ਦੁਸਹਿਰਾ : ਸਮਾਜਕ ਲੁਟੇਰੇ, ਬਲਾਤਕਾਰੀ ਦਰਿੰਦੇ ਤੇ ਉਨ੍ਹਾਂ ਦੇ ਰਾਖੇ ਸਿਆਸਤਦਾਨਾਂ ਦੇ ਪੁਤਲੇ ਸਾੜੋ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਾਡਾ ਭਾਰਤ ਦੁਨੀਆਂ ਦਾ ਅਜਿਹਾ ਦੇਸ਼ ਹੈ

Dussehra Festival

ਸਾਡਾ ਭਾਰਤ ਦੁਨੀਆਂ ਦਾ ਅਜਿਹਾ ਦੇਸ਼ ਹੈ ਜਿਸ ਵਿਚ ਸੱਭ ਤੋਂ ਵੱਧ ਧਰਮ ਹਨ ਅਤੇ ਇਨ੍ਹਾਂ ਧਰਮਾਂ ਦੇ ਤਿਉਹਾਰ ਵੀ ਵੱਖ-ਵੱਖ ਪ੍ਰੰਪਰਾਵਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੂੰ ਮਨਾਉਣ ਲਈ ਭਰੀਆਂ ਜੇਬਾਂ ਵਾਲੇ ਲੋਕ ਤਾਂ ਪੱਬਾਂ ਭਾਰ ਹੁੰਦੇ ਹਨ ਪ੍ਰੰਤੂ ਸਮਾਜ ਦੇ ਅਤਿ ਗ਼ਰੀਬ ਲੋਕਾਂ ਦੇ ਬੱਚੇ ਇਨ੍ਹਾਂ ਦੀਆਂ ਰੌਣਕਾਂ ਨੂੰ ਤਰਸਦੇ ਰਹਿੰਦੇ ਹਨ। ਬੇਸ਼ਕ ਹਰ ਸਾਲ ਦੁਸਹਿਰੇ ਦੇ ਨੇੜੇ ਆ ਕੇ ਮਿਠਾਈਆਂ ਦੀਆਂ ਦੁਕਾਨਾਂ ਉਤੇ ਛਾਪੇਮਾਰੀ ਸਮੇਤ ਪਟਾਕਿਆਂ ਪ੍ਰਤੀ ਵੀ ਸਰਕਾਰੀ ਹਦਾਇਤਾਂ ਵੀ ਜਾਰੀ ਹੁੰਦੀਆਂ ਹਨ ਪ੍ਰੰਤੂ ਫਿਰ ਵੀ ਇਹ ਹੇਰਾਫੇਰੀ ਪੂਰਨ ਤੌਰ 'ਤੇ ਰੁਕ ਨਹੀਂ ਰਹੀ ਜੋ ਕਿ ਸਾਡੀ ਪ੍ਰਸ਼ਾਸਨਿਕ ਕੁਤਾਹੀ ਅਤੇ ਜਨਤਾ ਦੀ ਗ਼ੈਰ ਜਾਗਰੂਕਤਾ ਵੀ ਇਕ ਕਾਰਨ ਹੈ

ਜਿਸ ਦਾ ਪ੍ਰਤੱਖ ਪ੍ਰਮਾਣ ਪੰਜਾਬ ਦੇ ਬਟਾਲਾ ਸ਼ਹਿਰ ਵਿਖੇ ਪਿਛਲੇ 22 ਸਾਲਾਂ ਤੋਂ ਇਕ ਸੰਘਣੀ ਅਬਾਦੀ ਵਿਚ ਚਲ ਰਹੀ ਇਕ ਗ਼ੈਰ ਮਾਨਤਾ ਵਾਲੀ ਪਟਾਕਾ ਫ਼ੈਕਟਰੀ ਵਿਚ 5 ਸਤੰਬਰ 2019 ਨੂੰ ਹੋਏ ਦਰਦਨਾਕ ਧਮਾਕੇ ਵਿਚ ਫ਼ੈਕਟਰੀ ਮਾਲਕ ਦਾ ਪਰਵਾਰ ਅਤੇ ਕਈ ਹੋਰ ਲੋਕ ਮਾਰੇ ਗਏ ਅਤੇ ਕਈ ਜਖ਼ਮੀ ਵੀ ਹੋਏ ਸਨ। ਅਜਿਹਾ ਕੁੱਝ ਹੋਰ ਕਈ ਥਾਵਾਂ 'ਤੇ ਵੀ ਵਾਪਰਦਾ ਰਹਿੰਦਾ ਹੈ ਜੋ ਮਿਲੀਭੁਗਤ ਨਾਲ ਦਬਾ ਦਿਤਾ ਜਾਂਦਾ ਹੈ।  

ਦੁਸਹਿਰਾ ਭਾਰਤ ਦਾ ਮਹੱਤਵਪੂਰਨ ਤਿਉਹਾਰ ਹੈ। ਜਿਸ ਦਾ ਇਤਿਹਾਸ ਤਾਂ ਭਾਵੇਂ ਰਮਾਇਣ ਗ੍ਰੰਥ 'ਤੇ ਅਧਾਰਤ ਹੈ ਪਰ ਇਸ ਨੂੰ ਹਰ ਧਰਮ ਅਤੇ ਵਰਗ ਦੇ ਲੋਕ ਮਨਾਉਂਦੇ ਹਨ। ਦੁਸਹਿਰੇ ਤੋਂ 9-10 ਦਿਨ ਪਹਿਲਾਂ ਜੋ ਰਾਮ ਲੀਲਾ ਖੇਡੀ ਜਾਂਦੀ ਹੈ ਉਸੇ ਤਰ੍ਹਾਂ ਹੀ ਉੱਤਰ ਪ੍ਰਦੇਸ਼ ਦੇ ਫ਼ੈਜ਼ਾਬਾਦ ਇਲਾਕੇ ਵਿਚ ਖੇਡੀ ਜਾਂਦੀ ਇਕ ਰਾਮਲੀਲਾ ਦੇ ਸਾਰੇ ਕਲਾਕਾਰ ਹੀ ਮੁਸਲਮਾਨ ਹੁੰਦੇ ਹਨ ਜੋ ਆਪਸੀ ਧਰਮ ਨਿਰਪੱਖਤਾ ਦਾ ਸੰਦੇਸ਼ ਹੈ।

ਦੁਸਹਿਰੇ ਦਾ ਤਿਉਹਾਰ ਅੱਸੂ ਮਹੀਨੇ ਦੇ 9 ਨਵਰਾਤਰੇ ਪੂਰੇ ਹੋਣ ਉਪੰਰਤ ਦਸਵੇਂ ਦਿਨ ਬੁਰਾਈ ਉਪਰ ਅੱਛਾਈ ਦੀ ਜਿੱਤ ਵਜੋਂ ਮਨਾਇਆ ਜਾਂਦਾ ਹੈ ਪ੍ਰੰਤੂ ਇਸ ਵਾਰ ਦੁਸਹਿਰਾ ਕੱਤਕ ਮਹੀਨੇ ਵਿਚ ਆ ਰਿਹਾ ਹੈ। ਦੁਸਹਿਰੇ ਵਾਲੇ ਦਿਨ ਖੁੱਲ੍ਹੇ ਮੈਦਾਨ ਵਿਚ 10 ਸਿਰਾਂ ਵਾਲੇ ਰਾਵਣ ਸਮੇਤ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਜਾਂਦੇ ਹਨ ਪ੍ਰੰਤੂ ਦੱਖਣੀ ਭਾਰਤ ਦੇ ਲੋਕ ਜੋ ਅਪਣੇ ਆਪ ਨੂੰ ਰਾਵਣ ਦੇ ਵੰਸ਼ਜ ਮੰਨਦੇ ਹਨ ਅਤੇ ਰਾਵਣ ਦੀ ਪੂਜਾ ਕਰਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਰਾਵਣ ਦੇ ਪੁਤਲੇ ਨੂੰ ਹਰ ਸਾਲ ਇਸ ਤਰ੍ਹਾਂ ਸਾੜੇ ਜਾਣ ਵਾਲੀ ਪ੍ਰਥਾ ਸਹੀ ਨਹੀਂ ਕਿਉਂਕਿ ਉਨ੍ਹਾਂ ਅਨੁਸਾਰ ਰਾਵਣ ਇਕ ਸ਼ਕਤੀਸ਼ਾਲੀ ਰਾਜਾ ਸੀ।

10 ਸਿਰਾਂ ਵਾਲੀ ਮਿਥ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ  ਰਾਵਣ ਵਿਚ 10 ਯੋਧਿਆਂ ਜਿੰਨੀ ਤਾਕਤ ਅਤੇ 10 ਵਿਦਵਾਨਾਂ ਜਿੰਨਾ ਗਿਆਨ ਸੀ। ਉਨ੍ਹਾਂ ਅਨੁਸਾਰ ਇਕ ਰਾਜੇ ਰਾਮ ਚੰਦਰ ਨੇ ਉਸ ਉਤੇ ਹਮਲਾ ਕਰ ਦਿਤਾ। ਰਾਵਣ ਹੱਠੀ ਅਤੇ ਹੰਕਾਰੀ ਤਾਂ ਜ਼ਰੂਰ ਸੀ, ਜਿਸ ਕਾਰਨ ਉਸ ਦੇ ਪਰਵਾਰ ਵਿਚ ਫੁੱਟ ਪੈ ਗਈ ਅਤੇ ਸਕੇ ਭਰਾ ਭਬੀਸ਼ਣ ਨੇ ਰਾਜਾ ਰਾਮ ਚੰਦਰ ਦਾ ਸਾਥ ਦਿਤਾ ਅਤੇ ਅਪਣੇ ਭਰਾ ਦਾ ਸਾਰਾ ਭੇਤ ਖੋਲ੍ਹ ਦਿਤਾ ਜੋ ਰਾਵਣ ਦੀ ਮੌਤ ਦਾ ਕਰਨ ਬਣਿਆ।

ਰਾਵਣ ਦੇ ਵਿਦਵਾਨ ਹੋਣ ਦਾ ਤੱਥ ਇਹ ਵੀ ਮਿਲਦਾ ਹੈ ਕਿ ਉਸ ਦੇ ਯੁੱਧ ਵਿਚ ਜਖ਼ਮੀ ਹੋਣ 'ਤੇ ਜਦੋਂ ਰਾਮ ਚੰਦਰ ਦੇ ਕਹਿਣ 'ਤੇ ਲਛਮਣ ਨੇ ਰਾਵਣ ਦੇ ਪੈਰਾਂ ਵਾਲੇ ਪਾਸੇ ਖੜੋ ਕੇ ਗਿਆਨ ਲੈਣਾ ਚਾਹਿਆ ਤਾਂ ਰਾਵਣ ਦਾ ਇਹੋ ਕਹਿਣਾ ਸੀ ਕਿ ''ਅੱਜ ਦਾ ਕੰਮ ਕੱਲ੍ਹ 'ਤੇ ਨਾ ਛੱਡੋ, ਵਿਰੋਧੀ ਨੂੰ ਕਦੇ ਕਮਜ਼ੋਰ ਨਾ ਸਮਝੋ, ਘਰ ਦੇ ਭੇਤੀ ਨੂੰ ਕਦੇ ਦੁਸ਼ਮਣ ਨਾ ਬਣਾਉ ਅਤੇ ਇਕ ਰਾਜੇ ਨੂੰ ਲੋੜ ਤੋਂ ਵੱਧ ਅੜੀਅਲ ਤੇ ਹੰਕਾਰੀ ਨਹੀਂ ਹੋਣਾ ਚਾਹੀਦਾ ਕਿਉਂਕਿ ਇਕ ਗਿਆਨਵਾਨ ਤੇ ਸ਼ਕਤੀਸ਼ਾਲੀ ਰਾਜਾ ਵੀ ਅਪਣੀਆਂ ਤਾਕਤਾਂ ਤੇ ਗਿਆਨ ਦੀ ਵਰਤੋਂ ਸਹਿਜ ਵਿਚ ਰਹਿ ਕੇ ਨਹੀਂ ਕਰਦਾ ਤਾਂ ਉਸ ਦੀ ਬਰਬਾਦੀ ਹੋਣੀ ਅਟੱਲ ਹੈ।''

ਇਸ ਦਾ ਪਵਿੱਤਰ ਗੁਰਬਾਣੀ ਵਿਚ ਵੀ ਫ਼ੁਮਾਨ ਹੈ ਕਿ :
ਪੜ੍ਹੇ ਗੁਣੈ ਕਿਆ ਹੋਈ
ਜੇ ਸਹਿਜ ਨਾ ਮਿਲਿਓ ਕੋਈ

ਇਵੇਂ ਹੀ ਇਕ ਰੁਸੀ ਵਿਦਵਾਨ ਦਾ ਕਥਨ ਹੈ, ''ਗਿਆਨ ਪਾਪ ਹੋ ਜਾਂਦਾ ਹੈ, ਜੇਕਰ ਉਸ ਦਾ ਉਦੇਸ਼ ਸ਼ੁਭ ਨਾ ਹੋਵੇ।'' ਦਰਅਸਲ ਰਮਾਇਣ ਗ੍ਰੰਥ ਦੇ ਅਧਾਰ 'ਤੇ ਖੇਡੀ ਜਾਂਦੀ ਰਾਮ ਲੀਲਾ ਵੀ ਰਾਜਾ ਰਾਮ ਅਤੇ ਰਾਵਣ ਦੇ ਯੁੱਧ ਦੇ ਸਾਰੇ ਕਾਰਨਾਂ ਦਾ ਚਿੱਤਰਨ ਕਰਦੀ ਹੈ। ਜਿਵੇਂ ਕਿ ਰਾਣੀ ਕੈਕਈ ਵਲੋਂ ਰਾਜਾ ਦਸਰਥ ਦੇ ਵਚਨਾਂ ਦੀ ਗ਼ਲਤ ਵਰਤੋਂ ਕਾਰਨ ਰਾਮ ਚੰਦਰ ਨੂੰ ਬਨਵਾਸ ਮਿਲਣਾ, ਰਾਵਣ ਦੀ ਭੈਣ ਸਰੂਪਨਖਾ ਦਾ ਜੰਗਲ ਵਿਚ ਲਛਮਣ ਨਾਲ ਮੇਲ ਹੋਣਾ ਤੇ ਫਿਰ ਉਸ ਵਲੋਂ ਲਛਮਣ ਵਿਰੁਧ ਅਪਣੇ ਭਰਾ ਨੂੰ ਭੜਕਾਉਣਾ, ਰਾਵਣ ਵਲੋਂ ਬਿਨਾਂ ਸੋਚੇ ਸਮਝੇ ਗੁੱਸੇ ਤੇ ਬਦਲੇ ਦੀ ਭਾਵਨਾ ਵਜੋਂ ਸੀਤਾ ਨੂੰ ਚੁੱਕ ਕੇ ਲੈ ਜਾਣਾ,

ਇਹ ਸਾਰਾ ਵਰਤਾਰਾ ਹੀ ਇਸ ਯੁੱਧ ਦਾ ਕਾਰਨ ਬਣਿਆ। ਬੇਸ਼ਕ ਇਥੇ ਇਹ ਤੱਥ ਵੀ ਮੌਜੂਦ ਹੈ ਕਿ ਰਾਵਣ ਨੇ ਸੀਤਾ ਨੂੰ ਅਪਣੀ ਕੈਦ ਵਿਚ ਬੇਦਾਗ਼ ਰੱਖ ਕੇ ਪਰਾਈ ਨਾਰੀ ਪ੍ਰਤੀ ਅਪਣੇ ਉੱਚੇ ਆਚਰਣ ਦਾ ਸਬੂਤ ਦਿਤਾ ਸੀ ਪ੍ਰੰਤੂ ਫਿਰ ਵੀ ਰਾਵਣ ਨੂੰ ਬੇਹੱਦ ਘ੍ਰਿਣਾ ਦਾ ਪਾਤਰ ਤੇ ਰਾਕਸ਼ ਬੁੱਧੀ ਰਾਜੇ ਵਜੋਂ ਪੇਸ਼ ਕਰ ਕੇ ਘ੍ਰਿਣਾ ਕਾਰਨ ਹੀ ਰਾਵਣ ਉਸ ਦੇ ਭਰਾ ਕੁੰਭਕਰਨ ਅਤੇ ਪੁੱਤਰ ਮੇਘਨਾਥ ਦੇ ਬੁੱਤਾਂ ਨੂੰ ਹਰ ਸਾਲ ਸਾੜੇ ਜਾਣ ਦਾ ਵਰਤਾਰਾ ਸ਼ੁਰੂ ਹੋਇਆ ਜੋ ਅੱਜ 21ਵੀਂ ਸਦੀ ਦੇ ਆਧੁਨਿਕ ਯੁੱਗ ਵਿਚ ਬੇਲੋੜੇ ਮੱਖੀ ਉਤੇ ਮੱਖੀ ਮਾਰੇ ਜਾਣ ਵਾਲੇ ਅੰਧਵਿਸ਼ਵਾਸ ਵਜੋਂ ਜਾਰੀ ਹੈ

ਜਦੋਂ ਕਿ ਸਾਡੇ ਪੁਲਾੜ ਵਿਗਿਆਨੀ ਚੰਦਰਮਾ 'ਤੇ ਪਹੁੰਚਣ ਦਾ ਦਾਅਵਾ ਕਰ ਰਹੇ ਹਨ। ਪ੍ਰੰਤੂ ਅੱਜ ਜੇ ਸੋਚਿਆ ਜਾਵੇ ਕਿ ਅਸੀ ਤਾਂ ਰਾਵਣ ਅਤੇ ਕੰਸ ਤੋਂ ਵੀ ਭੈੜੇ ਹਾਂ ਕਿਉਂਕਿ ਕੰਸ ਹੱਥੋਂ ਤਾਂ ਇਕ ਬੇਟੀ ਵੀ ਬਚ ਗਈ ਸੀ ਅਤੇ ਰਾਵਣ ਨੇ ਦੁਸ਼ਮਣ ਦੀ ਪਤਨੀ ਨੂੰ ਵੀ ਸੁਰੱਖਿਅਤ ਰਖਿਆ ਸੀ। ਸੋ ਅੱਜ ਅਸਲ ਲੋੜ ਇਸ ਗੱਲ ਦੀ ਹੈ ਕਿ ਬੁੱਤ ਉਨ੍ਹਾਂ ਗੁੰਡਿਆਂ, ਬਲਾਤਕਾਰੀ ਦਰੰਦਿਆਂ ਦੇ ਸਾੜੇ ਜਾਣ ਜੋ ਸਾਡੇ ਦੇਸ਼ ਦੀਆਂ ਬੇਦੋਸ਼ ਧੀਆਂ ਭੈਣਾਂ ਨੂੰ (ਨਾਬਾਲਗ ਬੱਚੀਆਂ ਨੂੰ ਵੀ) ਅਗਵਾ ਕਰ ਕੇ ਬਲਾਤਕਾਰ ਕਰਦੇ ਹਨ, ਤਸੀਹੇ ਦੇ ਕੇ ਮਾਰ ਦਿੰਦੇ ਹਨ ਅਤੇ ਫਿਰ ਪੀੜਤ ਮਾਪਿਆਂ ਨੂੰ ਧਮਕੀਆਂ ਵੀ ਦਿੰਦੇ ਹਨ।

ਬੁੱਤ ਤਾਂ ਅੱਜ ਉਨ੍ਹਾਂ ਭ੍ਰਿਸ਼ਟ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਦੇ ਸਾੜੇ ਜਾਣ ਜੋ ਇਨ੍ਹਾਂ ਬਲਾਤਕਾਰੀ ਗੁੰਡਿਆਂ ਨੂੰ ਬਚਾਉਣ ਦੀ ਕੋਸ਼ਿਸ ਕਰਦੇ ਹਨ ਅਤੇ ਪੀੜਤ ਮਾਪਿਆਂ ਨੂੰ ਇਨਸਾਫ਼ ਨਹੀਂ ਮਿਲਣ ਦਿੰਦੇ। ਇਸ ਦੁਖਾਂਤ ਦੀ ਮੂੰਹ ਬੋਲਦੀ ਤਾਜ਼ਾ ਮਿਸਾਲ ਇਹ ਹੈ ਕਿ ਪਿਛਲੀ ਦਿਨੀਂ ਜੋ ਯੂ.ਪੀ. ਸੂਬੇ ਦੇ ਹਾਥਰਸ ਵਿਚ 19 ਸਾਲਾ ਇਕ ਦਲਿਤ ਬੇਟੀ ਨਾਲ ਜੋ ਉੱਚ ਜਾਤੀ ਦੇ ਦਰਿੰਦਿਆਂ ਵਲੋਂ ਬਲਾਤਕਾਰ ਕੀਤਾ ਗਿਆ, ਉਸ ਨੂੰ ਤਸੀਹੇ ਦੇ ਕੇ ਮਾਰ ਦਿਤਾ ਅਤੇ ਫਿਰ ਜਬਰੀ ਪੁਲਿਸ ਪ੍ਰਸ਼ਾਸਨ ਦੀ ਸ਼ਹਿ ਨਾਲ ਅੱਧੀ ਰਾਤ ਨੂੰ ਉਸ ਦਾ ਸਸਕਾਰ ਲੜਕੀ ਦੇ ਮਾਪਿਆਂ ਦੀ ਗ਼ੈਰ ਹਾਜ਼ਰੀ ਵਿਚ ਕਰ ਕੇ ਸਬੂਤ ਮਿਟਾਉਣ ਦੀ ਤਾਨਾਸ਼ਾਹੀ ਕਾਰਵਾਈ ਕੀਤੀ ਗਈ।

ਅਜਿਹੇ ਹਾਲਾਤ ਬਾਰੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਸੀਤਾ ਨੂੰ ਚੁੱਕ ਕੇ ਲੈ ਜਾਣ ਵਾਲੇ ਰਾਵਣ ਦੀ ਲੰਕਾ ਤਾਂ ਸਾੜ ਦਿਤੀ ਸੀ, ਉਸ ਨੂੰ ਮਾਰ ਦਿਤਾ ਸੀ ਅਤੇ ਉਸ ਤੋਂ ਬਾਅਦ ਅੱਜ ਤੱਕ ਉਸ ਨੂੰ ਬੁਰਾਈ ਦਾ ਪ੍ਰਤੀਕ ਮੰਨ ਕੇ ਉਸ ਦਾ ਪੁਤਲਾ ਸਾੜਿਆ ਜਾਂਦਾ ਹੈ। ਦੂਜੇ ਪਾਸੇ ਇਕ ਦਲਿਤ ਸਮਾਜ ਦੀ ਬੇਟੀ ਨੂੰ ਉਠਾ ਕੇ ਲੈ ਜਾਣ ਵਾਲੇ ਉੱਚ ਜਾਤੀ ਗੁੰਡੇ ਉਸ ਨਾਲ ਬਲਾਤਕਾਰ ਕਰਦੇ ਹਨ, ਪਿੰਡ ਵਿਚ ਨੰਗਾ ਘੁਮਾਉਂਦੇ ਹਨ ਪਰ ਅਜਿਹੇ ਲੋਕਾਂ ਦੀ ਲੰਕਾ ਅਤੇ ਉਨ੍ਹਾਂ ਦੇ ਬੁੱਤ ਕੋਈ ਨਹੀਂ ਸਾੜਦਾ। ਫਿਰ ਉਹੀ ਪੀੜਤ ਫੂਲਨ ਦੇਵੀ ਬਣ ਕੇ ਹਥਿਆਰ ਚੁਕਦੀ ਹੈ ਅਤੇ ਉਨ੍ਹਾਂ ਗੁੰਡਿਆਂ ਦੀ ਲੰਕਾ ਸਾੜਦੀ ਹੈ।

ਲੇਕਿਨ ਇਹ ਔਰਤ ਸਮਾਜਕ ਨਿਆਂ ਦੀ ਦੇਵੀ ਨਹੀਂ ਕਹਾਉਂਦੀ ਸਗੋਂ ਡਕੈਤ ਫੂਲਨ ਦੇਵੀ ਕਹਾਉਂਦੀ ਹੈ। ਇਹ ਸਾਡੇ ਅਜੋਕੇ ਸਮਾਜ ਲਈ ਗੰਭੀਰ ਸੋਚਣ ਦਾ ਵਿਸ਼ਾ ਹੈ ਕਿਉਂਕਿ ਰਾਵਣ ਅਤੇ ਕੰਸ ਤੋਂ ਭੈੜੇ ਲੋਕ ਅਜੇ ਵੀ ਸ਼ਰੇਆਮ ਸਮਾਜ ਵਿਚ ਫਿਰਦੇ ਹਨ। ਅੱਜ ਇਹ ਜ਼ਰੂਰ ਪਤਾ ਲੱਗਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਕੁਲੂ ਸ਼ਹਿਰ ਵਿਚ ਮਨਾਏ ਜਾਂਦੇ ਬੜੇ ਰਮਨੀਕ ਦੁਸਹਿਰੇ ਵਿਚ ਭਾਰੀ ਗਿਣਤੀ ਲੋਕ ਦੂਜੇ ਸੂਬਿਆਂ ਤੋਂ ਵੀ ਵੇਖਣ ਆਉਂਦੇ ਹਨ ਪ੍ਰੰਤੂ ਇਥੇ ਰਾਵਣ ਅਤੇ ਬਾਕੀ ਪੁਤਲੇ ਨਹੀਂ ਸਾੜੇ ਜਾਂਦੇ।

ਇਵੇਂ ਹੀ ਰਾਜਸਥਾਨ ਦੇ ਸ਼ਹਿਰ ਜੋਧਪੁਰ ਨੇੜੇ ਜੋ ਰਾਵਣ ਦੀ ਪਤਨੀ ਰਾਣੀ ਮੰਦੋਦਰੀ ਦਾ ਪੇਕਾ ਸਥਾਨ ਦਸਿਆ ਜਾਂਦਾ ਹੈ, ਉਥੇ ਵੀ ਰਾਵਣ ਦਾ ਪੁਤਲਾ ਨਹੀਂ ਸਾੜਿਆ ਜਾਂਦਾ। ਅਜਿਹਾ ਚੰਗਾ ਸਭਿਆਚਾਰ ਬਾਕੀ ਲੋਕਾਂ ਨੂੰ ਵੀ ਅਪਨਾਉਣ ਦੀ ਲੋੜ ਹੈ। ਵੇਖਿਆ ਜਾਵੇ ਤਾਂ ਇੰਜ ਲਗਦਾ ਹੈ ਕਿ ਉਪਰੋਕਤ ਇਤਿਹਾਸ ਨੂੰ ਅਤੇ ਰਮਾਇਣ ਗ੍ਰੰਥ ਉਤੇ ਅਧਾਰਤ ਖੇਡੀ ਜਾਂਦੀ ਰਾਮ ਲੀਲਾ ਨੂੰ ਸਾਡੇ ਲੋਕ ਮੰਨੋਰਜਨ ਪਖੋਂ ਵੱਧ ਅਤੇ ਸਿਖਿਆ ਪਖੋਂ ਘੱਟ ਮੰਨਦੇ ਹਨ। ਇਸੇ ਕਰ ਕੇ ਹੀ ਇਨ੍ਹਾਂ ਤਿਉਹਾਰਾਂ ਨੂੰ ਲੋੜ ਤੋਂ ਵੱਧ ਭਾਵੁਕ ਹੋ ਕੇ ਮਨਾਉਣ ਵਾਲਿਆਂ ਵਲੋਂ ਹੋਸ਼ ਤੋਂ ਘੱਟ ਅਤੇ ਜੋਸ਼ ਤੋਂ ਵੱਧ ਕੰਮ ਲਿਆ ਜਾਂਦਾ ਹੈ, ਜਿਸ ਦੇ ਹੇਠ ਲਿਖੇ ਭੈੜੇ ਪ੍ਰਮਾਣ ਅੱਜ ਸਾਡੇ ਸਾਹਮਣੇ ਮੌਜੂਦ ਹਨ :

1. ਸਿਆਸੀ ਸ਼ੋਸ਼ਣਬਾਜ਼ੀ ਅਤੇ ਭੇਡਚਾਲ ਦੇ  ਜਨਤਕ ਇਕੱਠ ਵਲੋਂ ਦੋ ਸਾਲ ਪਹਿਲਾਂ ਅੰਮ੍ਰਿਤਸਰ ਰੇਲਵੇ ਲਾਈਨ ਦੇ ਨੇੜੇ ਮਨਾਏ ਗਏ ਦੁਸਿਹਰੇ ਵਿਚ ਰੇਲਵੇ ਲਾਈਨ ਉਪਰ ਬੈਠੇ ਲੋਕਾਂ ਉਤੇ ਚੜ੍ਹੀ ਰੇਲ ਗੱਡੀ ਨੇ ਵੱਡੀ ਗਿਣਤੀ ਵਿਚ ਲੋਕ ਮਾਰ ਦਿਤੇ ਤੇ ਕਈ ਜਖ਼ਮੀ ਵੀ ਹੋਏ। ਬੇਸ਼ਕ ਬਾਅਦ ਵਿਚ ਸਰਕਾਰਾਂ ਤੋਂ ਪੀੜਤਾਂ ਦੇ ਮੁਆਵਜ਼ੇ ਦੀ ਗੁਹਾਰ ਲਾਈ ਜਾਂਦੀ ਹੈ ਪ੍ਰੰਤੂ ਜਨਤਾ ਨੂੰ ਅਪਣੀ ਸੂਝ-ਬੂਝ ਹੋਣੀ ਵੀ ਜ਼ਰੂਰੀ ਹੈ ।
2. ਇਵੇਂ ਹੀ ਫ਼ਾਲਤੂ ਪੈਸੇ ਦੀ ਬਰਬਾਦੀ, ਭੇਡਚਾਲ ਅਤੇ ਗ਼ਲਤ ਪ੍ਰਬੰਧ ਦੀ ਮਿਸਾਲ ਇਹ ਵੀ ਹੈ ਕਿ ਪਿਛਲੇ ਸਾਲ ਹਰਿਆਣਾ ਵਿਖੇ 30 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਰਾਵਣ ਦਾ ਬੁੱਤ ਰਿਮੋਟ ਕੰਟਰੋਲ ਰਾਹੀਂ ਸਾੜਿਆ ਗਿਆ ਅਤੇ ਇਵਂੇ ਹੀ ਕੁੱਝ ਸ਼ਹਿਰਾਂ ਵਿਚ ਰਾਵਣ ਦੇ 200-250 ਫੁੱਟ ਉੱਚੇ ਬੁੱਤਾਂ ਵਿਚ ਅਤੇ ਪ੍ਰਤੀ ਬੁੱਤ ਇਕ ਕੁਇੰਟਲ ਸਰੀਆ, ਵੱਡੀ ਮਾਤਰਾ ਵਿਚ ਲਕੜੀ ਅਤੇ ਹੋਰ ਮਟੀਰੀਅਲ ਸਮੇਤ ਲੱਖਾਂ ਰੁਪਏ ਦੇ ਪਟਾਕੇ ਵਰਤੇ ਗਏ (ਜਿਸ ਵਿਚ ਇਨ੍ਹਾਂ ਨੂੰ ਬਣਾਉਣ ਵਾਲੇ ਕਾਰੀਗਰ ਦਾ ਖ਼ਰਚਾ ਵਖਰਾ ਹੈ)।

ਪਰ ਹੁਣ ਤਾਂ ਅਪਣੇ ਸ਼ਹਿਰਾਂ ਦੇ ਵੱਖ-ਵੱਖ ਮੁਹੱਲਿਆਂ ਵਿਚ ਵੀ ਕਈ ਥਾਵਾਂ 'ਤੇ ਇਹ ਬੁੱਤ ਸਾੜਨ ਦਾ ਰਿਵਾਜ ਪੈ ਗਿਆ ਹੈ। ਹੁਣ ਜਦੋਂ ਕਿ ਸਾਡੇ ਦੇਸ਼ ਵਿਚ ਭਿਆਨਕ ਕੋਰੋਨਾ ਮਹਾਂਮਾਰੀ ਦੇ ਫ਼ੈਲੇ ਹੋਣ ਕਾਰਨ ਸਾਡੇ ਸਿਹਤ ਵਿਗਿਆਨੀਆਂ ਵਲੋਂ ਮੂੰਹ 'ਤੇ ਮਾਸਕ ਪਹਿਨਣ, ਸਰੀਰਕ ਦੂਰੀ ਬਣਾ ਕੇ ਭਾਰੀ ਇਕੱਠ ਤੋਂ ਗੁਰੇਜ਼  ਕਰਨ ਦੀਆਂ ਹਦਾਇਤਾਂ ਹਨ ਅਤੇ ਸਾਡੇ ਲੋਕਾਂ ਦੀ ਇਸ ਜੋਸ਼ ਦੇ ਬਦਲੇ ਹੋਸ਼ ਭੁੱਲਣ ਵਾਲੀ ਮਾਨਸਿਕਤਾ ਦਾ ਇਮਤਿਹਾਨ ਇਸ ਦੁਸਹਿਰੇ ਵਿਚ ਹੋਵੇਗਾ ਪਰ ਜਾਪਦਾ ਇੰਜ ਹੈ ਕਿ ਫੋਕੀ ਧਾਰਮਕ ਆਸਥਾ ਅਤੇ ਅੰਧ-ਵਿਸ਼ਵਾਸ ਵਿਚ ਫਸੇ ਲੋਕ ਇਹ ਹਦਾਇਤਾਂ ਭੁੱਲ ਜਾਂਦੇ ਹਨ ਜਿਸ ਦੇ ਬਾਅਦ ਵਿਚ ਘਾਤਕ ਨਤੀਜੇ ਨਿਕਲਦੇ ਹਨ।

ਹੁਣ ਜੇ ਉਪਰੋਕਤ ਤੱਥਾਂ ਨੂੰ ਵਿਚਾਰਿਆ ਜਾਵੇ ਤਾਂ ਇਨ੍ਹਾਂ ਬੁੱਤਾਂ 'ਤੇ ਹੁੰਦੇ ਇਸ ਬੇਲੋੜੇ ਖ਼ਰਚੇ ਨੂੰ ਬਚਾ ਕੇ ਕਿੰਨੇ ਹੀ ਗ਼ਰੀਬਾਂ ਦੇ ਘਰ ਵਸਾਏ ਅਤੇ ਭੁੱਖੇ ਪੇਟ ਭਰੇ ਜਾ ਸਕਦੇ ਹਨ ਕਿਉਂਕਿ ਸਾਡੇ ਦੇਸ਼ ਦੇ ਵੱਡੀ ਗਿਣਤੀ ਬੱਚੇ ਕੁਪੋਸ਼ਣ ਦੇ ਸ਼ਿਕਾਰ ਅਤੇ ਰਾਤ ਨੂੰ ਭੁੱਖੇ ਪੇਟ ਸੌਂਦੇ ਹਨ। ਅੱਜ ਇਹ ਵੀ ਵਿਚਾਰਨ ਦੀ ਸਖ਼ਤ ਲੋੜ ਹੈ ਕਿ ਦੁਸਿਹਰੇ ਦੇ ਤਿਉਹਾਰ ਦਾ ਮੁੱਖ ਅਧਾਰ ਰਮਾਇਣ ਗ੍ਰੰਥ ਹੈ ਜੋ ਸਾਡੇ ਪ੍ਰਵਾਰਕ ਰਿਸ਼ਤਿਆਂ ਪ੍ਰਤੀ ਅਤੇ ਇਕ ਰਾਜੇ ਦੇ ਅਪਣੀ ਪਰਜਾ ਪ੍ਰਤੀ ਸਹਿਨਸ਼ੀਲਤਾ, ਇਮਾਨਦਾਰੀ ਅਤੇ ਜਵਾਬਦੇਹੀ ਦੀ ਸਿਖਿਆ ਦਿੰਦਾ ਹੈ ਅਤੇ ਇਵਂੇ ਹੀ ਬੇਸਹਾਰਾ ਔਰਤਾਂ ਅਤੇ ਬੱਚਿਆਂ ਦੀ ਰਖਿਆ ਕਰਨ ਦਾ ਸਬਕ ਸਿਖਾਉਂਦਾ ਹੈ

ਪਰ ਉਸ ਉਤੇ ਸਾਡਾ ਸਮਾਜ ਅਮਲ ਨਹੀਂ ਕਰਦਾ ਕਿਉਂਕਿ ਆਮ ਵੇਖਿਆ ਜਾਂਦਾ ਹੈ ਕਿ ਸਾਡੇ ਪ੍ਰਵਾਰਕ ਰਿਸ਼ਤਿਆਂ ਵਿਚ ਰਾਮ-ਲਛਮਣ ਜਿਹਾ ਭਰਾਵਾਂ ਵਾਲਾ ਪਿਆਰ, ਸੀਤਾ ਜਿਹੇ ਪਤੀਵਰਤਾ ਵਾਲੇ ਗੁਣ, ਰਾਵਣ ਦਾ ਸੀਤਾ ਪ੍ਰਤੀ ਉੱਚਾ ਚਰਿੱਤਰ, ਇਹ ਸੱਭ ਅੱਜ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ, ਜਿਸ ਦੇ ਪ੍ਰਮਾਣ ਹਨ ਅੱਜ ਥਾਂ-ਥਾਂ ਹੁੰਦੇ ਬਲਾਤਕਾਰ, ਪ੍ਰਵਾਰਾਂ ਦੇ ਵੱਧ ਰਹੇ ਆਪਸੀ ਝਗੜੇ, ਪਤੀ ਪਤਨੀ ਦੇ ਰਿਸ਼ਤਿਆਂ ਵਿਚ ਗੰਦਲਾਪਨ ਅਤੇ ਸਾਡੇ ਰਾਜਾ ਰੂਪੀ ਕਈ ਸਿਆਸੀ ਹੁਕਮਰਾਨਾਂ ਦਾ ਲੋੜ ਤੋਂ ਵੱਧ ਹੰਕਾਰੀ ਤੇ ਵਿਭਚਾਰੀ ਹੋਣਾ।

ਇਨ੍ਹਾਂ ਸਾਰੀਆਂ ਉਪਰੋਕਤ ਬੇਨਿਯਮੀਆਂ ਕਾਰਨ ਹੀ ਅੱਜ ਸਾਡੀਆਂ ਕਈ ਸਮਾਜ ਸੇਵੀ ਅਤੇ ਜਾਗਰੂਕ ਜਥੇਬੰਦੀਆਂ ਵੀ ਰਾਵਣ ਦੇ ਬੁੱਤਾਂ ਨੂੰ ਸਾੜਨ ਵਾਲੇ ਅੰਧਵਿਸ਼ਵਾਸ ਦਾ ਵਿਰੋਧ ਕਰ ਰਹੀਆਂ ਹਨ ਅਤੇ ਇਹ ਪੈਸਾ ਬਚਾ ਕੇ ਗ਼ਰੀਬ ਪ੍ਰਵਾਰਾਂ ਦੀ ਮਦਦ ਕਰਨ ਲਈ ਕਹਿ ਰਹੇ ਹਨ ਅਤੇ ਬੁੱਤ ਸਾੜਨ ਨਾਲ ਜੋ ਜ਼ਹਿਰੀਲਾ ਪ੍ਰਦੂਸ਼ਨ ਫੈਲਦਾ ਹੈ ਉਸ ਤੋਂ ਵੀ ਬਚਣ ਲਈ ਜਾਗਰੂਕ ਕਰ ਰਹੇ ਹਨ। ਸੋ ਇਸ ਉਪਰੋਕਤ ਸਿਸਟਮ ਪ੍ਰਤੀ ਸਾਡੀਆਂ ਸਰਕਾਰਾਂ ਅਤੇ ਧਾਰਮਕ ਪ੍ਰਬੰਧਕਾਂ ਨੂੰ ਵੀ ਪਹਿਲ ਦੇ ਅਧਾਰ ਤੇ  ਵਿਚਾਰਨਾ ਚਾਹੀਦਾ ਹੈ ।  
ਮੋਬਾਈਲ : 99155-21037