ਦੂਜਿਆਂ ਦੇ ਹੱਕਾਂ ਲਈ ਲੜਨ ਵਾਲੀ ਜਰਨੈਲਾਂ ਦੀ ਕੌਮ ਦੇ ਵਾਰਸ ਖ਼ੁਦ ਦੀ ਲੜਾਈ ਕਿਉਂ ਹਾਰ ਰਹੇ ਨੇ?
ਇਤਿਹਾਸ ਵੀ ਸਾਡੇ ਜਰਨੈਲਾਂ ਦੀ ਸ਼ਖ਼ਸੀਅਤ ਨੂੰ ਵਧੀਆ ਢੰਗ ਨਾਲ ਕਰਦਾ ਹੈ ਪੇਸ਼
ਸਿੱਖ ਕੌਮ ਦੀ ਪਛਾਣ ਯੋਧਿਆਂ ਤੇ ਸੂਰਬੀਰਾਂ ਦੀ ਅਣਖੀ ਕੌਮ ਵਜੋਂ ਹੁੰਦੀ ਰਹੀ ਹੈ। ਸਿੱਖਾਂ ਦੇ ਪਹਿਲੇ ਗੁਰੂ ਬਾਬਾ ਨਾਨਕ ਜੀ ਦੀ ਸਿਖਿਆ ਅੱਗੇ ਵਧਦੀ ਰਹੀ। ਇਨਸਾਨੀਅਤ ਨੂੰ ਪਿਆਰ ਕਰਨਾ ਤੇ ਕਿਰਤ ਦੀ ਕਮਾਈ ਖਾਣਾ ਇਸ ਕੌਮ ਦਾ ਮੁੱਖ ਉਦੇਸ਼ ਸੀ। ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਮਲਾਵਰ ਹਕੂਮਤਾਂ ਦੇ ਜ਼ੁਲਮ ਨੂੰ ਰੋਕਣ ਲਈ ਤੇ ਬਿਨਾਂ ਕਿਸੇ ਧਾਰਮਕ, ਜਾਤ-ਪਾਤ ਦੇ ਭੇਦ-ਭਾਵ ਤੋਂ ਇਨਸਾਨੀਅਤ ਨੂੰ ਬਚਾਉਣ ਲਈ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਸਿੱਖ ਕੌਮ ਸ਼ਾਂਤੀ ਪਸੰਦ ਕੌਮ ਹੈ ਪਰ ਸਮੇਂ-ਸਮੇਂ ਤੇ ਹੋ ਰਹੇ ਜ਼ੁਲਮ ਨੂੰ ਰੋਕਣ ਲਈ ਇਸ ਕੌਮ ਨੂੰ ਹਥਿਆਰਬੰਦ ਲੜਾਈ ਵੀ ਲੜਨੀ ਆਉਂਦੀ ਹੈ। ਇਤਿਹਾਸ ਨੂੰ ਜਿੰਨਾ ਜ਼ਿਆਦਾ ਪੜ੍ਹਿਆ ਜਾਵੇਗਾ, ਉਨਾ ਹੀ ਇਸ ਕੌਮ ਦੀਆਂ ਇਨਸਾਨੀ ਹੱਕਾਂ ਲਈ ਦਿਤੀਆਂ ਕੁਰਬਾਨੀਆਂ ਵੇਖਣ ਨੂੰ ਮਿਲਣਗੀਆਂ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਗੋਰੇ ਲੋਕ ਵੀ ਇਕ ਇਮਾਨਦਾਰੀ ਵਾਲਾ ਸਾਫ਼ ਸੁਥਰਾ ਰਾਜ ਮੰਨਦੇ ਹਨ। ਇਸ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ ਤੇ ਬਾਬਾ ਦੀਪ ਸਿੰਘ ਵਰਗੇ ਅਣਗਿਣਤ ਜਰਨੈਲਾਂ ਨੇ ਅਪਣੇ ਖੰਡੇ ਦੀ ਤਾਕਤ ਨਾਲ ਜ਼ੁਲਮ ਦਾ ਨਾਮੋ ਨਿਸ਼ਾਨ ਮਿਟਾ ਦਿਤਾ ਸੀ। ਕੁਰਬਾਨੀਆਂ ਨਾਲ ਭਰੀ ਪਈ ਇਸ ਕੌਮ ਅੱਗੇ ਸਾਰਿਆਂ ਦਾ ਸਿਰ ਪਿਆਰ ਤੇ ਅਦਬ ਨਾਲ ਝੁਕਦਾ ਹੈ। ਪਰ ਇਸ ਕੌਮ ਨਾਲ ਸਿੱਧੀ ਲੜਾਈ ਲੜਨ ਤੋਂ ਅਸਮਰੱਥ ਤਾਕਤਾਂ ਨੇ ਇਸ ਕੌਮ ਨੂੰ ਸਾਜ਼ਿਸ਼ਾਂ ਤਹਿਤ ਕਮਜ਼ੋਰ ਕਰਨਾ ਸ਼ੁਰੂ ਕਰ ਦਿਤਾ। ਇਨ੍ਹਾਂ ਸਾਜ਼ਿਸ਼ਾਂ ਨੇ ਸਿੱਖ ਕੌਮ ਨੂੰ ਵੱਡੇ ਪੱਧਰ ਤੇ ਖੋਖਲਾ ਕਰ ਦਿਤਾ ਹੈ। ਜਿਸ ਦੇ ਨਤੀਜੇ ਵਜੋਂ ਦੂਜੇ ਦੇ ਹੱਕਾਂ ਲਈ ਲੜਨ ਲਈ ਕੌਮ ਅਪਣੀ ਹੀ ਕੌਮ ਦੇ ਗ਼ੱਦਾਰਾਂ ਹੱਥੋਂ ਜ਼ੁਲਮ ਦਾ ਸ਼ਿਕਾਰ ਹੋ ਰਹੀ ਹੈ।
ਸਿੱਖ ਕੌਮ ਦਾ ਅਪਣੇ ਹੀ ਜਥੇਦਾਰਾਂ ਤੋਂ ਵਿਸ਼ਵਾਸ ਉੱਠ ਰਿਹਾ। ਇਸ ਦੀ ਵਜ੍ਹਾ ਜਥੇਦਾਰਾਂ ਦਾ ਅਪਣੀ ਡਿਊਟੀ ਇਮਾਨਦਾਰੀ ਨਾਲ ਨਾ ਨਿਭਾਉਣਾ ਜਾਂ ਫਿਰ ਇਕ ਦੋ ਪ੍ਰਵਾਰਾਂ ਦੇ ਹੱਥਾਂ ਵਿਚ ਸਿੱਖ ਕੌਮ ਨੂੰ ਸੌਂਪਣ ਵਰਗੇ ਸਵਾਲਾਂ ਨੂੰ ਖੜਾ ਕਰ ਰਿਹਾ ਹੈ। ਇਸ ਦੀ ਸੱਚਾਈ ਸਾਨੂੰ ਖ਼ੁਦ ਅਪਣੇ ਪੱਧਰ ਤੇ ਪਤਾ ਕਰਨੀ ਹੋਵੇਗੀ।
ਕਿਸੇ ਸਮੇਂ ਇਸ ਕੌਮ ਦੇ ਆਦਰਸ਼ ਲੀਡਰ ਇਸ ਕੌਮ ਦੇ ਜਰਨੈਲ ਹੋਇਆ ਕਰਦੇ ਸਨ। ਪਰ ਅਜਕਲ ਜ਼ਿਆਦਾਤਰ ਨੌਜੁਆਨ ਅਪਣੇ ਅਸਲੀ ਆਦਰਸ਼ ਲੀਡਰਾਂ ਨੂੰ ਭੁੱਲ ਕੇ ਵਿਖਾਵੇ ਤੇ ਹਥਿਆਰਾਂ ਦੀ ਗੱਲ ਕਰਨ ਵਾਲੇ ਕਲਾਕਾਰਾਂ ਨੂੰ ਅਪਣਾ ਆਦਰਸ਼ ਮੰਨ ਚੁੱਕੇ ਹਨ। ਉਨ੍ਹਾਂ ਦੀ ਲੜਾਈ ਇਕ ਦੂਸਰੇ ਬਾਰੇ ਮਾੜਾ ਬੋਲਣ ਤਕ ਹੀ ਸੀਮਿਤ ਹੋ ਕੇ ਰਹਿ ਗਈ ਹੈ। ਲੋੜ ਹੈ ਸਾਨੂੰ ਅਪਣੇ ਅਸਲ ਆਦਰਸ਼ ਜਰਨੈਲਾਂ ਉੱਪਰ ਫ਼ਖ਼ਰ ਕਰ ਕੇ ਉਨ੍ਹਾਂ ਦੁਆਰਾ ਦਰਸਾਏ ਰਸਤਿਆਂ ਤੇ ਚੱਲਣ ਦੀ। ਇਤਿਹਾਸ ਵੀ ਸਾਡੇ ਜਰਨੈਲਾਂ ਦੀ ਸ਼ਖ਼ਸੀਅਤ ਨੂੰ ਵਧੀਆ ਢੰਗ ਨਾਲ ਪੇਸ਼ ਕਰਦਾ ਹੈ।
ਪਰ ਇਥੇ ਮੈਂ ਤੁਹਾਡੇ ਨਾਲ ਇਕ ਕਿੱਸਾ ਸਾਂਝਾ ਕਰਨਾ ਚਾਹਾਂਗਾ। ਪਿਛਲੇ ਦਿਨੀਂ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਵਿਚ ਕਿਊਬਾ ਦੇ ਇਕ ਕ੍ਰਾਂਤੀਕਾਰੀ ਨੌਜੁਆਨ ਚੀ ਗਵੇਰਾ ਤੇ ਲੇਖ ਛਪਿਆ ਸੀ ਜਿਸ ਵਿਚ ਦਸਿਆ ਗਿਆ ਸੀ ਕਿ ਚੀ ਗਵੇਰਾ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਅਪਣੇ ਇਕ ਪਾਠਕ/ਲੇਖਕ ਉਸ ਨੂੰ ਮਿਲਣ ਗਏ। ਉੱਥੇ ਜਾ ਕੇ ਉਹ ਹੈਰਾਨ ਹੋ ਜਾਂਦੇ ਨੇ ਕਿਉਂਕਿ ਉਸ ਕ੍ਰਾਂਤੀਕਾਰੀ ਦੇ ਕਮਰੇ ਵਿਚ ਬਾਬਾ ਬੰਦਾ ਬਹਾਦਰ ਜੀ ਦੀਆਂ ਤਸਵੀਰਾਂ ਲਗੀਆਂ ਸਨ। ਕਿਸੇ ਸਾਥੀ ਦੇ ਦੱਸਣ ਤੇ ਪਤਾ ਲੱਗਾ ਕਿ ਚੀ ਗਵੇਰਾ ਤੁਹਾਡੇ ਪੁਰਖਿਆਂ ਦੀ ਸੋਚ ਤੋਂ ਪ੍ਰਭਾਵਤ ਸੀ। ਇਹ ਗੱਲ ਸੁਣਦੇ ਹੀ ਸਾਨੂੰ ਫ਼ਖ਼ਰ ਮਹਿਸੂਸ ਹੋਇਆ ਕਿ ਅਸੀ ਜਿਸ ਤੋਂ ਪ੍ਰਭਾਵਤ ਹੋਏ ਸੀ, ਉਹ ਸਾਡੇ ਪੁਰਖਿਆਂ ਤੋਂ ਪ੍ਰਭਾਵਤ ਸੀ।
ਇਹ ਜਾਣਕਾਰੀ ਇਥੇ ਦੇਣ ਦਾ ਮਕਸਦ ਇਹੀ ਸੀ ਕਿ ਅੱਜ ਦੇ ਨੌਜੁਆਨ ਕਲਾਕਾਰਾਂ ਪਿੱਛੇ ਲੜਨ ਨਾਲੋਂ, ਅਪਣੇ ਪੁਰਖਿਆਂ ਵਾਂਗ ਹੱਕਾਂ ਲਈ ਲੜਨ। ਚੀ ਗਵੇਰਾ ਤਾਂ ਫਿਰ ਵੀ ਇਕ ਕ੍ਰਾਂਤੀਕਾਰੀ ਸੀ, ਇਹ ਕਲਾਕਾਰ ਤਾਂ ਕ੍ਰਾਂਤੀਕਾਰੀ ਸ਼ਬਦ ਦੀ ਅਹਿਮੀਅਤ ਵੀ ਨਹੀਂ ਸਮਝਦੇ। ਨੌਜੁਆਨਾਂ ਦੀ ਕ੍ਰਾਂਤੀਕਾਰੀ ਲਹਿਰ ਸੋਸ਼ਲ ਮੀਡੀਏ ਤਕ ਹੀ ਸੀਮਿਤ ਹੈ, ਜ਼ਮੀਨੀ ਪੱਧਰ ਉਤੇ ਕੁੱਝ ਵੀ ਵਿਖਾਈ ਨਹੀਂ ਦਿੰਦਾ। ਨਸ਼ੇ ਨੇ ਸਾਡੇ ਤੋਂ ਸਾਡੀ ਜਵਾਨੀ ਖੋਹ ਲਈ। ਜਿਸ ਕੌਮ ਦੇ ਜਰਨੈਲਾਂ ਨੂੰ ਵੇਖ-ਵੇਖ ਜ਼ਾਲਮ ਧਿਰਾਂ ਥਰ-ਥਰ ਕੰਬਦੀਆਂ ਸਨ, ਅੱਜ ਉਸ ਕੌਮ ਦੇ ਮੋਢੇ ਨਸ਼ਿਆਂ ਨਾਲ ਮਰਦੇ ਧੀਆਂ-ਪੁਤਰਾਂ ਦੀਆਂ ਲਾਸ਼ਾਂ ਚੱਕ-ਚੱਕ ਹੰਭ ਚੁੱਕੇ ਹਨ। ਜਿਸ ਕੌਮ ਦੀ ਬੋਲੀ ਨੂੰ ਪੁਰਾਣੇ ਸਮੇਂ ਇੱਜ਼ਤ ਤੇ ਪਿਆਰ ਮਿਲਦਾ ਸੀ, ਅੱਜ ਉਸ ਅੱਗੇ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਕਿ ਬੋਲੀ ਦੀ ਰਾਖੀ ਕਰਨ ਵਾਲੇ ਇਸ ਦੇ ਵਾਰਸ ਹੀ ਇਸ ਦੇ ਕਾਤਲ ਬਣ ਰਹੇ ਹਨ ਕਿਉਂਕਿ ਬੋਲੀ ਦੀ ਹੋਂਦ ਬਚਾਉਣ ਲਈ ਉਸ ਬੋਲੀ ਦਾ ਰੁਜ਼ਗਾਰ ਦੀ ਬੋਲੀ ਬਣਨਾ ਬਹੁਤ ਜ਼ਰੂਰੀ ਹੁੰਦਾ ਹੈ।
ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਸਰਕਾਰੀ ਦਫ਼ਤਰਾਂ ਤੋਂ ਲੈ ਕੇ ਹਰ ਨਿਜੀ ਖੇਤਰ ਤਕ ਇਸ ਦਾ ਬੋਲਬਾਲਾ ਹੋਵੇ। ਹਰ ਦੇਸ਼ ਅੰਦਰ ਵੱਖੋ ਵਖਰੀਆਂ ਬੋਲੀਆਂ ਨੂੰ ਸਿਖਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਪਰ ਪਹਿਲ ਅਪਣੀ ਮਾਂ-ਬੋਲੀ ਨੂੰ ਹੀ ਦੇਣੀ ਚਾਹੀਦੀ ਹੈ। ਸਾਡੇ ਤੋਂ ਸਾਡੇ ਪਿਤਾ ਪੁਰਖੀ ਧੰਦੇ ਖੋਹੇ ਜਾ ਰਹੇ ਹਨ ਜਿਨ੍ਹਾਂ ਵਿਚ ਖੇਤੀਬਾੜੀ ਇਕ ਅਹਿਮ ਕਿੱਤਾ ਹੈ। ਪੂਰੇ ਦੇਸ਼ ਨੂੰ ਅੰਨ ਖੁਆਉਣ ਵਾਲਾ ਅੰਨਦਾਤਾ ਭੁੱਖ ਤੇ ਕਰਜ਼ੇ ਦਾ ਸ਼ਿਕਾਰ ਹੋ ਕੇ ਜ਼ਹਿਰ ਖਾਣ ਲਈ ਤਿਆਰ ਬੈਠਾ ਹੈ। ਸਾਡੀ ਕੌਮ ਹਰ ਪਾਸਿਉਂ ਹਾਰ ਰਹੀ ਹੈ ਕਿਉਂਕਿ ਅਸੀ ਅਪਣੇ ਧਰਮ ਨੂੰ ਪਾਖੰਡ ਤੋਂ ਨਹੀਂ ਬਚਾਅ ਸਕੇ, ਸਾਡੀ ਬੋਲੀ ਮਰ ਰਹੀ ਹੈ, ਕਿਸਾਨੀ ਡੁੱਬ ਰਹੀ ਹੈ। ਜਿਸ ਨੌਜੁਆਨ ਨੇ ਅਪਣੇ ਹੱਕਾਂ ਲਈ ਲੜਨਾ ਸੀ, ਉਹ ਮਜਬੂਰੀ ਵੱਸ ਵਿਦੇਸ਼ ਜਾਣ ਲਈ ਅਪਣੇ ਹਾਲਾਤ ਨਾਲ ਲੜ ਰਿਹਾ ਹੈ।
ਮੈਂ ਵੀ ਅਪਣੇ ਆਪ ਨੂੰ ਇਸ ਬੇਵਸ ਭੀੜ ਦਾ ਹਿੱਸਾ ਮੰਨਦਾ ਹਾਂ ਪਰ ਅਸੀ ਕਰ ਵੀ ਕੀ ਸਕਦੇ ਹਾਂ ਸਾਡੀ ਨਸਲਕੁਸ਼ੀ ਇਸ ਪੱਧਰ ਤਕ ਪਹੁੰਚ ਗਈ ਹੈ ਕਿ ਹੁਣ ਖ਼ੁਦ ਨੂੰ ਬਚਾਉਣਾ ਅਹਿਮ ਮੁੱਦਾ ਬਣ ਚੁੱਕਾ ਹੈ। ਇਹੀ ਬੇਵਸੀ ਨੌਜੁਆਨਾਂ ਵਿਚੋ ਸੰਘਰਸ਼ ਦੀ ਭਾਵਨਾ ਖ਼ਤਮ ਕਰ ਰਹੀ ਹੈ ਜਿਸ ਕਰ ਕੇ ਮਾਰੂ ਨੀਤੀਆਂ ਦਾ ਵਿਰੋਧ ਕਰਦੇ ਬਜ਼ੁਰਗ ਡਾਂਗਾਂ ਦਾ ਸ਼ਿਕਾਰ ਹੋ ਰਹੇ ਨੇ। ਪੱਗਾਂ ਤੇ ਕਿਰਦਾਰ ਨੂੰ ਉੱਚਾ ਚੁੱਕਣ ਵਾਲੇ ਹੀ ਪੱਗਾਂ ਲਾਹ ਰਹੇ ਹਨ। ਆਉ ਇਸ ਠੰਢੇ ਪੈ ਰਹੇ ਖ਼ੂਨ ਵਿਚ ਫਿਰ ਤੋਂ ਉਬਾਲ ਲਿਆਂਦਾ ਜਾਵੇ। ਜ਼ਰੂਰੀ ਨਹੀਂ ਹੁੰਦਾ ਕਿ ਹਰ ਬਦਲਾਅ ਤੇ ਕ੍ਰਾਂਤੀਕਾਰੀ ਲਹਿਰ ਦਾ ਜਨਮ ਖ਼ੂਨ ਦੀਆਂ ਨਦੀਆਂ ਪਾਰ ਕਰ ਕੇ ਹੀ ਆਵੇ। ਜੇਕਰ ਸਾਡੀ ਕੌਮ ਨੂੰ ਸਾਜ਼ਸ਼ਾਂ ਰਾਹੀਂ ਮਾਰਿਆ ਜਾ ਰਿਹਾ ਹੈ ਤਾਂ ਸਾਨੂੰ ਵੀ ਇਸ ਦਾ ਜਵਾਬ ਦਿਮਾਗ਼ੀ ਮਜ਼ਬੂਤੀ ਤੇ ਦੂਰ-ਅੰਦੇਸ਼ੀ ਸੋਚ ਨਾਲ ਦੇਣਾ ਪਵੇਗਾ। ਇਸ ਲਈ ਨੌਜੁਆਨ ਪੀੜ੍ਹੀ ਨੂੰ ਸਿਖਿਅਤ ਕਰਨਾ ਬਹੁਤ ਜ਼ਰੂਰੀ ਹੈ।
ਸਿਖਿਆ ਦੇ ਨਾਲ-ਨਾਲ ਅਪਣੇ ਇਤਿਹਾਸ ਨਾਲ ਜੋੜਨਾ ਸ਼ਲਾਘਾਯੋਗ ਕਦਮ ਹੋਵੇਗਾ। ਕੁੱਝ ਇਸ ਤਰ੍ਹਾਂ ਦੇ ਬਦਲਾਅ ਜ਼ਮੀਨੀ ਪੱਧਰ ਤੇ ਹੋਣੇ ਬਹੁਤ ਜ਼ਰੂਰੀ ਹਨ। ਜੇਕਰ ਸਾਡੇ ਵਿਚਾਰ ਕ੍ਰਾਂਤੀਕਾਰੀ ਹੋਣਗੇ ਤਾਂ ਸੰਘਰਸ਼ ਦੇ ਰਸਤੇ ਅਪਣੇ ਆਪ ਵਿਖਾਈ ਦੇਣ ਲੱਗ ਪੈਣਗੇ। ਇਕ ਦੂਜੇ ਨੂੰ ਦੋਸ਼ੀ ਦੱਸ ਕੇ ਅਸੀ ਅਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਲੋੜ ਹੈ ਸੱਭ ਨੂੰ ਇਕ ਮੰਚ ਉਤੇ ਇਕੱਠਾ ਹੋਣ ਦੀ, ਇਕ ਅਗਵਾਈ ਵਿਚ ਸੰਘਰਸ਼ ਦੀ ਰਫ਼ਤਾਰ ਤੇਜ਼ ਕਰਨ ਦੀ। ਆਪਸੀ ਮਸਲੇ ਅਸੀ ਬਾਅਦ ਵਿਚ ਵੀ ਨਿਬੇੜ ਸਕਦੇ ਹਾਂ। ਪਰ ਅਪਣੀ ਹੋਂਦ ਬਚਾਉਣਾ ਸਾਡਾ ਗੰਭੀਰਤਾ ਨਾਲ ਸਮਝਣ ਵਾਲਾ ਮੁੱਦਾ ਬਣ ਚੁਕਾ ਹੈ। ਸਮੇਂ ਦੀ ਮੰਗ ਹੈ ਕਿ ਅਸੀ ਕੌਮ ਵਿਰੋਧੀ ਤਾਕਤਾਂ ਨੂੰ ਦਸੀਏ ਕਿ ਅਸੀ ਕਿਸ ਕੌਮ ਦੇ ਵਾਰਸ ਹਾਂ, ਸਾਡੀਆਂ ਰਗਾਂ ਵਿਚ ਵਗਣ ਵਾਲਾ ਖ਼ੂਨ ਜਰਨੈਲ ਯੋਧਿਆਂ ਦੀ ਕੌਮ ਦਾ ਖ਼ੂਨ ਹੈ।
ਸਾਜ਼ਸ਼ਾਂ ਵਿਚ ਲਪੇਟੇ ਹੁਕਮ ਸਾਡੇ ਉਤੇ ਲਾਗੂ ਕਰਨ ਦੀ ਕੋਸ਼ਿਸ਼ ਕਰਨ ਵਾਲੇ ਫ਼ੁਰਮਾਨ ਚਾਹੇ ਦਿੱਲੀ ਤੋਂ ਆਉਣ ਜਾਂ ਕਿਤੋਂ ਹੋਰ ਉਨ੍ਹਾਂ ਦਾ ਜਵਾਬ ਸਿਆਣਪ ਤੇ ਮਜ਼ਬੂਤੀ ਨਾਲ ਦਿਤਾ ਜਾਵੇਗਾ। ਬੇਵਸੀ, ਕਰਜ਼ੇ ਤੇ ਮਾਂ-ਬੋਲੀ ਦੀ ਹੋਂਦ ਦੇ ਬੋਝ ਹੇਠ ਦੱਬ ਕੇ ਖ਼ੁਦਕੁਸ਼ੀ ਕਰਨ ਨਾਲੋਂ ਚੰਗਾ ਹੈ, ਅਪਣੇ ਹੱਕਾਂ ਲਈ ਲੜ ਕੇ ਮਰਿਆ ਜਾਵੇ। ਜੇਕਰ ਕੋਈ ਸਰਕਾਰ, ਲੀਡਰ ਸਾਡੇ ਬਾਰੇ ਨਹੀਂ ਸੋਚਦਾ ਤਾਂ ਅਸੀ ਕਿਉਂ ਉਨ੍ਹਾਂ ਦੀ ਚਾਪਲੂਸੀ ਕਰੀਏ? ਆਉ ਅਪਣੇ ਠੰਢੇ ਪੈ ਰਹੇ ਇਸ ਖ਼ੂਨ ਨੂੰ ਸਿਆਣਪ ਦੀ ਗਰਮੀ ਨਾਲ ਉਬਾਲੀਏ ਤੇ ਕੌਮ ਨੂੰ ਮੁੜ ਤੋਂ ਮਰਦ ਸ਼ੇਰਾਂ ਦੀ ਕੌਮ ਵਾਂਗ ਪੇਸ਼ ਕੀਤਾ ਜਾਵੇ। ਆਉ ਅਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰੀਏ ਤੇ ਅਪਣੇ ਆਉਣ ਵਾਲੇ ਭਵਿੱਖ ਨੂੰ ਸੁਰੱਖਿਅਤ ਕਰੀਏ।
ਅਤਿੰਦਰਪਾਲ ਸਿੰਘ ਸੰਪਰਕ : 81468- 08995