ਅਦਾਲਤਾਂ ’ਚੋਂ ਸਿੱਖਾਂ ਨੂੰ ਬਤੌਰ ਸਿੱਖ, ਇਨਸਾਫ਼ ਕਿਉਂ ਨਹੀਂ ਮਿਲਦਾ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕੁੰਵਰ ਵਿਜੇ ਪ੍ਰਤਾਪ ਦੇ ਮੀਡੀਆ ਸਾਹਮਣੇ ਆਉਣ ਤੋਂ ਬਾਅਦ ਬਹੁਤ ਸਾਰੇ ਉਨ੍ਹਾਂ ਪੁਲਿਸ ਅਫ਼ਸਰਾਂ ਅਤੇ ਸਿਆਸੀ ਆਗੂਆਂ ਦੀ ਰਾਤ ਦੀ ਨੀਂਦ ਹਰਾਮ ਹੋ ਗਈ ਸੀ

Why don't Sikhs, as Sikhs, get justice from the courts?

ਕੁੱਝ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਗਈ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸ.ਆਈ.ਟੀ ਦੀ ਜਾਂਚ ਰੀਪੋਰਟ ਰੱਦ ਕਰਨ ਦੇ ਹੁਕਮ ਦੇ ਦਿਤੇ। ਇਸ ਤੋਂ ਪਹਿਲਾਂ ਜਾਂਚ ਪੜਤਾਲ ਸਬੰਧੀ ਕੁੰਵਰ ਵਿਜੇ ਪ੍ਰਤਾਪ ਨੇ ਮੀਡੀਏ ਨੂੰ ਦਿਤੀ ਇੰਟਰਵਿਊ ਵਿਚ ਬਹੁਤ ਸਾਰੇ ਖ਼ੁਲਾਸੇ ਵੀ ਕੀਤੇ ਸਨ। ਉਨ੍ਹਾਂ ਜਾਂਚ ਪੜਤਾਲ ਪੂਰੀ ਹੋਣ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਬੜੀ ਸਹਿਜਤਾ ਤੇ ਠਰ੍ਹੰਮੇ ਨਾਲ ਕਿਹਾ ਸੀ ਕਿ ਮੈਂ ਅਪਣੇ ਵਲੋਂ ਪੂਰੀ ਇਮਾਨਦਾਰੀ ਨਾਲ ਇਹ ਪੜਤਾਲ ਦਾ ਕੰਮ ਨੇਪਰੇ ਚਾੜਿ੍ਹਆ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਮੈਂ ਦੁਧ ਦਾ ਦੁਧ ਤੇ ਪਾਣੀ ਦਾ ਪਾਣੀ ਕਰ ਦਿਤਾ ਹੈ। ਕੁੰਵਰ ਵਿਜੇ ਪ੍ਰਤਾਪ ਦੇ ਮੀਡੀਆ ਸਾਹਮਣੇ ਆਉਣ ਤੋਂ ਬਾਅਦ ਬਹੁਤ ਸਾਰੇ ਉਨ੍ਹਾਂ ਪੁਲਿਸ ਅਫ਼ਸਰਾਂ ਅਤੇ ਸਿਆਸੀ ਆਗੂਆਂ ਦੀ ਰਾਤ ਦੀ ਨੀਂਦ ਹਰਾਮ ਹੋ ਗਈ ਸੀ, ਜਿਨ੍ਹਾਂ ਦੀ ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਵਿਚ ਕੋਈ ਭੂਮਿਕਾ ਰਹੀ ਸੀ। 

ਹਾਈਕੋਰਟ ਦੇ ਇਨ੍ਹਾਂ ਤਾਜ਼ਾ ਹੁਕਮਾਂ ਨੇ ਇਕ ਵਾਰੀ ਫਿਰ ਭਾਰਤੀ ਲੋਕਤੰਤਰ ਦਾ ਕਰੂਰ ਚਿਹਰਾ ਦੁਨੀਆਂ ਸਾਹਮਣੇ ਨੰਗਾ ਕਰ ਦਿਤਾ ਹੈ। ਜੇਕਰ ਇਨਸਾਫ਼ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਅਦਾਲਤਾਂ ਨੇ ਸਿੱਖਾਂ ਨੂੰ ਕਦੇ ਵੀ ਇਨਸਾਫ਼ ਨਹੀਂ ਦਿਤਾ। ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 1984 ਦੇ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਜੋ ਯੋਜਨਾਬੱਧ ਤਰੀਕੇ ਨਾਲ ਸਿੱਖ ਕਤਲੇਆਮ ਹੋਇਆ, ਉਸ ਦੇ ਇਨਸਾਫ਼ ਲਈ ਪੀੜਤ ਸਿੱਖ ਅਦਾਲਤਾਂ ਦੇ ਚੱਕਰ ਕਟਦੇ-ਕਟਦੇ ਇਸ ਦੁਨੀਆਂ ਤੋਂ ਹੀ ਰੁਖ਼ਸਤ ਹੋ ਗਏ ਪਰ ਅਦਾਲਤਾਂ ਇਨਸਾਫ਼ ਦੇਣ ਦੇ ਨੇੜੇ ਵੀ ਨਾ ਪਹੁੰਚ ਸਕੀਆਂ। ਮੌਜੂਦਾ ਹਾਲਾਤ ਵੇਖ ਕੇ ਇਹ ਇਲਮ ਸੌਖਿਆਂ ਹੀ ਹੋ ਜਾਂਦਾ ਹੈ ਕਿ ਪਿਛਲੇ 37 ਸਾਲਾਂ ਤੋਂ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿਚ ਟਾਲ ਮਟੋਲ ਕਰਨ ਵਾਲੀ ਭਾਰਤੀ ਨਿਆਂ ਪ੍ਰਣਾਲੀ ਦਾ ਮੌਜੂਦਾ ਵਰਤਾਰਾ ਵੀ ਪਿਛਲੇ ਚਾਰ ਦਹਾਕਿਆਂ ਦੇ ਵਰਤਾਰੇ ਤੋਂ ਵਖਰਾ ਨਹੀਂ। 

ਦਿੱਲੀ ਕਤਲੇਆਮ ਹੋਵੇ ਜਾਂ ਤੀਹ-ਤੀਹ, ਪੈਂਤੀ-ਪੈਂਤੀ ਸਾਲਾਂ ਤੋਂ ਸਜ਼ਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਵੀ ਜੇਲਾਂ ਵਿਚ ਬੰਦ ਰੱਖੇ ਹੋਏ ਸਿੱਖਾਂ ਦੀ ਗੱਲ ਹੋਵੇ, ਹਰ ਪਾਸੇ ਭਾਰਤੀ ਕਾਨੂੰਨ ਦਾ ਦੋਹਰਾ ਮਾਪਦੰਡ ਘੱਟ ਗਿਣਤੀਆਂ ਨੂੰ ਇਸ ਦੇਸ਼ ਅੰਦਰ ਗ਼ੁਲਾਮੀ ਦਾ ਅਹਿਸਾਸ ਕਰਵਾਉਂਦਾ ਆ ਰਿਹਾ ਹੈ। ਇਹ ਵਰਤਾਰਾ ਸਿੱਖ, ਈਸਾਈ, ਮੁਸਲਿਮ ਸਮਾਜ ਸਮੇਤ ਦੇਸ਼  ਦੇ ਵੱਡੀ ਗਿਣਤੀ ਦਲਿਤ ਸਮਾਜ ਲਈ ਡੂੰਘੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

 

 

ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਪੜਤਾਲ ਦੇ ਮਾਮਲੇ ਵਿਚ ਹਾਈ ਕੋਰਟ ਦਾ ਫ਼ੈਸਲਾ ਸਪੱਸ਼ਟ ਕਰਦਾ ਹੈ ਕਿ ਦੇਸ਼ ਦੀ ਨਿਆਂ ਪ੍ਰਣਾਲੀ ਹਾਲੇ ਵੀ ਆਜ਼ਾਦ ਨਹੀਂ ਹੋਈ, ਬਲਕਿ ਅੱਜ ਦੇ ਸੰਦਰਭ ਵਿਚ ਉਹ ਸੱਤਾ ਦੇ ਰਹਿਮੋ ਕਰਮ ਤੇ, ਸੱਤਾ ਤੇ ਸਥਾਪਤੀ ਦੀ ਰਾਖੀ ਲਈ ਕੰਮ ਕਰਦੀ ਹੈ। ਹਕੂਮਤਾਂ ਜਿਹੜੇ ਫ਼ੈਸਲੇ ਲੈਣ ਤੋਂ ਲੋਕ ਰੋਹ ਅੱਗੇ ਅਸਮਰੱਥ ਹੋ ਜਾਂਦੀਆਂ ਹਨ, ਉਨ੍ਹਾਂ ਨੂੰ ਲਾਗੂ ਕਰਨ ਲਈ ਅਦਾਲਤਾਂ ਦਾ ਸਹਾਰਾ ਮੌਜੂਦਾ ਦੌਰ ਦਾ ਆਮ ਵਰਤਾਰਾ ਬਣ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਇਹ ਫ਼ੈਸਲਾ ਵੀ ਮਹਿਜ਼ ਅਦਾਲਤੀ  ਫ਼ੈਸਲਾ ਨਹੀਂ ਮੰਨਣਾ ਚਾਹੀਦਾ, ਸਗੋਂ ਇਸ ਦੇ ਪਿੱਛੇ ਖੜੀਆਂ ਕੇਂਦਰੀ ਤਾਕਤਾਂ ਤੇ ਉਨ੍ਹਾਂ ਦੀ ਮਨਸ਼ਾ ਨੂੰ ਸਮਝਣਾ ਹੋਵੇਗਾ।

ਜਿਹੜੀਆਂ ਤਾਕਤਾਂ ਅਪਣੇ ਪੁਰਾਣੇ ਵਫ਼ਾਦਾਰਾਂ ਤੇ ਉਨ੍ਹਾਂ ਪੁਲਿਸ ਅਫ਼ਸਰਾਂ ਨੂੰ ਬਚਾਉਣ ਖ਼ਾਤਰ ਅਦਾਲਤਾਂ ਨੂੰ ਵਰਤਦੀਆਂ ਹਨ, ਜਿਹੜੇ ਸਟੇਟ ਦੀ ਸਾਬਾਸ਼ੀ ਹਾਸਲ ਕਰਨ ਖ਼ਾਤਰ ਅਪਣੇ ਹੀ ਲੋਕਾਂ ਦੇ ਕਾਤਲ ਬਣੇ, ਜਿਹੜੇ ਸੱਤਾਧਾਰੀ, ਸੱਤਾ ਸਥਾਪਤੀ ਲਈ ਧਾਰਮਕ ਭਾਵਨਾਵਾਂ ਨੂੰ ਅਣਗੌਲਿਆ ਕਰ ਕੇ ਗੁਰੂ ਸਾਹਿਬ ਤੇ ਸਿੱਖ ਦੋਹਾਂ ਦੇ ਦੁਸ਼ਮਣ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਏ ਤੇ ਇਸ ਸਾਰੇ ਵਰਤਾਰੇ ਦੇ ਜ਼ਿੰਮੇਵਾਰ ਬਣੇ। ਇਸ ਮਾਮਲੇ ਵਿਚ ਜੇਕਰ ਗੱਲ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਕੀਤੀ ਜਾਵੇ ਤਾਂ ਉਨ੍ਹਾਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਤੀ ਵਿਖਾਈ ਸ਼ਰਧਾ ਅਤੇ ਉਨ੍ਹਾਂ ਵਲੋਂ ਉਸ ਅਕਾਲ ਦੀ ਅਦਾਲਤ ਤੇ ਕੀਤਾ ਗਿਆ ਅਥਾਹ ਭਰੋਸਾ ਦਸਦਾ ਹੈ ਕਿ ਕੁੰਵਰ ਵਿਜੈ ਪ੍ਰਤਾਪ ਨੂੰ ਅਪਣੇ ਇਮਾਨਦਾਰੀ ਨਾਲ ਨਿਭਾਏ ਗਏ ਫ਼ਰਜ਼ਾਂ ਪ੍ਰਤੀ ਕੋਈ ਸੰਦੇਹ ਨਹੀਂ ਤੇ ਨਾ ਹੀ ਕੋਈ ਪਛਤਾਵਾ ਹੈ, ਬਲਕਿ ਉਨ੍ਹਾਂ ਨੂੰ ਅਪਣੇ ਵਲੋਂ ਗੁਰੂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਈਮਾਨਦਾਰੀ ਨਾਲ ਕੀਤੀ ਪੜ੍ਹਤਾਲ ਤੇ ਇਹ ਪੂਰਨ ਭਰੋਸਾ ਹੈ ਕਿ ਭਾਵੇਂ ਦੁਨਿਆਵੀਂ ਅਦਾਲਤਾਂ ਕੋਈ ਵੀ ਫ਼ੈਸਲਾ ਦੇਣ, ਫਿਰ ਵੀ ਦੋਸ਼ੀਆਂ ਨੂੰ ਸੱਚੀ ਅਦਾਲਤ ਵਿਚੋਂ ਸਜ਼ਾ ਜ਼ਰੂਰ ਮਿਲੇਗੀ।

ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਤੋਂ ਇਹ ਅੰਦਾਜ਼ਾ ਲਗਾਉਣਾ ਵੀ ਕੋਈ ਮੁਸ਼ਕਲ ਨਹੀਂ ਕਿ ਉਨ੍ਹਾਂ ਨੇ ਅਪਣੀ ਜਾਂਚ ਪੜਤਾਲ ਕਿੰਨੀ ਇਮਾਨਦਾਰੀ ਨਾਲ ਕੀਤੀ ਹੋਵੇਗੀ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਗੋਲੀ ਕਾਂਡ ਦੀ ਜਾਂਚ ਕਰਦੇ-ਕਰਦੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਉਨ੍ਹਾਂ ਦੀ ਸਾਜੀ ਕੌਮ ਪ੍ਰਤੀ ਇਸ ਕਦਰ ਗੰਭੀਰ ਹੋ ਗਏ ਸਨ ਕਿ ਉਨ੍ਹਾਂ ਦੀ ਅਵੱਸਥਾ ਇਕ ਵੱਡੇ ਪੁਲਿਸ ਅਫ਼ਸਰ ਤੋਂ ਸੇਵਕ ਵਾਲੀ ਬਣ ਗਈ। ਇਸ ਤਰ੍ਹਾਂ ਦਾ ਭਰੋਸਾ ਕੋਈ ਵਿਰਲਾ ਹੀ ਕਰ ਸਕਦਾ ਹੈ ਜਿਸ ਨੇ ਅਪਣਾ ਫ਼ਰਜ਼ ਏਨੀ ਸਿਦਕਦਿਲੀ ਤੇ ਇਮਾਨਦਾਰੀ ਨਾਲ ਨਿਭਾਇਆ ਹੋਵੇਗਾ। ਇਹ ਸਚਮੁੱਚ ਹੀ ਪਟਨੇ ਦੀ ਉਸ ਪਵਿੱਤਰ ਧਰਤੀ ਦਾ ਕਰਿਸ਼ਮਾ ਸਮਝਣਾ ਹੋਵੇਗਾ ਜਿਸ ਮਿੱਟੀ ਵਿਚ ਅਪਣੇ ਬਚਪਨ ਦੇ ਪੰਜ ਸਾਲ ਤਕ ਸ੍ਰੀ ਗੁਰੂ ਗੋਬਿੰਦ ਸਿੰਘ ਅਪਣੇ ਹਮ ਉਮਰ ਬੱਚਿਆਂ ਨੂੰ ਇਸ ਝੂਠੇ ਤੇ ਫ਼ਰੇਬੀ ਸਿਸਟਮ ਵਿਰੁਧ ਲੜਨ ਦੀ ਜਾਗ ਲਾ ਕੇ ਆਏ ਸਨ। ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਉਸ ਮਿੱਟੀ ਨੂੰ ਦੀ ਬਖ਼ਸ਼ਿਸ਼ ਹੈ ਜਿਸ ਨੇ ਇਕ ਪੁਲਿਸ ਅਫ਼ਸਰ ਨੂੰ ਏਨੀ ਦ੍ਰਿੜਤਾ ਤੇ ਹਿੰਮਤ ਅਤੇ ਰੱਬੀ ਭਰੋਸਾ ਦਿਤਾ ਕਿ ਉਹ ਦੁਨਿਆਵੀਂ ਅਦਾਲਤਾਂ ਦੇ ਗ਼ਲਤ ਫ਼ੈਸਲਿਆਂ ਨੂੰ ਅਕਾਲ ਦੀ ਅਦਾਲਤ ਵਿਚ ਚੈਲੇਂਜ ਕਰਨ ਦੇ ਸਮਰੱਥ ਹੋ ਗਿਆ। 

ਉਪਰੋਕਤ ਸਾਰੇ ਅਲੌਕਿਕ ਘਟਨਾਕਰਮ ਨੂੰ ਸਮਝਣ ਵਾਸਤੇ ਦੂਰਅੰਦੇਸ਼ੀ ਸੂਝ ਦੇ ਨਾਲ-ਨਾਲ ਅਪਣੇ ਗੁਰੂ ਪ੍ਰਤੀ ਤਰਕ ਨਹੀਂ, ਸੱਚੀ ਸ਼ਰਧਾ ਦਾ ਹੋਣਾ ਬੇਹਦ ਜ਼ਰੂਰੀ ਹੈ ਕਿਉਂਕਿ ਤਰਕ ਸ਼ਰਧਾ ਨੂੰ ਮਾਰਦਾ ਹੈ ਤੇ ਸ਼ਰਧਾ-ਹੀਣ ਤਰਕ ਵਿਚੋਂ ਕਦੇ ਵੀ ਆਪਾ ਵਾਰੂ ਭਾਵਨਾ ਪੈਦਾ ਨਹੀਂ ਹੁੰਦੀ, ਬਲਕਿ ਆਪਾ ਵਾਰੂ ਭਾਵਨਾ ਤਾਂ ਹਮੇਸ਼ਾਂ ਅਪਣੇ ਪਿਆਰੇ, ਅਪਣੇ ਰਹਿਬਰ, ਅਪਣੇ ਗੁਰੂ ਤੇ ਸੱਚੇ ਪਾਤਸ਼ਾਹ ਪ੍ਰਤੀ ਸੱਚੀ ਸ਼ਰਧਾ ਵਿਚੋਂ ਹੀ ਜਨਮ ਲੈਂਦੀ ਹੈ। ਸੋ ਉਪਰੋਕਤ ਵਰਤਾਰੇ ਦੇ ਮੱਦੇਨਜ਼ਰ ਜਿੱਥੇ ਸਿਆਸੀ ਜਮਾਤਾਂ ਦੀ ਆਪਸੀ ਸਾਂਝ ਤੇ ਨਿਆਂ ਪ੍ਰਣਾਲੀ ਦੀ ਕਾਰਜਸ਼ੈਲੀ ਨੂੰ ਸਮਝ ਕੇ ਅਗਲੇਰੀ ਰਣਨੀਤੀ ਬਣਾਉਣ ਦੀ ਜ਼ਰੂਰਤ ਹੈ, ਉਥੇ ਕੁੰਵਰ ਵਿਜੈ ਪ੍ਰਤਾਪ ਸਿੰਘ ਵਰਗੇ ਨੇਕ ਪੁਲਿਸ ਅਫ਼ਸਰ ਨਾਲ ਡੱਟ ਕੇ ਖੜਨ ਦੀ ਵੀ ਬੇਹਦ ਲੋੜ ਹੈ ਤਾਕਿ ਉਨ੍ਹਾਂ ਨੂੰ ਅਪਣੀ ਗੁਰੂ ਗੋਬਿੰਦ ਸਿੰਘ ਸਾਹਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸੱਚੀ ਸ਼ਰਧਾ ਤੇ ਕਦੇ ਵੀ ਸ਼ੱਕ ਜਾਂ ਅਫ਼ਸੋਸ ਨਾ ਹੋਵੇ। ਕਦੇ ਕਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਸੁੱਤਿਆਂ ਨੂੰ ਜਗਾਉਣ ਲਈ ਅਤੇ ਬਹੁਤ ਕੁੱਝ ਸਿਖਾਉਣ ਲਈ ਵਾਪਰਦੀਆਂ ਹਨ, ਇਸ ਲਈ ਸਿੱਖ ਕੌਮ ਨੂੰ ਵੀ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਲੀ ਘਟਨਾ ਤੋਂ ਬਹੁਤ ਕੁੱਝ ਸਿਖਣ ਦੀ ਲੋੜ ਹੈ ਤੇ ਗਫ਼ਲਤ ਦੀ ਨੀਦ ਵਿਚੋਂ ਜਾਗ ਕੇ ਉਨ੍ਰਾਂ ਲੋਕਾਂ ਦੀ ਨਿਸ਼ਾਨਦੇਹੀ ਕਰਨ ਦਾ ਵੇਲਾ ਵੀ ਹੈ, ਜੋ ਕੌਮੀ ਨੁਕਸਾਨ ਦੇ ਜ਼ਿੰਮੇਵਾਰ ਹਨ, ਉਨ੍ਹਾਂ ਤੋਂ ਪੂਰਨ ਨਿਖੇੜਾ ਕਰਨ ਦੀ ਜ਼ਰੂਰਤ ਹੈ, ਜਿਨ੍ਹਾਂ ਨੇ ਨਿਜੀ ਲੋਭ ਲਾਲਸਾਵਾਂ ਖ਼ਾਤਰ ਸਿੱਖੀ ਸਿਧਾਂਤਾਂ  ਦਾ ਘਾਣ ਕੀਤਾ ਹੈ।
ਬਘੇਲ ਸਿੰਘ ਧਾਲੀਵਾਲ,ਸੰਪਰਕ : 99142-58142