ਸਿੱਖ ਨੌਜੁਆਨਾਂ ਦਾ ਕਾਤਲ ਸੁਮੇਧ ਸੈਣੀ ਆਖ਼ਰ ਕਦੋਂ ਜਾਵੇਗਾ ਜੇਲ?
ਡੀ.ਜੀ.ਪੀ ਸੁਮੇਧ ਸੈਣੀ ਲਈ ਸਰਕਾਰਾਂ ਦਾ ਕਾਨੂੰਨ ਵਖਰਾ ਹੀ ਪ੍ਰਤੀਤ ਹੋ ਰਿਹਾ
ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦਾ ਕੇਸ ਅਜਕਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਹ ਅਪਣੀ ਹੀ ਰਹਿ ਚੁੱਕੀ ਪੁਲਿਸ ਕੋਲੋਂ ਮੂੰਹ ਛਿਪਾਉਂਦਾ ਹੋਇਆ, ਗ੍ਰਿਫ਼ਤਾਰੀ ਤੋਂ ਭਜਦਾ ਫਿਰ ਰਿਹਾ ਹੈ। ਕਹਿੰਦੇ ਹਨ ਕਿ ਪਾਪਾਂ ਦੀ ਬੇੜੀ ਭਰ ਕੇ ਹੀ ਡੁਬੱਦੀ ਹੈ। ਅੱਖੇ 'ਭੰਡਾ ਭੰਡਾਰੀਆਂ ਕਿੰਨਾ ਕੁ ਭਾਰ, ਇਕ ਮੁੱਠੀ ਚੁੱਕ ਲੈ ਦੂਜੀ ਤਿਆਰ' ਉਹੀ ਕੁੱਝ ਹੁਣ ਸੁਮੇਧ ਸੈਣੀ ਨਾਲ ਵਾਪਰ ਰਿਹਾ ਹੈ। ਇਸ ਵਿਰੁਧ ਪਹਿਲਾ ਕੇਸ ਹਾਲੇ ਕਿਸੇ ਤਨ ਪੱਤਣ ਲਗਾ ਨਹੀਂ ਸੀ ਕਿ ਹੁਣ ਉਸ ਵਿਰੁਧ ਦੋ ਹੋਰ ਪਰਚੇ ਦਰਜ ਹੋ ਗਏ ਹਨ। ਇਕ ਤਿੰਨ ਬੰਦਿਆਂ ਨੂੰ ਅਗਵਾ ਕਰਨ ਦਾ ਤੇ ਦੂਜਾ ਬਹਿਬਲ ਕਲਾਂ ਗੋਲੀ ਕਾਂਡ ਦੇ ਕੇਸ ਵਿਚ ਤਾਂ ਪ੍ਰਦੀਪ ਕੁਮਾਰ ਰੀਡਰ (ਜੇਲ ਵਿਚ ਬੰਦ ਚਰਨਜੀਤ ਕੁਮਾਰ ਸ਼ਰਮਾ) ਸੁਮੇਧ ਸੈਣੀ ਵਿਰੁਧ ਵਾਅਦਾ ਮਾਫ਼ ਗਵਾਹ ਵੀ ਬਣ ਗਿਆ ਹੈ ਤੇ ਉਸ ਨੇ ਅਪਣੇ ਬਿਆਨ ਵੀ ਜਾਂਚ ਏਜੰਸੀ ਕੋਲ ਦਰਜ ਕਰਾ ਦਿਤੇ ਹਨ ਜਿਸ ਤੋਂ ਲੱਗਣ ਲੱਗ ਪਿਆ ਹੈ ਕਿ ਸਾਬਕਾ ਡੀ.ਜੀ.ਪੀ. ਸ਼ਾਇਦ ਹੀ ਇਨ੍ਹਾਂ ਸੰਗੀਨ ਜੁਰਮਾਂ ਤੋਂ ਬੱਚ ਸਕੇ।
ਸਿੱਖ ਨੌਜੁਆਨਾਂ ਦਾ ਕਾਤਲ ਸੁਮੇਧ ਸੈਣੀ ਜਿਸ ਨੇ ਪਤਾ ਨਹੀਂ ਕਿੰਨੇ ਹੀ ਬੇਦੋਸ਼ੇ ਸਿੱਖ ਨੌਜੁਆਨ ਕੋਹ-ਕੋਹ ਕੇ ਮਾਰ ਕੇ ਖੱਪਾ ਦਿਤੇ ਸਨ। ਉਸ ਵਿਰੁਧ ਅਦਾਲਤਾਂ ਨੇ ਧਾਰਾ 302 ਸਣੇ ਕਈ ਹੋਰ ਜੁਰਮਾਂ ਹੇਠ ਮੁਕਦਮੇ ਦਰਜ ਕੀਤੇ ਹੋਏ ਹਨ। ਹੇਠਲੀਆਂ ਅਦਾਲਤਾਂ ਸਮੇਤ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਉਸ ਦੀਆਂ ਸਾਰੀਆਂ ਪਟੀਸ਼ਨਾਂ ਰੱਦ ਕਰ ਦਿਤੀਆਂ ਹਨ । ਸਾਬਕਾ ਡੀਜੀਪੀ ਸੁਮੇਧ ਸੈਣੀ ਸਰਕਾਰ ਵਲੋਂ ਦਿਤੀ ਜ਼ੈੱਡ ਸੁਰੱਖਿਆ ਵਿਚ ਹੁੰਦਿਆਂ ਹੋਇਆਂ ਵੀ ਪੁਲਿਸ ਤੋਂ ਭਗੋੜਾ ਹੋਇਆ ਫਿਰਦਾ ਹੈ। ਅੱਜ ਤੋਂ ਲਗਭਗ 30 ਸਾਲ ਪਹਿਲਾਂ 1991 ਵਿਚ ਸੁਮੇਧ ਸੈਣੀ ਉਤੇ ਚੰਡੀਗੜ੍ਹ ਵਿਖੇ ਹੋਏ ਕਾਤਲਾਨਾ ਹਮਲੇ ਜਿਸ ਵਿਚ ਤਿੰਨ ਪੁਲਿਸ ਮੁਲਾਜ਼ਮ ਮਾਰੇ ਗਏ ਦਸੇ ਜਾਂਦੇ ਹਨ। ਇਸ ਕਾਤਲਾਨਾ ਹਮਲੇ ਦੇ ਸ਼ੱਕ ਵਿਚ ਸਿਟਕੋ ਦੇ ਜੇ.ਈ. ਬਲਵੰਤ ਸਿੰਘ ਮੁਲਤਾਨੀ ਨੂੰ ਘਰੋਂ ਚੁੱਕ ਲਿਆਂਦਾ ਸੀ, ਉਸ ਤੇ ਏਨੇ ਅਣਮਨੁੱਖੀ ਤਸ਼ੱਦਦ, ਜ਼ੁਲਮ ਢਾਹੇ ਗਏ।
ਜਿਨ੍ਹਾਂ ਨੇ ਸਾਰੇ ਜ਼ੁਲਮਾਂ ਦੀਆਂ ਹੱਦਾਂ ਪਾਰ ਕਰ ਦਿਤੀਆਂ ਸਨ, ਤਰਸਾ ਤਰਸਾ ਕੇ ਪੁਲਿਸ ਹਿਰਾਸਤ ਵਿਚ ਮਾਰ ਮੁਕਾਇਆ ਸੀ ਜਿਸ ਨੂੰ ਦਿਤੇ ਤਸੀਹਿਆਂ ਨੂੰ ਬਿਆਨ ਕਰਨ ਸਮੇਂ ਸ੍ਰੀਰ ਤੇ ਜ਼ੁਬਾਨ ਨੂੰ ਕੰਬਣੀ ਛਿੱੜ ਜਾਂਦੀ ਹੈ। ਉਸੇ ਬਲਵੰਤ ਸਿੰਘ ਮੁਲਤਾਨੀ ਨੂੰ ਬਾਅਦ ਵਿਚ ਪੁਲਿਸ ਹਿਰਾਸਤ ਵਿਚੋਂ ਭਗੌੜਾ ਕਰਾਰ ਦੇ ਕੇ ਇਕ ਪੁਲਿਸ ਮੁਕਾਬਲੇ ਵਿਚ ਮਾਰਿਆ ਦਰਸਾਇਆ ਗਿਆ ਸੀ। ਇਸੇ ਕੇਸ ਵਿਚ ਅਦਾਲਤ ਨੇ ਸ਼ੁਮੇਧ ਸੈਣੀ ਨੂੰ ਦੋਸ਼ੀ ਕਰਾਰ ਦਿਤਾ ਹੋਇਆ ਹੈ। ਪੰਜਾਬ ਸਰਕਾਰ ਤੇ ਪੰਜਾਬ ਦੀ ਪੁਲਿਸ ਇਸ ਜ਼ਾਲਮ ਸੁਮੇਧ ਸੈਣੀ ਨੂੰ ਹਾਲੇ ਤਕ ਫੜ ਨਹੀਂ ਸਕੀ ਜਿਸ ਕਾਰਨ ਪੰਜਾਬ ਪੁਲਿਸ ਸਾਰੇ ਜੱਗ ਵਿਚ ਬਦਨਾਮ ਹੋ ਚੁਕੀ ਹੈ। ਇਸ ਪੁਲਿਸ ਅਫ਼ਸਰ ਨੂੰ ਨਾ ਫੜੇ ਜਾਣ ਕਰ ਕੇ ਲੋਕਾਂ ਵਿਚ ਇਹ ਵੀ ਚਰਚਾ ਹੈ ਕਿ ਇਸ ਨੂੰ ਸਰਕਾਰ ਦੇ ਉਨ੍ਹਾਂ ਰਾਜਨੀਤਕਾਂ ਵਲੋਂ ਬਚਾਇਆ ਜਾ ਰਿਹਾ ਹੈ, ਜਿਨ੍ਹਾਂ ਦੀ ਕੇਂਦਰ ਦੀ ਸਰਕਾਰ ਵਿਚ ਭਾਈਵਾਲ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਬਿਨਾਂ ਵਾਰੀ ਦੇ ਸੀਨੀਆਰਤਾ ਨੂੰ ਅੱਖੋਂ ਪਰੋਖੇ ਕਰ ਕੇ ਸੁਮੇਧ ਸੈਣੀ ਨੂੰ ਪੰਜਾਬ ਦਾ ਡੀ.ਜੀ.ਪੀ ਬਣਾਉਣ ਵਾਲੇ ਹੋਰ ਕੋਈ ਨਹੀਂ ਸਨ ਬਲਕਿ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਅਕਾਲੀ ਦਲ ਦੇ ਸਰਪ੍ਰਸਤ ਤੇ ਪ੍ਰਧਾਨ ਰਹੇ ਪ੍ਰਕਾਸ਼ ਸਿੰਘ ਬਾਦਲ ਹੀ ਹਨ। ਅੱਜ ਸਾਰੇ ਦੇਸ਼ ਵਿਚ ਕੁੱਝ ਸਿੱਖ ਜਥੇਬੰਦੀਆਂ ਵਲੋਂ ਇਸ ਭਗੌੜਾ ਹੋਏ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੇ ਪੋਸਟਰ ਲਗਾ ਕੇ ਉਸ ਨੂੰ ਫੜਾਉਣ ਦਾ ਇਨਾਮ ਰਖਿਆ ਹੋਇਆ ਹੈ। ਦੂਜੇ ਪਾਸੇ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਇਨ੍ਹਾਂ ਪੋਸਟਰਾਂ ਉਤੇ ਹੀ ਪੁਲਿਸ ਦੇ ਮੁਲਾਜ਼ਮਾਂ ਵਲੋਂ ਕੋਰੋਨਾ ਬਿਮਾਰੀ ਦੇ ਪੋਸਟਰ ਲਗਾ ਕੇ ਇਨ੍ਹਾਂ ਪੋਸਟਰਾਂ ਨੂੰ ਲੁਕਾਇਆ ਜਾ ਰਿਹਾ ਹੈ ਜਿਸ ਤੋਂ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਹੋਣ ਦੀ ਹੋਰ ਸਪੱਸ਼ਟ ਝਲਕ ਪੈਂਦੀ ਹੈ। ਇਸੇ ਕਰ ਕੇ ਉਸ ਨੂੰ ਨਾ ਫੜ੍ਹੇ ਜਾਣ ਕਰ ਕੇ ਸਰਕਾਰ ਤੇ ਪੁਲਿਸ ਦੋਹਾਂ ਦੇ ਮੱਥੇ ਤੇ ਕਲੰਕ ਦਾ ਟਿੱਕਾ ਲੱਗ ਰਿਹਾ ਹੈ। ਇਹ ਵੀ ਆਮ ਲੋਕਾਂ ਵਿਚ ਚਰਚਾ ਹੈ ਕਿ ਜੇਕਰ ਇਸ ਅਧਿਕਾਰੀ ਦੀ ਥਾਂ ਤੇ ਕੋਈ ਹੋਰ ਸਿੱਖ ਜਾਂ ਮੁਸਲਮਾਨ ਅਫ਼ਸਰ ਹੁੰਦਾ ਤੇ ਉਹ ਭਾਵੇਂ ਵਿਦੇਸ਼ ਜਾਂ ਪਤਾਲ ਵਿਚ ਕਿਤੇ ਵੀ ਲੁਕਿਆ ਕਿਉਂ ਨਾ ਬੈਠਾ ਹੁੰਦਾ। ਉਸ ਦਾ ਸਾਰਾ ਘਾਣ ਬੱਚਾ ਹੁਣ ਤਕ ਪੁਲਿਸ ਨੇ ਨਪੀੜ ਕੇ ਰੱਖ ਦੇਣਾ ਸੀ ਤੇ ਕਦੋਂ ਦਾ ਉਸ ਨੂੰ ਫੜ੍ਹ ਲਿਆ ਹੋਣਾ ਸੀ।
ਪਰ ਇਸ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਲਈ ਸਰਕਾਰਾਂ ਦਾ ਕਾਨੂੰਨ ਵਖਰਾ ਹੀ ਪ੍ਰਤੀਤ ਹੋ ਰਿਹਾ ਹੈ ਜਿਸ ਕਰ ਕੇ ਉਸ ਨੂੰ ਹੁਣ ਤਕ ਫੜ੍ਹਣ ਦੀ ਥਾਂ ਤੇ ਬਚਾਇਆ ਜਾ ਰਿਹਾ। ਕਿਹਾ ਜਾਂਦਾ ਹੈ ਕਿ 12 ਸਾਲਾਂ ਬਾਅਦ ਤਾਂ ਰੂੜ੍ਹੀ ਦੀ ਵੀ ਸੁਣੀ ਜਾਂਦੀ ਹੈ ਪਰ ਇਨ੍ਹਾਂ ਸਿੱਖ ਨੌਜੁਆਨਾਂ ਦੇ ਮਾਮਲੇ ਵਿਚ ਇਹ ਅਖਾਣ ਵੀ ਝੂਠਾ ਹੋ ਗਿਆ ਹੈ ਜਿਸ ਤੋਂ ਕਿਸੇ ਤਰ੍ਹਾਂ ਦੇ ਇਨਸਾਫ਼ ਮਿਲਣ ਦੀ ਉਮੀਦ ਨਹੀਂ ਨਜ਼ਰ ਆ ਰਹੀ। ਜੇਕਰ ਸਰਕਾਰਾਂ ਜਾਂ ਪੁਲਿਸ ਦੀ ਨੀਅਤ ਸੁਮੇਧ ਸੈਣੀ ਨੂੰ ਫੜ੍ਹਨ ਦੀ ਹੁੰਦੀ ਤਾਂ ਜਦੋਂ ਜ਼ਿਲ੍ਹਾ ਅਦਾਲਤ ਨੇ ਉਸ ਦੀਆਂ ਅਰਜ਼ੀਆਂ ਰੱਦ ਕਰ ਦਿਤੀਆਂ ਸਨ ਤਾਂ ਉਸ ਨੂੰ ਕਦੋਂ ਦਾ ਫੜਿਆ ਜਾ ਸਕਦਾ ਸੀ। ਭਾਰਤ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਨੇ ਵੀ ਸੈਣੀ ਵਲੋਂ ਪਾਈ ਅਰਜ਼ੀ ਵਿਚ ਕੁੱਝ ਖਾਮੀਆਂ ਵੇਖ ਕੇ ਉਸ ਨੂੰ ਦੁਬਾਰਾ ਫਾਈਲ ਕਰਨ ਦੇ ਹੁਕਮ ਦਿਤੇ ਸਨ ਤੇ ਦੁਬਾਰਾ ਅਰਜ਼ੀ ਦਾਖ਼ਲ ਕਰਨ ਉਤੇ ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫ਼ਤਾਰੀ ਉਤੇ ਰੋਕ ਲਗਾ ਦਿਤੀ। ਇਸੇ ਤਰ੍ਹਾਂ ਕੁੱਝ ਦਿਨ ਪਹਿਲਾਂ ਹਾਈ ਕੋਰਟ ਵਲੋਂ ਸੈਣੀ ਨੂੰ ਰਾਹਤ ਦਿੰਦਿਆਂ ਪੰਜਾਬ ਸਰਕਾਰ ਨੂੰ ਗ੍ਰਿਫ਼ਤਾਰੀ ਤੋਂ ਪਹਿਲਾਂ ਸੱਤ ਦਿਨਾਂ ਦਾ ਅਗਾਉਂ ਨੋਟਿਸ ਦੇਣ ਦੀ ਤਾਕੀਦ ਦਿਤੀ ਸੀ।
ਇਸ ਤੋਂ ਬਾਅਦ ਵੀ ਸੈਣੀ ਮੁਲਤਾਨੀ ਕੇਸ ਵਿਚ ਜਾਂਚ ਲਈ ਗਠਿਤ ਕੀਤੀ ਸਿੱਟ ਅੱਗੇ ਪੇਸ਼ ਹੋਣ ਵਿਚ ਨਾਕਾਮ ਰਿਹਾ। ਉਸ ਦੇ ਵਕੀਲ ਦਾ ਕਹਿਣਾ ਸੀ ਕਿ ਸੈਣੀ ਪੁਲਿਸ ਵਲੋਂ ਗ੍ਰਿਫ਼ਤਾਰੀ ਦੇ ਡਰੋਂ ਸਿੱਟ ਸਾਹਮਣੇ ਪੇਸ਼ ਨਹੀਂ ਹੋ ਸਕਿਆ। ਇਸ ਤੋਂ ਬਾਅਦ ਸੁਮੇਧ ਸੈਣੀ ਅਪਣੇ ਵਕੀਲ ਨਾਲ 25 ਸਤੰਬਰ ਨੂੰ ਸਿੱਟ ਸਾਹਮਣੇ ਪੇਸ਼ ਹੋ ਕੇ ਅਪਣੀ ਹਾਜ਼ਰੀ ਲਗਵਾ ਕੇ ਤੁਰਤ ਹੀ ਉਥੋਂ ਨਿਕਲ ਗਿਆ। ਬਲਵੰਤ ਸਿੰਘ ਮੁਲਤਾਨੀ ਦੇ ਕੇਸ ਵਿਚ ਜਿਸ ਤਰ੍ਹਾਂ ਬੜੀ ਸੁਹਿੱਰਦਤਾ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਪ੍ਰਦੀਪ ਸਿੰਘ ਵਿਰਕ ਲੜ ਰਹੇ ਹਨ, ਉਨ੍ਹਾਂ ਨੁੰ ਦਾਦ ਦੇਣੀ ਬਣਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਮੇਧ ਸੈਣੀ ਵੇਲੇ ਦੇ ਪੁਲਿਸ ਮੁਲਾਜ਼ਮਾਂ ਜਿਨ੍ਹਾਂ ਨੇ ਇਸੇ ਸਾਬਕਾ ਡੀ.ਜੀ.ਪੀ ਦੇ ਕਹੇ ਤੇ ਮੁਲਤਾਨੀ ਤੇ ਅੰਨਾ ਤਸ਼ਦਦ ਕੀਤਾ ਸੀ ਤੇ ਜ਼ੁਲਮ ਢਾਹੇ ਸਨ। ਉਹ ਹੁਣ ਇਸੇ ਸੈਣੀ ਵਿਰੁਧ 'ਵਾਅਦਾ ਮਾਫ਼ ਗਵਾਹ' ਬਣ ਚੁਕੇ ਹਨ ਤੇ ਉਨ੍ਹਾਂ ਨੇ ਅਪਣੇ ਬਿਆਨ ਕੋਰਟ ਵਿਚ ਦਰਜ ਵੀ ਕਰਵਾ ਦਿਤੇ ਹਨ।
ਇਸ ਕਰ ਕੇ ਸੈਣੀ ਦਾ ਇਸ ਕੇਸ ਵਿਚੋਂ ਬਚਣਾ ਹੁਣ ਮੁਸ਼ਕਲ ਲੱਗ ਰਿਹਾ ਹੈ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਉਹੀ ਪੁਲਿਸ ਜਿਹੜੀ ਕਿਸੇ ਸਮੇਂ ਸੈਣੀ ਦਾ ਪਾਣੀ ਭਰਦੀ ਸੀ, ਅੱਜ ਸੈਣੀ ਉਸੇ ਪੁਲਿਸ ਤੋਂ ਥਰ-ਥਰ ਕੰਬ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਦੇ ਗੁਨਾਹ ਏਨੇ ਵੱਡੇ ਹਨ ਕਿ ਅੱਜ ਨਹੀਂ ਕੱਲ ਉਸ ਨੁੰ ਜੇਲ ਦੀ ਹਵਾ ਖਾਣੀ ਹੀ ਪਵੇਗੀ। ਅੱਜ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਸ ਸਮੇਂ ਦੇਸ਼ ਤੇ ਰਾਜ ਕਰ ਰਹੀ ਭਾਜਪਾ ਸਰਕਾਰ ਦਾ ਵਰਤਾਉ ਪੰਜਾਬ ਲਈ ਇਦਰਾ ਗਾਂਧੀ ਸਮੇਂ ਦੀ ਕਾਂਗਰਸ ਨਾਲੋਂ ਵੀ ਭੈੜਾ ਲੱਗ ਰਿਹਾ ਹੈ। ਸਿੱਖ ਜਗਤ ਨੂੰ ਪਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ, ਦਿੱਲੀ ਤੇ ਭਾਰਤ ਦੇ ਹੋਰ ਸੂਬਿਆਂ ਵਿਚ ਹੋਏ ਸਿੱਖ ਦੰਗਿਆਂ ਵਿਚ ਵੀ ਭਾਜਪਾ ਦੀ ਕੱਟੜ ਧਾਰਮਕ ਜਥੇਬੰਦੀ ਆਰ.ਐਸ.ਐਸ. ਦਾ ਵੀ ਉਘੱੜਵਾਂ ਰੋਲ ਰਿਹਾ ਹੈ। ਕੌਣ ਨਹੀਂ ਜਾਣਦਾ ਕਿ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਉਕਸਾਉਣ ਵਾਲਾ ਭਾਜਪਾ ਦਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਹੀ ਸੀ। ਇਸ ਪਾਰਟੀ ਦੇ ਆਗੂ ਵੀ ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਸਾੜ੍ਹਣ ਵਾਲਿਆਂ ਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਲੁੱਟਣ ਵਾਲਿਆਂ ਵਿਚ ਮੋਹਰੀ ਤੌਰ ਤੇ ਕਾਂਗਰਸ ਪਾਰਟੀ ਨਾਲ ਸਨ। ਜਿਨ੍ਹਾਂ ਬਾਰੇ ਕਈ ਕਮਿਸ਼ਨਾਂ ਦੀਆਂ ਰੀਪੋਰਟਾਂ ਵੀ ਆਈਆਂ ਦੱਸੀਆਂ ਜਾਂਦੀਆਂ ਹਨ। ਲੋਕਾਂ ਦਾ ਮੰਨਣਾ ਹੈ ਕਿ ਕਾਂਗਰਸੀ, ਅਕਾਲੀ-ਭਾਜਪਾ ਦੇ ਆਗੂ ਸਾਰੇ ਹੀ ਸੁਮੇਧ ਸੈਣੀ ਦੇ ਸਮਰੱਥਕ ਚਲੇ ਆ ਰਹੇ ਹਨ।
ਇਹ ਵੀ ਪਤਾ ਲਗਾ ਹੈ ਕਿ ਮੋਹਾਲੀ ਦੀ ਅਦਾਲਤ ਨੇ ਇਕ ਤਾਜੇ ਫ਼ੈਸਲੇ ਵਿਚ ਸੈਣੀ ਵਿਰੁਧ ਗ੍ਰਿਫ਼ਤਾਰੀ ਵਰੰਟ ਜਾਰੀ ਕਰ ਕੇ ਮਟੌਰ ਥਾਣੇ (ਮੋਹਾਲੀ) ਦੀ ਪੁਲਿਸ ਨੂੰ ਆਦੇਸ਼ ਦਿਤੇ ਗਏ ਸਨ ਕਿ ਸੁਮੇਧ ਸੈਣੀ ਨੂੰ 25 ਸਤੰਬਰ ਤਕ ਫੜ੍ਹ ਕੇ ਕੋਰਟ ਵਿਚ ਪੇਸ਼ ਕੀਤਾ ਜਾਵੇ। ਇਹ ਵੀ ਜਾਣਕਾਰੀ ਮਿਲੀ ਕਿ ਉਸ ਨੁੰ ਭਗੋੜਾ ਕਰਾਰ ਦੇ ਕੇ ਉਸ ਦੀ ਜਾਇਦਾਦ ਵੀ ਜ਼ਬਤ ਕੀਤੇ ਜਾਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਏਨਾ ਕੁੱਝ ਹੋਣ ਦੇ ਬਾਵਜੂਦ ਵੀ ਸੁਮੇਧ ਸੈਣੀ 25 ਸਤੰਬਰ ਨੂੰ ਫੜਿਆ ਨਹੀਂ ਗਿਆ। ਇਸ ਸੱਭ ਨਾਲ ਏਨੀ ਗੱਲ ਜ਼ਰੂਰ ਹੈ ਕਿ ਸਾਰੇ ਸੰਸਾਰ ਵਿਚ ਭਾਰਤ ਦੇ ਨਿਆਂ ਪ੍ਰਣਾਲੀ ਤੇ ਪੁਲਿਸ ਦੀਆਂ ਸਾਰੀਆਂ ਖੁੱਫ਼ੀਆ ਏਜੰਸੀਆਂ ਉਤੇ ਸਵਾਲੀਆ ਚਿੰਨ੍ਹ ਜ਼ਰੂਰ ਲੱਗ ਗਿਆ ਹੈ। ਇਹ ਸੱਭ ਨੂੰ ਨਜ਼ਰੀਂ ਪੈ ਗਿਆ ਹੈ ਕਿ ਦੇਸ਼ ਦੀਆਂ ਸਰਕਾਰਾਂ ਅਸਲ ਵਿਚ 'ਸਿੱਖ ਵਿਰੋਧੀ' ਹਨ।
ਦੇਸ਼ ਨੁੰ ਆਜ਼ਾਦ ਹੋਇਆਂ ਲਗਭਗ ਪੌਣੀ ਸਦੀ ਬੀਤਣ ਵਾਲੀ ਹੈ। ਸਾਡੇ ਦੇਸ਼ ਦੇ ਬਹੁਤ ਸਾਰੇ ਰਾਜਨੀਤਕ ਆਗੂ ਚਾਹੇ ਕੇਂਦਰ ਜਾਂ ਸੂਬਿਆਂ ਦੇ ਵਜ਼ੀਰ ਹਨ, ਐਮ ਪੀ ਜਾਂ ਵਿਧਾਨ ਸਭਾ ਮੈਂਬਰ ਹਨ ਸਮੇਤ ਬਿਉਰੋਕਰੇਸੀ ਦੇ ਲਗਭਗ ਸਾਰੇ ਹੀ ਇਸ ਹਮਾਮ ਵਿਚ ਨੰਗੇ ਹਨ। ਉਹ ਸਰਕਾਰ ਦੇ ਪੈਸੇ ਨੂੰ ਚੁੰਡ-ਚੁੰਡ ਕੇ ਧਨਾਢ ਤੇ ਧਨਾਢ ਬਣ ਰਹੇ ਹਨ। ਦੇਸ਼ ਦੇ ਲੋਕ ਗ਼ਰੀਬ ਤੇ ਹੋਰ ਗ਼ਰੀਬ ਹੁੰਦੇ ਜਾ ਰਹੇ ਹਨ। ਉਨ੍ਹਾਂ ਕੋਲ ਨਾ ਚੰਗੀ ਵਿਦਿਆ ਲਈ ਸਕੂਲ, ਕਾਲਜ ਹਨ, ਨਾ ਚੰਗੀਆਂ ਸਿਹਤ ਸਹੂਲਤਾਂ ਲਈ ਚੰਗੇ ਹਸਪਤਾਲ, ਨਾ ਨੌਜੁਆਨਾਂ ਕੋਲ ਯੋਗ ਰੁਜ਼ਗਾਰ, ਨਾ ਚਲਣ ਫਿਰਨ ਲਈ ਚੰਗੀਆਂ ਸੜਕਾਂ, ਸੱਭ ਪਾਸੇ ਰਿਸ਼ਵਤ ਦਾ ਬੋਲ ਬਾਲਾ ਹੋਣ ਕਰ ਕੇ ਉਨ੍ਹਾਂ ਦੀ ਹਰ ਖੇਤਰ ਵਿਚ ਹਾਲਤ ਸਿਖਰਾਂ ਦੀ ਮੰਦੀ ਹੈ। ਇਨ੍ਹਾਂ ਭ੍ਰਿਸ਼ਟ ਸਰਕਾਰਾਂ ਨੇ ਤਾਂ ਛੋਟੇ ਅਫ਼ਸਰਾਂ ਤੇ ਕਰਮਚਾਰੀਆਂ ਨੂੰ ਵੀ ਰਿਸ਼ਵਤਖੋਰੀ ਦੀ ਚਿਣੱਗ ਲਗਾਈ ਹੋਈ ਹੈ ਤਾਕਿ ਉਹ ਉਨ੍ਹਾਂ ਵਲ ਵੀ ਉਂਗਲ ਨਾ ਕਰ ਸਕਣ।
ਅੱਜ ਸਮਾਂ ਮੰਗ ਕਰਦਾ ਹੈ ਕਿ ਜੇਕਰ ਦੇਸ਼ ਦੇ ਸਾਰੇ ਈਮਾਨਦਾਰ ਅਫ਼ਸਰ ਜੋ ਹਰ ਖੇਤਰ ਵਿਚ ਮੌਜੂਦ ਹਨ ਚਾਹੇ ਪੁਲਿਸ ਵਿਭਾਗ ਹੀ ਕਿਉਂ ਨਾ ਹੋਵੇ, ਦੇਸ਼ ਵਾਸੀਆਂ ਸੱਭ ਨੂੰ ਇੱਕਠੇ ਹੋ ਕੇ ਇਨ੍ਹਾਂ ਭ੍ਰਿਸ਼ਟ ਰਾਜਨੀਤਕਾਂ ਨੂੰ ਨੱਥ ਪਾਉਣ ਦੀ ਜ਼ਰੂਰਤ ਹੈ। ਜਿੰਨਾ ਚਿਰ ਅਸੀ ਦੇਸ਼ ਦੇ ਲੋਕ ਗੰਭੀਰ ਹੋ ਕੇ ਕੋਈ ਯੋਜਨਾਬੱਧ ਜਦੋਜਹਿਦ ਸ਼ੁਰੂ ਨਹੀਂ ਕਰਦੇ, ਉਦੋਂ ਤਕ ਕੁੱਝ ਵੀ ਠੀਕ ਹੋਣ ਵਾਲਾ ਨਹੀਂ ਹੈ ਤੇ ਸੁਮੇਧ ਸੈਣੀ ਵਰਗੇ ਜ਼ਾਲਮਾਂ ਦੀ ਹੀ ਚਲਦੀ ਰਹਿਣੀ ਹੈ ਤੇ ਸਰਕਾਰਾਂ ਸਾਡੇ ਨਾਲ ਜੋ ਕੁੱਝ ਕਰ ਰਹੀਆਂ ਹਨ, ਉਹੀ ਕੁੱਝ ਕਰਦੀਆਂ ਰਹਿਣਗੀਆਂ, ਕਿਸੇ ਮਨੁੱਖ ਨੂੰ ਇਨਸਾਫ਼ ਤਕ ਨਹੀਂ ਮਿਲੇਗਾ। ਆਉ! ਆਪਾਂ ਦੇਸ਼ ਦੇ ਲੋਕ ਜਾਤਾਂ ਪਾਤਾਂ, ਧਾਰਮਕ, ਰਾਜਨੀਤਕ ਸੱਭ ਤਰ੍ਹਾਂ ਦੇ ਵਖਰੇਵੇਂ ਛੱਡ ਕੇ ਇਕੱਠੇ ਹੋਈਏ। ਇਹੀ ਸਮੇਂ ਦੀ ਅਹਿਮ ਲੋੜ ਹੈ।
ਜੰਗ ਸਿੰਘ ,ਸੰਪਰਕ : +1-628-400-2882 (ਵਟੱਸ ਅੱਪ )