ਕੌਣ ਸਨ ਬਾਈਧਾਰ ਦੇ ਰਾਜੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਹੋਰ ਵੀ ਕਈ ਰਿਆਸਤਾਂ ਸਨ ਪਰ ਉਨ੍ਹਾਂ ਵਲੋਂ ਗੁਰੂ ਸਾਹਿਬ ਦੀ ਕੋਈ ਖ਼ਾਸ ਮੁਖਾਲਫ਼ਤ ਨਹੀਂ ਸੀ ਕੀਤੀ ਗਈ।

sikh

ਮੁਹਾਲੀ: ਬਾਈਧਾਰ ਜਾਂ ਪਹਾੜੀ ਰਾਜਿਆਂ ਦੇ ਛੋਟੇ ਛੋਟੇ ਰਾਜ ਆਨੰਦਪੁਰ ਸਾਹਿਬ ਦੇ ਆਸ ਪਾਸ ਸਥਿਤ ਸਨ। ਆਨੰਦਪੁਰ ਸਾਹਿਬ ਦੀ ਨੀਂਹ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਨੇ ਕਹਿਲੂਰ (ਬਿਲਾਸਪੁਰ) ਦੇ ਰਾਜੇ ਦੀਪ ਚੰਦ ਤੋਂ ਜ਼ਮੀਨ ਖ਼ਰੀਦ ਕੇ 1665 ਈਸਵੀ ਵਿਚ ਰੱਖੀ ਸੀ। 9ਵੇਂ ਪਾਤਸ਼ਾਹ ਦੀ ਸ਼ਹੀਦੀ (1695 ਈਸਵੀ) ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ ਜਦੋਂ ਸਿੱਖਾਂ ਨੂੰ ਹਥਿਆਰਬੰਦ ਕਰਨਾ ਸ਼ੁਰੂ ਕੀਤਾ ਤਾਂ ਪਹਾੜੀ ਰਾਜੇ ਬਿਨਾਂ ਵਜ੍ਹਾ ਖ਼ਤਰਾ ਮਹਿਸੂਸ ਕਰਨ ਲੱਗ ਪਏ ਤੇ ਸੰਨ 1699 ਵਿਚ ਖ਼ਾਲਸੇ ਦੀ ਸਾਜਨਾ ਤੋਂ ਬਾਅਦ ਤਾਂ ਉਹ ਕੁੱਝ ਜ਼ਿਆਦਾ ਹੀ ਘਬਰਾ ਗਏ ਹਾਲਾਂਕਿ ਗੁਰੂ ਸਾਹਿਬ ਨੇ ਕਦੇ ਵੀ ਕਿਸੇ ਪਹਾੜੀ ਰਾਜ ਉਤੇ ਹਮਲਾ ਨਹੀਂ ਸੀ ਕੀਤਾ। ਪਹਾੜੀ ਰਾਜੇ, ਸਰਹੰਦ ਦੇ ਨਵਾਬ ਵਜ਼ੀਰ ਖ਼ਾਨ ਨਾਲੋਂ ਵੀ ਜ਼ਿਆਦਾ ਝੂਠੇ, ਫਰੇਬੀ, ਅਕ੍ਰਿਤਘਣ ਤੇ ਵਿਸ਼ਵਾਸਘਾਤੀ ਸਨ। ਇਹ ਅਪਣੇ ਸੁਆਰਥ ਖ਼ਾਤਰ ਕਦੇ ਗੁਰੂ ਸਾਹਿਬ ਦੇ ਪੱਖ ਵਿਚ ਹੋ ਜਾਂਦੇ ਤੇ ਕਦੇ ਮੁਗ਼ਲਾਂ ਦੇ ਪੱਖ ਵਿਚ ਹੋ ਜਾਂਦੇ ਸਨ। ਪਹਾੜੀ ਰਾਜਿਆਂ ਦੀਆਂ ਇਨ੍ਹਾਂ ਲੂੰਬੜ ਚਾਲਾਂ ਕਾਰਨ ਹੀ ਦਸਵੇਂ ਪਾਤਸ਼ਾਹ ਨੂੰ ਹੇਠ ਲਿਖੇ ਯੁੱਧ ਕਰਨੇ ਪਏ :-

ਭੰਗਾਣੀ (ਪਾਉਂਟਾ ਸਾਹਿਬ) ਦਾ ਯੁੱਧ- 18 ਸਤੰਬਰ 1688 ਈਸਵੀ : ਇਹ ਜੰਗ ਗੁਰੂ ਸਾਹਿਬ ਤੇ ਕਹਿਲੂਰ (ਬਿਲਾਸਪੁਰ) ਦੇ ਰਾਜੇ ਭੀਮ ਚੰਦ, ਗੜ੍ਹਵਾਲ ਦੇ ਰਾਜੇ ਫਤਿਹ ਸ਼ਾਹ, ਕਾਂਗੜੇ ਦੇ ਰਾਜੇ ਕ੍ਰਿਪਾਲ ਚੰਦ, ਗੁਲੇਰ ਦੇ ਰਾਜੇ ਗੋਪਾਲ ਚੰਦ, ਹਿੰਡੂਰ (ਨਾਲਾਗੜ੍ਹ) ਦੇ ਰਾਜੇ ਧਰਮ ਚੰਦ ਤੇ ਜਸਵਾਲ ਦੇ ਰਾਜੇ ਕੇਸਰੀ ਚੰਦ ਦੀਆਂ ਫ਼ੌਜਾਂ ਦਰਮਿਆਨ ਹੋਈ ਸੀ। ਜੰਗ ਵਿਚ ਹਿੰਡੂਰ ਦਾ ਸੈਨਾਪਤੀ ਹਰੀਚੰਦ ਗੁਰੂ ਸਾਹਿਬ ਹੱਥੋਂ ਮਾਰਿਆ ਗਿਆ ਤੇ ਪਹਾੜੀਏ ਮੈਦਾਨ ਛੱਡ ਕੇ ਭੱਜ ਗਏ। ਨਦੌਣ ਦੀ ਜੰਗ (1691 ਈਸਵੀ) :  ਇਸ ਜੰਗ ਦੌਰਾਨ  ਗੁਰੂ ਸਾਹਿਬ ਨੇ ਕਹਿਲੂਰ ਦੇ ਰਾਜੇ ਭੀਮ ਚੰਦ ਤੇ ਡਡਵਾਲ ਦੇ ਰਾਜੇ ਪ੍ਰਿਥੀ ਚੰਦ ਦੀ ਮਦਦ ਕੀਤੀ ਤੇ ਜੰਮੂ ਦੇ ਸੂਬੇਦਾਰ ਮੀਆਂ ਖ਼ਾਨ, ਜਨਰਲ ਆਰਿਫ਼ ਖ਼ਾਨ ਤੇ ਕਾਂਗੜੇ ਦੇ ਰਾਜੇ ਕ੍ਰਿਪਾਲ ਚੰਦ ਤੇ ਬਿਜਰਵਾਲ ਦੇ ਰਾਜੇ ਦਿਆਲ ਚੰਦ ਦੀਆਂ ਫ਼ੌਜਾਂ ਨੂੰ ਹਰਾਇਆ।

ਗੁਲੇਰ ਦੀ ਜੰਗ (1696 ਈਸਵੀ) : ਇਸ ਜੰਗ ਵਿਚ ਗੁਰੂ ਸਾਹਿਬ ਨੇ ਗੁਲੇਰ ਦੇ ਰਾਜੇ ਗੋਪਾਲ ਚੰਦ ਦੀ ਮਦਦ ਕੀਤੀ ਤੇ ਮੁਗ਼ਲ ਜਨਰਲ ਰੁਸਤਮ ਖ਼ਾਨ, ਹੁਸੈਨ ਖ਼ਾਨ, ਕਾਂਗੜੇ ਦੇ ਰਾਜੇ ਕ੍ਰਿਪਾਲ ਚੰਦ ਤੇ ਹੋਰ ਪਹਾੜੀ ਰਾਜਿਆਂ ਦੀ ਫ਼ੌਜ ਨੂੰ ਹਰਾਇਆ। ਹੁਸੈਨ ਖ਼ਾਨ ਤੇ ਕ੍ਰਿਪਾਲ ਚੰਦ ਇਸ ਜੰਗ ਵਿਚ ਮਾਰੇ ਗਏ।
ਆਨੰਦਪੁਰ ਸਾਹਿਬ ਦੀ ਪਹਿਲੀ ਜੰਗ (1700 ਈਸਵੀ):- ਇਸ ਜੰਗ ਵੇਲੇ ਮੁਗ਼ਲਾਂ ਦੀ ਅਧੀਨਤਾ ਸਵੀਕਾਰ ਕਰ ਚੁੱਕੇ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਵਲੋਂ ਭੇਜੇ ਜਨਰਲ ਪੈਂਦੇ ਖ਼ਾਂ ਤੇ ਦੀਨਾ ਬੇਗ ਦੀ ਮਦਦ ਕੀਤੀ। ਜੰਗ ਵਿਚ ਗੁਰੂ ਸਾਹਿਬ ਨਾਲ ਹੋਈ ਹੱਥੋ ਹੱਥ ਲੜਾਈ ਵਿਚ ਪੈਂਦੇ ਖ਼ਾਂ ਮਾਰਿਆ ਗਿਆ ਤੇ ਮੁਗ਼ਲ ਫ਼ੌਜ ਤੇ ਪਹਾੜੀ ਰਾਜੇ ਮੈਦਾਨ ਛੱਡ ਕੇ ਭੱਜ ਗਏ। ਖ਼ਾਲਸਾ ਫ਼ੌਜ ਨੇ ਰੋਪੜ ਤਕ ਵੈਰੀ ਦਾ ਪਿਛਾ ਕੀਤਾ।

ਆਨੰਦਪੁਰ ਸਾਹਿਬ ਦੀ ਦੂਜੀ ਲੜਾਈ (1701 ਈਸਵੀ) :- ਇਸ ਲੜਾਈ ਵੇਲੇ ਵੀ ਪਹਾੜੀ ਰਾਜਿਆਂ ਨੇ ਮੁਗ਼ਲ ਜਨਰਲ ਜਗਤਉਲਾਹ ਖ਼ਾਨ ਦੀ ਮਦਦ ਕੀਤੀ ਪਰ ਮੂੰਹ ਦੀ ਖਾਧੀ ਤੇ ਜਗਤਉਲਾਹ ਖ਼ਾਨ ਜੰਗ ਵਿਚ ਮਾਰਿਆ ਗਿਆ। ਨਿਰਮੋਹਗੜ੍ਹ ਦੀ ਜੰਗ (1702 ਈਸਵੀ) : ਇਸ ਜੰਗ ਵੇਲੇ ਫਿਰ ਪਹਾੜੀ ਰਾਜਿਆਂ ਨੇ ਸਰਹੰਦ ਦੇ ਨਵਾਬ ਵਜ਼ੀਰ ਖ਼ਾਨ ਦੀ ਮਦਦ ਕੀਤੀ। ਦੋ ਦਿਨ ਚੱਲੀ ਇਸ ਲੜਾਈ ਵਿਚ ਦੋਹਾਂ ਧਿਰਾਂ ਦਾ ਭਾਰੀ ਨੁਕਸਾਨ ਹੋਇਆ ਪਰ ਅਖ਼ੀਰ ਵਜ਼ੀਰ ਖ਼ਾਨ ਨੂੰ ਮੈਦਾਨ ਛਡਣਾ ਪਿਆ। ਬਸੌਹਲੀ ਦੀ ਜੰਗ (1702 ਈਸਵੀ) :- ਇਸ ਜੰਗ ਦਾ ਕਾਰਨ ਬਸੌਹਲੀ ਦੇ ਰਾਜਾ ਧਰਮਪਾਲ ਵਲੋਂ ਗੁਰੂ ਸਾਹਿਬ ਦੀ ਮਦਦ ਮੰਗਣੀ ਸੀ। ਖ਼ਾਲਸਾ ਤੇ ਬਸੌਹਲੀ ਦੀਆਂ ਸਾਂਝੀਆਂ ਫ਼ੌਜਾਂ ਨੇ ਮੁਗ਼ਲ ਫ਼ੌਜ, ਕਹਿਲੂਰ ਦੇ ਰਾਜੇ ਅਜਮੇਰ ਚੰਦ ਤੇ ਗੁਲੇਰ ਦੇ ਰਾਜੇ ਗੋਪਾਲ ਚੰਦ ਦੀਆਂ ਫ਼ੌਜਾਂ ਨੂੰ ਬੁਰੀ ਤਰ੍ਹਾਂ ਹਰਾਇਆ।

ਆਨੰਦਪੁਰ ਸਾਹਿਬ ਦੀ ਤੀਸਰੀ ਜੰਗ (ਮਈ 1704 ਈਸਵੀ) :- ਲਗਾਤਰ ਹੋ ਰਹੀਆਂ ਹਾਰਾਂ ਤੋਂ ਦੁਖੀ ਹੋ ਕੇ ਔਰੰਗਜ਼ੇਬ ਨੇ ਜਨਰਲ ਜ਼ਬਰਦਸਤ ਖ਼ਾਨ ਤੇ ਸਰਹੰਦ ਦੇ ਨਵਾਬ ਵਜ਼ੀਰ ਖ਼ਾਨ ਦੇ ਅਧੀਨ ਇਕ ਬਹੁਤ ਵੱਡੀ ਫ਼ੌਜ ਗੁਰੂ ਸਾਹਿਬ ਵਿਰੁਧ ਭੇਜੀ ਤੇ ਕਹਿਲੂਰ, ਕਾਂਗੜਾ, ਕੁੱਲੂ, ਮੰਡੀ, ਨੂਰਪੁਰ, ਚੰਬਾ, ਗੁਲੇਰ, ਗੜ੍ਹਵਾਲ ਆਦਿ ਪਹਾੜੀ ਰਾਜਿਆਂ ਨੇ ਇਸ ਵਿਚ ਮੁਗ਼ਲਾਂ ਦੀ ਮਦਦ ਕੀਤੀ। ਇਸ ਫ਼ੌਜ ਨੇ ਪਹਿਲੀਆਂ ਹਾਰਾਂ ਤੋਂ ਸਬਕ ਲੈਂਦੇ ਹੋਏ ਸਿੱਧੀ ਲੜਾਈ ਕਰਨ ਦੀ ਬਜਾਏ ਘੇਰਾ ਪਾਉਣ ਦੀ ਯੁੱਧਨੀਤੀ ਅਪਣਾਈ ਤੇ ਦਸੰਬਰ ਤਕ ਘੇਰਾ ਜਾਰੀ ਰਖਿਆ। ਜਦੋਂ ਕਿਲ੍ਹੇ ਅੰਦਰੋਂ ਰਸਦ ਪਾਣੀ ਖ਼ਤਮ ਹੋ ਗਿਆ ਤਾਂ ਗੁਰੂ ਸਾਹਿਬ ਨੂੰ ਮੁਗ਼ਲਾਂ ਤੇ ਪਹਾੜੀ ਰਾਜਿਆਂ ਦੀਆਂ ਝੂਠੀਆਂ ਸਹੁੰਆਂ ਉਤੇ ਯਕੀਨ ਕਰ ਕੇ ਕਿਲ੍ਹਾ ਛੱਡਣਾ ਪਿਆ। ਇਸ ਤੋਂ ਬਾਅਦ ਵਜ਼ੀਰ ਖ਼ਾਨ ਨਾਲ ਚਮਕੌਰ ਸਾਹਿਬ ਤੇ ਮੁਕਤਸਰ ਦੀਆਂ ਲੜਾਈਆਂ ਹੋਈਆਂ ਪਰ ਦੁਬਾਰਾ ਪਹਾੜੀ ਰਾਜੇ ਗੁਰੂ ਸਾਹਿਬ ਵਿਰੁਧ ਕਿਸੇ ਲੜਾਈ ਵਿਚ ਸ਼ਾਮਲ ਨਾ ਹੋਏ। ਉਸ ਸਮੇਂ ਦੀਆਂ ਮੁੱਖ ਪਹਾੜੀ ਰਿਆਸਤਾਂ ਇਸ ਪ੍ਰਕਾਰ ਸਨ:  

ਕਾਂਗੜਾ :- ਕਾਂਗੜਾ ਰਿਆਸਤ ਪਹਾੜੀ ਰਾਜਾਂ ਵਿਚ ਸੱਭ ਤੋਂ ਪੁਰਾਣੀ ਸੀ। ਇਸ ਦੀ ਸਥਾਪਨਾ 11ਵੀਂ ਸਦੀ ਵਿਚ ਕਟੋਚ ਰਾਜਪੂਤ ਭੂਮੀ ਚੰਦ ਵਲੋਂ ਕੀਤੀ ਗਈ ਸੀ। ਇਸ ਦਾ ਕੁੱਲ ਖੇਤਰਫਲ 200 ਸੁਕੇ. ਕਿ.ਮੀ. ਸੀ ਤੇ ਇਸ ਅਧੀਨ 437 ਪਿੰਡ ਪੈਂਦੇ ਸਨ। ਇਸ ਰਿਆਸਤ ਦੇ ਗੁਰੂ ਸਾਹਿਬ ਦੇ ਸਮਕਾਲੀ ਰਾਜੇ ਕ੍ਰਿਪਾਲ ਚੰਦ ਤੇ ਅਜਮੇਰ ਚੰਦ ਸਨ ਜੋ ਸਿੱਖਾਂ ਵਿਰੁਧ ਲੜਨ ਵਾਲੇ ਪਹਾੜੀ ਗਠਬੰਧਨ ਦੇ ਮੁਖੀ ਸਨ। ਸੰਨ 1809 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਸੰਸਾਰ ਚੰਦ ਕਟੋਚ ਤੋਂ ਕਾਂਗੜੇ ਦਾ ਕਬਜ਼ਾ ਲੈ ਲਿਆ ਤੇ ਉਸ ਨੂੰ ਲੰਬਾਗਰਾਊਂ ਇਲਾਕੇ ਦੀ 20 ਪਿੰਡਾਂ ਦੀ ਜਾਗੀਰ ਦੇ ਦਿਤੀ। 1846 ਵਿਚ ਕਾਂਗੜਾ ਅੰਗਰੇਜ਼ਾਂ ਦੇ ਕਬਜ਼ੇ ਵਿਚ ਆ ਗਿਆ ਪਰ ਇਹ ਰਿਆਸਤ ਚਲਦੀ ਰਹੀ ਤੇ 1947 ਵਿਚ ਭਾਰਤ ਵਿਚ ਸ਼ਾਮਲ ਕਰ ਲਈ ਗਈ।

ਗੁਲੇਰ : ਗੁਲੇਰ ਰਿਆਸਤ ਦੀ ਸਥਾਪਨਾ ਸੰਨ 1415 ਈਸਵੀ ਵਿਚ ਕਾਂਗੜਾ ਰਿਆਸਤ ਦੇ ਰਾਜਕੁਮਾਰ ਹਰੀ ਚੰਦ ਨੇ ਕੀਤੀ ਸੀ। ਇਸ ਦੀ ਰਾਜਧਾਨੀ ਹਰੀਪੁਰ ਗੁਲੇਰ ਸੀ ਤੇ ਇਹ ਹੁਣ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦਾ ਹਿੱਸਾ ਹੈ। ਇਹ ਛੋਟੀ ਜਹੀ ਰਿਆਸਤ ਸੀ ਜਿਸ ਦਾ ਖੇਤਰਫਲ ਸਿਰਫ਼ 65 ਸੁਕੇ. ਕਿ.ਮੀ. ਸੀ। ਗੁਰੂ ਗੋਬਿੰਦ ਸਿੰਘ ਵੇਲੇ ਇਸ ਦਾ ਰਾਜਾ  ਗੋਪਾਲ ਚੰਦ ਸੀ ਜੋ ਅਪਣੇ ਫ਼ਾਇਦੇ ਮੁਤਾਬਕ ਪਾਸਾ ਬਦਲਦਾ ਰਹਿੰਦਾ ਸੀ। ਉਸ ਨੇ ਗੁਰੂ ਸਾਹਿਬ ਦੇ ਹੱਕ ਤੇ ਵਿਰੁਧ, ਕਈ ਲੜਾਈਆਂ ਵਿਚ ਭਾਗ ਲਿਆ। 1826 ਈਸਵੀ ਵਿਚ ਗੁਲੇਰ ਉਤੇ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਜਮਾ ਲਿਆ ਤੇ ਰਾਜੇ ਭੂਪ ਸਿੰਘ ਨੂੰ ਨੰਦਪੁਰ ਦੀ ਜਾਗੀਰ ਦੇ ਦਿਤੀ। 1853 ਵਿਚ ਗੁਲੇਰ ਨੂੰ ਬ੍ਰਿਟਿਸ਼ ਰਾਜ ਵਿਚ ਮਿਲਾ ਲਿਆ ਗਿਆ। 1877 ਵਿਚ ਆਖ਼ਰੀ ਰਾਜਾ ਸ਼ਮਸ਼ੇਰ ਸਿੰਘ ਲਾਵਲਦ ਮਰ ਗਿਆ ਤਾਂ ਗੁਲੇਰ ਰਾਜ ਖ਼ਤਮ ਹੋ ਗਿਆ।

ਬਿਲਾਸਪੁਰ (ਕਹਿਲੂਰ) : ਬਿਲਾਸਪੁਰ ਹੁਣ ਹਿਮਾਚਲ ਪ੍ਰਦੇਸ਼ ਦਾ ਜ਼ਿਲ੍ਹਾ ਹੈ। ਇਹ ਰਿਆਸਤ ਵੀ ਬਹੁਤ ਪੁਰਾਣੀ ਹੈ ਤੇ ਇਸ ਦੀ ਸਥਾਪਨਾ 14ਵੀਂ ਸਦੀ ਵਿਚ ਚੰਦੇਲ ਰਾਜਪੂਤ ਰਾਜਾ ਹੀਰਾ ਚੰਦ ਨੇ ਕੀਤੀ ਸੀ। ਇਸ ਦਾ ਕੁੱਲ ਖੇਤਰਫਲ 724 ਸੁਕੇਅਰ ਕਿ.ਮੀ. ਸੀ। ਸ਼ੁਰੂ ਵਿਚ ਇਸ ਦੀ ਰਾਜਧਾਨੀ ਕਹਿਲੂਰ ਸੀ ਜਿਸ ਤੋਂ ਇਸ ਦਾ ਨਾਮ ਕਹਿਲੂਰ ਪਿਆ। ਪਰ 1670 ਤੋਂ ਬਾਅਦ ਇਸ ਦੀ ਰਾਜਧਾਨੀ ਪੱਕੇ ਤੌਰ ਉਤੇ ਬਿਲਾਸਪੁਰ ਬਣਾ ਦਿਤੀ ਗਈ। ਗੁਰੂ ਸਾਹਿਬ ਦੇ ਸਮਕਾਲੀ ਰਾਜੇ ਭੀਮ ਚੰਦ ਤੇ ਅਜਮੇਰ ਚੰਦ ਸਨ। 1815 ਈਸਵੀ ਵਿਚ ਇਹ ਰਿਆਸਤ ਅੰਗਰੇਜ਼ਾਂ ਦੀ ਸੁਰੱਖਿਆ ਹੇਠ ਆ ਗਈ ਤੇ 1947 ਵੇਲੇ ਭਾਰਤ ਵਿਚ ਸ਼ਾਮਲ ਹੋ ਗਈ। ਇਸ ਦਾ ਆਖ਼ਰੀ ਰਾਜਾ ਆਨੰਦ ਚੰਦ ਸੀ।

 ਮੰਡੀ: ਮੰਡੀ ਰਿਆਸਤ ਦੀ ਰਾਜਧਾਨੀ ਮੰਡੀ ਸ਼ਹਿਰ ਸੀ ਜੋ ਹੁਣ ਹਿਮਾਚਲ ਪ੍ਰਦੇਸ਼ ਦਾ ਜ਼ਿਲ੍ਹਾ ਹੈ। ਇਸ ਰਿਆਸਤ ਵਿਚ 3625 ਪਿੰਡ ਸਨ ਤੇ ਕੁੱਲ ਖੇਤਰਫਲ 704 ਸੁਕੇ. ਕਿ.ਮੀ. ਸੀ। ਜਦੋਂ 1204 ਵਿਚ ਤੁਰਕ ਫ਼ੌਜਾਂ ਨੇ ਬੰਗਾਲ ਦੇ ਸੇਨ ਰਾਜਿਆਂ ਨੂੰ ਹਰਾ ਦਿਤਾ ਤਾਂ ਉਸ ਦੇ ਪ੍ਰਵਾਰ ਨੇ ਦੌੜ ਕੇ ਪਹਾੜਾਂ ਵਿਚ ਸ਼ਰਨ ਲੈ ਲਈ ਤੇ 1290 ਈਸਵੀ ਵਿਚ ਮੰਡੀ ਰਿਆਸਤ ਦੀ ਸਥਾਪਨਾ ਕੀਤੀ। ਪਹਿਲਾਂ ਮੰਡੀ ਸੁਕੇਤ ਇਕ ਹੀ ਰਾਜ ਸੀ ਪਰ ਬਾਅਦ ਵਿਚ ਪ੍ਰਵਾਰਕ ਵੰਡ ਕਾਰਨ ਦੋ ਰਿਆਸਤਾਂ ਬਣ ਗਈਆਂ। ਗੁਰੂ ਸਾਹਿਬ ਦੇ ਸਮਕਾਲੀ ਰਾਜੇ ਗੌੜ ਸੇਨ ਤੇ ਸਿੱਧੀ ਸੇਨ ਸਨ। ਇਸ ਰਿਆਸਤ ਦਾ ਆਖ਼ਰੀ ਰਾਜਾ ਜੋਗਿੰਦਰ ਸੇਨ ਸੀ। 1948 ਵਿਚ ਇਹ ਰਿਆਸਤ ਵੀ ਭਾਰਤ ਵਿਚ ਸ਼ਾਮਲ ਕਰ ਲਈ ਗਈ।

ਗੜ੍ਹਵਾਲ: ਗੜ੍ਹਵਾਲ ਰਿਆਸਤ ਅਜਕਲ ਉੱਤਰਾਖੰਡ (ਟਿਹਰੀ ਗੜ੍ਹਵਾਲ ਜ਼ਿਲ੍ਹਾ) ਵਿਚ ਪੈਂਦੀ ਹੈ। ਇਸ ਦੀ ਸਥਾਪਨਾ ਸੰਨ 823 ਈਸਵੀ ਵਿਚ ਪੰਵਾਰ ਰਾਜਪੂਤ ਰਾਜੇ ਕਨਕਪਾਲ ਨੇ ਕੀਤੀ ਸੀ। ਇਸ ਦਾ ਕੁੱਲ ਖੇਤਰਫਲ 6688 ਸੁਕੇ. ਕਿ.ਮੀ. ਸੀ ਤੇ ਰਾਜਧਾਨੀ ਨਰਿੰਦਰ ਨਗਰ ਸੀ। ਗੁਰੁ ਸਾਹਿਬ ਦਾ ਸਮਕਾਲੀ ਰਾਜਾ ਫਤਿਹ ਸ਼ਾਹ ਸੀ ਜੋ ਗੁਰੂ ਘਰ ਦਾ ਘੋਰ ਵਿਰੋਧੀ ਸੀ। ਉਸ ਨੇ ਤਕਰੀਬਨ ਹਰ ਯੁਧ ਵਿਚ ਗੁਰੂ ਸਾਹਿਬ ਵਿਰੁਧ ਹਿੱਸਾ ਲਿਆ। 1804 ਵਿਚ ਇਸ ਉਤੇ ਨੇਪਾਲ ਨੇ ਕਬਜ਼ਾ ਕਰ ਲਿਆ ਪਰ 1816 ਵਿਚ ਰਾਜੇ ਸੁਦਰਸ਼ਨ ਸ਼ਾਹ ਨੇ ਅੰਗਰੇਜ਼ਾਂ ਦੀ ਮਦਦ ਨਾਲ ਗੜ੍ਹਵਾਲ ਨੂੰ ਵਾਪਸ ਖੋਹ ਲਿਆ। ਇਸ ਦਾ ਆਖ਼ਰੀ ਰਾਜਾ ਮਨਬੇਂਦਰ ਸ਼ਾਹ ਸੀ ਤੇ 1949 ਵਿਚ ਇਸ ਨੂੰ ਭਾਰਤ ਵਿਚ ਸ਼ਾਮਲ ਕਰ ਲਿਆ ਗਿਆ।

ਜਸਵਾਨ: ਜਸਵਾਨ ਰਿਆਸਤ ਦੀ ਨੀਂਹ ਕਾਂਗੜਾ ਰਿਆਸਤ ਦੇ ਇਕ ਰਾਜਕੁਮਾਰ ਪੂਰਬ ਚੰਦ ਨੇ ਰੱਖੀ ਸੀ। ਗੁਰੂ ਸਾਹਿਬ ਵੇਲੇ ਇਸ ਦਾ ਰਾਜਾ ਲਛਮਣ ਚੰਦ ਸੀ ਤੇ ਉਸ ਨੇ ਗੁਰੁ ਸਾਹਿਬ ਵਿਰੁਧ ਕਈ ਯੁੱਧਾਂ ਵਿਚ ਭਾਗ ਲਿਆ। 1815 ਈਸਵੀ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਰਿਆਸਤ ਉਤੇ ਕਬਜ਼ਾ ਜਮਾ ਲਿਆ ਤੇ ਤਤਕਾਲੀ ਰਾਜੇ ਉਮੇਦ ਸਿੰਘ ਦੀ 21 ਪਿੰਡਾਂ ਦੀ ਜਾਗੀਰ ਤੇ 12 ਹਜ਼ਾਰ ਸਲਾਨਾ ਪੈਨਸ਼ਨ ਨੀਯਤ ਕਰ ਦਿਤੀ। 1849 ਵਿਚ ਅੰਗਰੇਜ਼ਾਂ ਨੇ ਇਸ ਰਿਆਸਤ ਉਤੇ ਕਬਜ਼ਾ ਕਰ ਲਿਆ ਤੇ 1948 ਵਿਚ ਇਸ ਰਿਆਸਤ ਨੂੰ ਭਾਰਤ ਵਿਚ ਮਿਲਾ ਲਿਆ ਗਿਆ। ਇਸ ਦਾ ਆਖ਼ਰੀ ਰਾਜਾ ਸ਼ਿਵਦੇਵ ਸਿੰਘ ਸੀ। ਜਸਵਾਨ ਇਸ ਵੇਲੇ ਸੋਲ ਜ਼ਿਲ੍ਹੇ ਵਿਚ ਹੈ।

ਹਿੰਡੂਰ (ਨਾਲਾਗੜ੍ਹ): ਹਿੰਡੂਰ ਇਕ ਛੋਟੀ ਜਹੀ ਰਿਆਸਤ ਸੀ, ਜੋ ਹੁਣ ਸੋਲਨ ਜ਼ਿਲ੍ਹੇ ਵਿਚ ਹੈ। ਇਸ ਦੀ ਸਥਾਪਨਾ ਬਿਲਾਸਪੁਰ ਦੇ ਰਾਜਕੁਮਾਰ ਅਜੇ ਚੰਦ ਨੇ 1150 ਈਸਵੀ ਵਿਚ ਕੀਤੀ ਸੀ। 1421 ਈਸਵੀ ਤਕ ਇਸ ਦਾ ਨਾਮ ਹਿੰਡੂਰ ਸੀ ਪਰ 1429 ਈਸਵੀ ਵਿਚ ਰਾਜਾ ਬਿਕਰਮ ਚੰਦ ਨੇ ਨਾਲਾਗੜ੍ਹ ਕਿਲ੍ਹਾ ਉਸਾਰ ਕੇ ਰਾਜਧਾਨੀ ਉਥੇ ਤਬਦੀਲ ਕਰ ਲਈ ਤਾਂ ਇਸ ਦਾ ਨਾਮ ਨਾਲਾਗੜ੍ਹ ਪੈ ਗਿਆ। ਇਸ ਦਾ ਰਾਜਾ ਧਰਮ ਚੰਦ (1618-1701 ਈਸਵੀ) ਗੁਰੂ ਸਾਹਿਬ ਵਿਰੁਧ ਕਈ ਲੜਾਈਆਂ ਵਿਚ ਸ਼ਾਮਲ ਰਿਹਾ। ਇਤਿਹਾਸਕਾਰ ਉਸ ਦੀ ਭੰਗਾਣੀ ਦੇ ਯੁੱਧ ਵਿਚ ਮੌਤ ਹੋਣ ਬਾਰੇ ਭੁਲੇਖਾ ਖਾਂਦੇ ਹਨ। ਅਸਲ ਵਿਚ ਉਸ ਜੰਗ ਵਿਚ ਧਰਮ ਚੰਦ ਨਹੀਂ ਬਲਕਿ ਉਸ ਦਾ ਸੈਨਾਪਤੀ ਹਰੀ ਚੰਦ ਹੰਡੂਰੀਆ ਮਾਰਿਆ ਗਿਆ ਸੀ। 1830 ਵਿਚ ਇਹ ਰਿਆਸਤ ਅੰਗਰੇਜ਼ਾਂ ਦੀ ਸੁਰੱਖਿਆ ਹੇਠ ਆ ਗਈ ਤੇ 1948 ਨੂੰ ਭਾਰਤ ਵਿਚ ਸ਼ਾਮਲ ਕਰ ਲਈ ਗਈ। ਉਪਰੋਕਤ ਰਿਆਸਤਾਂ ਤੋਂ ਇਲਾਵਾ ਕੁੱਲੂ, ਕੋਈਂਥਲ, ਨੂਰਪੁਰ, ਚੰਬਾ, ਬਿੱਝਰਵਾਲ, ਡਰੋਲੀ ਤੇ ਦੱਧਵਾਲ ਆਦਿ ਹੋਰ ਵੀ ਕਈ ਰਿਆਸਤਾਂ ਸਨ ਪਰ ਉਨ੍ਹਾਂ ਵਲੋਂ ਗੁਰੂ ਸਾਹਿਬ ਦੀ ਕੋਈ ਖ਼ਾਸ ਮੁਖਾਲਫ਼ਤ ਨਹੀਂ ਸੀ ਕੀਤੀ ਗਈ।
                                                                            ਬਲਰਾਜ ਸਿੰਘ ਸਿੱਧੂ ਐਸਪੀ, ਸੰਪਰਕ : 95011-00062