ਸਪੀਕਰ ਦੇ ਭਾਸ਼ਣ ਵਿਚੋਂ ਸਾਂਭਣਯੋਗ ਨੁਕਤੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬਹੁਤ ਸਾਰੇ ਸਮਾਗਮਾਂ ਵਿਚ ਅਕਸਰ ਵੇਖਣ ਨੂੰ ਮਿਲਦਾ ਹੈ ਕਿ ਲੋਕ ਵਕਤਿਆਂ ਦੇ ਭਾਸ਼ਣਾਂ ਤੋਂ ਉਕਤਾ ਜਾਂਦੇ ਹਨ.......

Rana Kanwar Pal Singh

ਬ  ਹੁਤ ਸਾਰੇ ਸਮਾਗਮਾਂ ਵਿਚ ਅਕਸਰ ਵੇਖਣ ਨੂੰ ਮਿਲਦਾ ਹੈ ਕਿ ਲੋਕ ਵਕਤਿਆਂ ਦੇ ਭਾਸ਼ਣਾਂ ਤੋਂ ਉਕਤਾ ਜਾਂਦੇ ਹਨ। ਉਨ੍ਹਾਂ ਸਾਹਮਣੇ ਬੈਠੇ ਸਰੋਤਿਆਂ ਦੇ ਮਨਾਂ ਵਿਚ ਇਹ ਕਾਹਲ ਪੈਦਾ ਹੋ ਜਾਂਦੀ ਹੈ ਕਿ ਵਕਤਾ ਜਿੰਨੀ ਛੇਤੀ ਹੋਵੇ, ਅਪਣੀ ਗੱਲ ਕਹਿ ਕੇ ਅਪਣੀ ਥਾਂ ਉਤੇ ਜਾ ਬਿਰਾਜੇ। ਉਨ੍ਹਾਂ ਦੇ ਭਾਸ਼ਣ ਦੌਰਾਨ ਉਨ੍ਹਾ ਸਾਹਮਣੇ ਬੈਠੇ ਲੋਕ ਆਪਸ ਵਿਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ ਤੇ ਪੰਡਾਲ ਵਿਚੋਂ ਉਠਣਾ ਸ਼ੁਰੂ ਕਰ ਦਿੰਦੇ ਹਨ। ਮੰਚ ਸੰਚਾਲਕ ਨੂੰ ਵਾਰ ਵਾਰ ਲੋਕਾਂ ਨੂੰ ਇਹ ਗੱਲ ਚੇਤੇ ਕਰਾਉਣੀ ਪੈਂਦੀ ਹੈ ਕਿ ਉਹ ਚੁੱਪ ਦਾ ਦਾਨ ਬਖ਼ਸ਼ਣ। ਪਰ ਕਈ ਵਾਰ ਅਜਿਹੇ ਵਕਤਾ ਵੀ ਸੁਣਨ ਨੂੰ ਮਿਲਦੇ ਹਨ ਜਿਨ੍ਹਾਂ ਦਾ ਭਾਸ਼ਣ ਬਹੁਤ ਹੀ ਅਸਰਦਾਰ ਹੁੰਦਾ ਹੈ।

ਉਹ ਅਪਣੀ ਜਾਦੂ ਭਰਪੂਰ ਸ਼ੈਲੀ ਨਾਲ ਲੋਕਾਂ ਨੂੰ ਕੀਲ ਲੈਂਦੇ ਹਨ। ਸਰੋਤਿਆਂ ਨੂੰ ਉਕਤਾਉਣ ਨਹੀਂ ਦਿੰਦੇ। ਪੰਡਾਲ ਵਿਚ ਬੈਠਾ ਹਰ ਵਿਅਕਤੀ ਬਹੁਤ ਹੀ ਨੀਝ ਨਾਲ ਉਨ੍ਹਾਂ ਵਲੋਂ ਕਹੀਆਂ ਗੱਲਾਂ ਨੂੰ ਸੁਣਦਾ ਹੈ। ਚਿਰਾਂ ਤਕ ਉਨ੍ਹਾਂ ਦੀਆਂ ਗੱਲਾਂ ਦਾ ਅਸਰ ਲੋਕਾਂ ਦੇ ਮਨਾਂ ਉਤੇ ਬਣਿਆ ਰਹਿੰਦਾ ਹੈ।  ਪੰਜਾਬ ਵਿਧਾਨ ਸਭਾ ਦੇ ਮੌਜੂਦਾ ਸਪੀਕਰ ਰਾਣਾ ਕੰਵਰਪਾਲ ਸਿੰਘ ਵੀ ਪ੍ਰਭਾਵਸ਼ਾਲੀ ਭਾਸ਼ਣ ਦੇਣ ਦੀ ਕਲਾ ਦੇ ਧਨੀ ਹਨ। ਉਨ੍ਹਾਂ ਬਾਰੇ ਇਹ ਗੱਲ ਆਮ ਹੀ ਸੁਣਨ ਨੂੰ ਮਿਲਦੀ ਹੈ ਕਿ ਉਨ੍ਹਾਂ ਦੇ ਵਿਰੋਧੀ ਵੀ ਇਸ ਗੱਲ ਦੇ ਮੁਦਈ ਹਨ ਕਿ ਉਹ ਦਿਲਾਂ ਨੂੰ ਟੁੰਬਣ ਵਾਲਾ ਭਾਸ਼ਣ ਦਿੰਦੇ ਹਨ। ਕੁੱਝ ਦਿਨ ਪਹਿਲਾਂ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਦੇ ਉਦਘਾਟਨੀ

ਸਮਾਰੋਹ ਵਿਚ ਸਿਖਿਆ ਅਤੇ ਜ਼ਿੰਦਗੀ ਨਾਲ ਜੁੜੇ ਮਹੱਤਵਪੂਰਨ ਨੁਕਤਿਆਂ ਦੀ ਚਰਚਾ ਛੇੜ ਕੇ ਉਨ੍ਹਾਂ ਨੇ ਹਾਲ ਵਿਚ ਬੈਠੇ ਸਰੋਤਿਆਂ ਦੇ ਮਨਾਂ ਵਿਚ ਹਲਚਲ ਪੈਦਾ ਕਰ ਦਿਤੀ। ਉਨ੍ਹਾਂ ਦੇ ਉਠਾਏ ਸਵਾਲਾਂ ਨੇ ਸਰੋਤਿਆਂ ਦੇ ਮਨਾਂ ਵਿਚ ਕਿੰਤੂ-ਪ੍ਰੰਤੂ ਪੈਦਾ ਨਹੀਂ ਪੈਦਾ ਕੀਤਾ ਹੋਵੇਗਾ ਸਗੋਂ ਉਨ੍ਹਾਂ ਦੇ ਮਨਾਂ ਵਿਚ ਇਹ ਸੋਚ ਪੈਦਾ ਕੀਤੀ ਹੋਵੇਗੀ ਕਿ ਉਨ੍ਹਾਂ ਨੂੰ ਅਪਣੇ ਫ਼ਰਜ਼ਾਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸਿਖਿਆ ਦੇ ਵਰਕੇ ਫਰੋਲਦਿਆਂ ਕਿਹਾ ਕਿ ਸਿਖਿਆ ਨੂੰ ਮਿਆਰੀ ਬਣਾਉਣ ਲਈ ਅਸੀ ਅਪਣੇ ਫ਼ਰਜ਼ਾਂ ਤੋਂ ਲਾਂਭੇ ਨਹੀਂ ਹੋ ਸਕਦੇ। ਸਾਨੂੰ ਅਪਣੀਆਂ ਜ਼ਿੰਮੇਵਾਰੀਆਂ ਚੇਤੇ ਰਹਿਣਗੀਆਂ ਚਾਹੀਦੀਆਂ ਹਨ।  ਪਰ ਸਰਕਾਰੀ ਸਿਖਿਆ ਸੰਸਥਾਵਾਂ ਵਿਚ

ਸਿਖਿਆ ਦੇ ਮਿਆਰ ਦੇ ਡਿੱਗਣ ਦਾ ਕਾਰਨ ਸਿਰਫ਼ ਸਹੂਲਤਾਂ ਦੀ ਘਾਟ ਦੱਸ ਕੇ ਸਰਕਾਰਾਂ ਨੂੰ ਨਿੰਦਦੇ ਜਾਣਾ ਵੀ ਨਹੀਂ ਸੋਭਦਾ। ਸਰਕਾਰੀ ਸਿਖਿਆ ਸੰਸਥਾਵਾਂ ਵਿਚ ਸਹੂਲਤਾਂ ਦੇ ਨਾਲ ਨਾਲ ਅਧਿਆਪਕਾਂ, ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮਾਜ ਦੇ ਬੁੱਧੀਜੀਵੀ ਲੋਕਾਂ ਦੇ ਫ਼ਰਜ਼ਾਂ ਦੀ ਵੀ ਗੱਲ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਬਹੁਤ ਸਾਰੇ ਆਈ.ਏ.ਐਸ. ਪੁਲਿਸ ਅਫ਼ਸਰਾਂ ਦੇ ਨਾਂ ਗਿਣਵਾਉਂਦਿਆਂ ਦਸਿਆ ਕਿ ਉਹ ਸਰਕਾਰੀ ਸਿਖਿਆ ਸੰਸਥਾਵਾਂ ਵਿਚ ਦਰੱਖ਼ਤਾਂ ਹੇਠ, ਤੱਪੜਾਂ ਉਤੇ ਬਹਿ ਕੇ ਪੜ੍ਹੇ ਸਨ। ਮਾਣਯੋਗ ਸਪੀਕਰ ਨੇ ਇੰਗਲੈਂਡ ਦੇ ਰਾਜੇ ਅਤੇ ਉਥੋਂ ਦੇ ਲੋਕਾਂ ਵਿਚ ਹੋਏ ਮੈਗਨਾਕਾਰਟਾ ਸਮਝੌਤੇ ਉਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਉਨ੍ਹਾਂ ਦੋਹਾਂ ਧਿਰਾਂ ਨੇ

ਅਪਣੇ ਅਧਿਕਾਰਾਂ ਅਤੇ ਫ਼ਰਜ਼ਾਂ ਨਾਲ ਜੁੜੇ ਰਹਿਣ ਦਾ ਅਹਿਦ ਕੀਤਾ ਸੀ। ਉਸ ਪਰੰਪਰਾ ਨੇ ਅੱਜ ਵੀ ਉਸ ਮੁਲਕ ਦੀ ਤਰੱਕੀ ਦੇ ਵਹਾਅ ਵਿਚ ਖੜੋਤ ਨਹੀਂ ਆਉਣ ਦਿਤੀ। ਉਨ੍ਹਾਂ ਕਲੋਂ ਕਹੀ ਗਈ ਇਹ ਗੱਲ ਹਰ ਕਿਸੇ ਨੂੰ ਜਚੀ ਹੋਵੇਗੀ। ਆਲੋਚਨਾ ਕਰਨ ਅਤੇ ਸੁਣਨ ਵਿਚ ਸੰਤੁਲਨ ਬਣਿਆ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਨਿਜੀ ਸਿਖਿਆ ਸੰਸਥਾਵਾਂ ਦੇ ਇਤਿਹਾਸ ਦੀਆਂ ਜੜ੍ਹਾਂ ਫ਼ਰੋਲਦਿਆਂ ਕਿਹਾ ਕਿ ਨਿਜੀ ਸਿਖਿਆ ਸੰਸਥਾਵਾਂ ਅੰਗਰੇਜ਼ੀ ਸਾਮਰਾਜ ਸਮੇਂ ਸਿਖਿਆ ਦੀ ਮੰਦਹਾਲੀ ਦੇ ਬਦਲ ਲਈ ਇਕ ਮਿਸ਼ਨ ਸਨ। ਪਰ ਅਜੋਕੇ ਯੁਗ ਵਿਚ ਨਿਜੀ ਸਕੂਲ ਵਪਾਰਕ ਅਦਾਰੇ ਕਿਉਂ ਬਣਦੇ ਜਾ ਰਹੇ ਹਨ, ਇਹ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ ਹੈ। 

ਉਨ੍ਹਾਂ ਵਲੋਂ ਕੀਤੇ ਗਏ ਇਸ ਸਵਾਲ ਨੇ ਮੇਰੇ ਵਰਗੇ ਸੰਵੇਦਨਸ਼ੀਲ ਲੋਕਾਂ ਨੂੰ ਜ਼ਰੂਰ ਹਲੂਣਿਆ ਹੋਵੇਗਾ ਕਿ ਵਿਦੇਸ਼ਾਂ ਵਿਚ ਘੁਮ ਕੇ ਆਏ ਲੋਕ ਅਪਣੇ ਮੁਲਕ ਨੂੰ ਨਿੰਦਦਿਆਂ ਉਨ੍ਹਾਂ ਮੁਲਕਾਂ ਦੀ ਤਾਰੀਫ਼ ਕਰਦੇ ਸਾਹ ਨਹੀਂ ਲੈਂਦੇ। ਉਹ ਉਨ੍ਹਾਂ ਦੇਸ਼ਾਂ ਦੀ ਸਫ਼ਾਈ, ਈਮਾਨਦਾਰੀ, ਵਫ਼ਾਦਾਰੀ ਅਤੇ ਅਨੁਸ਼ਾਸਨ ਦੀ ਮਿਸਾਲ ਇੰਜ ਦਿੰਦੇ ਹਨ ਜਿਵੇਂ ਸਾਡੇ ਦੇਸ਼ ਵਿਚ ਚੰਗੇ ਲੋਕ ਰਹੇ ਹੀ ਨਾ ਹੋਣ। ਉਹੀ ਲੋਕ ਅਪਣੇ ਮੁਲਕ ਦੀ ਧਰਤੀ ਤੇ ਪੈਰ ਧਰਦਿਆਂ ਉਨ੍ਹਾਂ ਮੁਲਕਾਂ ਦੀਆਂ ਚੰਗੀਆਂ ਗੱਲਾਂ ਨੂੰ ਝੱਟ ਕਿਉਂ ਭੁੱਲ ਜਾਂਦੇ ਹਨ? ਉਨ੍ਹਾਂ ਨੇ ਸਵੱਛ ਭਾਰਤ ਦੀ ਮੁਹਿੰਮ ਨਾਲ ਜੁੜਨ ਦਾ ਚੇਤਾ ਕਰਵਾਉਂਦਿਆਂ ਹੋਇਆਂ ਕਿਹਾ ਕਿ ਇਹ ਮੁਹਿੰਮ ਉਦੋਂ ਸਾਡੇ ਯਤਨਾਂ ਦੇ ਹਾਣ ਦੀ ਹੋਵੇਗੀ

ਜਦੋਂ ਇਸ ਦੇਸ਼ ਦਾ ਹਰ ਵਸਨੀਕ ਇਹ ਸੋਚਣਾ ਬੰਦ ਕਰੇਗਾ ਕਿ ਉਸ ਵਲੋਂ ਫੈਲਾਈ ਗਈ ਗੰਦਗੀ ਨੂੰ ਕੋਈ ਦੂਜਾ ਆ ਕੇ ਸਾਫ਼ ਕਰੇਗਾ। ਮੈਨੂੰ ਉਨ੍ਹਾਂ ਦੀ ਕਹੀ ਗਈ ਇਸ ਗੱਲ ਨੇ ਬਹੁਤ ਪ੍ਰਭਾਵਤ ਕੀਤਾ ਕਿ ਸਿਆਸੀ ਪਾਰਟੀਆਂ ਅਤੇ ਦੇਸ਼ ਦੇ ਲੋਕਾਂ ਵਿਚਕਾਰ ਇਕ-ਦੂਜੇ ਨੂੰ ਸਮਝਣ ਦੀ ਭਾਵਨਾ ਦਾ ਪੱਧਰ ਉੱਚਾ ਹੋਣਾ ਚਾਹੀਦਾ ਹੈ। ਦੋਹਾਂ ਧਿਰਾਂ ਨੂੰ ਅਪਣੇ-ਅਪਣੇ ਅਧਿਕਾਰਾਂ ਅਤੇ ਫ਼ਰਜ਼ਾਂ ਵਲ ਪਿੱਠ ਨਹੀਂ ਸਗੋਂ ਮੂੰਹ ਕਰਨਾ ਚਾਹੀਦਾ ਹੈ।  ਸਪੀਕਰ ਜੀ ਦੇ ਭਾਸ਼ਣ ਦੇ ਉਪਰੋਕਤ ਨੁਕਤੇ ਦੇਸ਼ ਦੀ ਤਰੱਕੀ ਅਤੇ ਖ਼ੁਸ਼ਹਾਲੀ ਨਾਲ ਜੁੜੇ ਹੋਏ ਹਨ। ਇਹ ਨੁਕਤੇ ਸਾਡੇ ਦੇਸ਼ ਦੀ ਅਮੀਰ ਵਿਰਾਸਤ ਹਨ। ਇਨ੍ਹਾਂ ਨੂੰ ਸਾਂਭ ਕੇ ਰਖਣਾ ਸਾਡਾ ਸੱਭ ਦਾ ਫ਼ਰਜ਼ ਹੈ। ਹਰ ਸਿਆਸੀ

ਨੇਤਾ ਨੂੰ ਅਪਣੇ ਭਾਸ਼ਣਾਂ ਵਿਚ ਇਹੋ ਜਹੇ ਨੁਕਤਿਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਉਹ ਇਨ੍ਹਾਂ ਨੁਕਤਿਆਂ ਦੀ ਚਰਚਾ ਤਦ ਹੀ ਛੇੜ ਸਕਣਗੇ ਜੇਕਰ ਉਹ ਮੁਲਕ ਦੀਆਂ ਔਕੜਾਂ ਨੂੰ ਦਿਲੋਂ ਸਮਝਣਗੇ ਤੇ ਉਨ੍ਹਾਂ ਵਾਂਗ ਸਾਹਿਤ ਦਾ ਅਧਿਐਨ ਕਰਨਗੇ। ਅਪਣੇ ਦੇਸ਼ ਦੇ ਲੋਕਾਂ ਨਾਲ ਮੋਹ ਕਰਨਗੇ। ਅਪਣੇ ਆਪ ਨੂੰ ਇਕ ਸਮਰਪਿਤ ਰਹਿਨੁਮਾ ਵਾਂਗ ਲੋਕਾਂ ਦਾ ਪ੍ਰਤੀਨਿਧ ਸਮਝਣਗੇ। 
ਸੰਪਰਕ : 98726-27136