜਗਜੀਤ ਕੌਰ ਨੇ ਦਫ਼ਤਰ ਦਾ ਬਹੁਤਾ ਕੰਮ ਸੰਭਾਲ ਲਿਆ ਤਾਂ ਮੈਂ ਉਦੋਂ ਇਕ ਲੇਖ ਵਿਚ ਲਿਖਿਆ ਸੀ ਕਿ ਇਕ ਤੇ ਇਕ 11 ਕਿਵੇਂ ਹੁੰਦੇ ਹਨ ਇਹ ਸਾਨੂੰ ਅੱਜ ਪਤਾ ਲੱਗਾ।
ਰੋਜ਼ਾਨਾ ਸਪੋਕਸਮੈਨ ਲਈ ਮੈਡਮ ਜਗਜੀਤ ਕੌਰ ਦਾ ਯੋਗਦਾਨ ਵੀ ਨਾ ਭੁੱਲਣ ਯੋਗ ਹੈ। ਜਗਜੀਤ ਕੌਰ ਨੇ ਸਾਰਾ ਪ੍ਰਬੰਧਕੀ ਕੰਮ ਆਪ ਸੰਭਾਲ ਕੇ ਸਰਦਾਰ ਜੀ ਨੂੰ ਲਿਖਣ ਲਈ ਸਮਾਂ ਦਿਤਾ। ਇਸ ਸਮੇਂ ਦੀ ਬਦੌਲਤ ਹੀ ਸਾਨੂੰ ‘ਸੋ ਦਰ ਤੇਰਾ ਕਿਹਾ’ ਵਰਗੀ ਆਲ੍ਹਾ ਦਰਜੇ ਦੀ ਕਿਤਾਬ ਮਿਲੀ ਜਿਸ ਨੇ ਗੁਰਬਾਣੀ ਨੂੰ ਵਖਰੇ ਤੌਰ ਤਰੀਕੇ ਨਾਲ ਸਮਝਣ ਦੀ ਸੋਝੀ ਦਿਤੀ। ਗੁਰਬਾਣੀ ਨੂੰ ਸਮਝਣ ਲਈ ਨਵੇਂ ਅਰਥ ਪ੍ਰਦਾਨ ਕੀਤੇ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪੰਜ ਪਾਣੀ ਪ੍ਰਕਾਸ਼ਨ ਦੇ ਬੈਨਰ ਹੇਠ ‘ਸੋ ਦਰ’ ਤੇ ਅਮੀਨ ਮਲਿਕ ਦੀਆਂ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਗਈਆਂ, ‘ਯਾਦਾਂ ਦੇ ਪਿਛਵਾੜੇ’ ਪੰਜਾਬੀ ਸਾਹਿਤ ਜਗਤ ਦੀ ਬੇਮਿਸਾਲ ਕਿਤਾਬ ਹੈ।
ਰੋਜ਼ਾਨਾ ਸਪੋਕਸਮੈਨ ਸਾਡੇ ਸਾਰਿਆਂ ਦੇ ਸਿਰ ਦਾ ਤਾਜ ਹੈ। ਇਸ ਦੀਆਂ ਪ੍ਰਾਪਤੀਆਂ, ਸ. ਜੋਗਿੰਦਰ ਸਿੰਘ ਦੀਆਂ ਪ੍ਰਾਪਤੀਆਂ  ਹਨ। ਸਾਲ 2007-08 ’ਚ ਦਿਆਲਪੁਰਾ ਭਾਈਕਾ ਵਿਖੇ ਦਸਮ ਗ੍ਰੰਥ ਨੂੰ ਪ੍ਰਕਾਸ਼ ਕਰਨ ਦਾ ਸਮਾਗਮ, ਟਕਸਾਲਾਂ ਤੇ ਨਿਹੰਗ ਜਥੇਬੰਦੀਆਂ ਤੇ ਡੇਰੇਦਾਰਾਂ ਨੇ ਉਲੀਕਿਆ ਸੀ। ਰੋਜ਼ਾਨਾ ਸਪੋਕਸਮੈਨ ਇਨ੍ਹਾਂ ਸਾਰਿਆਂ ਦੇ ਵਿਰੁਧ ਦੀਵਾਰ ਬਣ ਕੇ ਖੜ ਗਿਆ ਸੀ। ਸਰਦਾਰ ਜੀ ਨੇ ਵੱਡੀ ਦਲੇਰੀ ਨਾਲ ਫ਼ੈਸਲਾ ਲੈਂਦਿਆਂ ਅਖ਼ਬਾਰ ਦੇ ਪੂਰੇ ਸਫ਼ੇ ’ਤੇ  ਅਸ਼ਲੀਲ ਪੰਕਤੀਆਂ ਸਫ਼ਾ ਨੰਬਰ ਸਮੇਤ ਛਾਪ ਦਿਤੀਆਂ। ਸੰਗਤਾਂ ’ਚ ਹਾਹਾਕਾਰ ਮੱਚ ਗਈ। ਟਕਸਾਲਾਂ, ਡੇਰੇਦਾਰਾਂ ਦਾ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਦਾ ਪ੍ਰੋਗਰਾਮ ਧਰਿਆ ਧਰਾਇਆ ਰਹਿ ਗਿਆ। ਵੱਡੀਆਂ ਪ੍ਰਾਪਤੀਆਂ ’ਚੋਂ ਇਹ ਸਪੋਕਸਮੈਨ ਦੀ ਜ਼ਿਕਰਯੋਗ ਪ੍ਰਾਪਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਨਾ ਹੋ ਸਕਿਆ। ਡੇਰੇਦਾਰਾਂ ਵਿਰੁਧ ਸਪੋਕਸਮੈਨ ਅਪਣਾ ਨੁਕਸਾਨ ਕਰਾ ਕੇ ਵੀ ਲੰਮੀ ਲੜਾਈ ਲੜਦਾ ਰਿਹਾ। ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਪਣੇ ਫ਼ਰਜ਼ ਨਿਭਾਉਣ ਦੀ ਸਪੋਕਸਮੈਨ ਵਾਰ ਵਾਰ ਯਾਦ ਦਿਵਾਉਂਦਾ ਰਿਹਾ ਜਿਸ ਦਾ ਖ਼ਮਿਆਜ਼ਾ ਵੀ ਸਪੋਕਸਮੈਨ ਨੂੰ ਭੁਗਤਣਾ ਪਿਆ। ਸਰਦਾਰ ਜੀ ਨੇ ਤਖ਼ਤਾਂ ਦੇ ਜਥੇਦਾਰਾਂ ਬਾਰੇ ਉਦੋਂ ਲਿਖਿਆ ਜਦੋਂ ਕੋਈ ਡਰਾਇੰਗ ਰੂਮ ’ਚ ਬਹਿ ਕੇ ਵੀ ਜਥੇਦਾਰਾਂ  ਵਿਰੁਧ ਗੱਲ ਨਹੀਂ ਸੀ ਕਰ ਸਕਦਾ। ਅੱਜ ਤਖ਼ਤਾਂ ਦੇ ਜਥੇਦਾਰ ਜੋ ਕੇਵਲ ਇਕ ਧਿਰ ਦੇ ਬਣ ਕੇ ਰਹਿ ਗਏ ਹਨ ਤੇ ਅਪਣੇ ਅਹੁਦੇ ਦੀ ਸ਼ਾਨ ਖ਼ਤਮ ਕਰ ਚੁੱਕੇ ਹਨ, ਇਸ ਸਾਰੀ ਜਾਗਰੂਕਤਾ ਦਾ ਸਿਹਰਾ ਸਪੋਕਸਮੈਨ ਨੂੰ ਜਾਂਦਾ ਹੈ। ਸਿੱਖਾਂ ਦੇ ਰਾਜਨੀਤਕ, ਧਾਰਮਕ ਲੀਡਰਾਂ ਦੇ ਨਾਗਪੁਰ ਸਬੰਧਾਂ ਨੂੰ ਸਪੋਕਸਮੈਨ ਨੇ ਜੱਗ ਜ਼ਾਹਰ ਕੀਤਾ।
ਇਥੇ ਮੈਂ ਇਕ ਹੋਰ ਘਟਨਾ ਦਾ ਜ਼ਿਕਰ ਕਰਨਾ ਵੀ ਮੁਨਾਸਬ ਸਮਝਦਾ ਹਾਂ। ਇਕ ਦਿਨ ਸਰਦਾਰ ਜੀ ਕੋਲ ਬੈਠਿਆਂ ਉਨ੍ਹਾਂ ਨੇ ਸਾਨੂੰ ਕਿਹਾ ਕਿ ਤੁਹਾਡੇ ’ਚੋਂ ਬਹੁਤਿਆਂ ਨੇ ਮੇਰਾ ਸਾਥ ਛੱਡ ਦੇਣਾ ਹੈ ਕਿਉਂਕਿ ਮੈਂ ਗੱਲਾਂ ਹੀ ਅਜਿਹੀਆਂ ਕਰਨੀਆਂ ਹਨ। ਤਾਂ ਮੈਂ ਹਸਦਿਆਂ ਜਵਾਬ ਦਿਤਾ ਕਿ ਮੇਰੀ ਕੋਸ਼ਿਸ਼ ਰਹੇਗੀ ਕਿ ਅਜਿਹਾ ਨਾ ਹੋਵੇ ਤੇ ਮੈਂ ਅੰਤਲੇ ਸਮੇਂ ਤਕ ਸਰਦਾਰ ਜੀ ਨਾਲ ਅਪਣੀ ਸਾਂਝ ਕਾਇਮ ਰੱਖੀ। 
ਸ. ਜੋਗਿੰਦਰ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਤੇ ‘ਉੱਚਾ ਦਰ ਬਾਬੇ ਨਾਨਕ ਦਾ’ ਵਰਗੀਆਂ ਮਹੱਤਵਪੂਰਨ ਸੰਸਥਾਵਾਂ ਸਿੱਖ ਪੰਥ ਨੂੰ ਦਿਤੀਆਂ ਹਨ। ਭਾਵੇਂ ਅਜੇ ਇਹ ਉਮਰ ਦੇ ਪਹਿਲੇ ਪੜਾਅ ’ਤੇ ਹਨ ਤੇ ਸਾਡੇ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਰਲ ਮਿਲ ਕੇ ਇਨ੍ਹਾਂ ਦੀ ਸਾਂਭ ਸੰਭਾਲ ਕਰੀਏ, ਤਾਂ ਜੋ ਇਨ੍ਹਾਂ ਦੀ ਛਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਮਾਣਨ।  
ਨਮਸਕਾਰ ਹੈ ਅਜਿਹੇ ਦਲੇਰ ਫ਼ੌਲਾਦੀ ਪੁਰਸ਼ ਨੂੰ ਜਿਸ ਨੇ ਦਿਨ ਰਾਤ ਸਖ਼ਤ ਮਿਹਨਤ ਕੀਤੀ ਪਰ ਅਪਣੇ ਸਟੈਂਡ ’ਤੇ ਅਡੋਲ ਡਟੇ ਰਹੇ, ਕਿਸੇ ਲਾਲਚ ਪਿੱਛੇ ਇਰਾਦੇ ਤੋਂ ਨਾ ਥਿੜਕੇ। ਅਨੇਕਾਂ ਦੁਸ਼ਵਾਰੀਆਂ ਝੱਲ ਕੇ ਵੀ ਸਚਾਈ ਦਾ ਮਾਰਗ ਨਾ ਛਡਿਆ। ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਤੇ ਅਸੀਂ ਸਾਰੇ ਅੱਜ ਸ. ਜੋਗਿੰਦਰ ਸਿੰਘ ਨੂੰ ਸਿਜਦਾ ਕਰਦੇ ਹਾਂ ਜਿਨ੍ਹਾਂ ਦੀ ਜ਼ਿੰਦਗੀ ਤੇ ਪ੍ਰਾਪਤੀਆਂ ’ਤੇ ਸਾਨੂੰ ਸਦਾ ਮਾਣ ਰਹੇਗਾ। 
ਅਲਵਿਦਾ ਸਰਦਾਰ ਜੋਗਿੰਦਰ ਸਿੰਘ ਜੀ।

ਕਸ਼ਮੀਰ ਸਿੰਘ ਮੁਕਤਸਰ 

ਮੋਬਾਇਲ -98721-64222