ਆਮ ਆਦਮੀ ਪਾਰਟੀ-ਪੰਜਾਬ ਵਿਚ ਧੁੰਦਲਾ ਭਵਿੱਖ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਲੋਕਪਾਲ ਦੇ ਮੁੱਦੇ ਉਤੇ ਅੰਨਾ ਹਜ਼ਾਰੇ ਵਲੋਂ ਵਿਢੇ ਅੰਦੋਲਨ ਤੇ ਇਸ ਸ਼ਾਂਤਮਈ ਸੰਘਰਸ਼ ਨੂੰ ਚੰਗਾ ਹੁੰਗਾਰਾ ਮਿਲਣ ਕਰ ਕੇ, ਅਰਵਿੰਦ ਕੇਜਰੀਵਾਲ ਤੇ ਉਸ ਦੇ ਸਾਥੀਆਂ ਨੇ ...

Aam Admi Party

ਲੋਕਪਾਲ ਦੇ ਮੁੱਦੇ ਉਤੇ ਅੰਨਾ ਹਜ਼ਾਰੇ ਵਲੋਂ ਵਿਢੇ ਅੰਦੋਲਨ ਤੇ ਇਸ ਸ਼ਾਂਤਮਈ ਸੰਘਰਸ਼ ਨੂੰ ਚੰਗਾ ਹੁੰਗਾਰਾ ਮਿਲਣ ਕਰ ਕੇ, ਅਰਵਿੰਦ ਕੇਜਰੀਵਾਲ ਤੇ ਉਸ ਦੇ ਸਾਥੀਆਂ ਨੇ ਇਕ ਨਵੀਂ ਰਾਜਨੀਤਕ 'ਆਮ ਆਦਮੀ ਪਾਰਟੀ' ਬਣਾਈ। ਲੋਕ ਕਾਂਗਰਸ ਤੋਂ ਉਪਰਾਮ ਸਨ ਤੇ ਇਸ ਪਾਰਟੀ ਦੇ ਉਸ ਵੇਲੇ ਦੇ ਨੇਤਾਵਾਂ ਦੀ ਸਾਦਗੀ, ਵਿਚਾਰਾਂ ਵਿਚ ਸਪੱਸ਼ਟਤਾ ਤੇ ਇਮਾਨਦਾਰੀ ਨਾਲ ਦਿਤੇ ਸੱਦੇ ਨਾਲ ਦਿੱਲੀ ਦੇ ਲੋਕ, ਇਸ ਪਾਰਟੀ ਪ੍ਰਤੀ ਖਿਚੇ ਗਏ।

ਉਥੇ ਹੋਈਆਂ ਅਸੈਂਬਲੀ ਚੋਣਾਂ ਵਿਚ, ਕਾਂਗਰਸ ਦੇ 8 ਵਿਧਾਇਕਾਂ ਦੀ ਮਦਦ ਨਾਲ ਕੇਜਰੀਵਾਲ ਨੇ ਸਰਕਾਰ ਬਣਾਈ। ਫਿਰ ਅਸਤੀਫ਼ਾ ਦੇ ਕੇ, ਦੁਬਾਰਾ ਚੋਣਾਂ ਹੋਈਆਂ ਤਾਂ ਇਸ ਪਾਰਟੀ ਨੇ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਵਿਚੋਂ 67 ਸੀਟਾਂ ਉਤੇ ਜਿੱਤ ਪ੍ਰਾਪਤ ਕਰ ਕੇ ਭਾਜਪਾ ਤੇ ਕਾਂਗਰਸ ਦੋਹਾਂ ਨੂੰ ਠਿੱਬੀ ਮਾਰੀ। ਦਿੱਲੀ ਅਸੈਂਬਲੀ ਚੋਣਾਂ ਦੇ ਨਤੀਜਿਆਂ ਦੀ ਕਾਮਯਾਬੀ ਤੋਂ ਉਤਸਾਹਤ ਹੁੰਦਿਆਂ, 2014 ਵਿਚ ਪਾਰਲੀਮੈਂਟ ਚੋਣਾਂ ਲੜਨ ਦਾ ਐਲਾਨ ਕੀਤਾ। ਨਵੀਂ ਪਾਰਟੀ ਹੋਣ ਕਰ ਕੇ, ਨਾ ਤਾਂ ਸੰਗਠਨ ਸੀ, ਨਾ ਹੀ ਤਜਰਬਾ ਸੀ ਤੇ ਸਿਰਫ਼ ਜੋਸ਼ ਦੇ ਆਸਰੇ ਹੀ ਚੋਣਾਂ ਲੜਨ ਦਾ ਫ਼ੈਸਲਾ ਕੀਤਾ।

ਸਾਰੇ ਦੇਸ਼ ਵਿਚੋਂ ਇਸ ਪਾਰਟੀ ਨੂੰ ਕੇਵਲ 4 ਸੀਟਾਂ ਉਤੇ ਜਿੱਤ ਪ੍ਰਾਪਤ ਹੋਈ ਤੇ ਉਹ ਵੀ ਪੰਜਾਬ ਵਿਚੋਂ। ਪੰਜਾਬ ਵਿਚ ਇਸ ਪਾਰਟੀ ਦੀ ਇਹ ਬਹੁਤ ਵੱਡੀ ਪ੍ਰਾਪਤੀ ਸੀ। ਸੰਨ 2016 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚੋਂ ਜਿੱਤੇ ਹੋਏ ਦੋ ਮੈਂਬਰਾਂ ਨੇ, ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨਾਲ ਸਹਿਮਤੀ ਨਾ ਰਖਦੇ ਹੋਏ ਅਪਣਾ ਵਖਰਾ ਗਰੁੱਪ ਬਣਾ ਲਿਆ ਤੇ ਇਥੋਂ ਹੀ ਸ਼ੁਰੂਆਤ ਹੋਈ ਇਸ ਪਾਰਟੀ ਦੀ ਅੰਦਰੂਨੀ ਭਿੰਨਤਾ ਤੇ ਫ਼ੁਟ ਦੀ। ਪੰਜਾਬ ਅਸੈਂਬਲੀ ਚੋਣਾਂ ਵਿਚ, ਇਸ ਪਾਰਟੀ ਦੇ ਆਗੂਆਂ ਨੇ ਐਲਾਨ ਕੀਤਾ ਕਿ 117 ਦੇ ਹਾਊਸ ਵਿਚ ਇਹ ਪਾਰਟੀ 100 ਸੀਟਾਂ ਜਿੱਤੇਗੀ।

ਇਸ ਪਾਰਟੀ ਦੇ ਉਮੀਦਵਾਰਾਂ ਨੂੰ ਭਰਵੇਂ ਇਕੱਠ ਤੇ ਸਹਿਯੋਗ ਮਿਲਦਾ ਵੇਖ ਕੇ, ਅਕਾਲੀ ਦਲ ਜਿਹੜਾ ਪਿਛਲੇ 10 ਸਾਲਾਂ ਤੋਂ ਰਾਜ ਸੱਤਾ ਉਤੇ ਸੀ, ਇਸ ਦੇ ਨੇਤਾ ਘਬਰਾਹਟ ਵਿਚ ਆ ਗਏ। ਪੰਜਾਬ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਉਪਰ ਇਲਜ਼ਾਮ ਲਗਾ ਕੇ ਪਾਰਟੀ ਵਿਚੋਂ ਕੱਢ ਦਿਤਾ ਗਿਆ। ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਤੇ ਅਕਾਲੀ ਦਲ ਨੂੰ ਪਛਾੜਦੇ ਹੋਏ ਵਿਧਾਨ ਸਭਾ ਵਿਚ ਵਿਰੋਧੀ ਧਿਰ ਵਜੋਂ ਤਸਲੀਮ ਹੋਈ। ਪੰਜਾਬ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਸਰਕਾਰ ਨੂੰ ਕਈ ਮੁੱਦਿਆਂ ਉਤੇ ਕਰੜੇ ਹੱਥੀਂ ਲਿਆ। 

ਪਾਰਟੀ ਪ੍ਰਧਾਨ ਵਿਰੁਧ ਅਰੁਣ ਜੇਤਲੀ ਅਤੇ ਬਿਕਰਮ ਸਿੰਘ ਮਜੀਠੀਆਂ ਵਲੋਂ ਕੀਤੇ ਮਾਣਹਾਨੀ ਦੇ ਮੁਕੱਦਮੇ ਵਿਚ ਅਪਣੀ ਗ਼ਲਤੀ ਮੰਨਦਿਆਂ ਕੇਜਰੀਵਾਲ ਨੇ ਪਾਰਟੀ ਦੀ ਸਾਖ ਨੂੰ ਧੱਕਾ ਲਾਇਆ। ਅਰਵਿੰਦ ਕੇਜਰੀਵਾਲ ਨੇ ਇਹ ਕਦਮ ਲੈਣ ਲਗਿਆਂ ਪਾਰਟੀ ਦੀ ਪੰਜਾਬ ਸਾਖਾ ਨੂੰ ਭਰੋਸੇ ਵਿਚ ਵੀ ਨਾ ਲਿਆ। ਇਸ ਪਾਰਟੀ ਦੀ ਵੱਡੀ ਗ਼ਲਤੀ ਇਹ ਰਹੀ ਹੈ ਕਿ ਹੁਣ ਤਕ ਦਿੱਲੀ ਵਾਲੇ, ਸਟੇਟ ਇਕਾਈ ਨੂੰ ਅਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਹਨ, ਜਦੋਂ ਕਿ ਉਨ੍ਹਾਂ ਨੂੰ ਜ਼ਮੀਨੀ ਹਕੀਕਤਾਂ ਬਾਰੇ ਕੋਈ ਖ਼ਾਸ ਗਿਆਨ ਵੀ ਨਹੀਂ। 

ਪੰਜਾਬ ਵਿਚ ਇਸ ਪਾਰਟੀ ਦਾ ਪਹਿਲਾ ਟੈਸਟ, ਗੁਰਦਾਸਪੁਰ ਪਾਰਲੀਮੈਂਟ ਸੀਟ ਦੀ ਚੋਣ ਸੀ। ਜਿਥੇ ਕਾਂਗਰਸ ਦੇ ਜੇਤੂ ਉਮੀਦਵਾਰ ਸੁਨੀਲ ਜਾਖੜ ਨੂੰ ਤਕਰੀਬਨ 5 ਲੱਖ ਵੋਟਾਂ ਮਿਲੀਆਂ, ਉਥੇ ਆਮ ਆਦਮੀ ਪਾਰਟੀ ਦੀ ਮਹਿਜ਼, 23579 ਵੋਟਾਂ ਮਿਲਣ ਕਰ ਕੇ ਉਨ੍ਹਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ। ਇਸੇ ਤਰ੍ਹਾਂ ਕੁੱਝ ਦਿਨ ਪਹਿਲਾਂ ਦੁਆਬੇ ਦੇ ਸ਼ਾਹਕੋਟ ਹਲਕੇ ਵਿਚ ਕਾਂਗਰਸ ਦੇ ਉਮੀਦਵਾਰ ਨੂੰ 93 ਹਜ਼ਾਰ ਵੋਟਾਂ ਮਿਲੀਆਂ ਜਦਕਿ ਆਮ ਆਦਮੀ ਪਾਰਟੀ ਨੂੰ ਸਿਰਫ਼ 1900 ਵੋਟਾਂ ਮਿਲੀਆਂ।

ਸੂਬੇ ਦੀ ਪ੍ਰਵਾਨਤ ਵਿਰੋਧੀ ਧਿਰ ਦੇ ਉਮੀਦਵਾਰਾਂ ਦਾ ਏਨੀ ਬੁਰੀ ਤਰ੍ਹਾਂ ਹਾਰ ਜਾਣਾ, ਇਸ ਗੱਲ ਦੀ ਪ੍ਰੋੜ੍ਹਤਾ ਕਰਦਾ ਹੈ ਕਿ ਇਹ ਪਾਰਟੀ ਕੋਲ ਬੁਲਬਲੇ ਵਾਂਗ ਉਠੀ ਸੀ। ਕੋਈ ਅਧਾਰ ਤੇ ਮਜ਼ਬੂਤ ਜਥੇਬੰਦੀ ਨਹੀਂ ਸੀ ਇਸ ਪਾਰਟੀ ਕੋਲ ਤੇ ਇਸ ਤਰ੍ਹਾਂ ਇਸ ਪਾਰਟੀ ਦੀ ਕੋਈ ਸਾਖ ਨਹੀਂ ਸੀ। ਪਿਛਲੇ ਸਾਲਾਂ ਵਿਚ 6 ਕਨਵੀਨਰ ਬਣੇ ਹਨ ਤੇ ਹੁਣ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਨੇ ਵੀ ਕਨਵੀਨਰਸ਼ਿਪ ਤੋਂ ਤਿਆਗ ਪੱਤਰ ਦੇ ਦਿਤਾ ਹੈ।

ਇਸ ਦੇ ਕਾਰਨਾਂ ਵਿਚ ਜਾਣ ਤੋਂ ਪਹਿਲਾਂ ਇਹ ਸਮਝ ਲਈਏ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਲੋਕਾਂ ਦਾ ਅਕਾਲੀ ਦਲ ਪ੍ਰਤੀ ਗੁੱਸਾ ਸੀ ਤੇ ਉਨ੍ਹਾਂ ਕੋਲ ਦੋ ਹੀ ਰਸਤੇ ਸਨ-ਇਕ ਇਹ ਕਿ ਕਾਂਗਰਸ ਨੂੰ ਵੋਟ ਪਾਈ ਜਾਵੇ ਤੇ ਦੂਜਾ ਕਿ ਰੁਝਾਨ ਆਮ ਆਦਮੀ ਪਾਰਟੀ ਵਲ ਬਣਾਇਆ ਜਾਵੇ। ਸਿੱਖ ਵੋਟਰ ਦੀ ਅਕਾਲੀ ਦਲ ਨਾਲ, ਕਈ ਮੁੱਦਿਆਂ ਜਿਵੇਂ ਰਾਮ ਰਹੀਮ ਸਿੰਘ ਨੂੰ ਮਾਫ਼ੀ ਦਿਵਾਉਣ ਆਦਿ ਨਾਲ ਤਸੱਲੀ ਨਹੀਂ ਹੋਈ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇਕ ਨੇਤਾ ਦਾ ਕਹਿਣਾ ਹੈ ਕਿ ਦਿੱਲੀ ਵਾਲੇ ਲੀਡਰ ਨਾ ਤਾਂ ਪੰਜਾਬ ਦੇ ਨੇਤਾਵਾਂ ਦੀ ਸਲਾਹ ਲੈਂਦੇ ਹਨ ਤੇ ਉਤੋਂ ਅਪਣੇ ਹੁਕਮ ਵੀ ਠੋਕਣਾ ਚਾਹੁੰਦੇ ਹਨ।

ਆਮ ਆਦਮੀ ਪਾਰਟੀ ਦੇ ਖ਼ਫ਼ਾ ਹੋਏ ਪਟਿਆਲੇ ਤੋਂ ਲੋਕਸਭਾ ਮੈਂਬਰ ਧਰਮਵੀਰ ਗਾਂਧੀ ਨੇ ਇਹ ਵਿਚਾਰ ਕਈ ਅਖ਼ਬਾਰਾਂ ਦੇ ਨੁਮਾਇੰਦਿਆਂ ਨੂੰ ਦਿਤੇ ਹਨ। ਪੰਜਾਬ ਦੇ ਨੇਤਾਵਾਂ ਨੂੰ ਇਹ ਗੱਲ ਸੁਖਾਈ ਨਹੀਂ। ਕੇਜਰੀਵਾਲ ਤੇ ਹੋਰ ਹਰਿਆਣੇ ਤੇ ਯੂ.ਪੀ ਤੋਂ ਆਏ ਤੇ ਬਣੇ ਕੇਂਦਰੀ ਲੀਡਰ, ਇਸ ਗੱਲ ਨੂੰ ਭੁੱਲ ਰਹੇ ਹਨ ਕਿ ਪੰਜਾਬੀਆਂ ਦੇ ਸੁਭਾਅ ਵਿਚ ਇਹੋ ਜਹੀ ਗ਼ੁਲਾਮੀ ਨੂੰ ਸਵੀਕਾਰ ਕਰਨਾ ਸ਼ਾਮਲ ਨਹੀਂ। ਪੰਜਾਬ ਵਿਚ ਭਗਵੰਤ ਮਾਨ ਕੋਲ ਇਕ ਚੰਗੇ ਬੁਲਾਰੇ ਤੇ ਭੀੜ ਜਮ੍ਹਾਂ ਕਰਨ ਦੀ ਸ਼ਕਤੀ ਹੈ ਪਰ ਉਹ ਵੀ ਇਸ ਗਲੋਂ ਨਿਰਾਸ਼ ਹੈ।

ਪਾਰਟੀ ਕੋਲ ਸਾਧਨਾਂ ਦੀ ਵੀ ਕਮੀ ਹੈ ਤੇ ਇਨ੍ਹਾਂ ਜ਼ਿਮਨੀ ਚੋਣਾਂ ਵਿਚ ਪਾਰਟੀ ਦੇ ਉਚ ਲੀਡਰਾਂ ਨੇ ਕੋਈ ਦਿਲਚਸਪੀ ਨਹੀਂ ਵਿਖਾਈ ਤੇ ਨਤੀਜਾ ਤੁਹਾਡੇ ਸਾਹਮਣੇ ਹੈ। 2019 ਵਿਚ ਆਉਣ ਵਾਲੀਆਂ ਚੋਣਾਂ ਇਸ ਪਾਰਟੀ ਲਈ ਇਕ ਆਖ਼ਰੀ ਪ੍ਰੀਖਿਆ ਦੀ ਘੜੀ ਹੈ। ਕਿਤੇ-ਕਿਤੇ ਇਹ ਵੀ ਕਨਸੋਅ ਹੈ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਕਾਂਗਰਸ ਨਾਲ ਪਾਰਲੀਮੈਂਟ ਸੀਟਾਂ ਬਾਰੇ ਕੋਈ ਸਮਝੌਤਾ ਵੀ ਕਰ ਸਕਦੀ ਹੈ। ਇਹ ਨਹੀਂ ਹੋ ਸਕਦਾ ਕਿ ਦਿੱਲੀ ਦੀਆਂ ਸੀਟਾਂ ਲਈ ਰਾਜ਼ੀਨਾਮਾ ਹੋਵੇ ਤੇ ਪੰਜਾਬ ਵਿਚ ਵਿਰੋਧ ਕੀਤਾ ਜਾਵੇ। ਸਿਆਸੀ ਦੌੜ ਵਿਚ ਹਰ ਗੱਲ ਸੰਭਵ ਹੋ ਸਕਦੀ ਹੈ।

ਕਾਂਗਰਸ ਆਮ ਆਦਮੀ ਪਾਰਟੀ ਨਾਲ ਪੰਜਾਬ ਵਿਚ ਵੀ ਸਮਝੌਤੇ ਬਾਰੇ ਸੋਚ ਸਕਦੀ ਹੈ, ਤਾਕਿ ਅਕਾਲੀ ਦਲ ਨੂੰ ਅੱਗੇ ਨਾ ਆਉਣ ਦਿਤਾ ਜਾਵੇ। ਆਮ ਆਦਮੀ ਪਾਰਟੀ ਦੀ ਸਟੇਟ ਲੀਡਰਸ਼ਿਪ ਇਸ ਵਿਚਾਰ ਨੂੰ ਨਹੀਂ ਸਵੀਕਾਰੇਗੀ, ਫਿਲਹਾਲ ਤਾਂ ਇਸ ਤਰ੍ਹਾਂ ਹੀ ਲਗਦਾ ਹੈ। ਆਮ ਆਦਮੀ ਪਾਰਟੀ ਲੋਕਾਂ ਦੀ ਲਹਿਰ ਨਹੀਂ ਬਣ ਸਕੀ ਪਰ ਕੁੱਝ ਬੰਦਿਆਂ ਦੀ ਸਾਦਗੀ ਤੇ ਦਿਤੇ ਹੋਏ ਵਾਅਦਿਆਂ ਨੇ ਲੋਕਾਂ ਨੂੰ ਇਨ੍ਹਾਂ ਨਾਲ ਜੋੜ ਦਿਤਾ ਸੀ।

ਅਗਲੀਆਂ ਲੋਕਸਭਾ ਚੋਣਾਂ 2019 ਵਿਚ ਹੋਣ ਵਾਲੀਆਂ ਹਨ। ਅੱਜ ਦੇ ਹਾਲਾਤ ਵਿਚ ਤਾਂ ਇਸ ਪਾਰਟੀ ਨੂੰ ਸ਼ਾਇਦ ਹੀ ਇਕ ਸੀਟ ਲੱਭੇ। ਆਮ ਆਦਮੀ ਪਾਰਟੀ ਦੇ ਪ੍ਰੇਮੀ ਜਿਸ ਚਾਅ ਨਾਲ, ਇਸ ਧਿਰ ਨਾਲ ਜੁੜੇ ਸੀ, ਉਹ ਨਿਰਾਸ਼ਾ ਵਿਚ ਹਨ। ਪਾਰਟੀ ਦੀ ਉਪਰਲੀ ਲੀਡਰਸ਼ਿਪ ਦੀ ਕੀ ਸੋਚ ਹੈ ਤੇ ਕਿਵੇਂ ਵਿਚਰਨਗੇ, ਇਹ ਆਉਣ ਵਾਲੇ ਸਮੇਂ ਵਿਚ ਸਪੱਸ਼ਟ ਹੋ ਸਕੇਗਾ। 
ਸੰਪਰਕ : 88720-06924