ਕਾਰਗਿਲ ਦੀ ਜੰਗ ਦੁਬਾਰਾ ਜਿੱਤਣ ਵਾਲਾ ਬ੍ਰਿਗੇਡੀਅਰ ਦਵਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

21 ਸਾਲ ਪਹਿਲਾਂ ਜਿੱਤੀ ਦੇਸ਼ ਦੀ ਜੰਗ ਤੋਂ ਬਾਅਦ ਕਾਰਗਿਲ ਦੇ ਹੀਰੋ ਬ੍ਰਿਗੇਡੀਅਰ ਦਵਿੰਦਰ ਸਿੰਘ ਨੇ ਲਗਭਗ 11 ਸਾਲਾਂ ਤੱਕ ਇਨਸਾਫ਼ ਦੀ ਲੜਾਈ ਲੜੀ।

Brigadier Devinder Singh

ਕਾਰਗਿਲ ਦੀ ਜੰਗ ਨੇ ਭਾਰਤ-ਪਾਕਿ ਰਿਸ਼ਤਿਆਂ ਨੂੰ ਬਹੁਤ ਹੀ ਕਮਜ਼ੋਰ ਕਰ ਦਿੱਤਾ ਸੀ। ਸਾਲ 1999 ਵਿਚ ਕਾਰਗਿਲ ਦੀਆਂ ਪਹਾੜੀਆਂ ‘ਤੇ ਪਾਕਿਸਤਾਨੀ ਫੌਜ ਨੇ ਕਬਜ਼ਾ ਕਰ ਲਿਆ ਸੀ, ਜਿਸ ਤੋਂ ਬਾਅਦ 1999 ਵਿਚ 26 ਜੁਲਈ ਦੇ ਦਿਨ ਹੀ ਭਾਰਤ ਨੇ ਪਾਕਿਸਤਾਨ ਵਿਰੁੱਧ ਜੰਗ ਜਿੱਤੀ ਅਤੇ ਕਾਰਗਿਲ ਦੀਆਂ ਪਹਾੜੀਆਂ ‘ਤੇ ਤਿਰੰਗਾ ਲਹਿਰਾਇਆ ਸੀ। ਕਾਰਗਿਲ ਦੀ ਜੰਗ 3 ਮਈ ਤੋਂ ਲੈ ਕੇ 26 ਜੁਲਾਈ ਤੱਕ ਚੱਲੀ ਸੀ। ਇਸੇ ਜਿੱਤ ਦੀ ਯਾਦ ਵਿਚ ਹਾਰ ਸਾਲ 26 ਜੁਲਾਈ ਨੂੰ ਕਾਰਗਿਲ ਜਿੱਤ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

ਕਾਰਗਿਲ ਜੰਗ ਦਾ ਇਹ ਦਿਨ ਇਤਿਹਾਸ ਵਿਚ ਭਾਰਤ ਦੀ ਖ਼ਾਸ ਜਿੱਤ ਵਜੋਂ ਦਰਜ ਕੀਤਾ ਗਿਆ। ਕਾਰਗਿਲ ਦੇ ਇਤਿਹਾਸ ਦਾ ਇਕ ਹੋਰ ਪਹਿਲੂ ਵੀ ਹੈ ਜੋ ਜ਼ਿਆਦਾਤਰ ਲੋਕਾਂ ਤੋਂ ਲੁਕਿਆ ਰਿਹਾ। 21 ਸਾਲ ਪਹਿਲਾਂ ਜਿੱਤੀ ਦੇਸ਼ ਦੀ ਜੰਗ ਤੋਂ ਬਾਅਦ ਕਾਰਗਿਲ ਦੇ ਹੀਰੋ ਬ੍ਰਿਗੇਡੀਅਰ ਦਵਿੰਦਰ ਸਿੰਘ ਨੇ ਲਗਭਗ 11 ਸਾਲਾਂ ਤੱਕ ਇਨਸਾਫ਼ ਦੀ ਲੜਾਈ ਲੜੀ। ਅੰਗਰੇਜ਼ੀ ਵਿਚ ‘ਜਸਟਿਸ ਡੀਲੇਅਡ ਇਜ਼ ਜਸਟਿਸ ਡੀਨਾਈਡ’ ਦਾ ਅਖਾਣ ਹੈ, ਜਿਸ ਦਾ ਭਾਵ ਹੈ ਕਿ ਦੇਰੀ ਨਾਲ ਮਿਲਿਆ ਇਨਸਾਫ਼ ਤਾਂ ਇਨਸਾਫ਼ ਤੋਂ ਇਨਕਾਰ ਵਰਗਾ ਹੁੰਦਾ ਹੈ।

ਬ੍ਰਿਗੇਡੀਅਰ ਦਵਿੰਦਰ ਸਿੰਘ ਕਾਰਗਿਲ ਦੀ ਜੰਗ ਦੇ ਨਾਇਕ ਸਨ। ਉਸ ਮੌਕੇ ਦੇ ਕੋਰ ਕਮਾਂਡਰ ਲੈਫ਼ਟੀਨੈਂਟ ਜਨਰਲ ਕਿਸ਼ਨ ਪਾਲ ਉਹਨਾਂ ਨੂੰ ਪਸੰਦ ਨਹੀਂ ਕਰਦੇ ਸਨ, ਇਸ ਕਰਕੇ ਉਹ ਉਹਨਾਂ ਦੀ ਬਹਾਦਰੀ ਤੇ ਉਸ ਦੀਆਂ ਦਿੱਤੀਆਂ ਸੂਚਨਾਵਾਂ ਨੂੰ ਲੁਕਾਉਣ ਵਿਚ ਲੱਗੇ ਰਹੇ । ਜੰਗ ਲੱਗਣ ਤੋਂ ਢਾਈ ਮਹੀਨੇ ਪਹਿਲਾਂ ਇਹ ਅਹਿਮ ਸੂਚਨਾ ਸਭ ਤੋਂ ਪਹਿਲਾਂ ਬ੍ਰਿਗੇਡੀਅਰ ਦਵਿੰਦਰ ਸਿੰਘ ਨੇ ਹੀ ਭੇਜੀ ਸੀ, ਕਿ ਦੁਸ਼ਮਣ ਨੇ ਭਾਰਤੀ ਇਲਾਕੇ ਵਿਚ ਜਬਰਦਸਤ ਘੁਸਪੈਠ ਕਰ ਲਈ ਹੈ। ਜਨਰਲ ਕਿਸ਼ਨ ਪਾਲ ਨੇ ਉਸ ਦੀ ਰਿਪੋਰਟ ਨੂੰ ਲਾਂਭੇ ਕਰਕੇ ਇਹ ਰਿਪੋਰਟ ਭੇਜੀ ਕਿ ਮਾਮੂਲੀ ਜਿਹੀ ਘੁਸਪੈਠ ਹੈ, ਜਿਹੜੀ 48 ਘੰਟਿਆਂ ਦੇ ਅੰਦਰ ਖ਼ਤਮ ਕੀਤੀ ਜਾ ਸਕਦੀ ਹੈ। 

80 ਦਿਨਾਂ ਬਾਅਦ ਸਵਾ ਪੰਜ ਸੌ ਜਵਾਨਾਂ ਤੇ ਅਫ਼ਸਰਾਂ ਦੀ ਬਲੀ ਦੇ ਕੇ ਜਦੋਂ ਜੰਗ ਖ਼ਤਮ ਹੋਈ ਤਾਂ ਜਨਰਲ ਕਿਸ਼ਨ ਪਾਲ ਨੇ ਬ੍ਰਿਗੇਡੀਅਰ ਦਵਿੰਦਰ ਸਿੰਘ ਦੀ ਕਰੈਕਟਰ-ਸ਼ੀਟ ਵਿਚ ਵੀ ਅਜਿਹੀਆਂ ਟਿੱਪਣੀਆਂ ਦਰਜ ਕੀਤੀਆਂ, ਜਿਨ੍ਹਾਂ ਦੇ ਹੁੰਦਿਆਂ ਉਹਨਾਂ ਦੀ ਤਰੱਕੀ ਰੁੱਕ ਜਾਵੇ ਤੇ ਰਿਟਾਇਰਮੈਂਟ ਲਈ ਜਾਂਦੇ ਵਕਤ ਜੰਗ ਵਿਚ ਨਿਭਾਈ ਭੂਮਿਕਾ ਲਈ ਕੋਈ ਸਨਮਾਨ ਵੀ ਨਾ ਮਿਲੇ। ਇਸ ਬੇਇਨਸਾਫ਼ੀ ਵਿਰੁੱਧ ਦਵਿੰਦਰ ਸਿੰਘ ਨੇ ਕਈ ਸਾਲ ਲੰਬੀ ਕਾਨੂੰਨੀ ਲੜਾਈ ਲੜੀ।

ਕਈ ਪੜਾਵਾਂ ਤੋਂ ਲੰਘਦਾ ਇਹ ਮਾਮਲਾ ਫ਼ੌਜ ਦੇ ਟ੍ਰਿਬਿਊਨਲ ਤੱਕ ਪੁੱਜਾ ਸੀ। ਟ੍ਰਿਬਿਊਨਲ ਨੇ ਸਾਰਾ ਰਿਕਾਰਡ ਜਾਂਚਣ ਮਗਰੋਂ ਇਹ ਸੱਚ ਪ੍ਰਵਾਨ ਕੀਤਾ ਕਿ ਬ੍ਰਿਗੇਡੀਅਰ ਦਵਿੰਦਰ ਸਿੰਘ ਨਾਲ ਇਨਸਾਫ਼ ਨਹੀਂ ਹੋਇਆ, ਇਸ ਕਰਕੇ ਕਾਰਗਿਲ ਦੀ ਜੰਗ ਦਾ ਇਤਿਹਾਸ ਨਵੇਂ ਸਿਰਿਓਂ ਲਿਖੇ ਜਾਣ ਦੀ ਜ਼ਰੂਰਤ ਹੈ। ਇਹ ਸਾਬਤ ਹੋ ਗਿਆ ਕਿ ਬ੍ਰਿਗੇਡੀਅਰ ਦਵਿੰਦਰ ਸਿੰਘ ਦੀਆਂ ਭੇਜੀਆਂ ਸੂਚਨਾਵਾਂ ਨੂੰ ਦਬਾਅ ਕੇ ਰੱਖਣ ਤੋਂ ਇਲਾਵਾ ਜਨਰਲ ਕਿਸ਼ਨ ਪਾਲ ਨੇ ਉਸ ਦੀ ਕਾਰਗੁਜ਼ਾਰੀ ਵੀ ਲੁਕਾਈ ਸੀ।

ਜਿਹੜੀਆਂ ਤਿੰਨ ਬਟਾਲੀਅਨਾਂ ਨੇ ਸਿੱਧੇ ਤੌਰ ’ਤੇ ਬ੍ਰਿਗੇਡੀਅਰ ਦਵਿੰਦਰ ਸਿੰਘ ਦੀ ਅਗਵਾਈ ਹੇਠ ਰਣਨੀਤਿਕ ਪੱਖ ਤੋਂ ਅਹਿਮ ਚੋਟੀਆਂ ’ਤੇ ਕਬਜ਼ਾ ਕੀਤਾ ਸੀ, ਉਨ੍ਹਾਂ ਨੂੰ ਕਿਸੇ ਹੋਰ ਬ੍ਰਿਗੇਡੀਅਰ ਅਸ਼ੋਕ ਦੁੱਗਲ ਦੇ ਅਧੀਨ ਦਰਜ ਕਰਕੇ ਭੇਜ ਦਿੱਤਾ। ਜਦਕਿ ਅਸ਼ੋਕ ਦੁੱਗਲ ਜੰਗ ਦੌਰਾਨ ਸਿਰਫ਼ 72 ਘੰਟੇ ਹੀ ਉੱਥੇ ਰਹੇ ਸਨ। ਇਸ ਸਭ ਦਾ ਨਤੀਜਾ ਇਹ ਨਿਕਲਿਆ ਕਿ ਦਵਿੰਦਰ ਸਿੰਘ ਫੌਜ ਵਿਚੋਂ ਰਿਟਾਇਰ ਹੋ ਕੇ ਕਾਨੂੰਨ ਦੇ ਉਸ ਮੋਰਚੇ ’ਤੇ ਜੂਝਣ ਲਈ ਮਜਬੂਰ ਹੋ ਗਿਆ, ਜਿਹੜਾ ਕਈ ਮਹੀਨੇ ਨਹੀਂ, ਕਈ ਸਾਲ ਲੱਗਾ ਰਹਿਣਾ ਸੀ।

ਬ੍ਰਿਗੇਡੀਅਰ ਦਵਿੰਦਰ ਸਿੰਘ ਨੂੰ ਉਹਨਾਂ ਦੀ ਵੀਰਤਾ ਲਈ ‘ਮਹਾਵੀਰ ਚੱਕਰ’ (ਦੂਜਾ ਸਭ ਤੋਂ ਉੱਚਾ ਪੁਰਸਕਾਰ) ਮਿਲਣਾ ਸੀ ਪਰ ਲੈਫਟੀਨੇਟ ਜਨਰਲ ਕ੍ਰਿਸ਼ਨ ਪਾਲ ਨੇ  ‘ਲੜਾਈ ਪ੍ਰਦਰਸ਼ਨ ਰਿਪੋਰਟ’ ਵਿਚ ਉਹਨਾਂ ਦੇ ਕੈਰੇਕਟਰ ਬਾਰੇ ਅਜਿਹਾ ਲਿਖਿਆ ਕਿ ਉਹਨਾਂ ਨੂੰ ਇਕ ਵਸ਼ਿਸ਼ਟ ਸੇਵਾ ਮੈਡਲ ਦਿੱਤਾ ਗਿਆ ਜੋ ਕਿ ਆਮ ਤੌਰ ‘ਤੇ ਸ਼ਾਂਤੀ ਸਮੇਂ ਸੇਵਾ ਲਈ ਦਿੱਤਾ ਜਾਂਦਾ ਹੈ। ਬਟਾਲੀਅਨਾਂ ਦੇ ਕਮਾਂਡਿਗ ਅਫਸਰਾਂ ਨੇ ਅਪਣੇ ਹਲਫਨਾਮੇ ਵਿਚ ਲਿਖਿਆ ਅਤੇ ਲਿਖਤੀ ਰੂਪ ਵਿਚ ਅਪਣੇ ਸੁਝਾਅ ਦਿੱਤੇ ਕਿ ਉਹ ਬ੍ਰਿਗੇਡੀਅਰ ਦਵਿੰਦਰ ਸਿੰਘ ਦੀ ਕਮਾਂਡ ਵਿਚ ਸਨ।

ਬ੍ਰਿਗੇਡੀਅਰ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਨਸਾਫ਼ ਲਈ ਉਹਨਾਂ ਨੂੰ ਨਾ ਕਿਸੇ ਪੁਰਸਕਾਰ ਦੀ ਲੋੜ ਹੈ ਅਤੇ ਨਾ ਹੀ ਕਿਸੇ ਤਰੱਕੀ ਦੀ, ਇਹ ਸਿਰਫ਼ ਇੰਨਾ ਚਾਹੁੰਦੇ ਹਨ ਕਿ ‘ਆਪਰੇਸ਼ਨ ਵਿਜੈ’ ਦੇ ਇਤਿਹਾਸ ਵਿਚ ਉਹਨਾਂ ਦੀ ਭੂਮਿਕਾ ਅਤੇ ਜੰਗ ਲਈ ਉਹਨਾਂ ਦਾ ਯੋਗਦਾਨ ਦਰਜ ਕੀਤਾ ਜਾਵੇ। ਟ੍ਰਿਬਿਊਨਲ ਦੇ ਆਦੇਸ਼ ਤੋਂ ਬਾਅਦ ਕਾਰਗਿਲ ਦਾ ਇਤਿਹਾਸ ਦੁਬਾਰਾ ਲਿਖਿਆ ਗਿਆ ਅਤੇ ਕਾਰਗਿਲ ਦੀ ਜੰਗ ਵਿਚ ਬ੍ਰਿਗੇਡੀਅਰ ਦਵਿੰਦਰ ਸਿੰਘ ਦੀ ਭੂਮਿਕਾ ਅਤੇ ਯੋਗਦਾਨ ਦਰਜ ਕੀਤੇ ਗਏ।