ਅੰਧਵਿਸ਼ਵਾਸ ਦੇ ਪ੍ਰਸਾਰ ਲਈ ਸੱਤਾਧਾਰੀ ਹੀ ਜ਼ਿੰਮੇਵਾਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਦੇਸ਼ ਦੀ ਸੰਸਦ ਅਤੇ ਵਿਧਾਨ ਸਭਾਵਾਂ ਵਿਚ ਬੈਠਣ ਵਾਲੇ ਸਿਆਸੀ ਵਰਣਵਿਵਸਥਾ ਨੂੰ ਪਾਲਣ ਵਾਲੇ, ਅੰਧਵਿਸ਼ਵਾਸੀ, ਮੁਫ਼ਤਖੋਰ ਅਤੇ ਕਥਿਤ ਸਾਧੂ-ਸੰਤਾਂ ਦੇ ਪੈਰ ਧੋ ਰਹੇ ਹਨ

Pranab Mukherjee

ਸਾਲ 2013 ਵਿਚ ਚੁਣੇ ਗਏ ਰਾਸ਼ਟਰਪਤੀ ਪ੍ਰਣਬ ਮੁਖਰਜੀ ਇਕ ਸਮੇਂ ਕਮਿਊਨਿਸਟ ਪਾਰਟੀ ਦੇ ਕਾਰਡ ਹੋਲਡਰ ਹੁੰਦੇ ਸਨ ਪਰ ਅੱਜ ਉਨ੍ਹਾਂ ਦੀ ਪੂਜਾ ਕਰਦੇ ਚਿੱਤਰ ਹਰ ਥਾਂ ਛਪਦੇ ਦਿਸਦੇ ਹਨ। ਇਹ ਕਿੰਨੀ ਸ਼ਰਮਨਾਕ ਗੱਲ ਹੈ ਕਿ ਜਨਮਜਾਤ ਕਮਿਊਨਿਸਟ ਵੀ ਧਾਰਮਕਤਾ ਅਪਣਾ ਸਕਦਾ ਹੈ।

ਦੇਸ਼ ਦੀ ਸੰਸਦ ਅਤੇ ਵਿਧਾਨ ਸਭਾਵਾਂ ਵਿਚ ਬੈਠਣ ਵਾਲੇ ਸਿਆਸੀ ਵਰਣਵਿਵਸਥਾ ਨੂੰ ਪਾਲਣ ਵਾਲੇ, ਅੰਧਵਿਸ਼ਵਾਸੀ, ਮੁਫ਼ਤਖੋਰ ਅਤੇ ਕਥਿਤ ਸਾਧੂ-ਸੰਤਾਂ ਦੇ ਪੈਰ ਧੋ ਰਹੇ ਹਨ, ਮਜ਼ਾਰਾਂ ਅਤੇ ਮੰਦਰਾਂ ਦੀਆਂ ਮੂਰਤੀਆਂ ਅੱਗੇ ਮੱਥਾ ਟੇਕ ਰਹੇ ਹਨ। ਇਹੀ ਨਹੀਂ ਅਪਣੇ ਧਰਮ ਆਗੂਆਂ, ਜੋਤਸ਼ੀਆਂ ਅਤੇ ਤਾਂਤਰਿਕਾਂ ਦੇ ਚੱਕਰ ਵਿਚ ਪੈ ਕੇ ਧਰਮਨਿਰਪੱਖ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਅਤੇ ਲੱਤ ਤੋੜਦੇ ਹੋਏ ਯੱਗ, ਹਵਨ, ਵੱਖ-ਵੱਖ ਧਾਰਮਕ ਕਰਮਕਾਂਡਾਂ ਵਿਚ ਸ਼ਾਮਲ ਹੋ ਰਹੇ ਹਨ। ਨਾਲ ਹੀ ਲੋਕਾਂ ਵਿਚ ਪਖੰਡ ਅਤੇ ਅੰਧਵਿਸ਼ਵਾਸ ਨੂੰ ਫੈਲਾਉਣ ਵਿਚ ਲੱਗੇ ਹੋਏ ਹਨ। ਤਾਰੀਫ਼ ਇਹ ਹੈ ਕਿ ਇਨ੍ਹਾਂ ਕਰਮਕਾਂਡਾਂ ਦਾ ਖ਼ਰਚ ਧਰਮਨਿਰਪੱਖ ਸਰਕਾਰ ਦੇ ਖ਼ਜ਼ਾਨੇ 'ਚੋਂ ਕੀਤਾ ਜਾਂਦਾ ਹੈ। ਅਸਲ ਵਿਚ ਇਨ੍ਹਾਂ ਧਾਰਮਕ ਕਰਮਕਾਂਡਾਂ ਦਾ ਜਨਤਕ ਪ੍ਰਦਰਸ਼ਨ ਸ਼ਰੇਆਮ ਇਸ ਲਈ ਕੀਤਾ ਜਾਂਦਾ ਹੈ ਕਿ ਲੋਕ ਉਨ੍ਹਾਂ ਨੂੰ ਧਾਰਮਕ ਸਮਝਣ। ਸੱਭ ਤੋਂ ਜ਼ਿਆਦਾ ਦੋਗਲੇ ਕਾਂਗਰਸੀ 1947 ਮਗਰੋਂ ਹੀ ਰਹੇ ਹਨ। ਕਾਂਗਰਸੀ ਕਹਿਣ ਨੂੰ ਤਾਂ ਧਰਮਨਿਰਪੱਖ ਹਨ ਪਰ ਅਸਲ ਵਿਚ ਉਹ ਅੰਧਵਿਸ਼ਵਾਸ ਦੇ ਸੰਚਾਲਕ ਵੀ ਹਨ।

ਸੋਨੀਆ ਗਾਂਧੀ ਨੇ ਵੀ ਡੁਬਕੀ ਲਾਈ : ਕੁੰਭ ਦੇ ਮੇਲੇ ਸਮੇਂ ਵਿਦੇਸ਼ੀ ਮੂਲ ਅਤੇ ਈਸਾਈ ਹੋਣ ਦੇ ਬਾਵਜੂਦ ਸੋਨੀਆ ਗਾਂਧੀ ਤਕ ਨੇ ਇਲਾਹਾਬਾਦ ਪਹੁੰਚ ਕੇ ਇਕ ਸਾਧਵੀ ਵਾਂਗ ਗੰਗਾ ਵਿਚ ਡੁਬਕੀ ਲਾਈ। ਉਨ੍ਹਾਂ ਨੇ ਮੰਦਰਾਂ ਵਿਚ ਪੂਜਾ-ਪਾਠ ਦੇ ਨਾਲ ਚੜ੍ਹਾਵਾ ਚੜ੍ਹਾਇਆ ਤਾਂ ਇਹ ਸੱਭ ਸਿਰਫ਼ ਵੋਟ ਦੀ ਸਿਆਸਤ ਲਈ ਕੀਤਾ। ਕਦੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕੇਂਦਰੀ ਮੰਤਰੀ ਰਹੇ ਅਰਜੁਨ ਸਿੰਘ (ਮਰਹੂਮ) ਜੋ ਉੱਜੈਨ ਸਥਿਤ ਮੌਨੀ ਬਾਬਾ ਦੇ ਆਸ਼ਰਮ ਵਿਚ ਅਕਸਰ ਜਾਂਦੇ ਸਨ। ਮੁੰਡਨ ਕਰਵਾਉਣ ਤੋਂ ਬਾਅਦ ਉਹ ਪੀਲੀ ਧੋਤੀ, ਕੰਡੀਮਾਲਾ ਪਾ ਕੇ ਪੂਜਾ-ਪਾਠ ਕਰ ਕੇ ਗ਼ਲਤ ਸਿਖਿਆ ਦਿੰਦੇ ਨਜ਼ਰ ਆਉਂਦੇ ਸਨ।  ਲੋਕ ਸਭਾ ਜਾਂ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਪਾਰਟੀ ਦਾ ਟਿਕਟ ਮਿਲਣ ਤੇ ਲੀਡਰ ਫ਼ਾਰਮ ਭਰਨ ਬਾਅਦ ਵਿਚ ਜਾਂਦੇ ਹਨ ਪਹਿਲਾਂ ਮੰਦਰ ਵਿਚ ਪੂਜਾ-ਪਾਠ ਕਰਦੇ ਹਨ ਅਤੇ ਮੋਟਾ ਚੜ੍ਹਾਵਾ ਚੜਾਉਂਦੇ ਹਨ। ਚੋਣ ਜਿੱਤਣ ਲਈ ਉਨ੍ਹਾਂ ਨੂੰ ਹਵਨ ਯੱਗ ਅਤੇ ਹੋਰ ਕਰਮਕਾਂਡ ਕਰਦਿਆਂ ਵੇਖਿਆ ਜਾਂਦਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਸਮੇਂ ਮੱਧ ਪ੍ਰਦੇਸ਼ ਦੇ ਉਸ ਸਮੇਂ ਦੇ ਮੁੱਖ ਮੰਤਰੀ ਦਿੱਗਵਿਜੈ ਸਿੰਘ ਨੇ ਮਥੁਰਾ ਕੋਲ 'ਗਿਰੀਰਾਜਧਾਮ' ਮੰਦਰ ਵਿਚ ਮੂਰਤੀ ਨੂੰ ਪਹਿਲਾਂ ਦੁੱਧ ਚੜ੍ਹਾਇਆ ਫਿਰ 21 ਕਿਲੋਮੀਟਰ ਦੀ ਪੈਦਲ ਪਰਿਕਰਮਾ ਕਰਨ ਮਗਰੋਂ ਹੀ ਅਪਣੀ ਪਾਰਟੀ ਦਾ ਚੋਣ ਪ੍ਰਚਾਰ ਸ਼ੁਰੂ ਕੀਤਾ ਸੀ। ਪਰ ਸਾਰੇ ਜਾਣਦੇ ਹਨ ਕਿ ਇਸ ਅੰਧ-ਵਿਸ਼ਵਾਸ ਦਾ ਹਸ਼ਰ ਕੀ ਹੋਇਆ। 

ਤਾਮਿਲਨਾਡੂ ਦੀ ਜੈਲਲਿਤਾ ਦੇ ਵੀ ਨਾਂ ਦੇ ਅੱਖਰ ਬਦਲੇ: ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਨੇ ਤਾਂ ਕਿਸੇ ਜੋਤਸ਼ੀ ਦੇ ਕਹਿਣ ਤੇ ਅਪਣੇ ਨਾਂ ਦੇ ਅੱਖਰ ਹੀ ਬਦਲ ਦਿਤੇ। ਚੋਣ ਪ੍ਰਚਾਰ ਨੂੰ ਜਾਂਦੇ ਸਮੇਂ ਜਦ ਉਹ ਕਾਰ ਵਿਚ ਬੈਠਦੀ ਸੀ ਤਾਂ ਕਾਰ ਦੇ ਅਗਲੇ ਪਹੀਏ ਹੇਠਾਂ ਕੱਦੂ ਰੱਖ ਕੇ ਉਸ ਦੀ ਬਲੀ ਦਿਤੀ ਜਾਂਦੀ ਸੀ। ਤਾਂਤਰਿਕਾਂ ਅਨੁਸਾਰ ਬਲੀ ਦਾ ਕੱਦੂ ਵਿਰੋਧੀਆਂ ਦਾ ਪ੍ਰਤੀਕ ਸੀ। ਪਰ ਦੁੱਖ ਹੈ ਕਿ ਇਸ ਟੋਟਕੇ ਨੇ ਚੋਣ ਵਿਚ ਕੋਈ ਅਸਰ ਨਾ ਦਿਖਾਇਆ। ਜੈਲਲਿਤਾ ਦੀ ਪਾਰਟੀ ਚੋਣ ਵਿਚ ਹਾਰ ਗਈ ਸੀ। ਅੰਧਵਿਸ਼ਵਾਸੀਆਂ ਵਿਚ ਮੁਕਾਬਲਾ : ਵਿਗਿਆਨਕ ਸੋਚ ਵਾਲੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਚੰਦਰ ਬਾਬੂ ਨਾਇਡੂ ਚੋਣ ਪ੍ਰਚਾਰ ਲਈ ਸਮਾਂ, ਮਹੂਰਤ ਅਤੇ ਦਿਸਾਸ਼ੂਲ ਨੂੰ ਧਿਆਨ ਵਿਚ ਰੱਖ ਕੇ ਪੰਡਤਾਂ ਦੇ ਦੱਸੇ ਅਨੁਸਾਰ ਹੀ ਅਪਣੇ ਬੰਗਲੇ ਤੋਂ ਨਿਕਲਦੇ ਸਨ। ਉਨ੍ਹਾਂ ਦਾ ਮਹੂਰਤ ਦਾ ਇਹ ਟੋਟਕਾ ਵੀ ਬੇਕਾਰ ਰਿਹਾ। ਪੰਡਤਾਂ ਦਾ ਪੋਥੀਪੱਤਰਾ ਸਮੁੰਦਰ ਵਿਚ ਸੁੱਟਣ ਦੀ ਨਸੀਹਤ ਦੇਣ ਵਾਲੇ ਲਾਲੂ ਯਾਦ ਜੋਤਸ਼ੀਆਂ ਦੀ ਸਲਾਹ ਨਾਲ ਗਲ ਵਿਚ ਰੁਦਰਾਕਸ਼ ਦੀ ਮਾਲਾ ਅਤੇ ਮੰਤਰਾਂ ਨਾਲ ਸ਼ੁੱਧ ਕੀਤੀ ਨਗ ਵਾਲੀਆਂ ਅੰਗੂਠੀਆਂ ਅਪਣੇ ਦੋਹਾਂ ਹੱਥਾਂ ਦੀਆਂ ਉਂਗਲੀਆਂ ਵਿਚ ਪਾ ਕੇ ਰਖਦੇ ਸਨ। ਇਹੀ ਨਹੀਂ ਆਏ ਦਿਨ ਉਹ ਪਤਨੀ ਦੇ ਨਾਲ ਧਾਰਮਕ ਕਰਮਕਾਂਡ ਵੀ ਕਰਦੇ ਰਹਿੰਦੇ ਸਨ। ਇਥੋਂ ਤਕ ਕਿ ਮਨੂੰਵਾਦੀਆਂ ਨੂੰ ਗਾਲ ਕੱਢਣ ਵਾਲੀ ਮਾਇਆਵਤੀ ਵੀ ਹਮੇਸ਼ਾ ਜੋਤਸ਼ੀਆਂ ਅਤੇ ਤਾਂਤਰਿਕਾਂ ਨਾਲ ਘਿਰੀ ਰਹਿੰਦੀ ਹੈ। 

ਮਹੂਰਤ ਅਨੁਸਾਰ ਅਹੁਦੇ ਦੀ ਸਹੁੰ ਲੈਂਦੇ ਹਨ : ਚੋਣ ਜਿੱਤਣ ਤੋਂ ਬਾਅਦ ਬਹੁਮਤ ਦੇ ਨੇਤਾ ਮੰਤਰੀ ਬਣਨ ਲਈ ਪੰਡਤਾਂ ਅਤੇ ਜੋਤਸ਼ੀਆਂ ਦੇ ਦੱਸੇ ਅਨੁਸਾਰ ਨਾ ਸਿਰਫ਼ ਧਾਰਮਕ ਕਰਮਕਾਂਡ ਕਰਦੇ ਹਨ ਸਗੋਂ ਮੰਤਰੀ ਬਣ ਗਏ ਤਾਂ ਮਹੂਰਤ ਅਨੁਸਾਰ ਹੀ ਅਪਣੇ ਕਮਰੇ ਵਿਚ ਦਾਖ਼ਲ ਹੋ ਕੇ ਕੁਰਸੀ ਉਤੇ ਬੈਠਦੇ ਹਨ। ਸਰਕਾਰ ਦੇ ਬਾਬੂ ਵੀ ਬੜੇ ਅੰਧਵਿਸ਼ਵਾਸੀ : ਜਿਹੜੇ ਰਾਜ ਵਿਚ ਹਿੰਦੂਤਵ ਦੇ ਪਹਿਰੇਦਾਰਾਂ ਦੀ ਸਰਕਾਰ ਹੁੰਦੀ ਹੈ, ਉਥੇ ਤਾਂ ਧਾਰਮਕ ਕਰਮਕਾਂਡਾਂ ਨੂੰ ਸਰਕਾਰੀ ਪ੍ਰੋਗਰਾਮਾਂ ਦਾ ਅੰਗ ਮੰਨ ਕੇ ਚਲਿਆ ਜਾਂਦਾ ਹੈ। ਸੱਤਾਧਾਰੀ ਲੀਡਰਾਂ ਨੂੰ ਖ਼ੁਸ਼ ਕਰਨ ਲਈ ਪ੍ਰਸ਼ਾਸਨਿਕ ਅਮਲਾ ਵੀ ਅਜਿਹੇ ਪ੍ਰੋਗਰਾਮਾਂ ਵਿਚ ਵੱਧ-ਚੜ੍ਹ ਕੇ ਮਦਦ ਕਰਦਾ ਹੈ। ਹਾਲਾਂਕਿ ਹਿੰਦੂਤਵ ਦੇ ਪੈਰੋਕਾਰਾਂ ਵਲੋਂ ਪਖੰਡ ਨੂੰ ਫੈਲਾਉਣਾ ਬੁਰਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਹਿੰਦੂਤਵ ਦਾ ਆਧਾਰ ਹੀ ਪਖੰਡ ਅਤੇ ਅੰਧਵਿਸ਼ਵਾਸ ਹੈ, ਜਿਸ ਨੂੰ ਉਹ ਸਭਿਆਚਾਰਕ ਰਾਸ਼ਟਰਵਾਦ ਕਹਿੰਦੇ ਹਨ। ਪਰ ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਧਰਮਨਿਰਪਖਤਾ ਦੇ ਠੇਕੇਦਾਰ ਇਨ੍ਹਾਂ ਪਖੰਡਾਂ ਵਿਚ ਅਪਣੀ ਮਹੱਤਵਪੂਰਨ ਹਾਜ਼ਰੀ ਦਰਜ ਕਰਾਉਂਦੇ ਹਨ। 

ਅਦਾਕਾਰ ਵੀ ਅੰਧਵਿਸ਼ਵਾਸ ਵਿਚ ਪਿੱਛੇ ਨਹੀਂ : ਅਮਿਤਾਬ ਬੱਚਨ ਲੰਮੀ ਬੀਮਾਰੀ ਤੋਂ ਪੀੜਤ ਰਹੇ। ਠੀਕ ਹੋਣ ਤੇ ਉਹ ਤਿਰੁਪਤੀ ਬਾਲਾ ਜੀ ਮੰਦਰ ਗਏ ਅਤੇ ਉਥੇ ਮੂਰਤੀ ਨੂੰ ਹੀਰਾ ਜੜਿਆ ਸੋਨੇ ਦਾ ਹਾਰ ਪਹਿਨਾਇਆ ਜਿਸ ਦੀ ਕੀਮਤ ਲਗਭਗ 11 ਕਰੋੜ ਸੀ। ਮੰਨੋਂ ਡਾਕਟਰਾਂ ਅਤੇ ਦਵਾਈਆਂ ਦੀ ਬਜਾਏ ਬਾਲਾ ਜੀ ਨੇ ਅਮਿਤਾਬ ਦੀ ਬਿਮਾਰੀ ਦੂਰ ਕੀਤੀ ਹੋਵੇ। 2004 ਵਿਚ ਸਾਰੇ ਜੋਤਸ਼ੀਆਂ ਦੇ ਦਾਅਵੇ ਫੇਲ੍ਹ : 2004 ਦੀਆਂ ਲੋਕ ਸਭਾ ਚੋਣਾਂ ਵਿਚ ਸਾਰੇ ਜੋਤਸ਼ੀਆਂ ਨੇ ਅਪਣੀ-ਅਪਣੀ ਭਵਿੱਖਬਾਣੀ ਵਿਚ ਐਨ.ਡੀ.ਏ. ਤੋਂ 280 ਤੋਂ 350 ਤਕ ਸੀਟਾਂ ਮਿਲਣ ਅਤੇ ਅਟਲ ਬਿਹਾਰੀ ਵਾਜਪਾਈ ਦੇ ਮੁੜ ਪ੍ਰਧਾਨ ਮੰਤਰੀ ਬਣਨ ਦਾ ਐਲਾਨ ਕੀਤਾ ਸੀ। ਕਿਸੇ ਵੀ ਜੋਤਸ਼ੀ ਨੇ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਦੀ ਗੱਲ ਨਹੀਂ ਲਿਖੀ ਸੀ। ਬਾਅਦ ਵਿਚ ਜੋਤਸ਼ੀਆਂ ਦੀਆਂ ਕਹੀਆਂ ਗੱਲਾਂ ਦੀ ਸਚਾਈ ਸੱਭ ਦੇ ਸਾਹਮਣੇ ਆ ਗਈ। ਸਾਫ਼ ਹੈ ਕਿ ਧਾਰਮਕ ਕਰਮਕਾਂਡ ਪੰਡਤਾਂ ਦੀ ਪੇਟ-ਪੂਜਾ ਅਤੇ ਜੋਤਿਸ਼ ਲਫ਼ੰਗਿਆਂ ਅਤੇ ਠੱਗਾਂ ਦਾ ਧੰਦਾ ਹੈ। ਫਿਰ ਹਕੂਮਤ ਵਿਚ ਬੈਠੇ ਲੀਡਰ ਧਰਮਨਿਰਪੱਖ ਸੰਵਿਧਾਨ ਦਾ ਅਪਮਾਨ ਕਰਨ ਅਤੇ ਲੋਕਾਂ ਵਿਚ ਅੰਧਵਿਸ਼ਵਾਸ ਫੈਲਾਉਣ ਵਿਚ ਕਿਉਂ ਲੱਗੇ ਰਹਿੰਦੇ ਹਨ?