ਸਿੱਖ ਲੀਡਰਸ਼ਿਪ, ਸਿੱਖਾਂ ਨੂੰ ਪਈ ਕੁੱਟ ਦਾ ਇਵਜ਼ਾਨਾ ਅਪਣੇ ਲਈ ਮੌਜਾਂ ਦੇ ਰੂਪ ਵਿਚ ਲੈ ਲੈਂਦੀ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜਬਰ ਜ਼ੁਲਮ ਨੂੰ ਦੁਹਰਾਉਂਦੀਆਂ ਦੋ ਫ਼ਿਲਮਾਂ 'ਕੌਮ ਦੇ ਹੀਰੇ' ਅਤੇ '47 ਟੂ 84' ਬਣੀਆਂ ਅਤੇ ਦੋਹਾਂ ਨੂੰ ਹੀ ਸੈਂਸਰ ਬੋਰਡ ਵਾਲਿਆਂ ਨੇ ਘੇਰ ਲਿਆ

kaum de heere


ਦੇਸ਼ ਨੂੰ ਆਜ਼ਾਦੀ ਮਿਲਦੇ ਸਾਰ ਭਾਰਤੀ ਹਾਕਮਾਂ ਦੀ ਸਿੱਖਾਂ ਪ੍ਰਤੀ ਸੋਚ ਹੱਦ ਦਰਜੇ ਦੀ ਫ਼ਿਰਕੂ ਬਣ ਗਈ। ਸਿੱਖ ਲੁੱਟੇ ਵੀ ਗਏ ਅਤੇ ਕੁੱਟੇ ਵੀ ਜਾਂਦੇ ਰਹੇ। ਸਿੱਖ ਲੀਡਰਸ਼ਿਪ, ਸਿੱਖਾਂ ਨੂੰ ਪਈ ਕੁੱਟ ਦੇ ਇਵਜ਼ਾਨੇ ਵਜੋਂ ਗੱਦੀਆਂ ਦਾ ਨਿੱਘ ਮਾਣਦੀ ਆ ਰਹੀ ਹੈ, ਸਿੱਖ ਮੰਗਾਂ ਅਤੇ ਸਿੱਖ ਹੱਕ ਪੈਣ ਢੱਠੇ ਖੂਹ ਵਿਚ। ਕੇਂਦਰੀ ਸੰਸਥਾਵਾਂ ਵਿਚ ਸਿੱਖ ਕੋਟੇ ਵਾਲੀਆਂ ਸੀਟਾਂ ਉਤੇ ਅਪਣੇ ਆਦਮੀ ਫ਼ਿੱਟ ਕਰਨ ਪੱਖੋਂ ਵੀ ਇਹ ਮਿੱਟੀ ਦੇ ਮਾਧੋ ਹੀ ਸਾਬਤ ਹੋਏ ਹਨ। ਘੱਟ ਗਿਣਤੀ ਕਮਿਸ਼ਨ ਦਾ ਸਾਬਕਾ ਚੇਅਰਮੈਨ ਹੁਣ ਉਸ ਪਾਰਟੀ ਦੀ ਨੁਮਾਇੰਦਗੀ ਕਰ ਰਿਹਾ ਹੈ ਜੋ ਘੱਟ-ਗਿਣਤੀਆਂ ਨੂੰ ਕੋਈ ਵੀ ਹੱਕ ਦੇਣ ਤੋਂ ਹੀ ਇਨਕਾਰੀ ਹੈ। ਇਕ ਰਾਜ ਵਿਚ ਤਾਂ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਨੇ ਦੋ ਸਿੱਖ ਭਰਾਵਾਂ ਦਾ ਘੋਗਾ ਹੀ ਚਿੱਤ ਕਰਵਾ ਦਿਤਾ। ਇਸ ਜਨਾਬ ਨੂੰ ਵੀ ਵਿਰੋਧੀ ਪਾਰਟੀ ਵਲੋਂ ਹੀ ਮੈਂਬਰ ਥਾਪਿਆ ਗਿਆ ਸੀ। ਸਿੱਖ ਆਗੂਆਂ ਅਤੇ ਪੈਸੇ ਪੱਖੋਂ ਆਫਰੇ ਹੋਏ ਸਿੱਖਾਂ ਦਾ ਅਜਿਹੀਆਂ ਡੂੰਘੀਆਂ ਗੱਲਾਂ ਨਾਲ ਸ਼ਾਇਦ ਕੋਈ ਲੈਣਾ ਦੇਣਾ ਨਹੀਂ ਤਾਹੀਉਂ ਤਾਂ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਹੁਣ ਤਕ ਦੇ ਵੱਡੇ ਸਿੱਖ, 'ਸੱਪ ਨੂੰ ਦੁੱਧ ਪਿਆਉਣ' ਵਾਲੀ ਕਹਾਵਤ ਦੇ ਅਰਥ ਸਮਝਣ ਤੋਂ ਅਸਮਰੱਥ ਹਨ ਜਾਂ ਇਨਕਾਰੀ ਹਨ। ਹੁਣੇ ਜਿਹੇ ਇਕੋ ਹਫ਼ਤੇ ਵਿਚ ਸਿੱਖ ਕੌਮ ਉਤੇ ਹੋਏ ਜਬਰ ਜ਼ੁਲਮ ਨੂੰ ਦੁਹਰਾਉਂਦੀਆਂ ਦੋ ਫ਼ਿਲਮਾਂ 'ਕੌਮ ਦੇ ਹੀਰੇ' ਅਤੇ '47 ਟੂ 84' ਬਣੀਆਂ ਅਤੇ ਦੋਹਾਂ ਨੂੰ ਹੀ ਸੈਂਸਰ ਬੋਰਡ ਵਾਲਿਆਂ ਨੇ ਘੇਰ ਲਿਆ। 'ਕੌਮ ਦੇ ਹੀਰੇ' ਬਾਰੇ ਸੈਂਸਰ ਬੋਰਡ ਦੇ ਮੈਂਬਰ ਅਮਰਜੀਤ ਸਿੰਘ ਟਿੱਕਾ ਦੀ ਟਿਪਣੀ ਜੋ 'ਸਪੋਕਸਮੈਨ' ਨੇ ਛਾਪੀ ਹੈ, ਸਪੱਸ਼ਟ ਕਰ ਦਿੰਦੀ ਹੈ ਕਿ ਇਹ ਕਿਨ੍ਹਾਂ ਲੋਕਾਂ ਦੀ ਸ਼ਬਦਾਵਲੀ ਹੈ ਅਤੇ ਇਸ ਨੂੰ ਇਸ ਅਹੁਦੇ ਉਤੇ ਬਿਠਾਉਣ ਵਾਲੇ ਕੌਣ ਹਨ? ਸਿੱਖਾਂ ਦੇ ਨਾਂ ਉਪਰ ਵੱਖ ਵੱਖ ਸੰਸਥਾਵਾਂ ਅੰਦਰ ਸਿੱਖੀ ਸਰੂਪ ਵਿਚ ਸਿੱਖ ਵਿਰੋਧੀ ਸੋਚ ਵਾਲਿਆਂ ਨੂੰ ਅਹੁਦੇਦਾਰੀਆਂ ਦਾ ਮਿਲਣਾ ਸਪੱਸ਼ਟ ਕਰਦਾ ਹੈ ਕਿ ਸਿੱਖ ਲੀਡਰਸ਼ਿਪ ਸਮੇਂ ਦੀ ਹਾਣੀ ਨਹੀਂ ਬਣ ਸਕੀ। 
- ਜੇ.ਐਸ.ਅਨੰਦਪੁਰੀ, ਸਰਹੰਦ ਰੋਡ, ਪਟਿਆਲਾ।