ਕਿਸਾਨ ਅੰਦੋਲਨ ਦਾ ਸਰਗਰਮ ਤੇ ਨੌਜੁਆਨ ਸ਼ਹੀਦ ¸ ਨਵਰੀਤ ਸਿੰਘ ਡਿਬਡਿਬਾ
ਪੁਲਿਸ ਨੇ ਬਹੁਤ ਹੀ ਜਾਬਰਾਨਾ ਢੰਗ ਨਾਲ ਨੌਜੁਆਨ ਨੂੰ ਸ਼ਹੀਦ ਕੀਤਾ
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਮਾਅਰਕੇ ਮਾਰਨ ਨੂੰ ਅੱਜ ਹਰ ਕੋਈ ਫਿਰਦਾ, ਜਾਨਾਂ ਕੌਮ ਤੋਂ ਵਾਰਨੀਆਂ ਔਖੀਆਂ ਨੇ। ਕਿਸਾਨ ਅੰਦੋਲਨ ਚੱਲ ਰਿਹਾ ਹੈ। ਹਰ ਆਮ ਬੰਦਾ ਆਪੋ ਅਪਣੀ ਹੈਸੀਅਤ ਮੁਤਾਬਕ ਯੋਗਦਾਨ ਪਾ ਰਿਹਾ ਹੈ ਕਿਉਂਕਿ ਇਹ ਅੰਦੋਲਨ ਆਮ ਲੋਕਾਂ ਦਾ ਅੰਦੋਲਨ ਵੀ ਬਣ ਗਿਆ ਹੈ। ਹਰ ਜਾਗਦੀ ਜ਼ਮੀਰ ਵਾਲਾ ਭਾਰਤੀ ਇਹੀ ਚਾਹੁੰਦਾ ਹੈ ਕਿ ਕਦ ਖ਼ਬਰ ਆਵੇ ਕਿ ਸਰਕਾਰ ਨੇ ਕਾਨੂੰਨ ਰੱਦ ਕਰ ਦਿਤੇ ਹਨ ਪਰ ਸਰਕਾਰ ਹੁਣ ਅਪਣੇ ਆਪ ਨੂੰ ਆਮ ਲੋਕਾਂ ਦੀ ਸਰਕਾਰ ਅਖਵਾਉਣ ਦੀ ਲੋੜ ਨਹੀਂ ਸਮਝਦੀ।
ਇਸ ਅੰਦੋਲਨ ਦਾ ਅਸਲ ਸ਼ਹੀਦ ਨੌਜੁਆਨ ਨਵਰੀਤ ਸਿੰਘ ਪੋਤਰਾ ਸਿਰਦਾਰ ਹਰਦੀਪ ਸਿੰਘ ਡਿਬਡਿਬਾ ਜੀ ਹੈ। ਜਿਥੇ ਵੀ ਇਸ ਅੰਦੋਲਨ ਦਾ ਜ਼ਿਕਰ ਹੋਵੇਗਾ, ਉਥੇ ਸ਼ਹੀਦ ਨਵਰੀਤ ਸਿੰਘ ਜੀ ਦਾ ਜ਼ਿਕਰ ਵੀ ਜ਼ਰੂਰ ਹੋਵੇਗਾ। ਪੁਲਿਸ ਨੇ ਬਹੁਤ ਹੀ ਜਾਬਰਾਨਾ ਢੰਗ ਨਾਲ ਨੌਜੁਆਨ ਨੂੰ ਸ਼ਹੀਦ ਕੀਤਾ। ਫਿਰ ਦਿੱਲੀ ਪੁਲਿਸ ਨੇ ਅਪਣੀ ਖ਼ਾਕੀ ਵਰਦੀ ਦਾਗ਼ਦਾਰ ਕਰਨ ’ਚ ਕਸਰ ਨਾ ਛੱਡੀ ਜਦ ਇਸ ਨੌਜੁਆਨ ਦੀ ਸ਼ਹੀਦੀ ਤੋਂ ਮੁਕਰਦਿਆਂ ਹਰ ਪੱਖੋਂ ਅਪਣੀ ਗ਼ਲਤੀ ਨੂੰ ਛੁਪਾਉਣਾ ਚਾਹਿਆ।
ਇਥੇ ਸਿਰ ਨਿਵਾ ਕੇ ਸਿੱਖ ਵਿਦਵਾਨ ਸਿਰਦਾਰ ਹਰਦੀਪ ਸਿੰਘ ਡਿਬਡਿਬਾ ਜੀ ਦਾ ਸਤਿਕਾਰ ਕਰਦਾ ਹੋਇਆ ਲਿਖਦਾ ਹਾਂ ਕਿ ਇਕ ਸਿਰੜੀ ਸਿੱਖ, ਉੱਚੀ ਤੇ ਸੁੱਚੀ ਸੋਚ ਦੇ ਮਾਲਕ ਹੋਣ ਦਾ ਫ਼ਰਜ਼ ਨਿਭਾਇਆ ਹੈ ਤਾਂ ਸਿਰਦਾਰ ਹਰਦੀਪ ਸਿੰਘ ਡਿਬਡਿਬਾ ਜੀ ਨੇ ਨਿਭਾਇਆ ਹੈ। ਅੱਖਾਂ ਮੂਹਰੇ 25 ਸਾਲ ਦਾ ਪੋਤਰਾ ਸ਼ਹੀਦ ਹੋਇਆ ਪਿਆ ਹੈ ਤੇ ਸਿਰਦਾਰ ਸਾਹਬ ਜੀ ਆਖ ਰਹੇ ਨੇ ਇਹ ਅੰਦੋਲਨ ਦੀ ਅਮਾਨਤ ਹੈ, ਇਸ ਲਈ ਅੱਗੇ ਹੁਣ ਕੀ ਕਰਨਾ ਹੈ, ਫ਼ੈਸਲਾ ਕਿਸਾਨ ਆਗੂ ਕਰਨਗੇ।
ਪਰ ਜੋ ਕੁੱਝ ਉਥੇ ਫਿਰ ਹੋਇਆ, ਸੱਚ ਆਖਾਂ ਤਾਂ ਭਾਂਬੜ ਬਲਦਾ ਏ। ਸੱਚ ਹੱਡਾਂ ਤੇ ਵਜਦਾ ਹੀ ਵਜਦਾ ਹੈ। ਦਿੱਲੀ ਪੁਲਿਸ ਨੇ ਸ਼ਹੀਦ ਦਾ ਪੋਸਟ ਮਾਰਟਮ ਵੀ ਨਹੀਂ ਸੀ ਕਰਵਾਇਆ, ਉਹ ਵੀ ਪ੍ਰਵਾਰ ਨੇ ਉਤਰਾਖੰਡ ਵਿਚ ਜਾ ਕੇ ਕਰਵਾਇਆ।
-ਤੇਜਵੰਤ ਸਿੰਘ ਭੰਡਾਲ, ਫਤਿਹਗੜ੍ਹ ਸਾਹਿਬ, ਸੰਪਰਕ : 98152-67963