ਕੁਦਰਤ ਦੇ ਨਿਆਰੇ ਰੰਗ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕੁਦਰਤ ਬੜੀ ਅਜੀਬ ਸ਼ੈਅ ਹੈ। ਬੰਦਾ ਖ਼ਿਆਲਾਂ 'ਚ ਉੱਚੇ-ਉੱਚੇ ਮਹਿਲ ਉਸਾਰਦਾ ਹੈ ਤਾਂ ਕੁਦਰਤ ਪਲਾਂ 'ਚ ਹੀ ਢਹਿ-ਢੇਰੀ ਕਰ ਦਿੰਦੀ ਹੈ। ਬੰਦਾ ਕੁੱਝ ਸੋਚਦਾ ਹੈ ਪਰ..

Kids

ਕੁਦਰਤ ਬੜੀ ਅਜੀਬ ਸ਼ੈਅ ਹੈ। ਬੰਦਾ ਖ਼ਿਆਲਾਂ 'ਚ ਉੱਚੇ-ਉੱਚੇ ਮਹਿਲ ਉਸਾਰਦਾ ਹੈ ਤਾਂ ਕੁਦਰਤ ਪਲਾਂ 'ਚ ਹੀ ਢਹਿ-ਢੇਰੀ ਕਰ ਦਿੰਦੀ ਹੈ। ਬੰਦਾ ਕੁੱਝ ਸੋਚਦਾ ਹੈ ਪਰ ਕੁਦਰਤ ਅਕਸਰ ਉਲਟ ਕਰ ਦਿੰਦੀ ਹੈ। ਇਸੇ ਲਈ ਤਾਂ ਰੱਬ ਦੀ ਕਰਨੀ ਬਾਰੇ ਕਿਸੇ ਨੇ ਕਿਹਾ ਹੈ, 'ਤੇਰੀਆਂ ਕੁਦਰਤਾਂ ਦੇ ਤੂੰ ਹੀ ਰੰਗ ਜਾਣਦਾ।' ਕੁੱਝ ਅਜਿਹੀ ਕਹਾਣੀ ਦਾ ਜ਼ਿਕਰ ਅੱਜ ਮੈਂ ਸਾਂਝਾ ਕਰਨ ਜਾ ਰਿਹਾ ਹਾਂ, ਬਰਨਾਲਾ ਦੇ ਏਵਨ ਟੇਲਰਜ਼ ਦੇ ਮਾ. ਮੋਹਨ ਲਾਲ ਦੇ ਪ੍ਰਵਾਰ ਨਾਲ ਵਾਪਰੀ ਅਨੋਖੀ ਘਟਨਾ ਬਾਰੇ।
ਮੋਹਨ ਲਾਲ ਵੀ ਆਮ ਲੋਕਾਂ ਵਾਂਗ ਮੇਰੇ ਜਾਣੂਆਂ 'ਚੋਂ ਇਕ ਹੈ। ਇਕ ਦਿਨ ਕੁਦਰਤ ਦੇ ਕਹਿਰ ਦੀ ਹਨੇਰੀ ਮਾ. ਮੋਹਨ ਲਾਲ ਦੇ ਪ੍ਰਵਾਰ ਤੇ ਅਸਮਾਨੀ ਬਿਜਲੀ ਵਾਂਗ ਇਸ ਤਰ੍ਹਾਂ ਡਿੱਗੀ ਕਿ ਪਲ 'ਚ ਹੀ ਸੱਭ ਕੁੱਝ ਨਸ਼ਟ ਹੋ ਗਿਆ। ਹੋਇਆ ਇੰਜ ਕਿ ਮੋਹਨ ਲਾਲ ਦੇ ਦੋਵੇਂ ਬੇਟੇ ਅਤੇ ਇਨ੍ਹਾਂ ਦਾ ਭਤੀਜਾ ਚੀਨੂ (14 ਸਾਲ) ਧੂਰੀ ਨੇੜਲੇ ਰਣੀਕੇ ਮੰਦਰ ਚਲੇ ਗਏ। ਰਣੀਕੇ ਨਾਲ ਲਗਦੀ ਨਹਿਰ ਤੇ ਜਾਂਦਿਆਂ ਇਨ੍ਹਾਂ ਦੇ ਛੋਟੇ ਬੇਟੇ ਵਿੰਨੀ (22 ਸਾਲ) ਦਾ ਅਚਨਚੇਤ ਨਹਿਰ 'ਚ ਪੈਰ ਫਿਸਲ ਗਿਆ ਤਾਂ ਉਸ ਨੇ ਡਿਗਦੇ ਡਿਗਦੇ ਚੀਨੂੰ ਦੀ ਬਾਂਹ ਫੜ ਲਈ, ਜਿਸ ਕਾਰਨ ਚੀਨੂੰ ਵੀ ਨਹਿਰ 'ਚ ਡਿੱਗ ਪਿਆ। ਡੂੰਘੀ ਨਹਿਰ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਜਦ ਦੋਵੇਂ ਜਣੇ ਡੁਬਕੀਆਂ ਲਾਉਣ ਲੱਗੇ ਤਾਂ ਇਨ੍ਹਾਂ ਦੇ ਵੱਡੇ ਬੇਟੇ ਵਿਸਕੀ ਨੇ ਅਪਣੇ ਦੋਹਾਂ ਭਰਾਵਾਂ ਨੂੰ ਬਚਾਉਣ ਲਈ ਨਹਿਰ 'ਚ ਛਾਲ ਮਾਰ ਦਿਤੀ। ਪਰ ਬਦਕਿਸਮਤੀ ਨਾਲ ਤਿੰਨੇ ਜਣੇ ਨਹਿਰ 'ਚ ਡਿੱਗਣ ਨਾਲ ਮੌਤ ਦੇ ਮੂੰਹ ਜਾ ਪਏ। ਪਲਾਂ 'ਚ ਹੀ ਮਾਸਟਰ ਮੋਹਨ ਲਾਲ ਦਾ ਘਰ ਉਜੜ ਗਿਆ। ਉਨ੍ਹਾਂ ਦੇ ਦੋਵੇਂ ਬੇਟੇ ਵਿਸਕੀ, ਬਿੰਨੀ ਅਤੇ ਭਤੀਜਾ ਚੀਨੂੰ ਹਸਦੇ-ਵਸਦੇ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਸਨ। ਰਿਸ਼ਤੇਦਾਰਾਂ, ਮਿੱਤਰਾਂ, ਸਨੇਹੀਆਂ ਨੇ ਦੁਨਿਆਵੀ ਤੋਰ ਤੇ ਸੰਭਵ ਦੁੱਖ-ਦਰਦ ਵੰਡਾਇਆ। ਮਾ. ਮੋਹਨ ਲਾਲ ਦਾ ਹੁਣ ਕੰਮ ਨੂੰ ਬਿਲਕੁਲ ਵੀ ਦਿਨ ਨਾ ਕਰਦਾ। ਉਹ ਅਪਣੀ ਟੇਲਰਿੰਗ ਦੀ ਦੁਕਾਨ ਤੇ ਵੀ ਨਾ ਜਾਂਦਾ। ਦੁਕਾਨ ਦਾ ਕੰਮ ਚੇਲੇ ਹੀ ਸਾਂਭਦੇ। ਇਕ ਦਿਨ ਤਿੰਨ ਕੁ ਮਹੀਨੇ ਦੇ ਵਕਫ਼ੇ ਬਾਅਦ ਜਦ ਮੋਹਨ ਲਾਲ ਦੁਕਾਨ 'ਚ ਆਇਆ ਤਾਂ ਦੋ ਲੇਡੀ ਗਾਹਕ ਉਸ ਨਾਲ ਦੁੱਖ ਦਰਦ ਵੰਡਾਉਣ ਲਗੀਆਂ। ਥੋੜੀ ਦੇਰ ਬਾਅਦ ਇਕ ਹੋਰ ਫ਼ਕੀਰ ਸੁਰਤੀ ਦਾਸ ਵੀ ਦੁਕਾਨ 'ਚ ਆ ਵੜਿਆ। ਉਸ ਨੇ ਨਾ ਕੁੱਝ ਮੰਗਿਆ, ਬਸ ਬੈਠਾ ਰਿਹਾ। ਉਹ ਜਾਣ ਲੱਗਾ ਕਹਿੰਦਾ ਕਿ ਤੇਰੇ ਬੱਚੇ ਵਾਪਸ ਆਉਣਗੇ। ਜਦ ਮਾਸਟਰ ਨੇ ਘਰ ਵਾਲੀ ਦੇ ਆਪ੍ਰੇਸ਼ਨ ਦੀ ਗੱਲ ਦੱਸੀ ਤਾਂ ਉਹ ਕਹਿੰਦਾ, ''ਜੋ ਵੀ ਮਰਜ਼ੀ ਹੋਵੇ, ਮੈਨੂੰ ਨਹੀਂ ਪਤਾ ਪਰ ਤੇਰੇ ਦੋਵੇਂ ਬੱਚੇ ਵਾਪਸ ਆਉਣਗੇ।''
ਮੋਹਨ ਲਾਲ ਮੁਤਾਬਕ, ''ਸਾਨੂੰ ਕਿਸੇ ਨੇ ਟੈਸਟ ਟਿਊਬ ਰਾਹੀਂ ਬੱਚੇ ਬਾਰੇ ਦੱਸ ਪਈ। ਅਸੀ ਕਈ ਥਾਵਾਂ ਤੋਂ ਪਤਾ ਕੀਤਾ ਤਾਂ ਪਤਾ ਲਗਿਆ ਕਿ ਖ਼ਰਚਾ ਹੀ ਲੱਖਾਂ ਰੁਪਏ ਹੈ ਜੋ ਕਿ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਸੀ। ਪਰ ਹੁਣ ਤਾਂ ਗੱਲ ਸਾਧ ਦੇ ਬਚਨਾਂ ਤੋਂ ਅੱਗੇ ਤੁਰਨ ਲੱਗ ਪਈ ਸੀ ਅਤੇ ਜਿੱਥੇ ਚਾਹ ਉਥੇ ਰਾਹ ਵਾਲਾ ਕੰਮ ਹੁੰਦਾ ਗਿਆ। ਜਲੰਧਰ ਦੇ ਹੀ ਇਕ ਪ੍ਰਾਈਵੇਟ ਹਸਪਤਾਲ ਰਾਹੀਂ ਅਸੀ ਕੋਸ਼ਿਸ਼ ਕੀਤੀ। ਪਹਿਲਾ ਚਾਂਸ ਫ਼ੇਲ੍ਹ ਹੋ ਗਿਆ। ਪਰ ਦੂਜੀ ਕੋਸ਼ਿਸ਼ ਸਫ਼ਲ ਹੋ ਗਈ।''
31 ਮਈ, 2015 ਨੂੰ ਮੋਹਨ ਲਾਲ ਜੀ ਦੇ ਦੋਵੇਂ ਬੱਚੇ ਅਤੇ ਭਤੀਜਾ ਚੀਨੂੰ ਦੀ ਮੌਤ ਹੋਈ ਸੀ ਪੂਰੇ ਸਵਾ ਕੁ ਸਾਲ ਦੇ ਵਕਫ਼ੇ ਤੋਂ ਬਾਅਦ 17 ਅਗੱਸਤ, 2016 ਨੂੰ ਇਸ ਜੋੜੇ ਨੂੰ ਫਿਰ ਤੋਂ ਦੋ ਜੁੜਵਾਂ ਬੱਚਿਆਂ ਦੀ ਦਾਤ ਪ੍ਰਾਪਤ ਹੋ ਗਈ। ਇਕ ਬੇਟਾ ਤੇ ਇਕ ਬੇਟੀ ਨੇ ਜਨਮ ਲਿਆ। ਸੋਹਨ ਲਾਲ ਜੀ ਮੁਤਾਬਕ, ''ਮੈਂ ਵੱਡੇ ਖ਼ਰਚੇ ਬਾਰੇ ਦੋਸਤਾਂ ਨੂੰ ਕਿਹਾ ਸੀ ਕਿ ਉਧਾਰ ਹੀ ਮੋੜਾਂਗਾ। ਵਿਆਜ ਨਹੀਂ ਦੇ ਸਕਦਾ।'' ਇਸ ਤਰ੍ਹਾਂ ਥੋੜ੍ਹੀ ਥੋੜ੍ਹੀ ਮਾਇਕ ਸਹਾਇਤਾ ਨਾਲ ਤੇ ਤਕਨੀਕੀ ਸਾਇੰਸ ਸਦਕਾ ਮਾ. ਮੋਹਨ ਲਾਲ ਜੀ ਦੇ ਘਰ ਫਿਰ ਤੋਂ ਕਿਲਕਾਰੀਆਂ ਵੱਜਣ ਲੱਗ ਪਈਆਂ।
ਸੰਪਰਕ : 98143-21087