ਚਿੱਠੀਆਂ: ਕੈਪਟਨ ਸਰਕਾਰ ਨੇ ਘਟਾਉਣ ਦੀ ਬਜਾਏ ਵਧਾਏ ਪੰਜਾਬੀਆਂ ਦੇ ਖਰਚੇ
ਜਿਨ੍ਹਾਂ ਨੇ ਕਾਂਗਰਸ ਨੂੰ ਨਹੀਂ, ਵੋਟ ਕੈਪਟਨ ਨੂੰ ਪਾਈ ਪਰ ਅਜੇ ਤਕ ਕੈਪਟਨ ਉਨ੍ਹਾਂ ਪੰਜਾਬੀਆਂ ਦੀ ਕੋਈ ਇਕ ਵੀ ਆਸ ਪੂਰੀ ਨਹੀਂ ਕਰ ਸਕੇ।
ਦਹਾਕਾ ਭਰ ਚਲੀ ਸਰਕਾਰ ਤੋਂ ਤੰਗੀ ਮਹਿਸੂਸ ਕਰਦਿਆਂ ਪੰਜਾਬੀਆਂ ਨੇ ਕੈਪਟਨ ਅਮਰਿੰਦਰ ਸਿੰਘ ਉਤੇ ਵਿਸ਼ਵਾਸ ਜਤਾਇਆ। ਕਈ ਆਮ ਪੰਜਾਬੀ ਅਜਿਹੇ ਵੀ ਹਨ ਜਿਨ੍ਹਾਂ ਨੇ ਕਾਂਗਰਸ ਨੂੰ ਨਹੀਂ, ਵੋਟ ਕੈਪਟਨ ਨੂੰ ਪਾਈ ਪਰ ਅਜੇ ਤਕ ਕੈਪਟਨ ਉਨ੍ਹਾਂ ਪੰਜਾਬੀਆਂ ਦੀ ਕੋਈ ਇਕ ਵੀ ਆਸ ਪੂਰੀ ਨਹੀਂ ਕਰ ਸਕੇ। ਜਿਹੜੀ ਗੱਲ ਵਾਅਦੇ ਦੇ ਰੂਪ ਵਿਚ ਹਿੱਕ ਥਾਪੜ ਕੇ ਕੈਪਟਨ ਨੇ ਵੋਟਾਂ ਤੋਂ ਪਹਿਲਾਂ ਟੀ.ਵੀ. ਚੈਨਲਾਂ ਤੇ ਕਹੀ ਕਿ ਕਿਸਾਨਾਂ ਦਾ ਸਾਰੇ ਦਾ ਸਾਰਾ ਕਰਜ਼ਾ ਮੇਰੀ ਸਰਕਾਰ ਵਾਪਸ ਕਰੇਗੀ, ਚਾਹੇ ਉਹ ਕੋ-ਆਪਰੇਟਿਵ ਬੈਂਕਾਂ ਦਾ ਹੋਵੇ, ਸਰਕਾਰੀ ਬੈਂਕਾਂ ਜਾਂ ਆੜ੍ਹਤੀਆਂ ਦਾ ਹੋਵੇ ਪਰ ਹੋਇਆ ਹੁਣ ਤਕ ਕੁੱਝ ਵੀ ਨਹੀਂ। ਕੈਪਟਨ ਨਾਲ ਆਏ ਦੋ ਹੋਰ ਚਿਹਰੇ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ ਇਨ੍ਹਾਂ ਤਿੰਨਾਂ ਦੀ ਤਿਕੜੀ ਨੂੰ ਵੇਖ ਕੇ ਆਮ ਲੋਕ ਹੋਰ ਵੀ ਖ਼ੁਸ਼ ਹੋਏ ਸਨ ਪਰ ਕੈਪਟਨ ਸਰਕਾਰ ਨੇ ਲੋਕਾਂ ਦੀਆਂ ਆਸਾਂ ਉਤੇ ਪਾਣੀ ਫੇਰਦਿਆਂ ਉਨ੍ਹਾਂ ਦੇ ਖ਼ਰਚੇ ਘਟਾਉਣ ਦੀ ਬਜਾਏ ਵਧਾ ਦਿਤੇ ਹਨ ਜਿਸ ਦੀ ਮਿਸਾਲ ਬਿਜਲੀ ਦਰਾਂ ਵਿਚ ਲਗਭਗ 12 ਫ਼ੀ ਸਦੀ ਦੇ ਵਾਧੇ ਤੋਂ ਲਈ ਜਾ ਸਕਦੀ ਹੈ।
ਖ਼ਜ਼ਾਨਾ ਖ਼ਾਲੀ ਹੋਣ ਦਾ ਰੌਲਾ ਪੈ ਰਿਹਾ ਹੈ। ਇਹ ਕੋਈ ਨਵਾਂ ਨਹੀਂ। ਹਰ ਸਰਕਾਰ ਪਿਛਲੀ ਸਰਕਾਰ ਉਤੇ ਦੋਸ਼ ਲਾਉਂਦੀ ਹੈ ਕਿ ਉਹ ਖ਼ਜ਼ਾਨਾ ਖ਼ਾਲੀ ਕਰ ਗਈ ਹੈ। ਪਰ ਸੋਚੋ ਇਨ੍ਹਾਂ ਲੀਡਰਾਂ ਦੀਆਂ ਉੱਚੀਆਂ ਉਡਾਰੀਆਂ, ਸਰਕਾਰੀ ਖ਼ਰਚਿਆਂ ਵਿਚ ਕੋਈ ਫ਼ਰਕ ਨਹੀਂ ਪਿਆ ਪਰ ਜਿਉਂ ਹੀ ਗੱਲ ਜਨਤਾ ਦੇ ਹੱਕਾਂ ਜਾਂ ਕੀਤੇ ਵਾਅਦਿਆਂ ਦੀ ਆਉਂਦੀ ਹੈ ਤਾਂ ਖ਼ਜ਼ਾਨਾ ਖ਼ਾਲੀ ਹੋਣ ਬਾਰੇ ਪਿੱਟ-ਸਿਆਪਾ ਪਾਇਆ ਜਾਂਦਾ ਹੈ। ਖੇਤੀਬਾੜੀ ਲਈ ਬਿਜਲੀ ਮੁਫ਼ਤ ਹੈ ਪਰ ਹੁਣ ਇਨ੍ਹਾਂ ਮੋਟਰਾਂ ਤੇ ਮੀਟਰ ਲਾਉਣ ਦੀ ਕੀ ਤੁੱਕ ਬਣਦੀ ਹੈ? ਹੁਣੇ ਜਿਹੇ ਵਧੀਆਂ ਬਿਜਲੀ ਦਰਾਂ ਤੋਂ ਕਿਸਾਨ ਵੀ ਚਿੰਤਾ ਵਿਚ ਹਨ ਕਿ ਜਿਵੇਂ ਚੁੱਪ ਚੁਪੀਤੇ ਹੀ ਬਿਜਲੀ ਦਰਾਂ ਵਿਚ ਵਾਧਾ ਕਰ ਦਿਤਾ, ਉਸੇ ਤਰ੍ਹਾਂ ਹੀ ਹੁਣ ਖੇਤੀ ਵਾਲੀ ਬਿਜਲੀ ਦੇ ਬਿਲ ਲਾਗੂ ਹੋ ਸਕਦੇ ਹਨ। ਗੁਰਦਾਸਪੁਰ ਜ਼ਿਮਨੀ ਚੋਣ ਵਿਚ ਵੀ ਕਾਂਗਰਸ ਨੂੰ ਜਿਤਾ ਕੇ ਇਨ੍ਹਾਂ ਆਮ ਪੰਜਾਬੀਆਂ ਨੇ ਤੁਹਾਡਾ ਸਤਿਕਾਰ ਕੀਤਾ ਹੈ ਪਰ ਤੁਸੀ ਜਿਤਦੇ ਸਾਰ ਹੀ ਬਿਜਲੀ ਦਰਾਂ ਵਧਾ ਕੇ ਬੋਝ ਪਾਉਣ ਲਗਿਆਂ ਜ਼ਰਾ ਵੀ ਆਮ ਲੋਕਾਂ ਦਾ ਧਿਆਨ ਨਹੀਂ ਕੀਤਾ। ਚਿੱਟਾ ਅਤੇ ਸਮੈਕ ਵਰਗੇ ਨਸ਼ਿਆਂ ਨੂੰ ਠੱਲ੍ਹ ਪਈ ਹੈ ਪਰ ਬੰਦ ਨਹੀਂ ਹੋਏ ਕਿਉਂਕਿ ਵੱਡੇ ਸਮੱਗਲਰ ਅਪਣਾ ਕੰਮ ਹੁਣ ਚੁਪਚਾਪ ਟੇਬਲ ਹੇਠ ਕਰਦੇ ਜਾਪਦੇ ਹਨ। ਕਿਸੇ ਵੱਡੇ ਮਗਰਮੱਛ ਨੂੰ ਹੱਥ ਪਾਇਆ ਹੈ? ਨਹੀਂ! ਇਹ ਸਾਰਾ ਵਰਤਾਰਾ ਹੁਣ ਤੁਹਾਡੇ ਉਤੇ ਸਵਾਲੀਆ ਚਿੰਨ੍ਹ ਲਾਉਂਦਾ ਹੈ ਕਿ ਕੀ ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ ਵਾਲੇ ਨਾਹਰੇ ਦਾ ਤੁਸੀ ਪੰਜਾਬੀਆਂ ਵਲੋਂ ਦਿਤੇ ਸਤਿਕਾਰ ਦੀ ਕਦਰ ਕਰੋਗੇ? ਅੱਜ ਪੰਜਾਬ ਵਿਚ ਵਸਦਾ ਗ਼ਰੀਬ ਮਜ਼ਦੂਰ, ਕਿਸਾਨ ਅਤੇ ਮੱਧ ਵਰਗੀ ਪੰਜਾਬੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਬੇਹੱਦ ਹੀ ਨਿਰਾਸ਼ ਹੈ। ਕੁੱਝ ਲੋਕਾਂ ਨਾਲ ਗੱਲ ਕਰਨ ਤੇ ਇਹ ਜਵਾਬ ਵੀ ਮਿਲਦਾ ਹੈ ਕਿ ਇਨ੍ਹਾਂ ਤੇ ਉਨ੍ਹਾਂ ਵਿਚ ਹੁਣ ਕੋਈ ਫ਼ਰਕ ਨਹੀਂ, ਸੱਭ ਰਲੇ ਮਿਲੇ ਹਨ। ਕੈਪਟਨ ਜੀ 'ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ' ਦੇ ਨਾਹਰੇ ਨੂੰ ਅਪਣੇ ਅੱਗੇ ਰੱਖ ਕੇ ਇਕੱਲੇ ਬੈਠ ਕੇ ਸੋਚੋ ਕਿ ਤੁਸੀ ਆਮ ਪੰਜਾਬੀਆਂ ਦੀ ਕੋਈ ਇਕ ਵੀ ਆਸ ਪੂਰੀ ਕੀਤੀ ਹੈ?
-ਤੇਜਵੰਤ ਸਿੰਘ ਭੰਡਾਲ,
ਸੰਪਰਕ : 98152-67963