ਕੀ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦਾ ਕੰਮ ਸਿਰਫ਼ ਹੁਕਮਨਾਮੇ ਜਾਰੀ ਕਰਨਾ ਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਇਹ ਕੁਦਰਤੀ ਹੈ ਕਿ ਜਿਹੜੇ ਕਰਮਚਾਰੀ ਦੀ ਰੋਟੀ ਤਨਖ਼ਾਹ ਸਿਰ ਚਲਦੀ ਹੋਵੇ, ਉਹ ਅਪਣੇ ਹੁਕਮ ਕਿਵੇਂ ਚਲਾ ਸਕਦਾ ਹੈ?

Akal Takht Sahib

ਇਹ ਕੁਦਰਤੀ ਹੈ ਕਿ ਜਿਹੜੇ ਕਰਮਚਾਰੀ ਦੀ ਰੋਟੀ ਤਨਖ਼ਾਹ ਸਿਰ ਚਲਦੀ ਹੋਵੇ, ਉਹ ਅਪਣੇ ਹੁਕਮ ਕਿਵੇਂ ਚਲਾ ਸਕਦਾ ਹੈ? ਪਹਿਲਾਂ ਕੁੱਝ ਜਥੇਦਾਰ ਬਾਹਰੋਂ ਲਗਦੇ ਰਹੇ ਜਿਸ ਕਾਰਨ ਉਨ੍ਹਾਂ ਵਲੋਂ ਹੁਕਮ ਅਦੂਲੀ ਦਾ ਡਰ ਬਣਿਆ ਰਹਿੰਦਾ ਸੀ। ਇਸੇ ਡਰ ਸਦਕਾ ਸ਼੍ਰੋਮਣੀ ਕਮੇਟੀ ਨੇ ਤਿੰਨਾਂ ਤਖ਼ਤਾਂ ਦੇ ਜਥੇਦਾਰ ਗ੍ਰੰਥੀ ਸਿੰਘਾਂ ਵਿਚੋਂ ਲਗਾਉਣੇ ਸ਼ੁਰੂ ਕਰ ਦਿਤੇ। ਜੇਕਰ ਜਥੇਦਾਰ ਨੰਦਗੜ੍ਹ ਨੇ ਮਾੜਾ ਮੋਟਾ ਬੋਲਿਆ ਤਾਂ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿਤਾ ਗਿਆ।

2002 ਤੋਂ 2007 ਤਕ ਕਾਂਗਰਸ ਸਰਕਾਰ ਬਣ ਗਈ ਪਰ 2007 ਵਿਚ ਫਿਰ ਅਕਾਲੀ-ਭਾਜਪਾ ਸਰਕਾਰ ਬਣ ਗਈ। ਬਸ ਫਿਰ ਕੀ ਸੀ ਹੁਣ ਬਾਦਲ ਪ੍ਰਵਾਰ ਨੂੰ ਖੁਲ੍ਹ, ਖੇਡਣ ਦਾ ਮੌਕਾ ਮਿਲ ਗਿਆ। ਹੁਣ ਤਕ ਬਾਦਲ ਪ੍ਰਵਾਰ ਨੇ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ, ਅਕਾਲੀ ਦਲ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਸੀ। ਹੁਣ ਬਾਦਲ ਪ੍ਰਵਾਰ ਨੂੰ ਪਤਾ ਸੀ ਕਿ ਟਕਸਾਲ ਵਾਲੇ ਸਾਨੂੰ ਖ਼ਰਾਬ ਕਰ ਸਕਦੇ ਹਨ। ਜਦੋਂ 2011 ਵਿਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਤਾਂ ਉਨ੍ਹਾਂ 10 ਸੀਟਾਂ ਟਕਸਾਲ ਅਤੇ ਹੋਰ ਸੰਤਾਂ ਨੂੰ ਦੇ ਦਿਤੀਆਂ ਜਿਸ ਕਾਰਨ ਜਿਹੜੀ ਟਕਸਾਲ ਅਕਾਲੀ ਦਲ ਨੂੰ ਅੱਖਾਂ ਵਿਖਾਉਂਦੀ ਸੀ, ਉਸ ਦਾ ਮੁਖੀ ਮੁੱਖ ਮੰਤਰੀ ਦੇ ਨਾਲ ਦੀ ਸੀਟ ਉਤੇ ਬੈਠਣ ਲੱਗ ਪਿਆ।

ਅਕਾਲੀ ਦਲ ਦਾ ਪ੍ਰਧਾਨ ਪੁੱਤਰ ਨੂੰ ਬਣਾ ਦਿਤਾ। ਹੁਣ ਤਾਂ ਉਹ ਗੱਲ ਹੋ ਗਈ ਕਿ ਮਾਵਾਂ ਧੀਆਂ ਮੇਲਣਾਂ ਪਿਉ ਪੁੱਤਰ ਜਾਂਜੀ। ਨੂੰਹ ਨੂੰ ਕੇਂਦਰ ਵਿਚ ਮੰਤਰੀ ਬਣਾਇਆ, ਪੰਜਾਬ ਮੰਤਰੀ ਮੰਡਲ ਵਿਚ ਅਪਣਾ ਕੁਨਬਾ ਭਰਤੀ ਕਰ ਲਿਆ। ਜੇਕਰ ਪ੍ਰੇਮ ਸਿੰਘ ਲਾਲਪੁਰੇ ਵਰਗੇ ਨੇ ਨਾਂਹ ਨੁਕਰ ਕੀਤੀ ਤਾਂ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿਤਾ ਗਿਆ। ਨਿਰੰਕਾਰੀ ਵਰਗ ਤਾਂ ਪਹਿਲਾਂ ਹੀ ਅਪਣੇ ਨਾਲ ਜੋੜ ਲਿਆ ਸੀ। ਨੂਰ ਮਹਿਲੀਆਂ ਨੂੰ ਲੰਬੀ ਵਿਚ ਡੇਰਾ ਬਣਾ ਕੇ ਦੇ ਦਿਤਾ।

ਰਾਧਾ ਸਵਾਮੀਆਂ ਨਾਲ ਗਠਜੋੜ ਹੋ ਚੁੱਕਾ ਸੀ ਪਰ ਜਦੋਂ 2007 ਵਿਚ ਚੋਣਾਂ ਹੋਈਆਂ ਤਾਂ ਉਦੋਂ ਸੌਦਾ ਸਾਧ ਵਾਲਿਆਂ ਨੇ ਅਪਣੀਆਂ ਸਾਰੀਆਂ ਵੋਟਾਂ ਕਾਂਗਰਸ ਨੂੰ ਪਾ ਦਿਤੀਆਂ ਜਿਸ ਕਾਰਨ ਅਕਾਲੀ ਦਲ ਨੂੰ ਮਾਲਵੇ ਵਿਚ ਬਹੁਤ ਵੱਡਾ ਨੁਕਸਾਨ ਹੋਇਆ। ਉਧਰੋਂ 2007 ਵਿਚ ਸੌਦਾ ਸਾਧ ਨੂੰ ਇਕ ਵੱਡਾ ਸਾਰਾ ਪਾਣੀ ਦਾ ਕੜਾਹਾ ਤਿਆਰ ਕੀਤਾ ਤੇ ਖ਼ੁਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾ ਕੇ ਲੋਕਾਂ ਨੂੰ ਇੰਸਾਂ ਬਣਾਉਣ ਲੱਗ ਪਿਆ ਜਿਸ ਕਾਰਨ ਸਾਰੀ ਕੌਮ ਵਿਚ ਹਾਹਾਕਾਰ ਮੱਚ ਗਈ। ਉਸ ਵਿਰੁਧ ਹੁਕਮਨਾਮਾ ਜਾਰੀ ਕੀਤਾ ਗਿਆ। ਕਈ ਕੇਸ ਉਸ ਵਿਰੁਧ ਦਰਜ ਹੋਏ।

ਜਿਉਂ ਹੀ 2012 ਦੀਆਂ ਚੋਣਾਂ ਨੇੜੇ ਆਈਆਂ ਤਾਂ ਸਾਰੇ ਕੇਸ ਇਕ ਇਕ ਕਰ ਕੇ ਵਾਪਸ ਹੋ ਗਏ ਜਿਸ ਦਾ ਨਤੀਜਾ ਇਹ ਹੋਇਆ ਕਿ 2012 ਵਿਚ ਫਿਰ ਅਕਾਲੀ-ਭਾਜਪਾ ਸਰਕਾਰ ਬਣ ਗਈ। ਹੁਣ ਇਨ੍ਹਾਂ ਸੌਦੇ ਸਾਧ ਵਾਲਿਆਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਜਿਸ ਕਾਰਨ ਉਸ ਨੇ ਸਿੱਖਾਂ ਨੂੰ ਥਾਂ-ਥਾਂ ਤੇ ਲਲਕਾਰਨਾ ਸ਼ੁਰੂ ਕਰ ਦਿਤਾ। ਇਹ ਹੌਸਲਾ ਇਥੋਂ ਤਕ ਵੱਧ ਗਿਆ ਕਿ ਸੌਦਾ ਸਾਧ ਦੇ ਚੇਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਕਰ ਲਈ ਤੇ ਪਿੰਡਾਂ ਵਿਚ ਇਹ ਇਸ਼ਤਿਹਾਰ ਲਗਾ ਦਿਤੇ ਕਿ ਸਿੱਖਾਂ ਦਾ ਗੁਰੂ ਸਾਡੇ ਕੋਲ ਹੈ ਜੇਕਰ ਕਿਸੇ ਵਿਚ ਤਾਕਤ ਹੈ ਤਾਂ ਲੱਭ ਕੇ ਵਿਖਾਉ। ਪਰ ਸਰਕਾਰ ਹੱਥ ਤੇ ਹੱਥ ਧਰ ਕੇ ਬੈਠੀ ਰਹੀ।

ਅਖ਼ੀਰ 2015 ਵਿਚ ਰਾਮ ਰਹੀਮ ਦੇ ਚੇਲਿਆਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਘੋਰ ਨਿਰਾਦਰ ਕੀਤਾ ਜਿਸ ਕਾਰਨ ਸਿੱਖ ਕੌਮ ਸੜਕਾਂ ਤੇ ਆ ਗਈ, ਉਪਰੋਂ 2017 ਦੀਆਂ ਆ ਰਹੀਆਂ ਚੋਣਾਂ ਨੂੰ ਵੇਖ ਕੇ ਮੁੱਖ ਮੰਤਰੀ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪਣੀ ਕੋਠੀ ਬੁਲਾਇਆ ਤੇ ਉਨ੍ਹਾਂ ਦੇ ਹੱਥ ਵਿਚ ਇਕ ਮਾਫ਼ੀ ਦੀ ਚਿੱਠੀ ਦੇ ਦਿਤੀ। ਇਹ ਚਿੱਠੀ ਗੁਰਮੁਖ ਸਿੰਘ ਮੁੰਬਈ ਤੋਂ ਲੈ ਕੇ ਆਇਆ ਸੀ। ਬਸ ਫਿਰ ਕੀ ਸੀ, ਤਖ਼ਤ ਦੇ ਜਥੇਦਾਰਾਂ ਨੇ ਸੌਦਾ ਸਾਧ ਨੂੰ ਮਾਫ਼ ਕਰ ਦਿਤਾ ਜਿਸ ਨੇ ਅੱਗ ਤੇ ਤੇਲ ਦਾ ਕੰਮ ਕੀਤਾ। ਸਾਰੇ ਸਿੱਖ ਜਗਤ ਨੇ ਪੰਜਾਬ ਬੰਦ ਕਰ ਦਿਤਾ ਜਿਸ ਕਾਰਨ ਅਕਾਲੀਆਂ ਨੂੰ ਪੰਜਾਬ ਵਿਚ ਤੁਰਨਾ ਮੁਸ਼ਕਲ ਹੋ ਗਿਆ। ਪਰ ਵਾਰੇ ਜਾਈਏ ਸਾਡੇ ਤਖ਼ਤਾਂ ਦੇ ਜਥੇਦਾਰਾਂ ਦੇ, ਸਾਰਾ ਸਿੱਖ ਜਗਤ ਬੰਦ ਪੰਜਾਬ ਕਰੀ ਬੈਠਾ ਸੀ, ਸਾਡੇ ਤਖ਼ਤਾਂ ਦੇ ਜਥੇਦਾਰ ਅਕਾਲੀ ਦਲ ਦੇ ਹੱਕ ਵਿਚ ਇਸ਼ਤਿਹਾਰ ਦੇ ਰਹੇ ਸਨ ਕਿ ਇਹ ਫ਼ੈਸਲਾ ਠੀਕ ਹੋਇਆ ਹੈ।

ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਸੰਗਤਾਂ ਦਾ ਚੜ੍ਹਾਇਆ ਹੋਇਆ 96 ਲੱਖ ਚੜ੍ਹਾਵਾ ਇਸ਼ਤਿਹਾਰਾਂ ਤੇ ਬਰਬਾਦ ਕੀਤਾ ਸ਼ਾਇਦ ਇਸ ਤੋਂ ਘਟੀਆ ਹੋਰ ਕੋਈ ਬੁਰਾ ਕੰਮ ਨਹੀਂ ਲਭਿਆ ਜਾ ਸਕਦਾ। ਇਥੇ ਹੀ ਬਸ ਨਹੀਂ ਜਿਹੜੀਆਂ ਸਿੱਖ ਸੰਗਤਾਂ ਬਰਗਾੜੀ ਤੇ ਕੋਟਕਪੂਰੇ ਵਿਚ ਮੋਰਚਾ ਲਗਾਈ ਬੈਠੀਆਂ ਸਨ, ਉਨ੍ਹਾਂ ਨੂੰ ਉਥੋਂ ਉਠਾਉਣ ਲਈ ਪੁਲਿਸ ਨੇ ਗੋਲੀਆਂ ਤੇ ਸੀਵਰੇਜ ਦੇ ਗੰਦੇ ਪਾਣੀ ਦੀਆਂ ਬੁਛਾੜਾਂ ਦਾ ਮੀਂਹ ਵਰ੍ਹਾ ਦਿਤਾ ਜਿਸ ਕਾਰਨ ਦੋ ਸਿੱਖ ਨੌਜੁਆਨ ਸ਼ਹੀਦ ਹੋ ਗਏ ਪਰ ਸਾਡੇ ਤਖ਼ਤਾਂ ਦੇ ਜਥੇਦਾਰਾਂ ਦੇ ਵਾਰੇ-ਵਾਰੇ ਜਾਈਏ ਜਿਨ੍ਹਾਂ ਨੇ ਕਦੇ ਵੀ ਹਾਅ ਦਾ ਨਾਹਰਾ ਨਾ ਮਾਰਿਆ ਤੇ ਨਾ ਹੀ ਕਦੇ ਇਸ ਰੋਸ ਮੁਜ਼ਾਹਰੇ ਵਿਚ ਸ਼ਾਮਲ ਹੋਏ।

ਸਗੋਂ ਸਾਰਾ ਜ਼ੋਰ ਅਕਾਲੀ ਸਰਕਾਰ ਨੂੰ ਬਚਾਉਣ ਲਈ ਲਗਾਉਂਦੇ ਰਹੇ। ਜਿਸ ਗੁਰੂ ਦੇ ਉਹ ਸੇਵਾਦਾਰ ਹੋਣ ਦਾ ਦਾਅਵੇ ਕਰਦੇ ਹਨ ਅਤੇ ਜਿਹੜੇ ਗੁਰੂ ਦੀ ਗੋਲਕ ਵਿਚੋਂ ਇਹ ਤਨਖ਼ਾਹਾਂ ਲੈਂਦੇ ਹਨ, ਉਨ੍ਹਾਂ ਦਾ ਸੌਦਾ ਸਾਧ ਦੇ ਚੇਲਿਆਂ ਵਲੋਂ ਅਪਮਾਨ ਕੀਤਾ ਗਿਆ ਹੋਵੇ, ਉਸੇ ਸੌਦਾ ਸਾਧ ਨੂੰ ਮਾਫ਼ ਕਰਨ ਦਾ ਕੰਮ ਇਨ੍ਹਾਂ ਜਥੇਦਾਰਾਂ ਨੇ ਕੀਤਾ। 1978 ਤੋਂ ਲੈ ਕੇ ਅੱਜ ਤਕ ਕਈ ਵਾਰ ਸਿੱਖਾਂ ਦੀਆਂ ਸ਼ਹੀਦੀਆਂ ਹੋ ਚੁੱਕੀਆਂ ਹਨ। ਸਮੇਂ-ਸਮੇਂ ਦੇ ਗੁਰੂ ਗਰੰਥ ਸਾਹਿਬ ਦਾ ਨੂਰ ਮਹਿਲ ਦੇ ਠੇਕਿਆਂ ਵਲੋਂ ਤੇ ਸੌਦਾ ਸਾਧ ਦੇ ਟੋਲੇ ਵਲੋਂ ਕਈ ਵਾਰ ਅਪਮਾਨ ਕੀਤਾ ਗਿਆ ਪਰ ਮਜਾਲ ਹੈ ਇਨ੍ਹਾਂ ਤਖ਼ਤਾਂ ਦੇ ਜਥੇਦਾਰਾਂ ਨੇ ਕਦੇ ਕਿਸੇ ਰੋਸ ਮੁਜ਼ਾਹਰੇ ਜਾਂ ਹੋਰ ਕਿਸੇ ਮੋਰਚੇ ਦੀ ਅਗਵਾਈ ਕੀਤੀ ਹੋਵੇ।

ਇਥੇ ਹੀ ਬਸ ਨਹੀਂ ਜਦੋਂ 2017 ਦੀਆਂ ਚੋਣਾਂ ਹੋਈਆਂ ਤਾਂ ਬਹੁਤ ਸਾਰੇ ਉਮੀਦਵਾਰ ਸੌਦਾ ਸਾਧ ਦੇ ਚੇਲਿਆਂ ਦੀਆਂ ਵੋਟਾਂ ਲੈਣ ਲਈ ਸਰਸੇ ਗਏ। ਜਿਹੜੇ ਉਮੀਦਵਾਰ ਜਾਂ ਉਨ੍ਹਾਂ ਦੇ ਮਦਦਗਾਰ ਸਰਸੇ ਗਏ ਸੀ, ਉਨ੍ਹਾਂ ਦੀ ਪੜਤਾਲ ਕਰਨ ਲਈ ਇਕ ਕਮੇਟੀ ਬਣਾਈ ਗਈ ਜਿਸ ਨੇ ਉਮੀਦਵਾਰਾਂ ਦੀ ਸ਼ਨਾਖ਼ਤ ਕੀਤੀ। ਉਨ੍ਹਾਂ ਨੂੰ ਤਖ਼ਤ ਸਾਹਿਬ ਦੇ ਜਥੇਦਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਇਆ। ਉਨ੍ਹਾਂ 'ਚੋਂ 19 ਤਾਂ ਹਾਜ਼ਰ ਹੋ ਗਏ ਪਰ ਬੀਬੀ ਭੱਠਲ ਤੇ ਮਨਪ੍ਰੀਤ ਸਿੰਘ ਦਾ ਲੜਕਾ ਅੱਜ ਤਕ ਅਕਾਲ ਤਖ਼ਤ ਪੇਸ਼ ਨਹੀਂ ਹੋਏ।

ਉਸ ਤੋਂ ਬਾਅਦ ਕਿਸੇ ਜਥੇਦਾਰ ਦੀ ਜੁਰਅਤ ਨਹੀਂ ਪਈ ਕਿ ਉਨ੍ਹਾਂ ਨੂੰ ਪੁੱਛੇ ਕਿ ਤੁਸੀ ਕਿਉਂ ਨਹੀਂ ਆਏ? ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਉਮੀਦਵਾਰਾਂ ਨੂੰ ਸ੍ਰੀ ਅਕਾਲ ਤਖ਼ਤ ਤੇ ਸੱਦਣ ਤੋਂ ਪਹਿਲਾਂ ਬਾਦਲ ਪਿਉ ਪੁੱਤਰ ਨੂੰ ਸੱਦਦੇ ਜਿਨ੍ਹਾਂ ਦੀਆਂ ਫ਼ੋਟੋਆਂ ਅਖ਼ਬਾਰਾਂ ਵਿਚ ਛੱਪ ਚੁੱਕੀਆਂ ਹਨ। ਇਥੇ ਹੀ ਬਸ ਨਹੀਂ ਇਨ੍ਹਾਂ ਨੇ ਸੌਦਾ ਸਾਧ ਨੂੰ ਅਪਣੀਆਂ ਵੋਟਾਂ ਲਈ ਮਾਫ਼ ਕਰਵਾਇਆ ਪਰ ਤਖ਼ਤਾਂ ਦੇ ਜਥੇਦਾਰ ਨੇ ਕਦੇ ਵੀ ਇਨ੍ਹਾਂ ਨੂੰ ਅਕਾਲ ਤਖ਼ਤ ਨਹੀਂ ਬੁਲਾਇਆ। ਕੀ ਇਹ ਜਥੇਦਾਰ ਸਿਰਫ਼ ਕਾਲਾ ਅਫ਼ਗਾਨਾ, ਪ੍ਰੋ. ਦਰਸ਼ਨ ਸਿੰਘ ਅਤੇ ਸ. ਜੋਗਿੰਦਰ ਸਿੰਘ ਵਰਗੇ ਪੰਥਕ ਸੋਚ ਵਾਲੇ ਪੰਥ-ਸੇਵਕਾਂ ਨੂੰ ਪੰਥ ਵਿਚੋਂ ਖ਼ਾਰਜ ਕਰਨ ਦੇ ਹੁਕਮਨਾਮੇ ਜਾਰੀ ਕਰਨ ਲਈ ਬਣਾਏ ਗਏ ਹਨ?

ਸ਼੍ਰੋਮਣੀ ਕਮੇਟੀ ਦੀ ਵੋਟ ਪਾਉਣ ਲਈ ਕੋਈ ਮੈਂਬਰ ਬਣਦਾ ਹੈ ਤਾਂ ਉਸ ਨੂੰ ਇਕ ਫ਼ਾਰਮ ਭਰਨਾ ਪੈਂਦਾ ਹੈ ਕਿ ਮੈਂ ਦਾੜ੍ਹੀ ਨਹੀਂ ਕਟਦਾ, ਮੈਂ ਦਾੜ੍ਹੀ ਕਾਲੀ ਨਹੀਂ ਕਰਦਾ ਆਦਿ ਆਦਿ ਪਰ ਦਿੱਲੀ ਗੁਰਦਵਾਰਾ ਕਮੇਟੀ ਦਾ ਪ੍ਰਧਾਨ ਦਾੜ੍ਹੀ ਕਾਲੀ ਵੀ ਕਰਦਾ ਹੈ ਤੇ ਬੰਨ੍ਹਦਾ ਵੀ ਹੈ। ਕਦੇ ਤਖ਼ਤ ਸਾਹਿਬ ਦੇ ਜਥੇਦਾਰ ਨੇ ਉਨ੍ਹਾਂ ਨੂੰ ਕਦੇ ਪੁਛਿਆ? ਇਸ ਤੋਂ ਇਲਾਵਾ ਉਹ ਭਾਜਪਾ ਦਾ ਮੈਂਬਰ ਵੀ ਹੈ । ਦਿੱਲੀ ਕਮੇਟੀ ਦੇ ਹੋਰ ਮੈਂਬਰ ਵੀ ਭਾਜਪਾ ਦੇ ਮੈਂਬਰ ਹਨ ਤੇ ਕੌਂਸਲਰ ਵੀ ਹਨ। ਕੀ ਉਹ ਗੁਰਦਵਾਰਾ ਕਮੇਟੀ ਦੇ ਮੈਂਬਰ ਬਣ ਸਕਦੇ ਹਨ? ਸ੍ਰੀ ਹਜ਼ੂਰ ਸਾਹਿਬ ਕਮੇਟੀ ਦਾ ਪ੍ਰਧਾਨ ਇਕ ਆਰ.ਐਸ.ਐਸ ਦੇ ਮੈਂਬਰ ਨੂੰ ਬਣਾਇਆ ਗਿਆ ਜਿਹੜੇ ਮੱਥੇ ਤੇ ਤਿਲਕ ਵੀ ਲਗਾਉਂਦਾ ਹੈ। ਕੀ ਕਦੇ ਕਿਸੇ ਜਥੇਦਾਰ ਨੇ ਕਦੇ ਕੋਈ ਰੋਸ ਪ੍ਰਗਟਾਵਾ ਕੀਤਾ ਹੈ? ਸ੍ਰੀ ਪਟਨਾ ਸਾਹਿਬ ਦਾ ਜਥੇਦਾਰ ਦੋ ਔਰਤਾਂ ਰੱਖੀ ਫਿਰਦਾ ਰਿਹਾ, ਉਸ ਦਾ ਲੜਕਾ ਨਸ਼ੇ ਕਰਦਾ ਫੜਿਆ ਗਿਆ। ਕੀ ਕਦੇ ਤਖ਼ਤ ਸਾਹਿਬਾਨ ਦੇ ਜਥੇਦਾਰ ਨੇ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ?

ਹਰਿਆਣੇ ਦੇ ਮੁੱਖ ਮੰਤਰੀ ਖੱਟੜ ਸਾਹਬ ਨੇ ਕਰਨਾਟਕ ਦੇ ਗੁਰਦਵਾਰੇ ਵਿਚ ਰੱਖੇ ਸਮਾਗਮ ਵਿਚ ਇਸ ਕਰ ਕੇ ਸ਼ਾਮਲ ਹੋਣ ਤੋਂ ਇਨਕਾਰ ਕਰ ਦਿਤਾ ਕਿ ਉਥੇ ਸੰਤ ਜਰਨੈਲ ਸਿੰਘ ਦੀ ਫ਼ੋਟੋ ਲੱਗੀ ਹੋਈ ਹੈ ਜਿਸ ਕਾਰਨ ਸਿੱਖਾਂ ਨੇ ਉਸ ਦਾ ਬਾਈਕਾਟ ਕਰ ਦਿਤਾ। ਪਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਟਕਸਾਲ ਦੇ ਮੁਖੀ ਨੂੰ ਨਾਲ ਲੈ ਕੇ ਉਸ ਨੂੰ 550 ਸਾਲਾ ਬਾਬਾ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਿਚ ਸ਼ਾਮਲ ਹੋਣ ਦਾ ਸੱਦਾ ਪੱਤਰ ਦੇਣ ਗਏ ਜਿਸ ਕਾਰਨ ਉਥੋਂ ਦੀ ਸਿੱਖ ਸੰਗਤ ਨੂੰ ਨਮੋਸ਼ੀ ਦਾ ਮੂੰਹ ਵੇਖਣਾ ਪਿਆ। ਕੀ ਕਦੇ ਕਿਸੇ ਜਥੇਦਾਰ ਨੇ ਇਸ ਬਾਰੇ ਸੋਚਿਆ?

ਜਿਹੜੀ ਟਕਸਾਲ ਨੂੰ ਸੰਤ ਕਾਰਤਾਰ ਸਿੰਘ ਤੇ ਸੰਤ ਜਰਨੈਲ ਸਿੰਘ ਜੀ ਨੇ ਉੱਚੇ ਮੁਕਾਮ ਤੇ ਪਹੁੰਚਾਇਆ, ਅੱਜ ਉਥੇ ਟਕਸਾਲ ਦੇ ਬੰਦੇ ਇਕ ਸਿੱਖ ਸੰਤ ਨੂੰ ਮਾਰਨ ਲਈ ਛਬੀਲ ਦਾ ਡਰਾਮਾ ਕਰਦੇ ਹਨ ਜਿਸ ਵਿਚ ਉਹ ਸੰਤ ਤਾਂ ਬਚ ਗਿਆ ਪਰ ਇਕ ਗੁਰਸਿੱਖ ਸ਼ਹੀਦ ਹੋ ਗਿਆ। ਕੀ ਕਦੇ ਕਿਸੇ ਤਖ਼ਤ ਦੇ ਜਥੇਦਾਰ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਭਰਾ ਮਾਰੂ ਜੰਗ ਲਈ ਕੌਣ ਜ਼ਿੰਮੇਵਾਰ ਹੈ ਤੇ ਉਸ ਨੂੰ ਸਜ਼ਾ ਦਿਤੀ ਜਾਵੇ? ਕੀ ਇਹ ਜਥੇਦਾਰ ਸਾਹਿਬ ਦਾ ਕੰਮ ਹੈ ਕਿ ਉਹ ਦਿੱਲੀ ਵਿਚ ਹੋਰ ਬੋਲੀ ਬੋਲੇ, ਪਾਕਿਸਤਾਨ ਵਿਚ ਹੋਰ ਬੋਲੀ ਬੋਲੇ ਤੇ ਅਮਰੀਕਾ ਵਿਚ ਕੁੱਝ ਹੋਰ ਕਹੇ?

ਅਸਲ ਵਿਚ ਇਹ ਕਸੂਰ ਸਾਡੇ ਜਥੇਦਾਰਾਂ ਦਾ ਨਹੀਂ। ਜਦੋਂ ਤਕ ਤਖ਼ਤਾਂ ਦੇ ਜਥੇਦਾਰ ਤਨਖ਼ਾਹ ਤੇ ਅਪਣਾ ਪ੍ਰਵਾਰ ਪਾਲਣਗੇ, ਉਨਾ ਚਿਰ ਇਹ ਕੌਮ ਨਾਲ ਇਨਸਾਫ਼ ਨਹੀਂ ਕਰ ਸਕਦੇ। ਜਿੰਨਾ ਚਿਰ ਜਥੇਦਾਰ ਦੀ ਨਿਯੁਕਤੀ ਤੇ ਬਰਖ਼ਾਸਤਦਗੀ ਸ਼੍ਰੋਮਣੀ ਕਮੇਟੀ ਅਧੀਨ ਰਹੇਗੀ, ਉਨਾ ਚਿਰ ਗੁਰਮੁਖ ਸਿੰਘ ਵਰਗੇ ਹੀ ਜਥੇਦਾਰ ਲੱਗਣਗੇ। ਜਥੇਦਾਰਾਂ ਨੂੰ ਗਿਆਨੀ ਪੂਰਨ ਸਿੰਘ ਦਾ ਹਸ਼ਰ ਯਾਦ ਹੈ ਜਿਹੜਾ ਆਇਆ ਤੇ ਗੱਡੀ ਤੇ ਸੀ ਪਰ ਜਦੋਂ ਉਸ ਨੂੰ ਲਾਹਿਆ ਗਿਆ ਤਾਂ ਉਸ ਨੂੰ ਨੰਗੇ ਪੈਰੀਂ ਰਿਕਸ਼ੇ ਤੇ ਚੜ੍ਹ ਕੇ ਜਾਣਾ ਪਿਆ ਸੀ।

ਅਪਣੀ ਜੁੱਤੀ ਵੀ ਉਸ ਨੂੰ ਨਸੀਬ ਨਹੀਂ ਹੋਈ ਸੀ। ਕੌਮ ਦਾ ਭਲਾ ਉਸ ਦਿਨ ਹੋਵੇਗਾ ਜਿਸ ਦਿਨ ਇਹ ਜਥੇਦਾਰ ਇਕ ਪਾਰਟੀ ਦੀ ਕਠਪੁਤਲੀ ਬਣ ਕੇ ਹੁਕਮਨਾਮੇ ਜਾਰੀ ਨਹੀਂ ਕਰਨਗੇ, ਸਗੋਂ ਅਕਾਲੀ ਫੂਲਾ ਸਿੰਘ ਵਾਂਗ ਜਰਨੈਲ ਸਿੰਘ ਦੀ ਤਰ੍ਹਾਂ ਕੌਮ ਦੀ ਅਗਵਾਈ ਕਰਨਗੇ ਅਤੇ ਕਿਸੇ ਵੱਡੀ ਤੋਂ ਵੱਡੀ ਸ਼ਖ਼ਸੀਅਤ ਸਾਹਮਣੇ ਧੌਣ ਨਿਵਾ ਕੇ ਨਹੀਂ ਸਗੋਂ ਧੌਣ ਅਕੜਾ ਕੇ ਡਟ ਜਾਣ ਦਾ ਫ਼ੈਸਲਾ ਕਰਨਗੇ।
ਸੰਪਰਕ : 94646-96083
ਬਖ਼ਸ਼ੀਸ਼ ਸਿੰਘ ਸਭਰਾ