Stop Drugs:‘‘ਨਸ਼ੇ ਬੰਦ ਕਰਾਉ, ਲੋਕਾਂ ਦੇ ਪੁੱਤ ਬਚਾਉ’’

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

Stop Drugs: ਸਾਰੀਆਂ ਸਿਆਸੀ ਪਾਰਟੀਆਂ ਇਕ ਦੂਜੇ ਨੂੰ ਤਾਹਨੇ ਮਿਹਣੇ ਮਾਰਨ ਦੀ ਬਜਾਏ, ਨਸ਼ੇ ਦੇ ਮੁੱਦੇ ’ਤੇ ਇਕਜੁੱਟ ਹੋਣ...

"Stop drugs, save people's sons"

 

Stop Drugs: ਜੇ ਪੰਜਾਬ ਵਿਚਲੀ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਤਾਂ ਬਹੁਤ ਬੁਰਾ ਹਾਲ ਹੈ। ਕਈ ਵਾਰ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਪੰਜਾਬ ਵਿਚ ਨਹੀਂ ਸਗੋਂ ਦੇਸ਼ ਦੇ ਕਿਸੇ ਹੋਰ ਪਛੜੇ ਹੋਏ ਸੂਬੇ ਵਿਚ ਰਹਿ ਰਹੇ ਹੋਈਏ ਜਿਥੇ ਪਹਿਲਾਂ ਕਦੀ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੁੰਦਾ ਸੀ। ਪਰ ਹੁਣ ਤਾਂ ਪੰਜਾਬ ਦੇ ਹਾਲਾਤ ਉਨ੍ਹਾਂ ਪਛੜੇ ਹੋਏ ਸੂਬਿਆਂ ਤੋਂ ਵੀ ਕਾਫ਼ੀ ਮਾੜੇ ਹੋ ਗਏ ਹਨ। ਸਭ ਤੋਂ ਪਹਿਲਾਂ ਅਸੀਂ ਨਸ਼ੇ ਦੀ ਗੱਲ ਕਰੀਏ।

ਨਸ਼ਾ ਪੰਜਾਬ ਵਿਚ ਅਪਣੇ ਇੰਨੇ ਜ਼ਿਆਦਾ ਪੈਰ ਪਸਾਰ ਚੁੱਕਾ ਹੈ ਕਿ  ਇਸ ’ਤੇ ਹੁਣ ਕਾਬੂ ਪਾਉਣਾ ਮੁਸ਼ਕਲ ਹੋ ਹੋਇਆ ਪਿਆ ਹੈ। ਨਸ਼ੇ ਦਾ ਜਨਮ ਦਾਤਾ ਕੌਣ ਹੈ, ਇਹ ਕਿੱਥੋਂ ਆਉਂਦਾ ਹੈ, ਕੌਣ ਵੇਚਦਾ ਹੈ ਅਤੇ ਕੌਣ ਵਿਕਾਉਂਦਾ ਹੈ, ਇਹ ਸਭ ਕੁੱਝ ਇਕ ਬੁਝਾਰਤ ਹੀ ਬਣਿਆ ਹੋਇਆ ਹੈ ਪਰ ਇਸ ਚਿੱਟੇ ਨੇ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਮੌਤ ਦੀ ਨੀਂਦ ਸੁਆ ਦਿਤਾ ਹੈ।

ਹਰ ਰੋਜ਼ ਪਤਾ ਨਹੀਂ ਕਿੰਨੇ ਕੁ ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ, ਕਿੰਨੇ ਹੀ ਬੱਚਿਆਂ ਦੇ ਪਿਤਾ ਅਤੇ ਮਾਪਿਆਂ ਦੇ ਪੁੱਤ ਨਸ਼ੇ ਕਰ ਕੇ ਮਰ ਰਹੇ ਹਨ। ਇਹ ਸਭ ਕੁੱਝ ਪੜ੍ਹ, ਸੁਣ ਅਤੇ ਦੇਖ ਕੇ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ। ਇਸ ਨਸ਼ੇ ਦੀ ਬਿਮਾਰੀ ਕਰ ਕੇ ਬਹੁਤ ਜ਼ਿਆਦਾ ਘਰਾਂ ਦੇ ਚਿਰਾਗ਼ ਬੁਝ ਗਏ। ਪੰਜਾਬ ਦੇ ਬਹੁਤ ਸਾਰੇ ਘਰ ਅਜਿਹੇ ਵੀ ਹਨ ਜਿਨ੍ਹਾਂ ਘਰਾਂ ਦੇ ਦੋ-ਦੋ ਤਿੰਨ-ਤਿੰਨ ਨੌਜਵਾਨ ਇਕੋ ਘਰ ਪ੍ਰਵਾਰ ’ਚੋਂ ਇਸ ਚਿੱਟੇ ਦੀ ਲਪੇਟ ’ਚ ਆ ਕੇ ਇਸ ਦੁਨੀਆਂ ਤੋਂ ਚਲੇ ਗਏ ਪਰ ਨਸ਼ਾ ਘਟਣ ਦੀ ਬਜਾਏ ਬਹੁਤ ਵੱਧ ਗਿਆ ਹੈ। 

ਨਸ਼ਿਆਂ ਦੇ ਸੌਦਾਗਰ ਕਿਸ ਦੀ ਸ਼ਹਿ ’ਤੇ ਲੋਕਾਂ ਨੂੰ ਮੌਤ ਵੰਡ ਰਹੇ ਹਨ, ਇਹ ਬੜੀ ਸੋਚਣ-ਵਿਚਾਰਨ ਵਾਲੀ ਗੱਲ ਹੈ। ਇਹ ਤਹਿ ਹੈ ਕਿ ਕਿਸੇ ਵੱਡੇ ਤਾਕਤਵਰ ਦੀ ਸ਼ਹਿ ਤੋਂ ਬਿਨਾਂ ਇਥੇ ਨਸ਼ਾ ਨਹੀਂ ਵੇਚ ਸਕਦਾ। ਨਸ਼ਾ ਵੇਚਣ ਵਾਲਿਆਂ ਦੇ ਸਿਰ ’ਤੇ ਜ਼ਰੂਰ ਕਿਸੇ ਨਾ ਕਿਸੇ ਦਾ ਅਸ਼ੀਰਵਾਦ ਹੈ। ਇਹ ਚਾਹੇ ਕੋਈ ਸਿਆਸੀ ਲੀਡਰ ਹੋਵੇ, ਕੋਈ ਪੁਲੀਸ ਮਹਿਕਮੇ ਦੇ ਅਫ਼ਸਰ ਹੋਣ ਜਾਂ ਕੋਈ ਹੋਰ ਤਾਕਤਵਰ ਬੰਦਾ ਹੋਵੇ, ਕੋਈ ਨਾ ਕੋਈ ਜ਼ਰੂਰ ਨਸ਼ੇ ਦੇ ਸੌਦਾਗਰਾਂ ਦੀ ਮਦਦ ਕਰਦਾ ਹੈ। 

ਅਸੀਂ ਰੋਜ਼ਾਨਾ ਹੀ ਅਖ਼ਬਾਰਾਂ, ਚੈਨਲਾਂ ’ਤੇ ਦੇਖਦੇ, ਪੜ੍ਹਦੇ ਅਤੇ ਸੁਣਦੇ ਹਾਂ ਕਿ ਕੁੱਝ ਲੋਕ ਕਿਵੇਂ ਬੇਖ਼ੌਫ਼ ਹੋ ਕੇ ਨਸ਼ਾ ਵੇਚ ਰਹੇ ਹਨ। ਇਹ ਲੋਕ ਚੋਰੀ ਛੁਪੇ ਨਸ਼ਾ ਨਹੀਂ ਵੇਚਦੇ ਸਗੋਂ ਸ਼ਰੇਆਮ ਵੇਚ ਰਹੇ ਹਨ ਅਤੇ ਸ਼ਰੇਆਮ ਹੀ ਨੌਜਵਾਨ ਨਸ਼ਾ ਲੈਂਦੇ ਦਿਸ ਰਹੇ ਹਨ। ਸਿਆਸੀ ਪਾਰਟੀਆਂ ਇਸ ਨਸ਼ੇ ਨੂੰ ਲਿਆਉਣ ਲਈ, ਵਿਕਾਉਣ ਲਈ, ਇਸ ਨੂੰ ਨਾ ਰੋਕਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਪਰ ਸਾਰੀਆਂ ਹੀ ਸਿਆਸੀ ਪਾਰਟੀਆਂ ਨਸ਼ੇ ਨੂੰ ਰੋਕਣ ਲਈ ਇਕ ਦੂਜੇ ਦਾ ਸਾਥ ਦੇਣ ਦੀ ਬਜਾਏ, ਅਪਣੀਆਂ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਨਸ਼ਿਆਂ ਦੇ ਮੁੱਦੇ ’ਤੇ ਇਹ ਸਾਰੀਆਂ ਪਾਰਟੀਆਂ ਬਰਾਬਰ ਦੀਆਂ ਦੋਸ਼ੀ ਹਨ।

ਨਸਿਆਂ ਦੇ ਜ਼ਿਆਦਾ ਵਧਣ ਕਰ ਕੇ ਰੋਜ਼ਾਨਾ ਹੀ ਲੁੱਟਾਂ-ਖੋਹਾਂ, ਚੋਰੀਆਂ, ਲੜਾਈ-ਝਗੜੇ, ਮਾਰਕੁਟ ਅਤੇ ਕਤਲ ਵਰਗੇ ਵੱਡੇ-ਵੱਡੇ ਅਪਰਾਧਾਂ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਇਹ ਸਭ ਕੁੱਝ ਨਸ਼ਿਆਂ ਦੀ ਹੀ ਦੇਣ ਹੈ। ਜਦੋਂ ਤਕ ਸਾਰੇ ਲੋਕ ਨਸ਼ਿਆਂ ਖ਼ਿਲਾਫ਼ ਇਕਜੁੱਟ ਨਹੀਂ ਹੁੰਦੇ, ਉਦੋਂ ਤਕ ਇਸ ਉੱਤੇ ਕਾਬੂ ਪਾਉਣਾ ਮੁਸ਼ਕਲ ਹੈ। ਹੁਣ ਤਾਂ ਸਿਰਫ਼ ਉਹ ਲੋਕ ਨਸ਼ਿਆਂ ਵਿਰੁਧ ਬੋਲਦੇ ਹਨ ਜਿਨ੍ਹਾਂ ਲੋਕਾਂ ਦੇ ਨੌਜਵਾਨ ਬੱਚੇ ਇਸ ਨਸ਼ੇ ਨੇ ਖਾ ਲਏ ਹਨ ਜਾਂ  ਜਿਨ੍ਹਾਂ ਲੋਕਾਂ ਦੇ ਘਰ ਵਿਚ ਇਹ ਨਸ਼ਾ ਰੂਪੀ ਅੱਗ ਲੱਗੀ ਹੋਈ ਹੈ। ਪਰ ਦੂਜੇ ਲੋਕ ਸੋਚਦੇ ਹਨ ਕਿ ਆਪਾਂ ਕੀ ਲੈਣਾ ਹੈ, ਇਹ ਤਾਂ ਗੁਆਂਢੀਆਂ ਦੇ ਘਰ ਲੱਗੀ ਅੱਗ ਹੈ। ਪ੍ਰੰਤੂ ਯਾਦ ਰਖਿਉ ਕਿ ਤੁਹਾਨੂੰ ਪਤਾ ਵੀ ਨਹੀਂ ਲਗਣਾ ਕਿ ਕਦੋਂ ਇਹ ਅੱਗ ਤੁਹਾਡੇ ਘਰ ਵਿਚ ਲੱਗ ਜਾਵੇ। 

ਨਸ਼ਿਆਂ ਨੂੰ ਲਗਾਮ ਲਾਉਣ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੁੰਦੀ ਹੈ। ਜਿਸ ਹਿਸਾਬ ਨਾਲ ਨਸ਼ਾ ਸ਼ਰੇਆਮ ਵਿਕ ਰਿਹਾ ਹੈ, ਜਿਸ ਤਰ੍ਹਾਂ ਹਰ ਗਲੀਆਂ, ਮੁਹੱਲੇ, ਪਿੰਡਾਂ, ਸ਼ਹਿਰਾਂ ਵਿਚ ਨਸ਼ਾ ਵਿੱਕ ਰਿਹਾ ਹੈ, ਨਸ਼ੇ ਕਰਦੇ ਅਤੇ ਵੇਚਦੇ ਲੋਕਾਂ ਦੀਆਂ ਵੀਡੀਉਜ਼ ਆਮ ਵਾਇਰਲ ਹੋ ਰਹੀਆਂ ਹਨ, ਲੋਕ ਵੀ ਚੀਕ ਚੀਕ ਕਹਿ ਰਹੇ ਹਨ ਕਿ ਸਾਡੇ ਮੁਹੱਲੇ ਵਿਚ ਆਹ ਆਹ ਲੋਕ ਨਸ਼ਾ ਵੇਚਦੇ ਹਨ ਪ੍ਰੰਤੂ ਫਿਰ ਵੀ ਪੁਲਿਸ ਪ੍ਰਸ਼ਾਸਨ ਨਸ਼ੇ ’ਤੇ ਕਾਬੂ ਪਾਉਣ ਵਿਚ ਫ਼ੇਲ੍ਹ ਹੀ ਸਾਬਤ ਹੋ ਰਿਹਾ ਹੈ। ਲੋਕ ਪੁਲਿਸ ਦਾ ਪੂਰਾ ਸਾਥ ਵੀ ਦੇ ਰਹੇ ਹਨ ਪਰ ਕਈ ਥਾਵਾਂ ’ਤੇ ਪੁਲਿਸ ਨੇ ਲੋਕਾਂ ਦਾ ਸਾਥ ਨਹੀਂ ਦਿਤਾ। ਨਸ਼ੇ ਦੇ ਸੌਦਾਗਰਾਂ ਨੇ ਆਮ ਲੋਕਾਂ ਦੀ ਕੁੱਟਮਾਰ ਕਰ ਦਿਤੀ। ਉਹ ਆਮ ਲੋਕਾਂ ਨੂੰ ਡਰਾ ਧਮਕਾ ਰਹੇ ਹਨ ਪ੍ਰੰਤੂ ਪੁਲਿਸ ਨਸ਼ੇ ਦੇ ਸੌਦਾਗਰਾਂ ਵਿਰੁਧ ਕੋਈ ਸਖ਼ਤ ਕਾਰਵਾਈ ਨਹੀਂ ਕਰ ਰਹੀ ਹੈ। ਜੇ ਪੁਲਿਸ ਲੋਕਾਂ ਦਾ ਸਾਥ ਦੇਵੇ ਅਤੇ ਲੋਕਾਂ ਦਾ ਸਹਿਯੋਗ ਮੰਗੇ ਫਿਰ ਹੀ ਨਸ਼ਿਆਂ ਉਤੇ ਕਾਬੂ ਪਾਇਆ ਜਾ ਸਕਦਾ ਹੈ।

ਪੁਲਿਸ ਦੀ ਢਿੱਲੀ ਕਾਰਵਾਈ ਤੋਂ ਇੰਜ ਲਗਦਾ ਹੈ ਕਿ ਜਾਂ ਤਾਂ ਪੁਲਿਸ ’ਤੇ ਕਿਸੇ ਕਿਸਮ ਦਾ ਦਬਾਅ ਹੈ ਜਾਂ ਕੋਈ ਹੋਰ ਗੱਲਬਾਤ ਹੈ। ਜਿਸ ਹਿਸਾਬ ਨਾਲ ਸਾਡੀ ਪੁਲਿਸ ਇਕ ਵਧੀਆ ਪੁਲਿਸ ਦੇ ਤੌਰ ’ਤੇ ਜਾਣੀ ਜਾਂਦੀ ਹੈ, ਓਨੀ ਉਹ ਨਸ਼ਿਆਂ ਦੇ ਮਸਲੇ ’ਤੇ ਜ਼ਿਆਦਾ ਕੁੱਝ ਨਹੀਂ ਕਰ ਰਹੀ। ਆਉ ਆਪਾਂ ਸਾਰੇ ਲੋਕ ਪਾਰਟੀ ਅਤੇ ਧੜੇਬੰਦੀ ਤੋਂ ਉਪਰ ਉਠ ਕੇ, ਸਾਰੇ ਆਪਸੀ ਮਤਭੇਦ ਭੁਲਾ ਕੇ ਨਸ਼ਿਆਂ ਨੂੰ ਬੰਦ ਕਰਾਉਣ ਲਈ ਆਵਾਜ਼ ਚੁਕੀਏ। ਕਿਸੇ ਵੀ ਪਿੰਡ, ਸ਼ਹਿਰ, ਮੁਹੱਲੇ, ਕਸਬੇ, ਗਲੀਆਂ ਜਿੱਥੇ ਕੋਈ ਵੀ ਨਸ਼ਾ ਵੇਚਦਾ ਹੈ, ਉਸ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦੇਈਏ। ਸਾਰੇ ਸਰਕਾਰ ਅਤੇ ਪੁਲੀਸ ਦਾ ਸਾਥ ਦੇਈਏ ਜਿਸ ਨਾਲ ਨਸ਼ਿਆਂ ਨੂੰ ਖ਼ਤਮ ਕਰ ਕੇ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ। ਪੰਜਾਬ ’ਤੇ ਲੱਗੇ ਇਸ ਨਸ਼ੇ ਦੇ ਦਾਗ ਨੂੰ ਧੋ ਦੇਈਏ ਅਤੇ ਪੰਜਾਬ ਨੂੰ ਮੁੜ ਖ਼ੁਸ਼ਹਾਲ ਪੰਜਾਬ ਬਣਾ ਦੇਈਏ। 

ਸਾਡੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਤੁਸੀਂ ਨਸ਼ਿਆਂ ਦੇ ਮੁੱਦੇ ’ਤੇ ਇਕ ਦੂਜੀ ਪਾਰਟੀਆਂ ਨੂੰ ਮੇਹਣੋਂ ਮੇਹਣੀ ਹੋਣ ਦੀ ਬਜਾਏ, ਇਕ ਦੂਜੀ ਪਾਰਟੀ ਦਾ ਸਾਥ ਦੇ ਕੇ ਨਸ਼ਿਆਂ ਨੂੰ ਖ਼ਤਮ ਕਰਾਉ। ਨਸ਼ਿਆਂ ਦਾ ਮੁੱਦਾ ਵੀ ਸਿਆਸੀ ਪਾਰਟੀਆਂ ਦੀ ਬਲੀ ਲਵੇਗਾ। ਪਹਿਲਾਂ ਇਹ ਦੋ ਸਿਆਸੀ ਪਾਰਟੀਆਂ ਦੀ ਬਲੀ ਲੈ ਚੁੱਕਾ ਹੈ, ਹੁਣ ਮੌਕੇ ਦੀ ਸਰਕਾਰ ਵਲ ਲੋਕ ਵੇਖ ਰਹੇ ਹਨ। ਜੇਕਰ ਇਹ ਸਰਕਾਰ ਵੀ ਨਸ਼ਿਆਂ ’ਤੇ ਕਾਬੂ ਨਾ ਪਾ ਸਕੀ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਇਸ ਪਾਰਟੀ ਦਾ ਵੀ ਪਹਿਲੀਆਂ ਸਰਕਾਰਾਂ ਵਾਲਾ ਹਾਲ ਕਰ ਦੇਣਗੇ।

ਨਸ਼ਿਆਂ ਨੂੰ ਲੈ ਕੇ ਪਹਿਲਾਂ ਦੋ ਸਿਆਸੀ ਪਾਰਟੀਆਂ ਅਪਣੀ ਸਰਕਾਰ ਗਵਾ ਚੁੱਕੀਆਂ ਹਨ। ਸਰਕਾਰ ਨਸ਼ੇ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਵੇ। ਨਸ਼ੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ। ਨਸ਼ਿਆਂ ਦਾ ਮੁੱਦਾ ਹੁਣ ਵਿਧਾਨ ਸਭਾ ਚੋਣਾਂ ਵਿਚ ਸਭ ਤੋਂ ਅਹਿਮ ਰਹੇਗਾ। ਲੋਕ ਸਰਕਾਰ ਅਤੇ ਸਿਆਸੀ ਪਾਰਟੀਆਂ ਤੋਂ ਜਵਾਬ ਮੰਗਣਗੇ, ਲੋਕ ਨਸ਼ਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਚਾਹੁੰਦੇ ਹਨ। ਗੱਲਾਂ-ਬਾਤਾਂ ਤੇ ਕਾਗ਼ਜ਼ੀ ਅੰਕੜਿਆਂ ਨਾਲ ਨਹੀਂ ਸਰਨਾ, ਜੋ ਪਾਰਟੀ ਪੰਜਾਬ ਵਿਚੋਂ ਨਸ਼ਾ ਖ਼ਤਮ ਕਰੇਗੀ, ਲੋਕ ਉਸ ਪਾਰਟੀ ਦਾ ਸਾਥ ਦੇ ਕੇ, ਉਸ ਪਾਰਟੀ ਦੀ ਸਰਕਾਰ ਬਣਾਉਣਗੇ।