ਗੁੁੁੁਰਬਾਣੀ ਵਿਚ ਕਰਾਮਾਤੀ ਸ਼ਕਤੀਆਂ?

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮਾਲਵੇ ਦੇ ਰਾਜਿਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਪਣਾ ਮੁਖੀ ਨਹੀਂ ਮੰਨਿਆ

Gurbani

ਮੁਹਾਲੀ: ਜਦੋਂ ਤੋਂ ਸੁਰਤ ਸੰਭਾਲੀ ਹੈ ਗੁਰਬਾਣੀ ਬਾਰੇ ਸੁਣਦੇ ਪੜ੍ਹਦੇ ਆ ਰਹੇ ਹਾਂ। ਮਨੁੱਖ ਨੂੰ ਗੁਣਾਂ ਨਾਲ ਭਰਪੂਰ ਕਰਨ ਲਈ ਇਸ ਵਿਚ ਬੇਅੰਤ ਉਪਦੇਸ਼ ਹਨ। ਬੁਰਾਈਆਂ ਨੂੰ ਤਿਆਗ ਦੇਣ ਲਈ ਅਮੁੱਕ ਹਦਾਇਤਾਂ ਹਨ। ਜਿਨ੍ਹਾਂ ਰਸਮਾਂ ਰੀਤਾਂ ਤੇ ਪ੍ਰੰਪਰਾਵਾਂ ਦਾ ਪ੍ਰਚਾਰ ਕਰ ਕੇ ਲੋਕਾਂ ਨੂੰ ਅੰਧਵਿਸ਼ਵਾਸੀ ਬਣਾਇਆ ਜਾ ਰਿਹਾ ਸੀ, ਗੁਰਬਾਣੀ ਨੇ ਸਾਰੀਆਂ ਪਖੰਡੀ ਮਨੌਤਾਂ ਨੂੰ ਪੂਰੀ ਤਰ੍ਹਾਂ ਨਕਾਰ ਦਿਤਾ। ਵਿਚੋਲਾ ਬਣ ਬੈਠੇ ਪੁਜਾਰੀ ਨੂੰ ਤਿਆਗ ਕੇ, ਦਿਮਾਗ਼ ਦੀ ਵਰਤੋਂ ਕਰ ਕੇ ਗ਼ਲਤ ਤੇ ਠੀਕ ਦੀ ਪਰਖ ਕਰਨਾ ਸਿਖਾਇਆ। ਭਗਤੀ ਤਪੱਸਿਆ ਆਦਿ ਵਰਗੇ ਨਖਿੱਧ ਕੰਮਾਂ ਤੋਂ ਵਰਜ ਕੇ ਉਦਮੀ ਤੇ ਮਿਹਨਤੀ ਬਣਾਇਆ। ਗੁਰੂ ਸਾਹਿਬ ਨੇ ਕੇਵਲ ਜ਼ੁਬਾਨੀ ਕਲਾਮੀ ਲੈਕਚਰ ਨਹੀਂ ਕੀਤੇ, ਸਗੋਂ ਹਰ ਕਾਰਜ ਵਿਚ ਮੋਹਰੀ ਹੋ ਕੇ ਕੰਮ ਕੀਤਾ। 

ਗੁਰੂ ਜੀ ਨੇ ਪੁਜਾਰੀਆਂ ਨੂੰ ਵੰਗਾਰਿਆ, ਜਨਤਾ ਨੂੰ ਸੁਧਾਰਿਆ, ਸਰਕਾਰਾਂ ਨੂੰ ਲਲਕਾਰਿਆ। ਮੈਦਾਨ-ਏ-ਜੰਗ ਵਿਚ ਤੇਗ ਸੂਤ ਕੇ ਦੁਸ਼ਮਣਾਂ ਦੇ ਆਹੂ ਲਾਹੇ। ਸਮਾਜ ਕਲਿਆਣ ਵਾਸਤੇ, ਸਮੇਤ ਪ੍ਰਵਾਰ ਦੇ, ਸੱਭ ਕੁੱਝ ਵਾਰ ਦਿਤਾ, ਕਿਸੇ ਕਰਾਮਾਤੀ ਸ਼ਕਤੀ ਦੀ ਉਡੀਕ ਨਹੀਂ ਕੀਤੀ। ਸਾਰੇ ਔਖੇ ਕੰਮ ਖ਼ੁਦ ਕੀਤੇ ਤੇ ਸਿੱਖਾਂ ਨੂੰ ਕੰਮ ਕਰਨਾ ਸਿਖਾਇਆ। ਅਜਿਹੀ ਸੁਚੱਜੀ ਅਗਵਾਈ ਦੀ ਬਦੌਲਤ ਸਿੱਖ ਬੇਅੰਤ ਮੁਸੀਬਤਾਂ ਝਲ ਕੇ ਵੀ ਹਾਰੇ ਨਹੀਂ। ਪੂਰੀ ਅਡੋਲਤਾ ਨਾਲ ਅੱਗੇ ਵਧਦੇ ਰਹੇ। ਇਕ ਸਮਾਂ ਅਜਿਹਾ ਆਣ ਢੁਕਿਆ ਜਦੋਂ ਸਿੱਖਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਵੱਡੇ ਪੰਜਾਬ ਵਿਚ ਜਿੱਤ ਦੇ ਝੰਡੇ ਝੁਲਾ ਦਿਤੇ। ਭਾਰਤੀ ਸਭਿਅਤਾ ਵਿਚ ਦੇਵੀਆਂ ਦੇਵਤਿਆਂ ਨੂੰ ਕਰਾਮਾਤੀ ਬਣਾ ਕੇ ਪੇਸ਼ ਕੀਤਾ ਗਿਆ ਹੈ। ਦੇਵਤਿਆਂ ਨੂੰ ਖ਼ੁਸ਼ ਕਰਨ ਵਾਸਤੇ, ਅਪਣੇ ਵਿਗੜੇ ਕਾਰਜ ਰਾਸ ਕਰਵਾਉਣ ਵਾਸਤੇ ਮੰਤਰ ਪੜ੍ਹਨ ਦਾ ਨਿਯਮ ਘੜਿਆ ਗਿਆ। ਹਵਨ ਕਰਵਾਉਣ ਦੀਆਂ ਵਿਧੀਆਂ ਤਿਆਰ ਕੀਤੀਆਂ ਗਈਆਂ।

ਵੱਧ ਤੋਂ ਵੱਧ ਦਾਨ ਪੁੰਨ ਕਰਨ ਲਈ ਤਿਆਰ ਕੀਤਾ ਗਿਆ। ਹਾਲਤ ਏਨੀ ਨਿੱਘਰ ਗਈ ਕਿ ਪੁਜਾਰੀਆਂ ਨੇ ਭੋਲੇ-ਭਾਲੇ ਸ਼ਰਧਾਲੂਆਂ ਦੀਆਂ ਧੀਆਂ ਵੀ ਭਗਵਾਨ ਦੇ ਨਾਮ ਤੇ ਦਾਨ ਕਰਵਾ ਦਿਤੀਆਂ। ਇਹ ਮਸੂਮ ਜਿੰਦਾਂ ਪੁਜਾਰੀਆਂ ਦੀ ਹਵਸ ਦਾ ਸ਼ਿਕਾਰ ਹੁੰਦੀਆਂ। ਇਨ੍ਹਾਂ ਲੜਕੀਆਂ ਨੂੰ ਦੇਵਦਾਸੀਆਂ ਦਾ ਨਾਮ ਦਿਤਾ ਗਿਆ। ਇਹ ਪਾਪ ਕਰਮ ਅੱਜ ਵੀ ਚੱਲ ਰਿਹਾ ਹੈ। ਅਜਿਹੀ ਸਾਰੀ ਹੋਈ ਬੀਤੀ ਨੂੰ ਪੜ੍ਹ ਕੇ ਸਮਝ ਕੇ ਗੁਰੂ ਸਾਹਿਬ ਨੇ ਪੁਜਾਰੀਆਂ ਨੂੰ ਬੇਅੰਤ ਲਾਹਨਤਾਂ ਪਾਈਆਂ। ਦਾਨ ਪੁੰਨ ਨੂੰ ਮੁੱਢੋਂ ਹੀ ਰੱਦ ਕਰ ਦਿਤਾ। ਲੋਕਾਂ ਨੂੰ ਅਕਲਮੰਦ ਅਤੇ ਬਹਾਦਰ ਬਣਾਉਣ ਵਾਸਤੇ ਥਾਂ-ਥਾਂ ਕੇਂਦਰ ਸਥਾਪਤ ਕੀਤੇ। ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਸਮੇਂ ਪੰਜਾਬ ਵਿਚ (ਹਵਾਲਾ ਪੁਸਤਕ ਮਹਾਰਾਜਾ ਰਣਜੀਤ ਸਿੰਘ ਦਾ ਸਭਿਆਚਾਰਕ ਇਤਿਹਾਸ, ਲੇਖਕ ਪ੍ਰੇਮ ਸਿੰਘ ਹੋਤੀ ਮਰਦਾਨ, ਛਾਪ ਪੰਜਾਬੀ ਯੂਨੀਵਰਸਟੀ ਪਟਿਆਲਾ) ਹਿੰਦੂਆਂ ਦੀ ਆਬਾਦੀ 70 ਗੁਣਾ ਸੀ। ਮੁਸਲਮਾਨਾਂ ਦੀ ਗਿਣਤੀ 24 ਗੁਣਾ ਸੀ। ਸਿੱਖਾਂ ਦੀ ਆਬਾਦੀ ਸਿਰਫ਼ 6 ਗੁਣਾ ਸੀ।

ਗੁਰੂ ਦਰਸਾਏ ਮਾਰਗ ਤੇ ਚਲਦਿਆਂ ਸਿੱਖਾਂ ਨੇ 94 ਗੁਣਾ ਲੋਕਾਂ ਤੇ 50 ਸਾਲ ਰਾਜ ਕੀਤਾ, ਕਿਸੇ ਨਾਲ ਵਧੀਕੀ ਨਾ ਕੀਤੀ, ਨਾ ਕਿਸੇ ਨੂੰ ਕਰਨ ਦਿਤੀ। ਸਾਰੇ ਭਾਰਤ ਵਿਚੋਂ ਸਿੱਖ ਸੱਭ ਤੋਂ ਬਹਾਦਰ ਸਨ ਤੇ ਸੱਭ ਤੋਂ ਅਕਲ ਵਾਲੇ ਸਨ। ਫ਼ਰਾਂਸ, ਅਮਰੀਕਾ, ਰੂਸ, ਇੰਗਲੈਂਡ ਦੇ ਸਿਰ ਕਢਵੇਂ ਵਿਦਵਾਨ ਤੇ ਨੀਤੀਵਾਨ ਰਣਜੀਤ ਸਿੰਘ ਅਧੀਨ ਨੌਕਰੀ ਕਰਨੀ ਵੱਡੇ ਮਾਣ ਵਾਲੀ ਗੱਲ ਸਮਝਦੇ ਸਨ। ਰਣਜੀਤ ਸਿੰਘ ਦੇ ਰਾਜ ਸਮੇਂ ਰੁਪਏ ਦੀ ਕੀਮਤ ਪੌਂਡ ਨਾਲੋਂ ਉਪਰ ਸੀ। ਸਿੱਖਾਂ ਦੀ ਤਾਕਤ ਤੋਂ ਭੈ-ਭੀਤ ਹੋਇਆ ਪੁਜਾਰੀ ਰਣਜੀਤ ਸਿੰਘ ਵਾਲੇ ਪੰਜਾਬ ਵਿਚ ਗੁਰਮਤ ਦਾ ਬਹੁਤਾ ਨੁਕਸਾਨ ਨਾ ਕਰ ਸਕਿਆ। ਅੰਦਰ ਖਾਤੇ ਡੇਰਿਆਂ ਵਿਚ ਜੋ ਲਿਖ ਕੇ ਤਿਆਰ ਕੀਤਾ ਜਾ ਰਿਹਾ ਸੀ, ਉਸ ਨੂੰ ਛੁਪਾ ਕੇ ਰਖਿਆ ਗਿਆ। ਸਿੱਖ ਰਾਜ ਖ਼ਤਮ ਹੁੰਦਿਆਂ ਹੀ ਮੰਦ ਭਾਵਨਾ ਅਧੀਨ ਲਿਖੀਆਂ ਕਿਤਾਬਾਂ ਬਾਹਰ ਆਉਣ ਲੱਗ ਪਈਆਂ। ਮਾਲਵੇ ਵਿਚ ਤਾਂ ਅੰਗ੍ਰੇਜ਼ ਪਹਿਲਾਂ ਹੀ ਕਾਬਜ਼ ਹੋ ਚੁੱਕੇ ਸਨ।

ਮਾਲਵੇ ਦੇ ਰਾਜਿਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਪਣਾ ਮੁਖੀ ਨਹੀਂ ਮੰਨਿਆ, ਵਿਦੇਸ਼ੀ ਅੰਗ੍ਰੇਜ਼ੀ ਸਰਕਾਰ ਨੂੰ ਅਪਣਾ ਸੱਭ ਕੁੱਝ ਦੇ ਦਿਤਾ। ਇਸੇ ਦੌਰ ਵਿਚ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ। ਇਸੇ ਦੌਰ ਵਿਚ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਲਿਖਿਆ। ਇਸੇ ਸਮੇਂ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਤਿਆਰ ਕੀਤਾ। ਇਸੇ ਸਮੇਂ ਵਿਚ ਹੀ ਬਚਿੱਤਰ ਨਾਟਕ ਹੋਂਦ ਵਿਚ ਆਇਆ। ਇਨ੍ਹਾਂ ਹੀ ਦਿਨਾਂ ਵਿਚ ਗੁਰਬਿਲਾਸ ਪਾ: ਛੇਵੀਂ ਕਿਤਾਬ ਤਿਆਰ ਕੀਤੀ ਗਈ। ਇਨ੍ਹਾਂ ਹੀ ਦਿਨਾਂ ਵਿਚ ਬਾਲੇ ਵਾਲੀ ਜਨਮ ਸਾਖੀ ਸਿੱਖਾਂ ਦੇ ਮੱਥੇ ਮੜ੍ਹੀ ਗਈ। ਅੰਗ੍ਰੇਜ਼ਾਂ ਨੇ ਸਿਖਲਾਈ ਦੇ ਕੇ ਸੰਤ ਤਿਆਰ ਕਰ ਕੇ ਥਾਂ-ਥਾਂ ਡੇਰੇ ਬਣਾ ਕੇ ਸਿੱਖਾਂ ਦੇ ਸਿਰ ਤੇ ਬਿਠਾਏ। ਪੜ੍ਹਾਈ ਦਾ ਕੋਈ ਇੰਤਜਾਮ ਨਹੀਂ ਸੀ। ਡੇਰਿਆਂ ਵਿਚ ਜੋ ਕੂੜ ਕੁਫ਼ਰ ਸੁਣਨ ਨੂੰ ਮਿਲਦਾ ਸੀ, ਭੋਲੇ ਜਗਿਆਸੂ ਉਸੇ ਨੂੰ ਸੱਚ ਮੰਨ ਲੈਂਦੇ ਸਨ। ਗੁਰਬਾਣੀ ਭੁਲਾ ਕੇ ਬਾਕੀ ਸੱਭ ਕੁੱਝ ਸਿੱਖਾਂ ਦੇ ਦਿਮਾਗ਼ ਵਿਚ ਠੂਸ ਦਿਤਾ।
                                                                                                                                                         (ਬਾਕੀ ਅਗਲੇ ਹਫ਼ਤੇ)
                                                                                                                        ਪ੍ਰੋ. ਇੰਦਰ ਸਿੰਘ ਘੱਗਾ,ਸੰਪਰਕ :  98551-51699